Sunday, October 7, 2012

ਛੇ : ਬੇਇੱਜ਼ਤੀ...:








1 ਮਾਰਚ 2005 ਨੂੰ ਇਕ ਵਾਰ ਫੇਰ ਮੈਂ ਅਦਾਲਤ ਵਿਚ ਪੇਸ਼ ਹੁੰਦੀ ਆਂ। ਇਸ ਵਾਰੀ ਇਹ ਮੁਲਤਾਨ ਵਿਚ ਲਾਹੌਰ ਹਾਈ ਕੋਰਟ ਦੀ ਬੈਂਚ ਏ। ਮੈਂ ਇਕੱਲੀ ਨਹੀਂ ਆਂ—ਗ਼ੈਰ-ਸਰਕਾਰੀ ਸੰਗਠਨ ਤੇ ਦੇਸੀ-ਵਿਦੇਸੀ ਅਖ਼ਬਾਰ ਵਾਲੇ ਇਸ ਫ਼ੈਸਲੇ ਦਾ ਇੰਤਜ਼ਾਰ ਕਰ ਰਹੇ ਨੇ। ਆਪਣੇ ਵੱਲ ਲਹਿਰਾਏ ਗਏ ਉਹਨਾਂ ਸਾਰੇ ਮਾਈਕਰੋਫ਼ੋਨਾਂ ਦੇ ਸਾਹਮਣੇ ਮੈਂ ਇਹੀ ਐਲਾਨ ਕੀਤਾ ਕਿ ਮੈਨੂੰ ਸਿਰਫ਼ ਇਨਸਾਫ਼ ਦੀ ਉਮੀਦ ਏ, ਪਰ ਮੈਂ ਇਹ ਵੀ ਚਾਹੁੰਦੀ ਆਂ ਕਿ ਇਹ ਇਨਸਾਫ਼ 'ਪੂਰਮਪੂਰ' ਹੋਵੇ।
ਮਸਤੋਈ ਕਬੀਲਾ ਹੁਣ ਵੀ ਹਰ ਚੀਜ਼ ਤੋਂ ਇਨਕਾਰ ਕਰ ਰਿਹਾ ਏ। ਤੇ ਇੱਥੇ ਇਕੱਠੇ ਅਸੀਂ ਸਾਰੇ—ਐਨ.ਜੀ.ਓ. ਦੇ ਨੁਮਾਇੰਦੇ, ਸਥਾਨਕ ਤੇ ਵਿਦੇਸੀ ਅਖ਼ਬਾਰਾਂ ਵਾਲੇ—ਇਹ ਜਾਣਦੇ ਆਂ ਕਿ ਕਿੰਨੀ ਬਾਕਾਇਦਗੀ ਨਾਲ ਸਾਡੀਆਂ ਅਦਾਲਤਾਂ ਵਿਚੋਂ ਜ਼ਿਨਾਕਾਰਾਂ ਨੂੰ ਰਿਹਾਅ ਕਰ ਦਿੱਤਾ ਜਾਂਦਾ ਏ। ਮੇਰੇ ਮਾਮਲੇ ਵਿਚ ਪਹਿਲਾ ਫ਼ੈਸਲਾ ਇਕ ਜਿੱਤ ਸੀ, ਸਿਵਾਏ ਉਹਨਾਂ ਅੱਠ ਮਸਤੋਈਆਂ ਨੂੰ ਬਰੀ ਕੀਤੇ ਜਾਣ ਦੇ, ਜਿਹਨਾਂ ਨੂੰ ਸਜ਼ਾ ਦਿਵਾਉਣ ਦੀ ਕੋਸ਼ਿਸ਼ ਮੈਂ ਹੁਣ ਵੀ ਕਰ ਰਹੀ ਆਂ। ਮੈਂ ਇੱਥੇ ਬੈਠ ਕੇ, ਜੱਜ ਨੂੰ ਇਕ ਕਦੀ ਨਾ ਖ਼ਤਮ ਹੋਣ ਵਾਲਾ ਮਜ਼ਮੂਨ ਪੜ੍ਹਦਿਆਂ ਸੁਣਦੀ ਆਂ, ਪਰ ਕਿਉਂਕਿ ਉਹ ਅੰਗਰੇਜ਼ੀ 'ਚ ਏ, ਮੈਂ ਇਕ ਲਫ਼ਜ਼ ਵੀ ਨਹੀਂ ਸਮਝ ਸਕਦੀ।

31 ਅਗਸਤ 2002 ਨੂੰ ਡੇਰਾ ਗ਼ਾਜ਼ੀ ਖ਼ਾਂ ਦੀ ਆਤੰਕਵਾਦ-ਵਿਰੋਧੀ ਅਦਾਲਤ ਦੇ ਫ਼ੈਸਲੇ ਦੇ ਮੁਤਾਬਿਕ ਇਹਨਾਂ ਛੇ ਅਪੀਲ ਕਰਤਾਵਾਂ ਨੂੰ, ਜਿਹਨਾਂ ਦੇ ਨਾਂ ਹੇਠ ਦਿੱਤੇ ਜਾ ਰਹੇ ਨੇ, ਦੋਸ਼ੀ ਪਾਇਆ ਗਿਆ ਸੀ ਤੇ ਹੇਠ ਲਿਖੀਆਂ ਸਜ਼ਾਵਾਂ ਸੁਣਾਈਆਂ ਗਈਆਂ ਸਨ...:
ਛੇ ਆਦਮੀਆਂ ਨੂੰ ਮੌਤ ਦੀ ਸਜ਼ਾ ਦਿੱਤੀ ਗਈ ਸੀ...
ਅੱਠ ਹੋਰ ਕੈਦੀਆਂ ਨੂੰ ਉਹਨਾਂ ਸਾਰੇ ਦੋਸ਼ਾਂ ਤੋਂ ਬਰੀ ਕਰ ਦਿੱਤਾ ਗਿਆ ਸੀ, ਜਿਹੜੇ ਉਹਨਾਂ ਦੇ ਖ਼ਿਲਾਫ਼ ਲਾਏ ਗਏ ਸਨ।
ਨਸੀਮ ਤੇ ਮੈਂ ਵਿਚ-ਵਿਚ ਫੁਸਫੁਸਾ ਕੇ ਇਕ ਦੂਜੇ ਨਾਲ ਗੱਲ ਕਰ ਲੈਂਦੇ ਆਂ। ਤੇ ਇਸ ਦੌਰਾਨ ਜਦੋਂ ਮੈਂ ਉਹਨਾਂ ਅਬੁੱਝ ਸ਼ਬਦਾਂ ਦੇ ਉਤਾਰ-ਚੜ੍ਹਾਅ ਨੂੰ ਸੁਣ ਰਹੀ ਆਂ, ਆਹਿਸਤਾ-ਆਹਿਸਤਾ ਪਰ ਪੱਕੇ ਤੌਰ 'ਤੇ, ਇਕ ਮਨ-ਮੰਨਿਆਂ ਇਨਸਾਫ਼ ਸ਼ਕਲ ਅਖ਼ਤਿਆਰ ਕਰ ਰਿਹਾ ਏ।
ਸੋਮਵਾਰ ਇਸੇ ਤਰ੍ਹਾਂ ਬੀਤਦਾ ਏ ਤੇ ਮੰਗਲਵਾਰ 2 ਮਾਰਚ ਦਾ ਦਿਨ ਵੀ। ਹੁਣ ਮੇਰੇ ਵਕੀਲ ਦੇ ਬੋਲਣ ਦੀ ਵਾਰੀ ਏ। ਮੈਂ ਏਨਾ ਥੱਕ ਗਈ ਆਂ ਕਿ ਰਹਿ-ਰਹਿ ਕੇ ਊਂਘਣ ਲੱਗਦੀ ਆਂ। ਮੈਨੂੰ ਅਕਸਰ ਇੰਜ ਮਹਿਸੂਸ ਹੁੰਦਾ ਏ ਜਿਵੇਂ ਇਸ ਵੱਡੇ ਸਾਰੇ ਕਮਰੇ ਵਿਚ ਚੱਲ ਰਹੀ ਕਾਰਵਾਈ ਮੇਰੀ ਗ਼ੈਰ-ਮੌਜੂਦਗੀ ਵਿਚ ਹੋ ਰਹੀ ਏ।
ਕਾਸ਼, ਮੈਂ ਸਮਝ ਸਕਦੀ ਕਿ ਕੀ ਕਿਹਾ ਜਾ ਰਿਹਾ ਏ! ਪਰ ਮੈਨੂੰ ਸ਼ਾਮ ਤਕ ਇੰਤਜ਼ਾਰ ਕਰਨਾ ਪੈਂਦਾ ਏ, ਜਦੋਂ ਮੇਰਾ ਵਕੀਲ ਬਚਾਅ ਪੱਖ ਵੱਲੋਂ ਪੇਸ਼ ਕੀਤੀਆਂ ਖ਼ਾਸ-ਖ਼ਾਸ ਦਲੀਲਾਂ ਦਾ ਨਿਚੋੜ ਦੱਸਦਾ ਏ, ਜਿਸਦੇ ਮੁਤਾਬਿਕ ਲੱਗਦਾ ਏ ਕਿ...
“ਮੇਰਾ ਬਿਆਨ ਬੇਮੇਲ ਗੱਲਾਂ ਨਾਲ ਭਰਿਆ ਹੋਇਆ ਏ, ਤੇ ਉਸਦੀ ਤਾਈਦ ਵਿਚ ਏਨੇ ਸਬੂਤ ਨਹੀਂ ਹੈਨ ਕਿ ਸਾਬਤ ਹੋ ਸਕੇ ਕਿ ਕੋਈ ਸਮੂਹਿਕ ਬਲਾਤਕਾਰ ਹੋਇਆ ਸੀ।”
ਇਸਦੇ ਬਾਵਜੂਦ ਕਿ ਘੱਟੋ-ਘੱਟ ਅੱਧਾ ਪਿੰਡ ਉੱਥੇ ਗਵਾਹ ਸੀ।
“ਸ਼ਿਕਾਇਤ ਇਹਨਾਂ ਘਟਨਾਵਾਂ ਦੇ ਫ਼ੌਰਨ ਬਾਅਦ ਈ ਦਾਖ਼ਲ ਨਹੀਂ ਕੀਤੀ ਗਈ ਸੀ, ਤੇ ਇਸ ਦੇਰੀ ਲਈ ਕੋਈ ਵਾਜਬ ਸਫ਼ਾਈ ਨਹੀਂ ਦਿੱਤੀ ਗਈ ਸੀ।”
ਇਕ ਔਰਤ ਈ ਸਮਝ ਸਕਦੀ ਏ ਕਿ ਚਾਰ ਮਰਦਾਂ ਦੇ ਬਲਾਤਕਾਰ ਦੀ ਸ਼ਿਕਾਰ ਔਰਤ ਨੂੰ ਜਿਸਮਾਨੀ ਤੇ ਦਿਮਾਗ਼ੀ ਤੌਰ 'ਤੇ ਕਿੰਨਾ ਨੁਕਸਾਨ ਹੋਇਆ ਹੁੰਦਾ ਏ। ਲਿਹਾਜ਼ਾ, ਇਹਨਾਂ ਸਾਰੇ ਮਰਦਾਂ ਨੂੰ ਇਹ ਵਧੇਰੇ ਸਹੀ ਲੱਗਦਾ ਜੇ ਮੈਂ ਫ਼ੌਰਨ ਖ਼ੁਦਕੁਸ਼ੀ ਕਰ ਲਈ ਹੁੰਦੀ?
