Sunday, October 7, 2012

ਸੱਤ : ਕੌਸਰ ਦੇ ਅੱਥਰੂ…:


ਇਕ ਦਿਨ ਵੀ ਅਜਿਹਾ ਨਹੀਂ ਲੰਘਦਾ ਜਦੋਂ ਔਰਤਾਂ ਸਦਮੇ ਦੀ ਹਾਲਤ ਵਿਚ ਮੈਥੋਂ, ਤੇ ਨਸੀਮ ਤੋਂ ਵੀ, ਮਦਦ ਮੰਗਣ ਲਈ ਇੱਥੇ ਨਹੀਂ ਆਉਂਦੀਆਂ। ਇਕ ਦਿਨ ਇਕ ਪਾਕਿਸਤਾਨੀ ਪੱਤਰਕਾਰ ਔਰਤ ਨੇ ਮੈਥੋਂ ਪੁੱਛਿਆ ਕਿ ਆਪਣੇ ਵਤਨ ਵਿਚ ਅਜਿਹੀ ਸ਼ੋਹਰਤ ਦੇ ਨਾਲ ਮੈਂ ਕਿੰਜ ਨਿਭ ਰਹੀ ਆਂ?
“ਕੁਝ ਔਰਤਾਂ ਨੇ,” ਮੈਂ ਉਸਨੂੰ ਦੱਸਿਆ ਸੀ, “ਮੇਰੇ ਸਾਹਵੇਂ ਇਹ ਕਬੂਲ ਕੀਤਾ ਏ ਕਿ ਜੇ ਉਹਨਾਂ ਦੇ ਸ਼ੌਹਰ ਉਹਨਾਂ ਨੂੰ ਕੁੱਟਣ ਤਾਂ ਉਹ ਉਹਨਾਂ ਨੂੰ ਪਲਟ ਕੇ ਧਮਕੀ ਦੇਣ ਤੋਂ ਨਹੀਂ ਝਿਜਕਣਗੀਆਂ ਕਿ 'ਖ਼ਬਰਦਾਰ—ਮੈਂ ਜਾ ਕੇ ਮੁਖ਼ਤਾਰ ਮਾਈ ਕੋਲ ਸ਼ਿਕਾਇਤ ਕਰ ਦਿਆਂਗੀ'।”
ਇਹ ਤਾਂ ਇਕ ਮਜ਼ਾਕ ਸੀ। ਪਰ ਅਸਲੀ ਜ਼ਿੰਦਗੀ ਵਿਚ ਅਸੀਂ ਹਰ ਸਮੇਂ ਹਾਦਸੇ ਭੁਗਤਦੇ ਰਹਿੰਦੇ ਆਂ।

ਅੱਜ, ਅਕਤੂਬਰ ਦੇ ਇਸ ਦਿਨ, ਜਦੋਂ ਨਸੀਬ ਮੈਨੂੰ ਆਪਣੀ ਕਹਾਣੀ ਖ਼ਤਮ ਕਰਨ ਵਿਚ ਮਦਦ ਦੇ ਰਹੀ ਏ, ਦੋ ਔਰਤਾਂ ਰੁਕਾਵਟ ਪਾਉਣ ਲਈ ਆ ਪਹੁੰਚਦੀਆਂ ਨੇ।
ਇਕ ਮਾਂ ਆਪਣੀ ਧੀ ਕੌਸਰ ਦੇ ਨਾਲ ਜਿਹੜੀ ਤਕਰੀਬਨ ਵੀਹ ਸਾਲ ਦੀ ਜਵਾਨ ਸ਼ਾਦੀਸ਼ੁਦਾ ਔਰਤ ਏ—ਮੀਲਾਂ ਦੂਰ ਤੋਂ, ਮੈਨੂੰ, ਮਿਲਣ ਆਈ ਐ। ਕੌਸਰ ਨੇ ਆਪਣਾ ਪਹਿਲਾ ਬੱਚਾ ਕੁੱਛੜ ਚੁੱਕਿਆ ਹੋਇਆ ਏ, ਸ਼ਾਇਦ ਢਾਈ ਵਰ੍ਹੇ ਦੀ ਇਕ ਕੁੜੀ, ਤੇ ਉਹ ਸਾਨੂੰ ਦੱਸਦੀ ਏ ਕਿ ਛੇਤੀ ਈ ਉਸਨੂੰ ਦੂਜਾ ਬੱਚਾ ਹੋਣ ਵਾਲਾ ਏ। ਉਸਦੀਆਂ ਅੱਖਾਂ ਵਿਚ ਭੈਅ ਚਮਕ ਰਿਹਾ ਏ, ਤੇ ਥਕਾਣ ਨਾਲ ਮੁਰਝਾਏ ਉਸਦੇ ਖ਼ੂਬਸੂਰਤ ਚਿਹਰੇ 'ਤੇ ਅੱਥਰੂਆਂ ਦੇ ਧੱਬੇ ਨੇ।
“ਮੇਰੇ ਆਦਮੀ ਦਾ ਇਕ ਗੁਆਂਢੀ ਨਾਲ ਝਗੜਾ ਹੋ ਗਿਆ, ਜਿਹੜਾ ਸਾਡੇ ਘਰ ਖਾਣ ਜਾਂ ਸੌਣ ਦੇ ਲਈ ਜ਼ਰੂਤਤ ਨਾਲੋਂ ਵੱਧ ਆਉਂਦਾ-ਜਾਂਦਾ ਸੀ। ਮੇਰੇ ਆਦਮੀ ਨੇ ਉਸਨੂੰ ਸਮਝਾਇਆ ਕਿ ਅਸੀਂ ਹਮੇਸ਼ਾ ਇਸ ਤਰ੍ਹਾਂ ਉਸਦੀ ਖ਼ਾਤਰ ਨਹੀਂ ਕਰ ਸਕਦੇ। ਇਕ ਦਿਨ, ਮੈਂ ਰੋਟੀਆਂ ਲਾਹ ਰਹੀ ਸੀ, ਚਾਰ ਆਦਮੀ ਸਾਡੇ ਘਰ ਵੜ ਆਏ। ਉਹਨਾਂ ਵਿਚੋਂ ਇਕ ਨੇ ਮੇਰੇ ਆਦਮੀ ਦੇ ਮੱਥੇ 'ਤੇ ਬੰਦੂਕ ਲਾ ਦਿੱਤੀ, ਦੂਜੇ ਨੇ ਆਪਣੀ ਬੰਦੂਕ ਮੇਰੀ ਛਾਤੀ ਵੱਲ ਤਾਣ ਲਈ ਤੇ ਬਾਕੀ ਦੋਵਾਂ ਨੇ ਮੇਰੀਆਂ ਅੱਖਾਂ 'ਤੇ ਇਕ ਚੀਥੜਾ ਬੰਨ੍ਹ ਦਿੱਤਾ—ਮੈਂ ਕੁਝ ਵੀ ਦੇਖ ਨਹੀਂ ਸੀ ਸਕਦੀ। ਜਦੋਂ ਉਹ ਮੈਨੂੰ ਜ਼ਮੀਨ 'ਤੇ ਘਸੀਟਦੇ ਹੋਏ ਲੈ ਜਾ ਰਹੇ ਸਨ, ਉਦੋਂ ਮੈਂ ਆਪਣੇ ਆਦਮੀ ਦੀਆਂ ਚੀਕਾਂ ਸੁਣ ਰਹੀ ਸਾਂ—ਤੇ ਮੈਨੂੰ ਉਸ ਬੱਚੇ ਦੀ ਫ਼ਿਕਰ ਸੀ ਜਿਹੜਾ ਮੇਰੇ ਪੇਟ 'ਚ ਸੀ। ਉਹਨਾਂ ਨੇ ਮੈਨੂੰ ਇਕ ਕਾਰ ਵਿਚ ਧੱਕ ਦਿੱਤਾ ਜਿਹੜੀ ਕਾਫ਼ੀ ਦੇਰ ਤਕ ਚੱਲਦੀ ਰਹੀ, ਤੇ ਜਦੋਂ ਮੈਂ ਸੜਕ 'ਤੇ ਬਹੁਤ ਸਾਰੀਆਂ ਮੋਟਰਾਂ-ਕਾਰਾਂ ਦੀਆਂ ਆਵਾਜ਼ਾਂ ਸੁਣੀਆਂ ਤਾਂ ਮੈਨੂੰ ਅਹਿਸਾਸ ਹੋਇਆ ਕਿ ਉਹ ਮੈਨੂੰ ਕਿਸੇ ਸ਼ਹਿਰ ਵਿਚ ਲੈ ਆਏ ਨੇ। ਉਹਨਾਂ ਨੇ ਮੈਨੂੰ ਇਕ ਕਮਰੇ ਵਿਚ ਬੰਦ ਕਰ ਦਿੱਤਾ ਜਿੱਥੇ ਦੋ ਮਹੀਨੇ ਤਕ ਹਰ ਰੋਜ਼ ਉਹ ਮੇਰੀ ਇੱਜ਼ਤ ਲੁੱਟਣ ਲਈ ਆਉਂਦੇ ਰਹੇ ਸਨ। ਮੈਂ ਭੱਜ ਨਹੀਂ ਸਕਦੀ ਸੀ—ਕਮਰਾ ਛੋਟਾ ਸੀ, ਬਿਨਾਂ ਖਿੜਕੀ ਵਾਲਾ, ਤੇ ਹਰ ਵੇਲੇ ਕਈ ਲੋਕ ਦਰਵਾਜ਼ੇ 'ਤੇ ਪਹਿਰਾ ਦੇਂਦੇ ਸਨ! ਮੈਂ ਅਪ੍ਰੈਲ ਤੋਂ ਜੂਨ ਤਕ ਉਸ ਕਮਰੇ ਵਿਚ ਕੈਦ ਰਹੀ। ਮੈਂ ਆਪਣੇ ਆਦਮੀ ਤੇ ਆਪਣੀ ਬੱਚੀ ਬਾਰੇ ਸੋਚਦੀ ਹੁੰਦੀ ਸੀ, ਡਰਦੀ ਹੋਈ ਕਿ ਉਹ ਪਿੰਡ ਵਿਚ ਮਰ ਗਏ ਹੋਣਗੇ। ਮੈਂ ਪਾਗਲ ਹੁੰਦੀ ਜਾ ਰਹੀ ਸਾਂ, ਮੈਂ ਖ਼ੁਦ ਨੂੰ ਮਾਰ ਦੇਣਾ ਚਾਹੁੰਦੀ ਸਾਂ, ਪਰ ਉਸ ਕਮਰੇ ਵਿਚ ਕੁਝ ਨਹੀਂ ਸੀ। ਉਹਨਾਂ ਮੈਨੂੰ ਕੁੱਤੇ ਵਾਂਗ ਠੀਕਰੇ 'ਚ ਖਾਣ ਲਈ ਮਜਬੂਰ ਕੀਤਾ, ਤੇ ਕੁੱਤੇ ਵਾਂਗ ਈ ਪਾਣੀ ਪੀਣ ਲਈ ਵੀ। ਉਹ ਵਾਰੀ-ਵਾਰੀ ਮੈਨੂੰ ਇਸਤੇਮਾਲ ਕਰਦੇ ਰਹੇ।
“ਤੇ ਫੇਰ, ਇਕ ਦਿਨ, ਉਹ ਮੈਨੂੰ ਦੁਬਾਰਾ ਇਕ ਕਾਰ ਵਿਚ ਘਸੀਟ ਕੇ ਲੈ ਗਏ, ਮੇਰੀਆਂ ਅੱਖਾਂ 'ਤੇ ਇਕ ਕੱਪੜਾ ਬੰਨ੍ਹ ਕੇ, ਫੇਰ ਮੀਲਾਂ ਤਕ ਚੱਲੇ, ਸ਼ਹਿਰ ਦੇ ਬਾਹਰ। ਉਸ ਪਿੱਛੋਂ ਉਹਨਾਂ ਮੈਨੂੰ ਸੜਕ 'ਤੇ ਸੁੱਟ ਦਿੱਤਾ ਤੇ ਕਾਰ ਵਿਚ ਭੱਜ ਨਿਕਲੇ, ਤੇ ਮੈਨੂੰ ਉੱਥੇ ਈ ਛੱਡ ਦਿੱਤਾ, ਬਿਲਕੁਲ ਇਕੱਲੀ। ਮੈਨੂੰ ਇਹ ਵੀ ਨਹੀਂ ਪਤਾ ਸੀ ਕਿ ਮੈਂ ਕਿੱਥੇ ਸਾਂ।