“ਮੇਰਾ ਬਿਆਨ ਕਾਬਿਲੇ-ਇਤਰਾਜ਼ ਤਰੀਕੇ ਨਾਲ ਦਰਜ ਕੀਤਾ ਗਿਆ ਸੀ। ਇਕ ਪੁਲਸ ਵਾਲੇ ਨੇ 30 ਜੂਨ 2002 ਨੂੰ ਇਕ ਬਿਆਨ ਲਿਖਿਆ, ਜਿਹੜਾ ਸਰਕਾਰੀ ਵਕੀਲ ਨੂੰ ਦਿੱਤੇ ਗਏ ਬਿਆਨ ਨਾਲ ਮੇਲ ਨਹੀਂ ਖਾਂਦਾ।”
ਮੇਰਾ ਬਿਆਨ, ਜ਼ਾਹਰੀ ਤੌਰ 'ਤੇ, ਉਸ ਬਿਆਨ ਨਾਲ ਮੇਲ ਨਹੀਂ ਖਾ ਸਕਦਾ ਸੀ ਜਿਹੜਾ ਪੁਲਸ ਵਾਲਿਆਂ ਨੇ ਪੇਸ਼ ਕੀਤਾ ਸੀ।
ਇਸ ਦੇ ਬਾਅਦ ਬਚਾਅ ਪੱਖ ਵੱਲੋਂ ਪੇਸ਼ ਕੀਤਾ ਗਿਆ ਇਨਕਾਰਾਂ ਦਾ ਇਕ ਪੂਰਾ ਸਿਲਸਿਲਾ ਏ, ਸਾਰੇ ਦਾ ਸਾਰਾ ਇਹ ਦਿਖਾਉਣ ਲਈ ਬੁਣਿਆਂ ਗਿਆ ਕਿ ਕੋਈ ਵੀ ਚੀਜ਼ ਮੁਲਜ਼ਮਾਂ ਦੀ ਜ਼ਿੰਮੇਦਾਰੀ ਨੂੰ ਸਾਬਤ ਨਹੀਂ ਕਰ ਸਕਦੀ। ਇਹ ਸਾਰਾ 'ਕਿੱਸਾ' ਫ਼ਰਜ਼ੀ ਤੌਰ 'ਤੇ ਇਕ ਰਿਪੋਰਟਰ ਨੇ, ਜੋ ਇਤਫ਼ਾਕ ਨਾਲ ਉੱਥੇ ਸੀ, ਸਨਸਨੀਖ਼ੇਜ ਸੁਰਖ਼ੀਆਂ ਬਣਾਉਣ ਲਈ ਘੜਿਆ ਏ। ਇਸ ਪਿੱਛੋਂ ਅਖ਼ਬਾਰਾਂ ਨੇ ਮਾਮਲੇ ਉੱਤੇ ਝਪਟਾ ਮਾਰਿਆ ਤੇ ਪੂਰੀ ਦੁਨੀਆਂ ਵਿਚ ਫੈਲਾ ਦਿੱਤਾ, ਜਦਕਿ ਇਹ ਕਥਿਤ ਜੁਰਮ ਹੋਇਆ ਈ ਨਹੀਂ ਸੀ।
ਮੈਨੂੰ ਬਾਹਰੀ ਮੁਲਕਾਂ ਤੋਂ ਪੈਸੇ ਮਿਲੇ ਨੇ—ਤੇ ਬੈਂਕ 'ਚ ਮੇਰਾ ਖਾਤਾ ਏ।
ਮੈਂ ਸਾਰੀਆਂ ਦਲੀਲਾਂ ਪਹਿਲਾਂ ਵੀ ਸੁਣੀਆਂ ਨੇ, ਖ਼ਾਸ ਤੌਰ 'ਤੇ ਅਖ਼ੀਰ ਵਾਲੀ। ਉਸ ਪੈਸੇ ਨਾਲ ਕੁੜੀਆਂ ਲਈ—ਤੇ ਮੁੰਡਿਆਂ ਲਈ ਵੀ—ਇਕ ਸਕੂਲ ਬਣਵਾਉਣ ਦੀ ਮੇਰੀ ਇੱਛਾ ਵਿਚ ਮੇਰੇ ਦੁਸ਼ਮਣਾਂ ਨੂੰ ਕੋਈ ਦਿਲਚਸਪੀ ਨਹੀਂ ਏ। ਮੁਲਕ ਦੇ ਅਖ਼ਬਾਰਾਂ ਵਿਚ ਛਪੀ ਕਿਸੇ ਟਿੱਪਣੀ ਦੀ ਇਕ ਦਲੀਲ ਦਿੱਤੀ ਗਈ ਏ ਕਿ ਪਾਕਿਸਤਾਨ ਦੀਆਂ ਔਰਤਾਂ ਦਾ ਸਿਰਫ਼ ਇਕ ਫ਼ਰਜ਼ ਏ, ਆਪਣੇ ਸ਼ੌਹਰ ਦੀ ਖ਼ਿਦਮਤ ਕਰਨਾ, ਤੇ ਇਕ ਕੁੜੀ ਨੂੰ ਬੱਸ ਓਨੀ ਤਾਲੀਮ ਦਿੱਤੀ ਜਾਣੀ ਚਾਹੀਦੀ ਏ ਜਿਹੜੀ ਉਸਨੂੰ ਆਪਣੇ ਮਾਂ-ਬਾਪ ਤੋਂ ਮਿਲਦੀ ਏ, ਕਿਉਂਕਿ ਕੁਝ ਖ਼ਾਸ ਮਜ਼ਹਬੀ ਸਬਕ ਛੱਡ ਕੇ ਉਸਦੇ ਸਿੱਖਣ ਲਈ ਹੋਰ ਕੁਝ ਨਹੀਂ ਏ। ਸਿਵਾਏ ਤਾਅਬੇਦਾਰੀ ਦੀ ਖ਼ਾਮੋਸ਼ੀ ਦੇ।
ਇੰਜ ਲੱਗਦਾ ਏ ਕਿ ਇਸ ਅਦਾਲਤ ਵਿਚ ਅੰਦਰੇ-ਅੰਦਰ ਸ਼ੱਕ ਦੀ ਇਕ ਧਾਰ ਵਹਿ ਰਹੀ ਏ ਕਿ ਮੈਂ ਖ਼ਾਮੋਸ਼ੀ ਦੀ ਇਸ ਪਾਬੰਦੀ ਨੂੰ ਨਾ ਮੰਨਣ ਕਰਕੇ ਗੁਨਾਹਗਾਰ ਆਂ।
ਮੈਂ ਅਕਸਰ ਕਿਹਾ ਏ, ਤੇ ਅਖ਼ਬਾਰ ਵਾਲਿਆਂ ਦੇ ਸਾਹਮਣੇ ਦੁਹਰਾਇਆ ਏ ਕਿ ਮੈਂ ਆਪਣੇ ਮਜ਼ਹਬੀ ਯਕੀਨ ਦੇ ਜ਼ੋਰ 'ਤੇ, ਕੁਰਾਨ ਤੇ ਸੁੰਨਤ ਦੇ ਲਈ ਆਪਣੀ ਇੱਜ਼ਤ ਦੇ ਬਲ 'ਤੇ, ਲੜ ਰਹੀ ਆਂ। ਕੁਰਾਨ ਨਾਲ ਕਬਾਇਲੀ ਇਨਸਾਫ਼ ਦੇ ਇਸ ਤਰੀਕੇ ਦਾ ਕੋਈ ਲੈਣਾ-ਦੇਣਾ ਨਹੀਂ ਏਂ, ਜਿਹੜਾ ਇਕ ਪਿੰਡ ਨੂੰ ਆਪਣੇ ਕਾਬੂ ਵਿਚ ਰੱਖਣ ਦੀ ਖ਼ਾਤਰ ਲੋਕਾਂ ਨਾਲ ਬਲਾਤਕਾਰ ਕਰਨ ਤੇ ਉਹਨਾਂ ਨੂੰ ਦਹਿਸ਼ਤ ਵਿਚ ਰੱਖਣ 'ਤੇ ਟਿਕਿਆ ਹੋਇਆ ਏ। ਮੇਰੇ ਮੁਲਕ ਉੱਤੇ, ਬਦਕਿਸਮਤੀ ਨਾਲ, ਹੁਣ ਵੀ ਕਰੂਰ ਪਰੰਪਰਾਵਾਂ ਦਾ ਰਾਜ ਏ, ਜਿਹਨਾਂ ਨੂੰ ਸਰਕਾਰ ਤੇ ਹਕੂਮਤ ਲੋਕਾਂ ਦੇ ਦਿਲਾਂ-ਦਿਮਾਗ਼ਾਂ ਵਿਚੋਂ ਹਟਾਅ ਨਹੀਂ ਸਕੀਆਂ। ਜਦੋਂ ਜੱਜ ਨੂੰ ਸਾਡੇ ਇਸਲਾਮੀ ਲੋਕਤੰਤਰ ਦੇ ਸਰਕਾਰੀ ਕਾਨੂੰਨ, ਕਾਨੂੰਨ ਦੇ ਘੇਰੇ 'ਚ ਰਹਿ ਕੇ ਚੁਣਨੇ ਪੈਂਦੇ ਨੇ—ਜਿਹੜੇ ਆਪਣੇ ਬਸ਼ਿੰਦਿਆਂ ਵਿਚਕਾਰ ਸੱਚੀ ਬਰਾਬਰੀ ਲਈ ਹੌਲੀ-ਹੌਲੀ ਵਧ ਰਹੇ ਨੇ...ਜਿਹੜੇ ਜ਼ਿਨਾ ਦੇ ਖ਼ਿਲਾਫ਼ ਪਾਬੰਦੀਆਂ ਨੂੰ ਹੋਰ ਮਜ਼ਬੂਤ ਕਰਦੇ ਤੇ ਲਾਜ਼ਮੀ ਤੌਰ 'ਤੇ ਔਰਤਾਂ ਨੂੰ ਈ ਸਜ਼ਾ ਦੇ ਕਾਬਿਲ ਦੱਸਦੇ ਨੇ—ਤਾਂ ਇਹ ਜੱਜ ਕਈ ਵਾਰ ਆਪਣੀਆਂ ਨਿੱਜੀ ਧਾਰਨਾਵਾਂ ਤੋਂ ਪ੍ਰਭਾਵਿਤ ਹੋ ਸਕਦਾ ਏ।

ਤਿੰਨ ਮਾਰਚ ਨੂੰ ਆਖ਼ਰੀ ਫ਼ੈਸਲਾ ਸੁਣਾਇਆ ਜਾਂਦਾ ਏ। ਆਤੰਕਵਾਦ ਵਿਰੋਧੀ ਅਦਾਲਤ ਦੇ ਫ਼ੈਸਲੇ ਦੇ ਖ਼ਿਲਾਫ਼, ਤੇ ਸਭ ਨੂੰ ਹੈਰਾਨ ਕਰਦੇ ਹੋਏ, ਲਾਹੌਰ ਹਾਈ ਕੋਰਟ ਪੰਜ ਮੁਲਜ਼ਿਮਾਂ ਨੂੰ ਬਰੀ ਕਰਦੇ ਹੋਏ ਇਹ ਹੁਕਮ ਦੇਂਦੀ ਏ ਕਿ ਉਹਨਾਂ ਨੂੰ ਰਿਹਾਅ ਕਰ ਦਿੱਤਾ ਜਾਏ। ਸਿਰਫ਼ ਇਕ ਮੁਜ਼ਰਿਮ ਜੇਲ੍ਹ ਵਿਚ ਰਹਿੰਦਾ ਏ, ਉਮਰ ਕੈਦ ਦੀ ਸਜ਼ਾ ਮਿਲਣ ਕਾਰਨ। ਇਹ ਇਕ ਤਬਾਹ ਕਰ ਦੇਣ ਵਾਲਾ ਧੱਕਾ ਏ।
ਭੀੜ ਅਦਾਲਤ 'ਚੋਂ ਬਾਹਰ ਆਉਣ ਤੋਂ ਇਨਕਾਰ ਕਰਦੀ ਹੋਈ ਚੀਕਣ-ਕੂਕਣ ਲੱਗਦੀ ਏ। ਬੈਂਚਾਂ 'ਤੇ ਬੈਠੇ ਅਖ਼ਬਾਰਾਂ ਦੇ ਰਿਪੋਰਟਰ ਇਧਰ-ਉਧਰ ਝਾਕਣ ਲੱਗਦੇ ਨੇ। ਜੋ ਹੋਇਆ ਏ, ਉਸ ਬਾਰੇ ਹਰ ਕੋਈ ਗੱਲ ਕਰ ਰਿਹਾ ਏ।
“ਕੌਮ ਦੇ ਲਈ ਇਹ ਬੜਾ ਉਦਾਸੀ ਭਰਿਆ ਦਿਨ ਏਂ...”
“ਸਾਰੀਆਂ ਔਰਤਾਂ ਲਈ ਇਹ ਇਕ ਜ਼ਲਾਲਤ ਏ...”
“ਇਕ ਵਾਰੀ ਫੇਰ ਕਾਨੂੰਨ ਨੂੰ ਪਰ੍ਹੇ ਧਰੀਕ ਦਿੱਤਾ ਗਿਆ ਜੇ...”

ਮੇਰੇ 'ਤੇ ਜਿਵੇਂ ਬਿਜਲੀ ਡਿੱਗੀ ਏ। ਮੈਂ ਰਿਪੋਰਟਰਾਂ ਦੇ ਸਾਹਮਣੇ ਕੰਬ ਰਹੀ ਆਂ। ਕੀ ਕਹਿ ਸਕਦੀ ਆਂ ਮੈਂ? ਕੀ ਕਰ ਸਕਦੀ ਆਂ? ਮੇਰਾ ਵਕੀਲ ਇਸ ਫ਼ੈਸਲੇ 'ਤੇ ਅਪੀਲ ਦਾਇਰ ਕਰੇਗਾ, ਪਰ ਇਸ ਦੌਰਾਨ? 'ਉਹ' ਘਰ ਜਾ ਰਹੇ ਹੋਣਗੇ, ਆਪਣੇ ਖੇਤਾਂ ਵਿਚ, ਮੇਰੇ ਸਕੂਲ ਤੇ ਮੇਰੇ ਘਰ ਤੋਂ ਸੌ ਗਜ਼ ਦੀ ਦੂਰੀ 'ਤੇ। ਮੇਰੇ ਘਰ ਵਾਲਿਆਂ ਨੂੰ ਖ਼ਤਰਾ ਏ ਤੇ ਅੱਜ ਦੇ ਦਿਨ ਤੋਂ ਮੈਨੂੰ ਵੀ ਜਾਨ ਦਾ ਭੈਅ ਐ। ਮੈਂ ਇਨਸਾਫ਼ ਚਾਹੁੰਦੀ ਸੀ, ਮੈਂ ਚਾਹੁੰਦੀ ਸੀ ਉਹਨਾਂ ਨੂੰ ਫਾਂਸੀ 'ਤੇ ਚੜ੍ਹਾ ਦਿੱਤਾ ਜਾਏ—ਮੈਨੂੰ ਇੰਜ ਕਹਿਣ ਵਿਚ ਡਰ ਨਹੀਂ ਲੱਗਦਾ—ਜਾਂ ਘੱਟੋ-ਘੱਟ ਉਹਨਾਂ ਨੂੰ ਬਾਕੀ ਜ਼ਿੰਦਗੀ ਲਈ ਜੇਲ੍ਹ ਵਿਚ ਕੈਦ ਰੱਖਿਆ ਜਾਏ। ਮੈਂ ਸਿਰਫ਼ ਆਪਣੇ ਲਈ ਨਹੀਂ, ਬਲਕਿ ਹਰ ਉਸ ਔਰਤ ਲਈ ਲੜ ਰਹੀ ਸਾਂ, ਜਿਸਦੇ ਨਾਲ ਇਕ ਅਜਿਹੇ ਕਾਨੂੰਨ ਨੇ ਹਿਕਾਰਤ ਦਾ ਵਰਤਾਅ ਜਾਂ ਕਿਨਾਰਾਕਸ਼ੀ ਕੀਤੀ ਏ ਜਿਹੜੀ ਬਲਾਤਕਾਰ ਨੂੰ ਸਾਬਤ ਕਰਨ ਲਈ ਚਾਰ ਚਸ਼ਮਦੀਦ ਗਵਾਹ ਮੰਗਦੀ ਏ! ਜਿਵੇਂ ਬਲਾਤਕਾਰ ਕਰਨ ਵਾਲੇ ਸ਼ਰ੍ਹੇਆਮ ਇਵੇਂ ਕਰਦੇ ਨੇ। ਉਹ ਸਾਰੀ ਸ਼ਹਾਦਤ ਤੇ ਗਵਾਹੀਆਂ ਜੋ ਮੇਰੀ ਤਾਈਦ ਕਰਦੀਆਂ ਨੇ, ਬਾਹਰ ਸੁੱਟ ਦਿੱਤੀਆਂ ਗਈਆਂ ਨੇ, ਜਦਕਿ ਇਕ ਪੂਰੇ ਦਾ ਪੂਰਾ ਪਿੰਡ ਜਾਣਦਾ ਏ ਕਿ ਕੀ ਹੋਇਆ ਸੀ! ਇਹ ਅਦਾਲਤ ਬਚਾਅ ਪੱਖ ਦੀਆਂ ਦਲੀਲਾਂ ਨੂੰ, ਲਫ਼ਜ਼-ਦਰ-ਲਫ਼ਜ਼ ਕਬੂਲ ਕਰਕੇ, ਤੇ ਮੈਨੂੰ ਅਪਰਾਧੀ ਬਣਾ ਕੇ—'ਜਾਂਚ ਵਿਚ ਗੜਬੜ ਘੋਟਾਲਾ ਹੋਇਆ ਏ, ਬਲਾਤਕਾਰ ਸਾਬਤ ਨਹੀਂ ਹੋਇਆ'—ਮਸਤੋਈਆਂ ਨੂੰ ਬਾਇੱਜ਼ਤ ਬਹਾਲ ਕਰਨ ਦੀ ਕੋਸ਼ਿਸ਼ ਕਰ ਰਹੀ ਏ।' ਇਹ ਤਾਂ ਇੰਜ ਹੋਇਆ ਕਿ 'ਮੁਖ਼ਤਾਰ, ਤੈਨੂੰ ਚੁੱਪ ਕਰਾਉਣਾ ਜ਼ਰੂਰੀ ਸੀ, ਤੇ ਤਾਕਤਵਰ ਮਸਤੋਈ ਕਬੀਲੇ ਨੇ ਤੈਨੂੰ ਹਰਾ ਦਿੱਤਾ ਏ।' ਮੇਰੇ ਨਾਲ ਫੇਰ ਬਲਾਤਕਾਰ ਹੋ ਰਿਹਾ ਏ।
ਇਹ ਚੀਜ਼ ਮੈਨੂੰ ਗੁੱਸੇ ਤੇ ਤਕਲੀਫ਼ ਨਾਲ ਰੋਣ 'ਤੇ ਮਜ਼ਬੂਰ ਕਰ ਦੇਂਦੀ ਏ। ਖ਼ੈਰ ਜੀ, ਆਮ ਨਾਰਾਜ਼ਗੀ ਤੇ ਹਾਏ-ਤੌਬਾ, ਤੇ ਪ੍ਰਦਰਸ਼ਨ ਕਰਨ ਵਾਲਿਆਂ ਤੇ ਅਖ਼ਬਾਰ ਨਵੀਸਾਂ ਦੀ ਮੌਜੂਦਗੀ ਦੇਖ ਕੇ, ਜੱਜ ਨੂੰ ਮਜਬੂਰਨ ਕੁਝ ਘੰਟੇ ਬਾਅਦ ਇਕ ਬਿਆਨ ਜਾਰੀ ਕਰਨਾ ਪੈਂਦਾ ਏ...:
“ਮੈਂ ਫ਼ੈਸਲਾ ਸੁਣਾਇਆ ਏ, ਪਰ ਉਸਦੇ ਹੁਕਮ ਦੇ ਅਮਲ ਦਾ ਹੁਕਮ ਨਹੀਂ ਦਿੱਤਾ। ਕੈਦੀ ਅਜੇ ਰਿਹਾਅ ਨਹੀਂ ਕੀਤੇ ਗਏ।”
ਫ਼ੈਸਲੇ ਦਾ ਐਲਾਨ 3 ਮਾਰਚ, ਵੀਰਵਾਰ ਨੂੰ ਹੋਇਆ ਸੀ। ਸ਼ੁਕਰਵਾਰ ਇਬਾਦਤ ਤੇ ਨਮਾਜ਼ ਪੜ੍ਹਨ ਦਾ ਦਿਨ ਏ। ਇਸ ਲਈ ਇਸ ਤੋਂ ਪਹਿਲਾਂ ਕਿ ਜੱਜ ਨੂੰ ਫ਼ੈਸਲਾ ਟਾਈਪ ਕਰਾਉਣ ਤੇ ਉਸਦੀਆਂ ਕਾਪੀਆਂ ਜ਼ਿਲੇਦਾਰ ਤੇ ਪੁਲਸ ਅਫ਼ਸਰਾਂ ਨੂੰ ਭੇਜਣ ਦਾ ਸਮਾਂ ਮਿਲੇ, ਨਸੀਮ ਦੇ ਮੁਤਾਬਿਕ, ਸਾਡੇ ਕੋਲ ਹਾਲੇ ਵੀ ਕੁਝ ਦਿਨ ਨੇ ਜਿਹਨਾਂ ਵਿਚ ਅਸੀਂ ਕਦਮ ਚੁੱਕ ਸਕਦੇ ਆਂ। ਉਸਨੇ ਹਾਰ ਨਹੀਂ ਮੰਨੀ ਏ ਤੇ ਨਾ ਈ ਉਹਨਾਂ ਸਾਰੇ ਸੰਗਠਨਾਂ ਦੇ ਕਾਰਜ-ਕਰਤਾਵਾਂ ਨੇ ਜਿਹੜੇ ਸੁਣਵਾਈ ਦੌਰਾਨ ਮੌਜੂਦ ਰਹੇ।
ਇਕ ਵਾਰੀ ਸਦਮਾ ਲੰਘ ਜਾਂਦਾ ਏ ਤਾਂ ਮੈਂ ਮੈਦਾਨ ਛੱਡਣ ਤੋਂ ਇਨਕਾਰ ਕਰ ਦੇਂਦੀ ਆਂ। ਸਾਡੇ ਇਰਦ-ਗਿਰਦ ਸਭ ਪਾਸੇ ਔਰਤਾਂ ਉਸੇ ਗੁੱਸੇ ਤੇ ਸ਼ਰਮਿੰਦਗੀ ਨਾਲ ਚੀਕ ਰਹੀਆਂ ਨੇ। ਐਨ.ਜੀ.ਓ. ਤੇ ਮਾਨਵ ਅਧਿਕਾਰ ਸੰਗਠਨ ਫ਼ੌਰਨ ਲਾਮਬੰਦੀ ਸ਼ੁਰੂ ਕਰ ਦੇਂਦੇ ਨੇ—ਸੂਬੇ ਵਿਚ ਉਬਾਲ ਆਇਆ ਹੋਇਆ ਏ। 5 ਮਾਰਚ ਨੂੰ ਮੈਂ ਇਕ ਪ੍ਰੈਸ ਕਾਨਫਰੰਸ ਕਰਦੀ ਆਂ, ਇਕ ਥਕਾਅ ਦੇਣ ਵਾਲਾ ਤਜੁਰਬਾ—'ਹਾਂ, ਮੈਂ ਅਪੀਲ ਕਰਾਂਗੀ। ਨਹੀਂ ਮੈਂ ਜਲਾਵਤਨੀ ਵਿਚ ਨਹੀਂ ਜਾਵਾਂਗੀ। ਮੈਂ ਆਪਣੇ ਘਰ ਵਿਚ, ਆਪਣੇ ਪਿੰਡ ਵਿਚ, ਰਹਿਣਾ ਚਾਹੁੰਦੀ ਆਂ। ਇਹ ਮੇਰਾ ਮੁਲਕ ਏ, ਇਹ ਜ਼ਮੀਨ ਮੇਰੀ ਜ਼ਮੀਨ ਏ, ਤੇ ਜੇ ਮੈਨੂੰ ਕਰਨੀ ਪਈ ਤਾਂ ਮੈਂ ਖ਼ੁਦ ਸਦਰ ਮੁਸ਼ੱਰਫ਼ ਨੂੰ ਅਪੀਲ ਕਰਾਂਗੀ।'