“ਮੈਂ ਤੁਰਦੀ ਰਹੀ ਜਦੋਂ ਤਕ ਕਿ ਆਖ਼ਰ ਮੈਂ ਆਪਣੇ ਪਿੰਡ ਨਹੀਂ ਪਹੁੰਚ ਗਈ, ਮੁਹੰਮਦਪੁਰ ਦੇ ਇਲਾਕੇ ਵਿਚ, ਤੇ ਮੈਨੂੰ ਅਹਿਸਾਸ ਹੋਇਆ ਕਿ ਉਹ ਸ਼ਹਿਰ ਜਿੱਥੇ ਉਹ ਮੈਨੂੰ ਲੈ ਗਏ ਸੀ, ਕਰਾਚੀ ਹੋਏਗਾ, ਦੂਰ ਦੱਖਣ 'ਚ। ਜਦੋਂ ਘਰ ਪਹੁੰਚੀ, ਮੇਰਾ ਆਦਮੀ ਜਿਊਂਦਾ ਸੀ, ਮੇਰੇ ਮਾਂ-ਬਾਪ ਨੇ ਮੇਰੀ ਨਿੱਕੀ-ਜਿਹੀ ਬੱਚੀ ਦੀ ਦੇਖਭਾਲ ਕੀਤੀ ਸੀ, ਤੇ ਉਹਨਾਂ ਜ਼ਿਲੇ ਦੀ ਪੁਲਸ ਨੂੰ ਸ਼ਿਕਾਇਤ ਵੀ ਦਰਜ ਕਰਵਾਈ ਸੀ। ਤੇ ਮੈਂ ਪੁਲਸ ਨੂੰ ਖ਼ੁਦ ਇਹ ਦੱਸਣ ਲਈ ਗਈ ਕਿ ਮੇਰੇ ਨਾਲ ਕੀ ਕੀਤਾ ਗਿਆ ਸੀ। ਮੈਂ ਉਹਨਾਂ ਦੇ ਚਿਹਰੇ ਦੱਸੇ, ਮੈਂ ਉਹਨਾਂ ਚਾਰ ਆਦਮੀਆਂ ਨੂੰ ਪਛਾਣ ਸਕਦੀ ਸੀ, ਤੇ ਮੇਰਾ ਆਦਮੀ ਜਾਣਦਾ ਸੀ ਕਿ ਉਹ ਗੁਆਂਢੀ ਉਸਦਾ ਦੁਸ਼ਮਣ ਬਣ ਗਿਆ ਸੀ ਤੇ ਉਸਨੇ ਆਪਣਾ ਬਦਲਾ ਮੈਥੋਂ ਲਿਆ ਸੀ। ਪੁਲਸ ਨੇ ਮੇਰੀ ਗੱਲ ਸੁਣੀ, ਤੇ ਉਸ ਅਫ਼ਸਰ ਨੇ ਰਿਪੋਟ 'ਤੇ ਮੇਰਾ ਅੰਗੂਠਾ ਲੁਆ ਕੇ ਦਸਤਖ਼ਤ ਕਰਵਾਏ। ਕਿਉਂਕਿ ਮੈਂ ਲਿਖਣਾ ਪੜ੍ਹਨਾ ਨਹੀਂ ਜਾਣਦੀ, ਉਸਨੇ ਕਿਹਾ ਕਿ ਉਹ ਮੇਰੇ ਵੱਲੋਂ ਰਿਪੋਟ ਤਿਆਰ ਕਰ ਦਏਗਾ।
“ਪਰ ਜਦੋਂ ਜੱਜ ਨੇ ਮੈਨੂੰ ਬੁਲਾਇਆ, ਤੇ ਮੈਂ ਉਸਨੂੰ ਉਹ ਸਭ ਕੁਝ ਦੱਸਿਆ ਜੋ ਮੇਰੇ ਨਾਲ ਹੋਇਆ ਸੀ ਤਾਂ ਉਸਨੇ ਕਿਹਾ, 'ਤੂੰ ਮੈਨੂੰ ਉਹ ਕੁਝ ਨਹੀਂ ਦੱਸ ਰਹੀ ਜਿਹੜਾ ਤੂੰ ਪੁਲਸ ਨੂੰ ਦੱਸਿਆ ਸੀ। ਕੀ ਤੂੰ ਝੂਠ ਬੋਲ ਰਹੀ ਏਂ?'
“ਜੱਜ ਨੇ ਮੈਨੂੰ ਵਾਰ-ਵਾਰ ਤਲਬ ਕੀਤਾ, ਤੇ ਹਰ ਵਾਰੀ ਮੈਨੂੰ ਦੁਹਰਾਉਣਾ ਪਿਆ ਕਿ ਮੈਂ ਨਹੀਂ ਜਾਣਦੀ ਸੀ ਕਿ ਪੁਲਸ ਵਾਲਿਆਂ ਨੇ ਕੀ ਲਿਖਿਆ ਸੀ, ਪਰ ਇਹ ਕਿ ਮੈਂ ਸੱਚ ਕਹਿ ਰਹੀ ਸੀ। ਜੱਜ ਨੇ ਉਹਨਾਂ ਚਾਰ ਆਦਮੀਆਂ ਨੂੰ ਪੁੱਛਗਿੱਛ ਲਈ ਫੜ੍ਹ ਬੁਲਾਇਆ। ਉਹਨਾਂ ਕਿਹਾ ਕਿ ਮੈਂ ਝੂਠ ਬੋਲਿਆ ਸੀ। ਉਹ ਮੇਰੇ ਮਾਂ-ਬਾਪ ਨੂੰ ਧਮਕਾਉਣ ਆਏ, ਜ਼ਿਦ ਕਰਦੇ ਹੋਏ ਕਿ ਉਹ ਗੁਨਾਹਗਾਰ ਨਹੀਂ, ਤੇ ਇਹ ਕਿ ਮੇਰੇ ਮਾਂ-ਬਾਪ ਨੂੰ ਇਹ ਗੱਲ ਜੱਜ ਨੂੰ ਦੱਸਣੀ ਪਏਗੀ। ਜਦੋਂ ਮੇਰੇ ਬਾਪ ਨੇ ਇਨਕਾਰ ਕੀਤਾ ਤਾਂ ਉਹਨਾਂ ਨੇ ਉਸਨੂੰ ਮਾਰਿਆ-ਕੁੱਟਿਆ ਤੇ ਉਸਦੀ ਨੱਕ ਭੰਨ ਦਿੱਤੀ।
“ਆਖ਼ਰਕਾਰ ਜੱਜ ਨੇ ਇਕ ਆਦਮੀ ਨੂੰ ਜੇਲ੍ਹ ਭੇਜ ਦਿੱਤਾ, ਤੇ ਬਾਕੀ ਤਿੰਨਾਂ ਨੂੰ ਜਾਣ ਦਿੱਤਾ। ਅਸੀਂ ਉਹਨਾਂ ਤੋਂ ਏਨਾ ਡਰੇ ਹੋਏ ਆਂ। ਮੈਨੂੰ ਪਤਾ ਨਹੀਂ ਕਿ ਉਹਨਾਂ ਵਿਚੋਂ ਬੱਸ ਇਕ ਨੂੰ ਕਿਉਂ ਬੰਦ ਕੀਤਾ ਗਿਆ ਏ—ਉਹੀ ਇਕੱਲਾ ਤਾਂ ਨਹੀਂ ਸੀ ਜਿਸਨੇ ਮੇਰੀ ਇੱਜ਼ਤ ਲੁੱਟੀ ਸੀ। ਉਹਨਾਂ ਆਦਮੀਆਂ ਨੇ ਮੇਰੀ ਜ਼ਿੰਦਗੀ ਤੇ ਮੇਰਾ ਕੁਨਬਾ ਬਰਬਾਦ ਕਰ ਦਿੱਤਾ। ਮੈਨੂੰ ਦੋ ਮਹੀਨੇ ਦਾ ਹਮਲ ਸੀ, ਜਦੋਂ ਉਹਨਾਂ ਲੋਕਾਂ ਨੇ ਮੇਰੇ ਨਾਲ ਜ਼ਬਰਦਸਤੀ ਕੀਤੀ, ਮੇਰਾ ਆਦਮੀ ਪੱਕੇ ਤੌਰ 'ਤੇ ਇਹ ਜਾਣਦਾ ਏ, ਪਰ ਪਿੰਡ 'ਚ ਲੋਕ ਹੁਣ ਮੇਰੇ ਬਾਰੇ 'ਚ ਗੱਲਾਂ ਬਣਾ ਰਹੇ ਨੇ। ਤੇ ਉਹ ਬੁਰੇ ਆਦਮੀ ਆਜ਼ਾਦ ਨੇ। ਉਹ ਬਲੂਚ ਨੇ। ਉਹ ਸਾਥੋਂ ਜ਼ਿਆਦਾ ਤਾਕਤਵਰ ਨੇ ਤੇ ਮੇਰੇ ਘਰ ਵਾਲੇ ਨੂੰ ਨਫ਼ਰਤ ਕਰਦੇ ਨੇ, ਪਰ ਅਸੀਂ ਕਦੀ ਕਿਸੇ ਦਾ ਮਾੜਾ ਨਹੀਂ ਕੀਤਾ। ਮੇਰਾ ਆਦਮੀ ਮੇਰਾ ਚਚੇਰਾ ਭਰਾ ਏ, ਸਾਡੀ ਸ਼ਾਦੀ ਬਚਪਨ 'ਚ ਈ ਹੋ ਗਈ ਸੀ, ਤੇ ਉਹ ਇਕ ਈਮਾਨਦਾਰ ਆਦਮੀ ਏ। ਜਦੋਂ ਉਹ ਪੁਲਸ ਕੋਲ ਗਿਆ ਤਾਂ ਪਹਿਲਾਂ-ਪਹਿਲਾਂ ਤਾਂ ਕਿਸੇ ਨੇ ਉਸਦੀ ਸੁਣੀ ਓ ਨਹੀਂ...”

ਕੌਸਰ ਰੋ ਰਹੀ ਏ, ਚੁੱਪਚਾਪ, ਅੰਦਰੇ-ਅੰਦਰ ਬਿਨਾਂ ਕੋਈ ਆਵਾਜ਼ ਕੱਢੇ। ਮੈਂ ਜ਼ੋਰ ਦੇਂਦੀ ਆਂ ਕਿ ਉਹ ਪਾਣੀ ਪੀ ਲਵੇ, ਕੁਝ ਖਾ ਲਵੇ, ਪਰ ਉਸਦੇ ਲਈ ਇਹ ਮੁਸ਼ਕਲ ਏ। ਉਸਦੀਆਂ ਅੱਖਾਂ ਵਿਚ ਏਨੀ ਤਕਲੀਫ਼ ਏ, ਤੇ ਉਸਦੀ ਮਾਂ ਦੀਆਂ ਅੱਖਾਂ ਵਿਚ ਏਨਾ ਦਰਦ ਭਰਿਆ ਸਬਰ...ਨਸੀਮ ਉਹਨਾਂ ਨੂੰ ਕਾਨੂੰਨ ਸਮਝਾ ਦਏਗੀ, ਤੇ ਉਹਨਾਂ ਨੂੰ ਦੱਸ ਦਏਗੀ ਕਿ ਵਕੀਲ ਲਈ ਉਹ ਕਿਸ ਸੰਸਥਾ ਨੂੰ ਅਰਜ਼ੀ ਦੇਣ! ਅਸੀਂ ਉਹਨਾਂ ਨੂੰ ਥੋੜ੍ਹੇ-ਥੋੜ੍ਹੇ ਪੈਸੇ ਦੇਂਦੇ ਆਂ, ਤਾਕਿ ਉਹ ਆਪਣੇ ਪਿੰਡ ਵਾਪਸ ਜਾ ਸਕਣ, ਪਰ ਮੈਂ ਜਾਣਦੀ ਆਂ ਕਿ ਅੱਗੇ ਰਸਤਾ ਉਸ ਲਈ ਵੀ ਲੰਮਾਂ ਹੋਏਗਾ। ਜੇ ਉਸ ਵਿਚ ਪਲਟ ਕੇ ਲੜਨ ਦੀ ਹਿੰਮਤ ਏ ਤਾਂ ਉਹ ਤੇ ਉਸਦੇ ਘਰ ਵਾਲੇ ਲਗਾਤਾਰ ਖ਼ਤਰੇ ਦੇ ਪ੍ਰਛਾਵੇਂ ਵਿਚ ਰਹਿਣਗੇ, ਜਦ ਤੀਕ ਕਿ ਉਸਨੂੰ ਇਨਸਾਫ਼ ਨਹੀਂ ਮਿਲ ਜਾਂਦਾ। ਜੇ ਕਦੀ ਮਿਲਦਾ ਏ ਤਾਂ। ਉਸ ਕੁਨਬੇ ਕੋਲ ਕਿਧਰੇ ਹੋਰ ਜਾਣ ਦਾ ਕੋਈ ਰਸਤਾ ਨਹੀਂ—ਉਹਨਾਂ ਦਾ ਘਰ, ਉਹਨਾਂ ਦੀਆਂ ਜਿੰਦਾਂ, ਉਸ ਪਿੰਡ ਵਿਚ ਨੇ। ਉਸਦਾ ਬੱਚਾ ਪੈਦਾ ਹੋਏਗਾ, ਤੇ ਉਹ ਹਾਦਸਾ ਜ਼ਿੰਦਗੀ ਦੇ ਆਖ਼ਰ ਤੀਕ ਉਸਦਾ ਪਿੱਛਾ ਕਰਦਾ ਰਹੇਗਾ। ਉਹ ਕਦੀ ਨਹੀਂ ਭੁੱਲੇਗੀ। ਜਿਵੇਂ ਮੈਂ ਵੀ ਨਹੀਂ ਭੁੱਲੀ ਆਂ।