ਅਗਲੇ ਦਿਨ ਮੈਂ ਵਾਪਸ ਘਰ ਆ ਜਾਂਦੀ ਆਂ, ਤੇ 7 ਮਾਰਚ ਨੂੰ ਮੈਂ ਇਸ ਨਾ-ਇਨਸਾਫ਼ੀ ਭਰੇ ਫ਼ੈਸਲੇ ਦੇ ਖ਼ਿਲਾਫ਼ ਇਤਰਾਜ਼ ਕਰਨ ਵਾਲੇ ਇਕ ਵੱਡੇ ਪ੍ਰਦਰਸ਼ਨ ਵਿਚ ਹਿੱਸਾ ਲੈਣ ਲਈ ਮੁਲਤਾਨ ਜਾਂਦੀ ਆਂ। ਉੱਥੇ ਤਿੰਨ ਹਜ਼ਾਰ ਔਰਤਾਂ ਨੇ, ਜਿਹਨਾਂ ਦੀ ਹਿਮਾਇਤ ਔਰਤਾਂ ਦੇ ਹੱਕਾਂ ਲਈ ਕੰਮ ਕਰਨ ਵਾਲੀਆਂ ਸੰਸਥਾਵਾਂ ਕਰ ਰਹੀਆਂ ਨੇ। ਮੈਂ ਜਲੂਸ ਵਿਚ ਸ਼ਾਮਲ ਹੁੰਦੀ ਆਂ—ਚਾਰੇ ਪਾਸਿਓਂ ਬੈਨਰਾਂ ਨਾਲ ਘਿਰੀ ਹੋਈ ਜਿਹੜੇ ਮੇਰੇ ਨਾਮ 'ਤੇ ਇਨਸਾਫ਼, ਤੇ ਹੁਦੂਦ ਦੇ ਉਹਨਾਂ ਬਦਨਾਮ ਕਾਨੂੰਨਾਂ ਵਿਚ ਸੁਧਾਰ ਦੀ ਮੰਗ ਕਰ ਰਹੇ ਨੇ। ਜੋਸ਼ ਤੇ ਜਜ਼ਬੇ ਨਾਲ ਭਰੀ ਇਸ ਭੀੜ ਵਿਚ ਮੈਂ ਖ਼ਾਮੋਸ਼ੀ ਨਾਲ ਟੁਰ ਰਹੀ ਆਂ ਤੇ ਇਹ ਜ਼ਿੱਲਤ ਪੈਦਾ ਕਰਨ ਵਾਲੇ ਸ਼ਬਦ ਮੇਰੇ ਦਿਮਾਗ਼ ਵਿਚ ਚੱਕਰ ਲਾਉਂਦੇ ਨੇ—“ਉਹ ਉਹਨਾਂ ਨੂੰ ਰਿਹਾਅ ਕਰਨ ਵਾਲੇ ਨੇ, ਉਹ ਉਹਨਾਂ ਨੂੰ ਰਿਹਾਅ ਕਰਨ ਵਾਲੇ ਨੇ...ਪਰ ਕਦੋਂ?”
ਇਸ ਦੌਰਾਨ, ਜਲੂਸ ਦਾ ਪ੍ਰਬੰਧ ਕਰਨ ਵਾਲੇ ਲੋਕ ਮਾਈਕਰੋਫ਼ੋਨਾਂ ਤੇ ਫ਼ੋਟੋਗ੍ਰਾਫ਼ਰਾਂ ਦੀ ਮੌਜੂਦਗੀ ਦਾ ਫ਼ਾਇਦਾ ਉਠਾਅ ਕੇ ਆਪਣੇ ਵਿਰੋਧ ਨੂੰ ਦੂਰ ਤੀਕ ਫ਼ੈਲਾਉਣ ਦੀ ਕੋਸ਼ਿਸ਼ ਕਰ ਰਹੇ ਨੇ।
“ਸਰਕਾਰ ਹੁਣ ਵੀ ਔਰਤਾਂ ਦੇ ਹੱਕਾਂ ਬਾਰੇ ਖ਼ੁਦ ਆਪਣੀ ਲਫ਼ਜ਼ਬਾਜ਼ੀ ਵਿਚ ਫਸੀ ਹੋਈ ਏ,” ਮਾਨਵ ਅਧਿਕਾਰ ਸੰਗਠਨ ਦੀ ਇਕ ਜੁਝਾਰੂ ਕਾਰਜ-ਕਰਤਾ ਕਹਿੰਦੀ ਏ। “ਡਾ. ਸ਼ਾਜ਼ਿਯਾ ਖ਼ਾਲਿਦ ਨੂੰ ਮੁਲਕ ਛੱਡਣ ਦੇ ਲਈ ਮਜਬੂਰ ਕਰਕੇ, ਤੇ ਮੁਖ਼ਤਾਰ ਮਾਈ ਦੇ ਹਮਲਾਵਰਾਂ ਨੂੰ ਰਿਹਾਅ ਕਰਕੇ ਇਹਨਾਂ ਨੂੰ ਗੁਨਾਹਗਾਰ ਠਹਿਰਾਉਣ ਦਾ ਮਤਲਬ ਏ ਕਿ ਇਨਸਾਫ਼ ਹਾਸਲ ਕਰਨ ਤੋਂ ਪਹਿਲਾਂ ਅਜੇ ਅਸਾਂ ਇਕ ਲੰਮਾ ਰਸਤਾ ਤੈਅ ਕਰਨਾ ਏ।”

ਜਿਹਨਾਂ ਔਰਤਾਂ ਨੇ ਏ.ਜੀ.ਐਚ.ਐਸ. ਬਣਾਇਆ ਸੀ—ਉਹ ਸੰਗਠਨ ਜਿਹੜੇ 1980 ਦੇ ਮਾਨਵ ਅਧਿਕਾਰਾਂ ਤੇ ਪਾਕਿਸਤਾਨ ਵਿਚ ਲੋਕਤੰਤਰ ਦੀ ਤਰੱਕੀ ਦੇ ਲਈ ਸੰਘਰਸ਼ ਕਰਦੇ ਰਹਿੰਦੇ ਨੇ—ਉਹ ਹੁਣ ਸਾਹਮਣੇ ਨੇ, ਤੇ ਮੇਰੇ ਜਿਹੇ ਮੁਸ਼ਕਲ ਮਾਮਲਿਆਂ ਤੋਂ ਵਾਕਿਫ਼ ਨੇ। ਤੇ ਉਹ ਸਰਕਾਰ ਦੇ ਕੀਤੇ-ਕਰਾਏ ਬਾਰੇ ਹੋਰ ਵੀ ਜ਼ਿਆਦਾ ਤਲਖ਼ ਨੇ। ਸੰਸਥਾਪਕਾਂ ਵਿਚੋਂ ਇਕ, ਹਿਨਾ ਜਿਲਾਨੀ, ਲਾਹੌਰ ਤੇ ਇਸਲਾਮਾਬਾਦ, ਦੋਵੇਂ ਥਾਂਵੀਂ ਹਾਈ ਕੋਰਟ ਵਿਚ ਮੁਕੱਦਮੇ ਤੇ ਮੁਕੱਦਮਾਂ ਕਰਦੀ ਏ।
“ਜੇ ਔਰਤਾਂ ਦੀ ਹਾਲਤ ਥੋੜ੍ਹੀ ਸੁਧਰ ਰਹੀ ਏ, ਤਾਂ ਉਸਦਾ ਹਕੂਮਤ ਤੋਂ ਕੁਝ ਲੈਣਾ-ਦੇਣਾ ਨਹੀਂ ਏ। ਕਿਸੇ ਵੀ ਤਰੱਕੀ ਦਾ ਇਕ ਵੱਡਾ ਹਿੱਸਾ ਅਵਾਮ (ਲੋਕਾਂ) ਤੇ ਔਰਤਾਂ ਦੇ ਹੱਕਾਂ ਦੀ ਤਾਈਦ ਕਰਨ ਵਾਲੀਆਂ ਤੰਜ਼ੀਮਾਂ ਦੀ ਦੇਣ ਨੇ। ਅਜਿਹੇ ਲੋਕਾਂ ਨੇ ਅਕਸਰ ਆਪਣੀ ਮੰਜ਼ਿਲ ਨੂੰ ਹਾਸਲ ਕਰਨ ਲਈ ਆਪਣੀਆਂ ਜਾਨਾਂ ਵੀ ਜੋਖ਼ਮ 'ਚ ਪਾਈਆਂ ਨੇ। ਵਰ੍ਹਿਆਂ ਤੋਂ ਅਸੀਂ ਗੰਭੀਰ ਧਮਕੀਆਂ ਤੇ ਲਗਾਤਾਰ ਦਬਾਅ ਦਾ ਨਿਸ਼ਾਨਾ ਬਣੇ ਰਹੇ ਆਂ। ਖਾਸ ਤੌਰ 'ਤੇ ਇਹ ਹਕੂਮਤ ਦੁਨੀਆਂ ਦੇ ਲੋਕਾਂ ਦੇ ਸਾਹਵੇਂ ਮੁਲਕ ਦੀ ਇਕ ਤਰੱਕੀ-ਪਸੰਦ ਤੇ ਆਜ਼ਾਦ ਖ਼ਿਆਲ ਤਸਵੀਰ ਪੇਸ਼ ਕਰਨ ਲਈ ਔਰਤਾਂ ਦੇ ਹੱਕਾਂ ਦੇ ਅਸੂਲ ਨੂੰ ਇਸਤੇਮਾਲ ਕਰਦੀ ਏ। ਸਭ ਢਕੋਸਲਾ ਏ। ਡਾ. ਸ਼ਾਜ਼ਿਯਾ ਖ਼ਾਲਿਦ ਦਾ ਬਲਾਤਕਾਰ ਤੇ ਮੁਖ਼ਤਾਰ ਮਾਈ ਦੇ ਮੁਕੱਦਮੇ ਦਾ ਫ਼ੈਸਲਾ ਔਰਤਾਂ ਦੇ ਖ਼ਿਲਾਫ਼ ਹੋਣ ਵਾਲੇ ਜੁਲਮਾਂ ਨੂੰ ਖ਼ਤਮ ਕਰਨ ਵਿਚ ਇਸ ਸਰਕਾਰ ਦੀ ਬੇਦਿਲੀ ਨੂੰ ਉਜਾਗਰ ਕਰਦਾ ਏ। ਰਾਸ਼ਟਰਪਤੀ ਮੁਲਜ਼ਿਮਾਂ ਨੂੰ ਬਚਾਉਂਦੇ ਨੇ ਤੇ ਜੁਰਮ ਦੀ ਜਾਂਚ-ਪੜਤਾਲ 'ਤੇ ਅਸਰ ਪਾਉਂਦੇ ਨੇ। ਹਕੂਮਤ ਆਪਣਾ ਵਿਸ਼ਵਾਸ ਗੰਵਾਅ ਚੁੱਕੀ ਏ।”
“ਔਰਤਾਂ ਦੀ ਹਾਲਤ 'ਚ ਭਾਰੀ ਨਿਘਾਰ ਆਇਆ ਏ, ਤੇ ਇਹ ਲਗਾਤਾਰ ਵਿਗੜਦੀ ਜਾ ਰਹੀ ਏ,” ਔਰਤਾਂ ਲਈ ਸਿੱਖਿਆ ਤੇ ਕਾਨੂੰਨੀ ਮਦਦ ਦਾ ਕੰਮ ਕਰਨ ਵਾਲੀ 'ਔਰਤ ਫ਼ਾਊਂਡੇਸ਼ਨ' ਦੀ ਨਿਦੇਸ਼ਕ ਜ਼ੋਰ ਦੇ ਕੇ ਕਹਿੰਦੀ ਏ, “ਅਸੀਂ ਇਕ ਲੰਮਾ ਰਸਤਾ ਤੈਅ ਕਰਨਾ ਏ, ਭਲ਼ੇ ਈ ਇਨਸਾਨੀ ਹੱਕਾਂ ਦੇ ਅੰਦੋਲਨਾਂ ਨੇ ਪਿਛਲੀ ਚੌਥਾਈ ਸਦੀ ਦੇ ਦੌਰਾਨ ਤਰੱਕੀ ਕੀਤੀ ਏ। ਸਰਕਾਰ ਸਾਨੂੰ ਦੱਸਦੀ ਏ ਕਿ ਔਰਤਾਂ ਸੰਸਦ ਦਾ 33% ਹਿੱਸਾ ਨੇ, ਪਰ ਇਹ ਪੂਰੀ ਤਰ੍ਹਾਂ ਜਨਤਾ ਵੱਲੋਂ ਪਾਏ ਜਾ ਰਹੇ ਦਬਾਅ ਦੇ ਕਾਰਨ ਈ ਏ। ਮੁਖ਼ਤਾਰ ਮਾਈ ਦਾ ਫ਼ੈਸਲਾ ਇਸ ਗੱਲ ਦੀ ਪੱਕੀ ਨਿਸ਼ਾਨੀ ਏਂ ਕਿ ਔਰਤਾਂ ਦੇ ਖ਼ਿਲਾਫ਼ ਜੁਲਮ ਨੂੰ ਰੋਕਣ ਲਈ ਕੁਝ ਵੀ ਨਹੀਂ ਕੀਤਾ ਗਿਆ ਏ, ਤੇ ਡਾ. ਸ਼ਾਜ਼ਿਯਾ ਖ਼ਾਲਿਦ ਦਾ ਬਲਾਤਕਾਰ ਇਨਸਾਨੀ ਹੱਕਾਂ ਦੇ ਖ਼ਿਲਾਫ਼ ਇਕ ਜੁਰਮ ਏ, ਉਸ ਬਦਨਾਮੀ ਦਾ ਇਕ ਹੋਰ ਨਮੂਨਾ ਜਿਹੜਾ ਦੁਨੀਆਂ ਦੀਆਂ ਨਜ਼ਰਾਂ ਵਿਚ ਸਾਡੇ ਮੁਲਕ ਨੇ ਖ਼ੁਦ ਆਪਣੇ ਉਪਰ ਲੈ ਲਈ ਏ। ਮੁਖ਼ਤਾਰ ਮਾਈ ਦਾ ਮਾਮਲਾ ਆਉਣ ਵਾਲੇ ਸਮੇਂ ਵਿਚ ਬਲਾਤਕਾਰ ਕਰਨ ਵਾਲਿਆਂ ਨੂੰ ਉਕਸਾਵਾ ਈ ਦੇ ਸਕਦਾ ਏ। ਪਿੱਛੇ ਜਿਹੇ, ਇਸ ਮੁਲਕ ਵਿਚ ਇੱਜ਼ਤ ਦੇ ਨਾਂ 'ਤੇ ਕੀਤੇ ਗਏ ਜੁਰਮਾਂ ਦੇ ਖ਼ਿਲਾਫ਼ ਇਕ ਕਾਨੂੰਨ ਬਣਾਉਣ ਦੇ ਸੁਝਾਅ ਦਾ ਮਤਲਬ ਏ ਕਿ ਇਸ ਤੋਂ ਪਹਿਲਾਂ ਕਿ ਅਸੀਂ ਸਮਾਜੀ ਇਨਸਾਫ਼ ਹਾਸਲ ਕਰਨ ਦੀ ਉਮੀਦ ਕਰ ਸਕੀਏ, ਸਾਨੂੰ ਇਕ ਲੰਮਾ ਪੰਧ ਤੈਅ ਕਰਨਾ ਪਏਗਾ—ਜਿਸ ਉੱਤੇ ਅਸੀਂ ਅੱਜ ਟੁਰ ਰਹੇ ਆਂ।”

ਪਾਕਿਸਤਾਨ ਦੇ ਮਾਨਵ ਅਧਿਕਾਰ ਆਯੋਗ ਦੀ ਕਾਮਿਲਾ ਹਯਾਤ ਵੀ ਪੱਤਰਕਾਰਾਂ ਨੂੰ ਸੰਬੋਧਨ ਕਰਦੀ ਏ...:
“ਇਸ ਦੇ ਬਾਵਜੂਦ ਕਿ ਜ਼ੋਰ-ਜ਼ੁਲਮ ਘੱਟ ਨਹੀਂ ਹੋਇਆ ਏ, ਔਰਤਾਂ ਹੁਣ ਇਹ ਜਾਣਨ ਦੀ ਕੋਸ਼ਿਸ਼ ਕਰ ਰਹੀਆਂ ਨੇ ਕਿ ਘਰੇਲੂ ਹਿੰਸਾ ਦੇ ਹਾਲਾਤ ਵਿਚ ਉਹਨਾਂ ਦੇ ਹੱਕ ਕੀ ਨੇ? ਜਿਹੜੀ ਹਿੰਸਾ, ਗ਼ਰੀਬੀ ਤੇ ਤਾਲੀਮ ਦੀ ਕਮੀ, ਤੇ ਦੂਸਰੇ ਬਹੁਤ ਸਾਰੇ ਨਾਕਾਰਾਤਮਕ ਸਮਾਜਿਕ ਕਾਰਨਾਂ ਕਰਕੇ ਵਧ ਰਹੀ ਏ, ਮਿਸਾਲ ਦੇ ਲਈ ਕਬਾਇਲੀ ਫ਼ੈਸਲੇ ਤੇ ਕਈ ਵਰ੍ਹਿਆਂ ਤੋਂ ਲਾਗੂ ਨਾਰੀਵਾਦ ਵਿਰੋਧੀ ਕਾਨੂੰਨ। ਇਹਨਾਂ ਦੋ ਜੁਝਾਰੂ ਨਾਇਕਾਵਾਂ ਨੇ ਸਾਨੂੰ ਦਿਖਾ ਦਿੱਤਾ ਏ ਕਿ ਹਰ ਔਰਤ ਨੂੰ, ਭਾਵੇਂ ਉਹ ਪੜ੍ਹੀ-ਲਿਖੀ ਹੋਏ ਜਾਂ ਬੇ-ਪੜ੍ਹੀ-ਲਿਖੀ, ਇਨਸਾਫ਼ ਹਾਸਲ ਕਰਨ ਲਈ ਤਕੜੀ ਲੜਾਈ ਲੜਣੀ ਪਏਗੀ।”

ਅਖ਼ਬਾਰ, ਰੇਡੀਓ ਤੇ ਟੈਲੀਵਿਜ਼ਨ—ਸਾਰੇ ਦੇ ਸਾਰੇ ਇਸ ਫ਼ੈਸਲੇ ਉੱਤੇ ਬਿਨਾਂ ਰੁਕੇ ਬਹਿਸ-ਮੁਬਾਹਸਾ ਕਰਨ ਵਿਚ ਜੁਟੇ ਹੋਏ ਨੇ। ਕੁਝ ਜਾਣਕਾਰ ਖ਼ੁਦ ਈ ਸਵਾਲ ਕਰ ਰਹੇ ਨੇ, ਇਸ ਵਿਚ ਕਿਸ ਨੇ ਦਖ਼ਲ-ਅੰਦਾਜ਼ੀ ਕੀਤੀ? ਕੋਈ ਜੱਜ ਪਹਿਲਾਂ ਸੋਚ ਕੇ ਕੀਤੇ ਗਏ ਸਮੂਹਿਕ ਬਲਾਤਕਾਰ ਦੇ ਲਈ ਮੁਜਰਿਮ ਠਹਿਰਾਏ ਜਾਣ ਦੇ ਉਸ ਫ਼ੈਸਲੇ ਨੂੰ, ਜਿਸਨੂੰ ਇਕ ਆਤੰਕਵਾਦ ਵਿਰੋਧੀ ਅਦਾਲਤ ਨੇ ਦਿੱਤਾ ਏ, ਪੂਰੀ ਤਰ੍ਹਾਂ ਕਿੰਜ ਉਲਟ ਸਕਦਾ ਏ? ਕਿਸ ਬੁਨਿਆਦ 'ਤੇ? ਮੇਰੇ ਕੋਲ ਇਸਦਾ ਜਵਾਬ ਨਹੀਂ ਏ। ਇਹ ਮੇਰੇ ਵਕੀਲ ਦੇ ਗ਼ੌਰ ਕਰਨ ਵਾਲੀ ਗੱਲ ਏ।