ਕਾਨੂੰਨ ਦੀ ਮੰਗ ਏ ਕਿ ਪੁਲਸ ਇਕ ਮੁੱਢਲੀ ਜਾਂਚ ਰਿਪੋਰਟ ਤਿਆਰ ਕਰੇ। ਤੇ ਉਹ ਹਮੇਸ਼ਾ ਓਵੇਂ ਈ ਹੁੰਦਾ ਏ—ਉਹ ਔਰਤ ਨੂੰ ਕਹਿੰਦੇ ਨੇ, “ਆਪਣੇ ਅਗੂੰਠੇ ਦਾ ਨਿਸ਼ਾਨ ਲਾ ਦੇ, ਅਸੀਂ ਇਸਨੂੰ ਤੇਰੇ ਵੱਲੋਂ ਲਿਖ ਦਿਆਂਗੇ,” ਤੇ ਜਦੋਂ ਇਹ ਰਿਪੋਰਟ ਜੱਜ ਕੋਲ ਪਹੁੰਚਦੀ ਏ, ਮੁਜਰਿਮ ਹਮੇਸ਼ਾ ਬੇਕਸੂਰ ਹੁੰਦਾ ਨੇ, ਤੇ ਔਰਤ ਨੇ ਝੂਠ ਬੋਲਿਆ ਹੁੰਦਾ ਏ।
ਇਕ ਆਦਮੀ ਦੂਜੇ ਆਦਮੀ ਨੂੰ ਪਿੰਡ ਦੇ ਕਿਸੇ ਝਗੜੇ ਲਈ ਸਜ਼ਾ ਦੇਣੀ ਚਾਹੁੰਦਾ ਏ—ਸੋ ਉਹ ਇਕ ਮਾਸੂਮ ਨੌਜਵਾਨ ਬੀਵੀ ਤੇ ਮਾਂ ਨੂੰ, ਜਿਸਦੇ ਪੇਟ 'ਚ ਉਸਦਾ ਅਗਲਾ ਬੱਚਾ ਏ, ਹਥਿਆਰਬੰਦ ਲੋਕਾਂ ਤੋਂ ਅਗ਼ਵਾਹ ਕਰਵਾਉਂਦਾ ਏ ਤੇ ਉਸਦਾ ਸਮੂਹਿਕ ਬਲਾਤਕਾਰ ਕਰਵਾਉਂਦਾ ਏ। ਉਸ ਆਦਮੀ ਨੂੰ ਸ਼ੁਰੂ ਤੋਂ ਈ ਯਕੀਨ ਏ ਕਿ ਉਸ ਸਾਫ਼ ਬਚ ਜਾਏਗਾ, ਤੇ ਜੇ ਉਹ ਜੇਲ੍ਹ ਜਾਂਦਾ ਵੀ ਏ ਤਾਂ ਬਹੁਤੇ ਦਿਨਾਂ ਲਈ ਨਹੀਂ। ਦੇਰ-ਸਵੇਰ ਉਹ ਅਪੀਲ ਕਰਨ 'ਤੇ ਛੱਡ ਦਿੱਤਾ ਜਾਏਗਾ, 'ਮੁਨਾਸਿਬ' ਸਬੂਤਾਂ ਦੀ ਕਮੀ ਕਾਰਨ। ਤੇ ਲੋਕ ਸ਼ਾਇਦ ਕਹਿਣਗੇ ਕਿ ਉਸ ਨਿਕੰਮੀ ਔਰਤ ਦੀ ਰਜ਼ਾਮੰਦੀ ਹੋਏਗੀ, ਕਿ ਉਸਨੇ ਰੰਡੀ ਬਣ ਕੇ ਆਪਣੇ ਜਿਸਮ ਦਾ ਸੌਦਾ ਕੀਤਾ ਹੋਏਗਾ। ਉਸਦੀ ਨੇਕ-ਨਾਮੀ, ਉਸਦੀ ਤੇ ਉਸਦੇ ਘਰ ਵਾਲਿਆਂ ਦੀ ਇੱਜ਼ਤ, ਹਮੇਸ਼ਾ-ਹਮੇਸ਼ਾ ਲਈ ਬਰਬਾਦ ਹੋ ਜਾਏਗੀ। ਤੇ ਹਾਲਾਂਕਿ ਖ਼ਰਾਬ ਤੋਂ ਖ਼ਰਾਬ ਮਾਮਲੇ ਵਿਚ ਉਹ ਹਦੂਦ ਦੇ ਕਾਨੂੰਨ ਦੇ ਮੁਤਾਬਕ ਖ਼ੁਦ ਜ਼ਿਨਾ ਤੇ ਇਸਮਤ-ਫ਼ਰੋਸ਼ੀ ਦੇ ਲਈ ਸਜ਼ਾਵਾਰ (ਦੋਸ਼ੀ) ਠਹਿਰਾਏ ਜਾਣ ਦਾ ਜੋਖਮ ਉਠਾਉਂਦੀ ਏ। ਇਸ ਭਿਆਨਕ ਸਜ਼ਾ ਤੋਂ ਬਚਣ ਲਈ ਜਾਂ ਤਾਂ ਮੁਲਜ਼ਿਮਾਂ ਨੂੰ ਜੱਜ ਦੇ ਸਾਹਮਣੇ ਆਪਣਾ 'ਗੁਨਾਹ' ਸਵੀਕਾਰ ਕਰਨਾ ਪਏਗਾ, ਜਾਂ ਫੇਰ ਸ਼ਿਕਾਇਤ ਕਰਨ ਵਾਲੇ ਨੂੰ 'ਗੁਨਾਹ' ਦੇ ਉਹ ਮਸ਼ਹੂਰ ਚਾਰ ਭਰੋਸੇ-ਯੋਗ ਚਸ਼ਮਦੀਦ ਗਵਾਹ ਪੇਸ਼ ਕਰਨੇ ਪੈਣਗੇ।
ਅਜਿਹੇ ਨਿਜ਼ਾਮ ਵਿਚ ਸੁਰੱਖਿਅਤ ਅਪਰਾਧੀ ਜੋ ਚਾਹੁੰਦੇ ਨੇ ਕਰਦੇ ਨੇ।