ਉਸੇ ਸ਼ਾਮ, ਮੈਂ ਆਪਣੇ ਪਿੰਡ ਵਾਪਸ ਆਉਂਦੀ ਆਂ, ਕਿਉਂਕਿ ਸਾਨੂੰ ਪਤਾ ਲੱਗਿਆ ਏ ਕਿ ਪਾਕਿਸਤਾਨ ਵਿਚ ਕੈਨੇਡਾ ਦੀ ਹਾਈ ਕਮਿਸ਼ਨਰ, ਮਿਸਿਜ਼ ਮਾਰਗਰੇਟ ਹਯੂਬਰ ਅਗਲੇ ਦਿਨ ਮੈਨੂੰ ਮਿਲਣ ਲਈ ਸਕੂਲ ਵਿਚ ਆ ਰਹੀ ਏ। ਕੈਨੇਡਾ ਦਾ ਦੂਤਾਵਾਸ, ਸਾਰੇ ਗ਼ੈਰ-ਮੁਲਕੀ ਦੂਤਾਵਾਸਾਂ ਵਾਂਗ, ਜੋ ਹੋਇਆ ਏ ਉਸ ਤੋਂ ਜਾਣੂ ਏ। ਮਿਸਿਜ਼ ਹਯੂਬਰ ਦੁਪਹਿਰ ਹੋਣ ਤੀਕ ਆਏਗੀ, ਤੇ ਮੈਨੂੰ ਉਹਨਾਂ ਦਾ ਬਣਦਾ ਸੁਆਗਤ-ਸਤਿਕਾਰ ਕਰਨ ਦੀ ਚਿੰਤਾ ਏ। ਆਪਣੇ ਸਫ਼ਰ ਦੌਰਾਨ ਆਪਣੇ ਨਾਲ ਆ ਰਹੇ ਪੱਤਰਕਾਰਾਂ ਸਾਹਮਣੇ ਉਹ ਇਕ ਐਲਾਨ ਕਰਦੀ ਏ...:
“ਅੰਤਰ-ਰਾਸ਼ਟਰੀ ਵਿਕਾਸ ਕਾਰਜਾਂ ਸੰਬੰਧੀ ਕੈਨੇਡਾ ਦੀ ਸਕੂਲ ਵਿਸਥਾਰ ਸੰਸਥਾ, ਕੈਨੇਡੀਅਨ ਸੰਸਥਾਨ, ਸਕੂਲ ਦੇ ਵਿਸਥਾਰ ਲਈ ਫੰਡ ਦਏਗਾ ਤਾਕਿ ਪਹਿਲੋਂ ਦਾਖ਼ਲ ਕੀਤੇ ਗਏ ਵਿਦਿਆਰਥੀਆਂ ਦੇ ਨਾਲ-ਨਾਲ ਉਹਨਾਂ ਵਿਦਿਆਰਥੀਆਂ ਨੂੰ ਵੀ ਜਗ੍ਹਾ ਦਿੱਤੀ ਜਾ ਸਕੇ ਜਿਹੜੇ ਇਸ ਸਮੇਂ ਉਡੀਕ ਸੂਚੀ ਵਿਚ ਨੇ। ਮੇਰਾ ਦੇਸ਼ ਇਹ ਤੋਹਫ਼ਾ ਮੁਖ਼ਤਾਰ ਮਾਈ ਦੇ ਭਾਰੀ ਯੋਗਦਾਨ ਦੇ ਸਨਮਾਣ ਵਿਚ ਦੇ ਰਿਹਾ ਏ, ਜੋ ਪਾਕਿਸਤਾਨ ਤੇ ਪੂਰੀ ਦੁਨੀਆਂ ਵਿਚ ਔਰਤਾਂ ਦੇ ਅਧਿਕਾਰਾਂ ਤੇ ਔਰਤ-ਮਰਦ ਵਿਚਕਾਰ ਬਰਾਬਰੀ ਦੇ ਸੰਘਰਸ਼ ਦੀ ਇਕ ਯੋਧਾ ਏ। ਔਰਤਾਂ ਉਪਰ ਹਿੰਸਾ ਅੱਜ ਵੀ ਅੰਤਰ-ਰਾਸ਼ਟਰੀ ਪੱਧਰ 'ਤੇ ਸਾਡੇ ਲਈ ਇਕ ਮਹਾਮਾਰੀ ਬਣੀ ਹੋਈ ਏ। ਮੁਖ਼ਤਾਰ ਮਾਈ ਦੇ ਨਾਲ ਜੋ ਕੀਤਾ ਗਿਆ, ਉਸਨੇ ਜ਼ਿਆਦਾਤਰ ਦੂਜੀਆਂ ਔਰਤਾਂ ਨੂੰ ਤੋੜ ਦਿੱਤਾ ਹੁੰਦਾ। ਇਕ ਕਬਾਇਲੀ ਪੰਚਾਇਤ ਦੇ ਹੁਕਮ 'ਤੇ ਸਮੂਹਕ ਬਲਾਤਕਾਰ ਦੀ ਸ਼ਿਕਾਰ ਮੁਖ਼ਤਾਰ ਮਾਈ ਨੇ ਚੁੱਪ ਰਹਿਣਾ ਕਬੂਲ ਨਹੀਂ ਕੀਤਾ ਤੇ ਮੁਆਵਜ਼ੇ ਵਿਚ ਉਸਨੂੰ ਜੋ ਪੈਸੇ ਮਿਲੇ, ਉਹਨਾਂ ਨਾਲ ਉਸਨੇ ਆਪਣੇ ਪਿੰਡ ਲਈ ਇਕ ਸਕੂਲ ਬਣਵਾਇਆ। ਉਸਨੇ ਬਿਨਾਂ ਥੱਕੇ ਇਹ ਸੁਨਿਸ਼ਚਿਤ ਕਰਨ ਦਾ ਕੰਮ ਕੀਤਾ ਕਿ ਉਸਦੇ ਪਿੰਡ ਦੀਆਂ ਕੁੜੀਆਂ ਨੂੰ ਉਸਦੀ ਕਿਸਮਤ ਨਾ ਭੋਗਣੀ ਪਏ। ਇਹ ਔਰਤ ਅੰਤਰ-ਰਾਸ਼ਟਰੀ ਮਹਿਲਾ ਦਿਵਸ ਦੀ ਸੱਚੀ ਆਤਮਾ ਦਾ ਸਾਕਾਰ ਰੂਪ ਏ!”

ਮਿਸਿਜ਼ ਹਯੂਬਰ ਸਾਡੇ ਨਾਲ ਚਾਰ ਘੰਟੇ ਬਿਤਾਉਂਦੀ ਏ। ਉਹਨਾਂ ਦੀ ਮੌਜੂਦਗੀ ਇਕ ਸਹਾਰਾ ਏ, ਪਰ ਇਸ ਦੇ ਬਾਵਜੂਦ ਉਹ ਮੇਰੇ ਲਈ ਥਕਾਅ ਕੇ ਚੂਰ-ਚੂਰ ਕਰ ਦੇਣ ਵਾਲਾ ਦਿਨ ਏ, ਜਿਸਨੂੰ ਮੈਂ ਟੈਲੀਵਿਜ਼ਨ ਦੇ ਇਰਦ-ਗਿਰਦ ਮੰਡਲਾਉਂਦੀ ਬਿਤਾਉਂਦੀ ਆਂ—ਆਪਣੇ ਵਕੀਲ ਦੀ ਖ਼ਬਰ ਦਾ ਇੰਤਜ਼ਾਰ ਕਰਦੀ ਹੋਈ, ਜਿਹੜਾ ਫ਼ੈਸਲੇ ਦੀ ਨਕਲ ਹਾਸਲ ਕਰਨ ਦੀ ਕੋਸ਼ਿਸ਼ ਕਰ ਰਿਹਾ ਏ।
ਆਖ਼ਰਕਾਰ ਉਸਨੂੰ ਪਤਾ ਲੱਗਦਾ ਏ ਕਿ ਮੁਜਰਿਮ 14 ਮਾਰਚ ਨੂੰ ਜੇਲ੍ਹ ਵਿਚੋਂ ਛੁੱਟਣਗੇ—ਉਸੂਲਨ, ਕਿਉਂਕਿ ਮੀਡੀਆ ਤੇ ਐਨ.ਜੀ.ਓ. ਦੇ ਜੋਸ਼ੀਲੇ ਕਾਰਜ-ਕਰਤਾਵਾਂ ਨੇ ਜੇਲ੍ਹ ਦੇ ਸਾਹਮਣੇ ਕਤਾਰਬੰਦੀ ਕਰ ਲਈ ਏ। ਨਾਰਾਜ਼ ਰਿਪੋਰਟਰਾਂ ਤੇ ਪ੍ਰਦਰਸ਼ਨਕਾਰੀਆਂ ਦੀ ਇਸ ਭੀੜ ਅੱਗੇ ਪੁਲਸ ਆਪਣੇ ਸਪੁਰਦ ਕੀਤੇ ਗਏ ਲੋਕਾਂ ਦੀ ਸੁਰੱਖਿਆ ਦੀ ਗਰੰਟੀ ਨਹੀਂ ਕਰ ਸਕਦੀ।
ਇਸ ਤੈਅ-ਸ਼ੁਦਾ ਰਿਹਾਈ ਵਿਚ ਅਜਿਹਾ ਫ਼ਸਾਦ ਖੜ੍ਹਾ ਕਰਨ ਦਾ ਜੋਖ਼ਮ ਏ ਜਿਸਦੀ ਸਰਕਾਰ ਨੂੰ ਦਰਅਸਲ ਉਮੀਦ ਨਹੀਂ ਏ। ਪਰ ਕਿਉਂਕਿ ਮੇਰੇ ਉੱਤੇ ਪਹਿਲਾਂ ਈ ਮੀਡੀਏ ਤੇ ਐਨ.ਜੀ.ਓ. ਤੋਂ ਮਦਦ ਸਵੀਕਾਰ ਕਰਨ ਦਾ ਇਲਾਜ਼ਾਮ ਏ, ਇਸ ਲਈ ਮੈਂ ਇਸ ਤੋਂ ਬਾਹਰ ਨਹੀਂ ਰਹਿਣ ਵਾਲੀ। ਕਤਈ ਨਹੀਂ। ਸੱਚ ਤਾਂ ਇਹ ਐ ਕਿ ਮੇਰੀ ਲੜਾਈ ਓਹੋ-ਜਿਹੀ ਈ ਏ ਜਿਹੋ-ਜਿਹੀ ਉਹ ਲੋਕ ਵਰ੍ਹਿਆਂ ਤੋਂ ਲੜ ਰਹੇ ਨੇ, ਤੇ ਕੋਈ ਮੈਨੂੰ ਚੁੱਪ ਰਹਿਣ 'ਤੇ ਮਜਬੂਰ ਨਹੀਂ ਕਰ ਸਕਦਾ। ਜੇ ਮੈਂ ਘਰ ਬੈਠਦੀ ਤੇ ਆਪਣੀ ਹਿੰਮਤ ਦਾ ਸਿਆਪਾ ਕਰਦੀ ਤਾਂ ਮੈਂ ਖ਼ੁਦ ਆਪਣੇ ਨਾਲ ਨਾ ਰਹਿ ਸਕਦੀ। ਮੇਰੀ ਜ਼ਿੰਮੇਵਾਰੀ ਏ—ਆਪਣੇ ਘਰ ਵਾਲਿਆਂ ਦੀ, ਆਪਣੀ ਜਾਨ ਦੀ, ਤੇ ਆਪਣੇ ਸਕੂਲ ਦੀ ਹਿਫ਼ਾਜ਼ਤ ਦੀ, ਜਿਸ ਵਿਚ ਹੁਣ ਦੋ ਸੌ ਤੋਂ ਵੱਧ ਬੱਚੇ ਪੜ੍ਹਦੇ ਨੇ।