ਇਕ ਹੋਰ ਔਰਤ ਇੰਤਜ਼ਾਰ ਕਰ ਰਹੀ ਏ, ਉਸਦਾ ਚਿਹਰਾ ਇਕ ਫਟੀਚਰ-ਜਿਹੀ ਨਕਾਬ ਨਾਲ ਅੱਧਾ ਢਕਿਆ ਹੋਇਆ ਏ। ਘਰੇਲੂ ਕੰਮ-ਕਾਜ ਨਾਲ ਥੱਕੀ-ਟੁੱਟੀ, ਉਸਦੀ ਕੋਈ ਉਮਰ ਨਹੀਂ। ਉਸਦੇ ਲਈ ਬੋਲਣਾ ਮੁਸ਼ਕਲ ਏ। ਉਹ ਮੈਨੂੰ ਸਿਰਫ਼ ਆਪਣਾ ਚਿਹਰਾ ਦਿਖਾਉਂਦੀ ਏ, ਛਿਪ ਕੇ, ਸ਼ਰਮਿੰਦਗੀ ਨਾਲ। ਤੇ ਮੈਂ ਸਮਝ ਜਾਂਦੀ ਆਂ। ਤੇਜ਼ਾਬ ਨੇ ਉਸਦਾ ਅੱਧਾ ਹਿੱਸਾ ਖਾ ਲਿਆ ਏ। ਤੇ ਉਹ ਹੁਣ ਰੋ ਵੀ ਨਹੀਂ ਸਕਦੀ। ਕਿਸੇ ਨੇ ਕੀ ਕੀਤਾ? ਉਸਦੇ ਸ਼ੌਹਰ ਨੇ। ਕਿਉਂ? ਉਹ ਉਸਨੂੰ ਮਾਰਦਾ ਹੁੰਦਾ ਸੀ, ਉਹ ਉਸਦੀ ਖ਼ਿਦਮਤ ਓਨੀ ਤੇਜ਼ੀ ਨਾਲ ਨਹੀਂ ਸੀ ਕਰ ਸਕਦੀ ਜਿਵੇਂ ਕਿ ਉਹ ਚਾਹੁੰਦਾ ਸੀ। ਤੇ ਹੁਣ ਜਦੋਂ ਉਸਨੇ ਉਸਨੂੰ ਜ਼ਿੰਦਗੀ ਭਰ ਲਈ ਵਿਗਾੜ ਦਿੱਤਾ ਏ, ਉਹ ਉਸ ਤੋਂ ਘਿਣ ਕਰਦਾ ਏ। ਅਸੀਂ ਉਸ ਲਈ ਕੁਝ ਜ਼ਿਆਦਾ ਨਹੀਂ ਕਰ ਸਕਦੇ—ਥੋੜ੍ਹੀ-ਜਿਹੀ ਹਮਦਰਦੀ, ਤੇ ਕੁਝ ਪੈਸੇ ਤਾਕਿ ਉਹ ਆਪਣੇ ਪਤੀ ਨੂੰ ਛੱਡ ਕੇ ਆਪਣੇ ਘਰ ਵਾਲਿਆਂ ਕੋਲ ਚਲੀ ਜਾਵੇ---ਜੇ ਉਹ ਜਾ ਸਕੇ ਤਾਂ।

ਕਦੀ-ਕਦੀ ਸਮੱਸਿਆ ਦੀ ਵਿਰਾਟਤਾ ਮੈਨੂੰ ਪ੍ਰੇਸ਼ਾਨ ਕਰ ਦੇਂਦੀ ਏ। ਕਦੀ-ਕਦੀ ਮੈਂ ਏਨੀ ਖਿਝ-ਕਰਿਝ ਜਾਂਦੀ ਆਂ ਕਿ ਸਾਹ ਵੀ ਮੁਸ਼ਕਲ ਨਾਲ ਆਉਣ ਲੱਗਦਾ ਏ। ਪਰ ਮੈਂ ਨਿਰਾਸ਼ ਨਹੀਂ ਹੁੰਦੀ। ਮੇਰੀ ਜ਼ਿੰਦਗੀ ਦਾ ਇਕ ਮਤਲਬ ਏ। ਮੇਰੀ ਬਦਨਸੀਬੀ ਬਸਤੀ ਵਾਲਿਆਂ ਦੇ ਕੰਮ ਆ ਰਹੀ ਏ।
ਨਿੱਕੀਆਂ ਕੁੜੀਆਂ ਨੂੰ ਸਿਖਾਉਣਾ ਆਸਾਨ ਨੇ, ਜਦਕਿ ਮੁੰਡੇ, ਜਿਹੜੇ ਜਾਨਵਰਾਂ ਦੀ ਇਸ ਦੁਨੀਆਂ ਵਿਚ ਪੈਦਾ ਹੋਏ ਨੇ ਤੇ ਆਪਣੇ ਬਜ਼ੁਰਗਾਂ ਦੇ ਵਿਹਾਰ ਤੋਂ ਸਿਖਦੇ ਨੇ, ਇਕ ਵਧੇਰੇ ਮੁਸ਼ਕਲ ਚੁਨੌਤੀ ਪੇਸ਼ ਕਰਦੇ ਨੇ। ਕਿਉਂਕਿ ਤਕਲੀਫ਼ ਤੇ ਹੰਝੂ ਉਹਨਾਂ ਨੂੰ ਕੁਝ ਨਹੀਂ ਸਿਖਾਉਂਦੇ, ਔਰਤਾਂ ਨੂੰ ਮਿਲਣ ਵਾਲਾ ਇਹ ਇਨਸਾਫ਼ ਈ ਉਹਨਾਂ ਨੂੰ ਹਰੇਕ ਬੀਤ ਰਹੀ ਪੀੜ੍ਹੀ ਨਾਲ ਸਿਖਾਏਗਾ।
ਮੈਨੂੰ ਵੀ ਸੁਪਰੀਮ ਕੋਰਟ ਦੇ ਇਕ ਦੋ-ਟੁੱਕ ਫ਼ੈਸਲੇ ਦਾ ਇੰਤਜ਼ਾਰ ਏ। ਮੈਂ ਇਸ ਦੁਨੀਆਂ 'ਚ ਉਸਦੇ ਇਨਸਾਫ਼ 'ਤੇ ਭਰੋਸਾ ਕਰਦੀ ਆਂ, ਓਵੇਂ ਈ ਜਿਵੇਂ ਆਖ਼ਰੀ ਫ਼ੈਸਲੇ ਲਈ ਖ਼ੁਦਾ 'ਤੇ ਯਕੀਨ ਕਰਦੀ ਆਂ—ਕਿਉਂਕਿ ਜੇ ਮੈਨੂੰ ਇਨਸਾਫ਼ ਨਾ ਮਿਲਿਆ... ਜੇ ਇਸ ਪਿੰਡ ਵਿਚ ਰਹਿਣ ਦੇ ਮੇਰੇ ਇਰਾਦੇ ਕਰਕੇ ਮੈਂ ਅੰਤਹੀਣ ਲੜਾਈ ਬਰਦਾਸ਼ਤ ਕਰਨ ਤੇ ਇਕ ਦਿਨ ਆਪਣੀ ਜ਼ਿੰਦਗੀ ਨਾਲ ਵੀ ਉਸਦੀ ਕੀਮਤ ਦੇਣ ਤੇ ਮਜਬੂਰ ਹੋਈ...ਤਾਂ ਗੁਨਾਹਗਾਰਾਂ ਨੂੰ ਖ਼ੁਦਾਈ ਸਜ਼ਾ ਮਿਲੇਗੀ।
ਅਕਤੂਬਰ ਦਾ ਇਹ ਦਿਨ ਖ਼ਤਮ ਹੋ ਰਿਹਾ ਏ, ਤਕਲੀਫ਼ ਤੇ ਮੁਸੀਬਤ ਦੇ ਆਪਣੇ ਹਿੱਸੇ ਦੇ ਨਾਲ—ਪਰ ਅਗਲੇ ਦਿਨ ਦੀ ਸਵੇਰ ਦੂਜੀਆਂ ਤਕਲੀਫ਼ਾਂ ਲੈ ਕੇ ਆਏਗੀ। ਮੁਲਕ ਦੇ ਸਾਰੇ ਉੱਤਰੀ ਹਿੱਸੇ ਵਿਚ ਧਰਤੀ ਕੰਬੀ ਏ। ਹਜ਼ਾਰਾਂ ਮਰੇ ਨੇ, ਜ਼ਖ਼ਮੀ ਹੋਏ ਨੇ, ਹਜ਼ਾਰਾਂ ਬੇਘਰ ਹੋ ਗਏ ਨੇ, ਹਜ਼ਾਰਾਂ ਭੁੱਖੇ ਬੱਚੇ ਉਹਨਾਂ ਖੰਡਰਾਂ ਵਿਚ ਭਟਕ ਰਹੇ ਨੇ, ਜਿਹੜੇ ਕਦੀ ਉਹਨਾਂ ਦੀ ਜ਼ਿੰਦਗਾਨੀ ਸੀ। ਪੰਜਾਬ ਦਾ ਮੇਰਾ ਸੂਬਾ ਇਸ ਤਬਾਹੀ ਤੋਂ ਬਚਿਆ ਹੋਇਆ ਏ, ਤੇ ਮੈਂ ਉਹਨਾਂ ਸਾਰੇ ਦੁਖੀ ਲੋਕਾਂ ਲਈ, ਆਪਣੇ ਸਕੂਲਾਂ ਦੇ ਖੰਡਰਾਂ ਵਿਚ ਮਰੇ ਪਏ ਉਹਨਾਂ ਸਾਰੇ ਬੱਚਿਆਂ ਲਈ ਦੁਆ ਕਰਦੀ ਆਂ।
ਉਹਨਾਂ ਲਈ ਦੁਆ ਕਰਨਾ ਕਾਫ਼ੀ ਨਹੀਂ ਹੋਏਗਾ। ਪਾਕਿਸਤਾਨ ਨੂੰ ਦੂਜੇ ਮੁਲਕਾਂ ਤੋਂ ਸਹਾਇਤਾ ਦੀ ਜ਼ਰੂਰਤ ਏ। ਇਸ ਵਾਰੀ ਮੈਨੂੰ ਬਾਹਰ ਜਾਣ ਦਾ ਅਧਿਕਾਰ ਮਿਲ ਗਿਆ ਏ, ਡਾ. ਆਮਨਾ ਬੁੱਤਰ ਦੇ ਨਾਲ ਜਿਹੜੀ ਔਰਤਾਂ ਦੇ ਖ਼ਿਲਾਫ਼ ਹਿੰਸਾ ਨਾਲ ਲੜਨ ਵਾਲੇ ਸੰਗਠਨ—ਏਸ਼ੀਆ ਅਮਰੀਕਾ ਨੇਟਵਰਕ—ਦੀ ਪ੍ਰਧਾਨ ਏ। ਇਕ ਪੱਤਰਕਾਰ ਨੇ ਹੁਣੇ-ਹੁਣੇ ਮੈਨੂੰ 'ਇਸ ਵਰ੍ਹੇ ਦੀ ਔਰਤ' ਹੋਣ ਦਾ ਐਲਾਨ ਕੀਤਾ ਏ। ਯਕੀਨਨ ਮੈਂ ਸਨਮਾਣਿਤ ਮਹਿਸੂਸ ਕਰ ਰਹੀ ਆਂ, ਪਰ ਇਹ ਮੇਰੀ ਯਾਤਰਾ ਦਾ ਮੁੱਖ ਕਾਰਨ ਨਹੀਂ ਏ।
ਮੈਂ ਚਾਹੁੰਦੀ ਆਂ ਕਿ ਇਸ ਮੌਕੇ ਦਾ ਫ਼ਾਇਦਾ ਉਠਾ ਕੇ ਸਿਰਫ਼ ਔਰਤਾਂ ਦੇ ਮਕਸਦ ਦੀ ਈ ਨਹੀਂ, ਬਲਕਿ ਇਸ ਬੇਰਹਿਮ ਸਮੇਂ ਵਿਚ, ਤਬਾਹੀ ਦੇ ਸ਼ਿਕਾਰ ਲੋਕਾਂ ਦੀ ਵੀ ਵਕਾਲਤ ਕਰਾਂ। ਮੇਰਾ ਦਿਲ ਸੱਚਮੁੱਚ ਉਹਨਾਂ ਔਰਤਾਂ ਤੇ ਬੱਚਿਆਂ ਦੇ ਲਈ ਦੁਖੀ ਹੁੰਦਾ ਏ ਜਿਹਨਾਂ ਦੀਆਂ ਜ਼ਿੰਦਗੀਆਂ ਕੁਚਲੀਆਂ ਗਈਆਂ ਨੇ, ਉਹਨਾਂ ਬਚ ਨਿਕਲਣ ਵਾਲਿਆਂ ਲਈ ਵੀ ਜਿਹਨਾਂ ਨੂੰ ਮਦਦ ਦੀ ਲੋੜ ਏ ਤਾਕਿ ਉਹ ਜਿਊਂਦੇ ਰਹਿ ਸਕਣ।