ਖ਼ੁਦਾ ਜਾਣਦਾ ਏ ਕਿ ਮੈਂ ਹਮੇਸ਼ਾ ਸੱਚ ਬੋਲਿਆ ਏ। ਤੇ ਮੇਰੀ ਹਿੰਮਤ ਵੀ ਇਨ-ਬਿਨ ਉਹੀ ਏ, ਸੱਚਾਈ, ਤੇ ਮੈਂ ਚਾਹੁੰਦੀ ਆਂ ਕਿ ਸੱਚਾਈ ਆਖ਼ਰਕਾਰ ਉਸ ਭਿਅੰਕਰ ਖੱਡੇ ਵਿਚੋਂ ਬਾਹਰ ਨਿਕਲ ਆਏ ਜਿੱਥੇ ਉਹ ਆਦਮੀ ਆਪਣੇ ਦੋ-ਮੂੰਹੇਂ-ਪਨ ਨਾਲ ਛਿਪੇ ਬੈਠੇ ਰਹਿੰਦੇ ਨੇ। ਇਸ ਲਈ ਮੈਂ ਤੇ ਨਸੀਮ ਇਕ ਹਫ਼ਤੇ ਦੇ ਸਫ਼ਰ 'ਤੇ ਨਿਕਲਦੇ ਆਂ, ਜਿਹੜਾ ਸਾਨੂੰ ਥਕਾਵਟ ਨਾਲ ਚੂਰ-ਚੂਰ ਕਰ ਦੇਂਦਾ ਏ।
9 ਮਾਰਚ ਨੂੰ ਅਗਲੇ ਦਿਨ ਅਸੀਂ ਜ਼ਿਲੇ ਦੇ ਵੱਡੇ ਸ਼ਹਿਰ ਮੁਜ਼ੱਫ਼ਰਗੜ੍ਹ ਦੇ ਲਈ ਚੱਲਣ ਦੀ ਤਿਆਰੀ ਕਰਦੇ ਆਂ, ਜਿੱਥੇ ਔਰਤਾਂ ਦੇ ਖ਼ਿਲਾਫ਼ ਹਿੰਸਾ ਦਾ ਵਿਰੋਧ ਕਰਨ ਦੇ ਲਈ ਇਕ ਹੋਰ ਪ੍ਰਦਰਸ਼ਨ ਹੋਏਗਾ। ਤਕਰੀਬਨ 1500 ਲੋਕ ਉੱਥੇ ਪਹੁੰਚਦੇ ਨੇ। ਪਾਕਿਸਤਾਨ ਵਿਚ ਮਾਨਵ ਅਧਿਕਾਰ ਸੁਰੱਖਿਆ ਸੰਗਠਨ ਦੇ ਪ੍ਰਧਾਨ ਅਖ਼ਬਾਰ ਵਾਲਿਆਂ ਨੂੰ ਸੰਬੋਧਨ ਕਰਨ ਲਈ ਖ਼ੁਦ ਹਾਜ਼ਰ ਹੁੰਦੇ ਨੇ। ਵੱਡੇ-ਵੱਡੇ ਪੋਸਟਰਾਂ 'ਤੇ ਨਾਅਰਾ ਲਿਖਿਆ ਏ—'ਹਿੰਮਤ ਰੱਖ ਮੁਖ਼ਤਾਰ ਮਾਈ, ਅਸੀਂ ਤੇਰੇ ਨਾਲ ਹਾਂ।'
ਅਸੀਂ ਜਿੱਥੇ ਵੀ ਜਾਂਦੇ ਆਂ, ਪੁਲਸ ਸਾਡੇ ਨਾਲ ਜਾਂਦੀ ਏ। ਕਦੀ-ਕਦੀ ਮੈਂ ਸੋਚਦੀ ਆਂ ਕਿ ਕੀ ਉਹ ਮੇਰੀ ਹਿਫ਼ਾਜ਼ਤ ਕਰ ਰਹੇ ਨੇ ਜਾਂ ਮੇਰੇ ਉੱਤੇ ਨਜ਼ਰ ਰੱਖ ਰਹੇ ਨੇ? ਮੈਂ ਆਰਾਮ ਨਹੀਂ ਕਰ ਸਕੀ, ਥੱਕ ਕੇ ਡਿੱਗੂੰ-ਡਿੱਗੂੰ ਕਰ ਰਹੀ ਆਂ ਤੇ ਤਿੰਨ ਮਾਰਚ ਤੋਂ ਈ ਇਕ ਅਜੀਬ ਜਿਹੇ ਬੁਖ਼ਾਰ ਨਾਲ ਕੰਬ ਰਹੀ ਆਂ, ਉਸੇ ਦਿਨ ਤੋਂ, ਜਦੋਂ ਉਹ ਧੱਕਾ ਲੱਗਿਆ ਸੀ। ਪਿੱਛੇ ਮੇਰੇ ਪਿੰਡ ਵਿਚ ਕੁਝ ਪ੍ਰਦਰਸ਼ਨਕਾਰੀਆਂ ਨੇ ਮੇਰੇ ਘਰ ਦੇ ਸਾਹਵੇਂ ਡੇਰਾ ਲਾ ਦਿੱਤਾ ਏ—ਰਸਤੇ ਵਿਚ ਭੀੜ ਏ, ਤੇ ਵਿਹੜੇ ਵਿਚ ਵੀ। ਇਹਨਾਂ ਲੋਕਾਂ ਨੂੰ ਇਕੱਠਾ ਕਰਨ ਲਈ ਜਿਹੜੇ ਲੋਕ ਜ਼ਿੰਮੇਵਾਰ ਨੇ, ਉਹ ਮੈਨੂੰ ਖ਼ਬਰ ਦੇਂਦੇ ਨੇ ਕਿ ਇਕ ਹੋਰ ਪ੍ਰਦਰਸ਼ਨ, ਇਸ ਵਾਰੀ ਹੁਦੂਦ ਦੇ ਕਾਨੂੰਨਾਂ ਦੇ ਖ਼ਿਲਾਫ਼, 16 ਮਾਰਚ ਨੂੰ ਮੁਜ਼ੱਫ਼ਰਗੜ੍ਹ ਵਿਚ ਹੋਏਗਾ। ਮੈਨੂੰ ਕੁਝ ਪਤਾ ਨਹੀਂ ਕਿ ਉਸ ਤਾਰੀਖ਼ ਨੂੰ ਮੈਂ ਕਿੱਥੇ ਹੋਵਾਂਗੀ? ਮਸਤੋਈ ਤਾਂ ਫੇਰ ਘਰੇ ਹੋਣਗੇ—ਆਜ਼ਾਦ, ਪਰ ਮੈਂ ਨਹੀਂ।
ਤੇ ਫੇਰ ਇਕ ਵਾਰੀ ਮੁਲਤਾਨ ਵੱਲ, ਆਪਣੇ ਵਕੀਲ ਦੇ ਦਫ਼ਤਰ, ਅਦਾਲਤ ਦੇ ਫ਼ੈਸਲੇ ਦੀ ਨਕਲ ਲੈਣ ਲਈ ਜਿਹੜੀ ਉਸਨੇ ਹੁਣੇ-ਹੁਣੇ ਹਾਸਲ ਕੀਤੀ ਏ। ਸੜਕ 'ਤੇ ਹੋਰ ਤਿੰਨ ਘੰਟਿਆਂ ਦਾ ਸਫ਼ਰ। ਮੈਂ ਏਨੀ ਨਿਢਾਲ ਮਹਿਸੂਸ ਕਰ ਰਹੀ ਆਂ...ਮੇਰਾ ਸਿਰ ਪੱਥਰ ਵਾਂਗ ਹੋ ਗਿਆ ਏ, ਮੇਰੀਆਂ ਲੱਤਾਂ ਲੜਖੜਾ ਰਹੀਆਂ ਨੇ, ਮੇਰਾ ਸਾਰਾ ਜੁੱਸਾ ਇਸ ਲੜਾਈ ਨੂੰ ਲੜਦੇ ਲੜਦੇ ਥੱਕ ਗਿਆ ਏ ਜਿਹੜੀ ਅਜੇ ਖ਼ਤਮ ਨਹੀਂ ਹੁੰਦੀ ਦਿੱਸਦੀ। ਨਸੀਮ ਨੂੰ ਡਰਾਈਵਰ ਨੂੰ ਰੁਕਣ ਲਈ ਕਹਿਣਾ ਪਿਆ ਏ ਤਾਕਿ ਉਹ ਮੈਨੂੰ ਵਕਤੀ ਰਾਹਤ ਦੇਣ ਲਈ ਕੋਈ ਦਵਾਈ ਲਿਆ ਸਕੇ।
ਮੈਂ ਅਜੇ ਮੁਸ਼ਕਿਲ ਨਾਲ ਆਪਣੇ ਵਕੀਲ ਦੇ ਕਮਰੇ ਵਿਚ ਪੈਰ ਰੱਖਿਆ ਏ ਕਿ ਮੇਰਾ ਸੇਲਫ਼ੋਨ ਜਿਹੜਾ ਮੈਂ ਪਿੱਛੇ ਜਿਹੇ ਈ ਹਿਫ਼ਾਜ਼ਤ ਦੇ ਮਕਸਦ ਨਾਲ ਲਿਆ ਏ, ਵੱਜਣ ਲੱਗਦਾ ਏ। ਮੇਰਾ ਭਰਾ ਸ਼ਕੂਰ ਏ, ਬੌਂਦਲਿਆਂ ਵਾਂਗ ਚੀਕਦਾ ਹੋਇਆ...:
“ਘਰ ਵਾਪਸ ਆ ਜਾ, ਛੇਤੀ! ਪੁਲਸ ਨੇ ਸਾਨੂੰ ਕਿਹਾ ਏ ਕਿ ਅਸੀਂ ਬਾਹਰ ਨਾ ਨਿਕਲੀਏ! ਮਸਤੋਈ ਜੇਲ੍ਹ 'ਚੋਂ ਘੰਟਾ ਭਰ ਪਹਿਲਾਂ ਬਾਹਰ ਆ ਗਏ ਨੇ। ਉਹ ਛੇਤੀ ਈ ਇੱਥੇ ਪਹੁੰਚ ਜਾਣਗੇ ਤੇ ਇੱਥੇ ਹਰ ਜਗ੍ਹਾ ਪੁਲਸ ਏ। ਤੂੰ ਜਲਦ ਤੋਂ ਜਲਦ ਇੱਥੇ ਵਾਪਸ ਆ-ਜਾ, ਮੁਖ਼ਤਾਰ!”