ਸੋ, ਮੈਂ ਨਿਊਯਾਰਕ ਜਾਣ ਵਾਲੇ ਜਹਾਜ਼ 'ਤੇ ਸਵਾਰ ਹੁੰਦੀ ਆਂ,ਜਿਸ ਪਿੱਛੋਂ ਮੈਂ ਵਾਸ਼ਿੰਗਟਨ ਵਿਚ ਅਮਰੀਕੀ ਸੰਸਦ ਦੇ ਸਾਹਵੇਂ ਬੋਲਾਂਗੀ, ਇਹਨਾਂ ਦੋ ਉਦੇਸ਼ਾਂ ਦੀ ਵਕਾਲਤ ਕਰਨ ਲਈ ਤੇ ਪੰਜ ਕਰੋੜ ਡਾਲਰ ਦੀ ਹੋਰ ਸਹਾਇਤਾ ਦੀ ਮੰਗ ਕਰਨ ਲਈ ਤਾਕਿ ਉਸ ਭੂਚਾਲ ਨਾਲ ਨਿਪਟਿਆ ਜਾ ਸਕੇ ਜਿਹੜਾ ਕਈ ਵਰ੍ਹਿਆਂ ਦੌਰਾਨ ਮੇਰੇ ਦੇਸ਼ ਵਿਚ ਤਬਾਹੀ ਮਚਾਉਣ ਵਾਲਾ ਸਭ ਨਾਲੋਂ ਭਿਅੰਕਰ ਭੂਚਾਲ ਸਾਬਤ ਹੋਇਆ ਏ।
ਅੰਤਰ-ਰਾਸ਼ਟਰੀ ਮਦਦ ਬੜੀ ਹੌਲੀ-ਹੌਲੀ ਆਉਂਦੀ ਏ। ਬਦਕਿਸਮਤੀ ਨਾਲ, ਮੇਰੇ ਮੁਲਕ ਦੀ ਛਵੀ ਅਜਿਹੀ ਏ ਕਿ ਵੱਡੀ ਮਾਤਰਾ ਵਿਚ ਵਿਦੇਸ਼ੀ ਸਹਾਇਤਾ ਨਹੀਂ ਮਿਲ ਰਹੀ। ਆਮ ਵਾਂਗ, ਰਿਪੋਰਟਰ ਮੇਰਾ ਜਗ੍ਹਾ-ਜਗ੍ਹਾ ਪਿੱਛਾ ਕਰਦੇ ਨੇ ਤੇ ਉਹਨਾਂ ਦੇ ਕੁਝ ਸਵਾਲਾਂ ਦਾ ਸਰੋਕਾਰ ਭਵਿੱਖ ਵਿਚ ਮੇਰੀ ਜਲਾਵਤਨੀ ਦੀ ਸੰਭਾਵਨਾ ਨਾਲ ਹੁੰਦਾ ਏ। ਜਦ ਮੈਂ ਸਫ਼ਰ ਕਰਦੀ ਆਂ, ਤਾਂ ਇਹਨਾਂ ਸਵਾਲਾਂ ਦਾ ਮੇਰੇ ਕੋਲ ਇਕ ਸਿੱਧਾ ਜਿਹਾ ਜਵਾਬ ਹੁੰਦਾ ਏ...:
“ਬਾਹਰ ਦਾ ਮੇਰਾ ਸਫ਼ਰ ਛੋਟਾ ਜਿਹਾ ਹੋਏਗਾ, ਤੇ ਮੈਂ ਜਿੰਨੀ ਜਲਦੀ ਸੰਭਵ ਹੋਏ, ਆਪਣੇ ਮੁਲਕ ਤੇ ਆਪਣੇ ਪਿੰਡ ਪਰਤ ਆਵਾਂਗੀ।”
ਇਹ ਸੱਚ ਏ ਕਿ ਇਕ ਅਮਰੀਕੀ ਪਰਚੇ ਨੇ, ਜਿਸ ਨੇ ਪਹਿਲਾਂ ਕੁਝ ਜਾਣੇ-ਮਾਣੇ ਲੋਕਾਂ ਨੂੰ ਸਨਮਾਣਤ ਕੀਤਾ ਏ, ਮੈਨੂੰ 'ਇਸ ਵਰ੍ਹੇ ਦੀ ਔਰਤ' ਐਲਾਨ ਦਿੱਤਾ ਏ, ਤੇ ਮੈਂ ਇਸ ਸਨਮਾਣ ਨਾਲ ਖ਼ੁਸ਼ ਵੀ ਆਂ, ਤੇ ਇਸ ਨੇ ਮੇਰੇ ਦਿਲ ਨੂੰ ਵੀ ਛੂਹ ਲਿਆ ਏ, ਪਰ ਮੈਂ ਪਾਕਿਸਤਾਨ ਵਿਚ ਪੈਦਾ ਹੋਈ ਸੀ ਤੇ ਉੱਥੇ ਈ ਰਹਾਂਗੀ। ਤੇ ਮੈਂ ਇਕ ਪਾਕਿਤਸਾਨੀ ਕਾਰਜ-ਕਰਤਾ ਔਰਤ ਦੀ ਹੈਸੀਅਤ ਨਾਲ ਸਫ਼ਰ ਕਰ ਰਹੀ ਆਂ, ਤਾਕਿ ਅਜਿਹੀ ਬਦਕਿਸਮਤੀ ਦੇ ਮਾਰੇ ਆਪਣੇ ਪਿਆਰੇ ਦੇਸ਼ ਦੇ ਲਈ ਰਾਹਤ ਲੱਭਣ ਦੇ ਕੰਮ ਵਿਚ ਮਦਦ ਕਰ ਸਕਾਂ।

ਜੇ ਆਪਣੀ ਅਜੀਬੋ-ਗ਼ਰੀਬ ਤਕਦੀਰ ਦੇ ਜ਼ਰੀਏ ਮੈਂ ਇਸ ਤਰ੍ਹਾਂ ਆਪਣੇ ਦੇਸ਼ ਤੇ ਉਸਦੀ ਸਰਕਾਰ ਦੇ ਲਈ ਮਦਦ ਲਿਆ ਸਕੀ ਤਾਂ ਇਹ ਸਾਡੇ ਲਈ ਬੜੇ ਮਾਣ ਦੀ ਗੱਲ ਹੋਏਗੀ। ਖ਼ੁਦਾ ਮੇਰੀ ਮੁਹਿੰਮ ਦੀ ਹਿਫ਼ਾਜ਼ਤ ਕਰੇ।
ਮੁਖ਼ਤਾਰ ਮਾਈ
ਨਵੰਬਰ 2005

ਬੇਦੀ ਡੈਂਟਲ ਹੈਲਥ ਸੈਂਟਰ, ਬਾਜਾ ਰੋਡ, ਜੈਤੋ-151202. (ਪੰਜਾਬ)
ਮੋਬਾਇਲ ਨੰ : 94177-30600.
Blog at :- mereauwad.blogspot.com
E-mail :- mpbedijaitu@yahoo.co.in

No comments:

Post a Comment