ਇਸ ਵਾਰੀ ਲੱਗਦਾ ਏ ਕਿ ਮੈਂ ਬਾਜ਼ੀ ਹਾਰ ਗਈ ਆਂ। ਮੈਨੂੰ ਉਮੀਦ ਸੀ ਕਿ ਜੱਜ ਤੇ ਅਦਾਲਤੀ ਹਾਕਮ ਦਖ਼ਲ ਦੇਣਗੇ, ਕਿ ਮੇਰੇ ਵਕੀਲ ਨੂੰ ਇਸ ਫ਼ੈਸਲੇ ਦੇ ਖ਼ਿਲਾਫ਼ ਅਪੀਲ ਦਾਇਰ ਕਰਨ ਦਾ ਵਕਤ ਮਿਲੇ। ਮੈਨੂੰ ਉਮੀਦ ਸੀ ਕਿ ਕੁਝ, ਕੁਝ ਵੀ ਹੋਏ। ਪਰ ਅਖ਼ਬਾਰ ਵਾਲੇ, ਐਨ.ਜੀ.ਓ., ਤੇ ਸਿਆਸਤਦਾਨਾਂ ਦੇ ਦਬਾਅ ਕਰਕੇ ਘੱਟੋ-ਘੱਟ ਏਨਾ ਤਾਂ ਹੋਏਗਾ ਕਿ ਉਹ ਜੇਲ੍ਹ ਵਿਚ ਰਹਿਣਗੇ। ਮੈਂ ਅਸੰਭਵ ਦੀ ਉਮੀਦ ਕਰ ਰਹੀ ਸੀ।
ਅੱਧੀ ਰਾਤ ਨੂੰ ਆਪਣੇ ਘਰ ਜਾਂਦਿਆਂ ਹੋਇਆਂ, ਮੈਨੂੰ ਅਹਿਸਾਸ ਹੁੰਦਾ ਏ, ਪਤਾ ਨਹੀਂ ਕਿੰਜ ਮੈਂ ਜਾਣਦੀ ਆਂ, ਕਿ ਅਸੀਂ ਪੁਲਸ ਦੀ ਉਸ ਗੱਡੀ ਤੋਂ ਦੂਰ ਨਹੀਂ ਆਂ ਜਿਹੜੀ ਮੇਰੇ ਹਮਲਾਵਰਾਂ ਨੂੰ ਉਹਨਾਂ ਦੇ ਖੇਤਾਂ ਵੱਲ ਲੈ ਜਾ ਰਹੀ ਏ। ਉਹ ਸਾਥੋਂ ਥੋੜ੍ਹਾ ਈ ਅੱਗੇ ਹੋਣਗੇ...ਮੈਂ ਅਗਲੀ ਗੱਡੀ ਦੀਆਂ ਪਿਛਲੀਆਂ ਬੱਤੀਆਂ ਨੂੰ ਘੁਰਦੀ ਆਂ ਤੇ ਇਸ ਖ਼ਿਆਲ ਨਾਲ ਗੁੱਸੇ ਨਾਲ ਕੰਬਦੀ ਆਂ ਕਿ ਅਸੀਂ ਉਹਨਾਂ ਦੇ ਪਿੱਛੇ ਅਟਕ ਗਏ ਆਂ।
ਰਾਤ ਦੇ ਬਾਰਾਂ ਵੱਜੇ ਨੇ ਜਦੋਂ ਅਸੀਂ ਘਰ ਪਹੁੰਚਦੇ ਆਂ, ਘਰ ਪੁਲਸ ਦੀਆਂ ਲਗਭਗ ਦਸ ਗੱਡੀਆਂ ਨਾਲ ਘਿਰਿਆ ਏ। ਤੇ ਸੜਕ ਦੇ ਉਸ ਪਾਰ, ਸੰਘਣੇ ਹਨੇਰੇ 'ਚ, ਮਸਤੋਈਆਂ ਦੀ ਹਵੇਲੀ ਦੇ ਗਿਰਦ ਵੀ ਅਜਿਹੀ ਈ ਸਰਗਰਮੀ ਦਾ ਪਤਾ ਲੱਗ ਰਿਹਾ ਏ। ਮੈਂ ਸੱਚਮੁੱਚ ਉੱਥੇ ਆਂ। ਪੁਲਸ ਨੂੰ ਪਤਾ ਨਹੀਂ ਕਿ ਉਹ ਪੰਜ ਆਦਮੀ ਤਾਜ਼ਾ ਫ਼ੈਸਲੇ ਦੇ ਖ਼ਿਲਾਫ਼ ਅਪੀਲ ਤੋਂ ਪਹਿਲਾਂ ਭੱਜਣਗੇ ਜਾਂ ਨਹੀਂ, ਜਿਹੜੀ ਹੁਣ ਤੀਕ ਦਾਇਰ ਹੋ ਚੁੱਕੀ ਏ। ਸਭ ਤੋਂ ਪਹਿਲਾਂ, ਪੁਲਿਸ ਹੰਗਾਮੇ ਤੋਂ ਬਚਣਾ ਤੇ ਕਿਸੇ ਵੀ ਕਿਸਮ ਦੇ ਪੱਤਰਕਾਰਾਂ ਤੇ ਪ੍ਰਦਰਸ਼ਨਕਾਰੀਆਂ ਨੂੰ ਆਉਣ ਤੋਂ ਰੋਕਣਾ ਚਾਹੁੰਦੀ ਏ। ਹੁਣ ਪਿੰਡ ਵਿਚ ਦਾਖ਼ਲ ਹੋਣ ਵਾਲੇ ਰਸਤੇ 'ਤੇ ਵੀ ਪਹਿਰੇਦਾਰ ਤੈਨਾਤ ਨੇ, ਜਿਹੜਾ ਪਿੰਡੋਂ ਬਾਹਰ ਜਾਣ ਦਾ ਰਸਤਾ ਵੀ ਏ, ਕਿਉਂਕਿ ਹੋਰ ਕੋਈ ਚੱਲਣ ਲਾਇਕ ਸੜਕ ਨਹੀਂ।
“ਫ਼ਿਲਹਾਲ ਉਹ ਘਰੋਂ ਬਾਹਰ ਨਹੀਂ ਆ ਸਕਦੇ,” ਨਸੀਮ ਮੈਨੂੰ ਤਸੱਲੀ ਦੇਂਦੀ ਏ, “ਜਲਦੀ ਕਰ, ਕੱਪੜੇ ਬਦਲ, ਅਸੀਂ ਫੇਰ ਬਾਹਰ ਜਾ ਰਹੇ ਆਂ।”
ਅਸੀਂ ਕਾਰ ਰਾਹੀਂ ਮੁਲਤਾਨ ਜਾਣ ਦਾ ਪਾਗਲਪਨ ਭਰਿਆ ਫ਼ੈਸਲਾ ਕੀਤਾ ਏ—ਵਕੀਲ ਨੇ ਸਾਨੂੰ ਸਲਾਹ ਦਿੱਤੀ ਏ ਕਿ ਅਸੀਂ ਸਿੱਧੇ ਸਦਰ ਮੁਸ਼ੱਰਫ਼ ਦੇ ਅਪੀਲ ਕਰੀਏ ਤੇ ਉਹਨਾਂ ਤੋਂ ਮੰਗ ਕਰੀਏ ਕਿ ਸਭ ਤੋਂ ਪਹਿਲਾਂ ਉਹ ਮੇਰੀ ਤੇ ਮੇਰੇ ਘਰ ਵਾਲਿਆਂ ਦੀ ਹਿਫ਼ਾਜ਼ਤ ਲਈ ਦਖ਼ਲ ਦੇਣ। ਪਰ ਮੈਂ ਇਸ ਨਾਲੋਂ ਵੱਧ ਚਾਹੁੰਦੀ ਆਂ। ਕਿਤੇ ਵੱਧ। ਮੈਂ ਚਾਹੁੰਦੀ ਆਂ ਉਹ ਸਾਰੇ ਵਾਪਸ ਜੇਲ੍ਹ ਜਾਣ, ਮੈਂ ਚਾਹੁੰਦੀ ਆਂ, ਸੁਪਰੀਮ ਕੋਰਟ ਫੇਰ ਫ਼ਾਈਲ ਦੀ ਜਾਂਚ ਕਰੇ...ਮੈਂ ਇਨਸਾਫ਼ ਚਾਹੁੰਦੀ ਆਂ। ਭਾਵੇਂ ਮੈਨੂੰ ਆਪਣੀ ਜਾਨ ਨਾਲ ਇਸ ਦੀ ਕੀਮਤ ਚੁਕਾਉਣੀ ਪਏ। ਮੈਨੂੰ ਹੁਣ ਕਿਸੇ ਚੀਜ਼ ਦਾ ਕੋਈ ਡਰ ਨਹੀਂ ਰਹਿ ਗਿਆ ਏ। ਮੇਰਾ ਗੁੱਸਾ ਇਕ ਅਕੱਟ ਹਥਿਆਰ ਏ, ਤੇ ਮੈਂ ਇਸ ਨਿਜ਼ਾਮ 'ਤੇ ਗੁੱਸੇ ਆਂ ਜਿਹੜਾ ਮੈਨੂੰ ਇਸ ਗੱਲ 'ਤੇ ਮਜਬੂਰ ਕਰਨਾ ਚਾਹੁੰਦਾ ਏ ਕਿ ਮੈਂ ਆਪਣੇ ਪਿੰਡ ਵਿਚ, ਉਹਨਾਂ ਆਦਮੀਆਂ ਤੋਂ ਗਲੀ ਭਰ ਦੀ ਵਿੱਥੇ 'ਤੇ ਖ਼ੌਫ਼ ਵਿਚ ਰਹਾਂ, ਜਿਹਨਾਂ ਨੇ ਮੇਰੇ ਨਾਲ ਜ਼ਬਰਦਸਤੀ ਕੀਤੀ ਸੀ ਤੇ ਸਾਫ਼ ਬਚ ਨਿਕਲੇ ਨੇ। ਉਹ ਸਮਾਂ ਕਦੋਂ ਦਾ ਬੀਤ ਗਿਆ ਜਦੋਂ ਮੈਂ ਦੱਬੂਪਨੇ ਨਾਲ ਉਸ ਰਸਤੇ 'ਤੇ ਕਦਮ ਰੱਖਦੀ ਹੋਈ ਆਪਣੇ ਘਰ ਵਾਲਿਆਂ ਦੇ ਨਾਂ 'ਤੇ ਉਹਨਾਂ ਲੋਕਾਂ ਦੀ 'ਇੱਜ਼ਤ' ਦੀ ਖ਼ਾਤਰ ਮੁਆਫ਼ੀ ਮੰਗਣ ਗਈ ਸਾਂ।
ਉਹੀ ਨੇ ਜਿਹੜੇ ਮੇਰੇ ਮੁਲਕ ਨੂੰ ਬਦਨਾਮ ਕਰਦੇ ਨੇ।
ਕਾਰ ਦਾ ਤਿੰਨ ਘੰਟੇ ਦਾ ਸਫ਼ਰ ਕਰਕੇ ਮੁਲਤਾਨ, ਤੇ ਫੇਰ ਇਸਲਾਮਾਬਾਦ ਦੇ ਲਈ ਬਸ 'ਤੇ ਨੌਂ ਘੰਟੇ ਗੁਜ਼ਾਰਨ ਪਿੱਛੋਂ, ਅਸੀਂ 17 ਮਾਰਚ ਸੁਭਾਅ-ਸਵੇਰੇ ਮੁਲਕ ਦੀ ਰਾਜਧਾਨੀ ਪਹੁੰਚਦੇ ਆਂ, ਤੇ ਦੁਨੀਆਂ ਦੇ ਸਭ ਜਗ੍ਹਾ ਦੇ ਜੋਸ਼ੀਲੇ ਕਾਰਜ-ਕਰਤਾ ਤੇ ਰਿਪੋਰਟਰ ਸਾਡੇ ਪਿੱਛੇ-ਪਿੱਛੇ ਆਉਂਦੇ ਨੇ। ਮੈਂ ਘਰੇਲੂ ਮਾਮਲਿਆਂ ਦੇ ਵਜ਼ੀਰ ਨੂੰ ਮਿਲਣ ਦੀ ਮੰਗ ਕਰਦੀ ਆਂ, ਪਹਿਲਾਂ ਤਾਂ ਆਪਣੀ ਹਿਫ਼ਾਜ਼ਤ ਲਈ, ਦੂਜਾ, ਇਸ ਲਈ ਕਿ ਮਸਤੋਈਆਂ 'ਤੇ ਇਲਾਕੇ 'ਚੋਂ ਬਾਹਰ ਜਾਣ ਦੀ ਪਾਬੰਦੀ ਲਾਈ ਜਾਏ। ਮੈਂ ਜਾਣਦੀ ਆਂ? ਉਹ ਕੀ ਕਰ ਸਕਦੇ ਨੇ। ਮਿਸਾਲ ਦੇ ਲਈ, ਆਪਣੇ ਕਬੀਲੇ ਨੂੰ ਇਕੱਠਾ ਕਰਨਗੇ ਤੇ ਇਕ ਅਜਿਹੇ ਕਬਾਇਲੀ ਇਲਾਕੇ ਵਿਚ ਚੁੱਪਚਾਪ ਵੜ ਜਾਣਗੇ, ਜਿੱਥੇ ਫੇਰ ਕੋਈ ਉਹਨਾਂ ਦੀ ਸ਼ਿਨਾਖ਼ਤ ਕਰਨ ਵਿਚ ਕਾਮਯਾਬ ਨਹੀਂ ਹੋਏਗਾ—ਤੇ ਕਿਸੇ ਭਾਈ-ਬੰਦ, ਕਿਸੇ ਸਾਥੀ-ਸੰਗੀ ਨੂੰ ਪੈਸੇ ਦੇ ਕੇ ਮੈਨੂੰ ਮਰਵਾ ਦੇਣਗੇ! ਮੈਂ ਬਦਲਾ ਲੈਣ ਦੇ ਉਹਨਾਂ ਦੇ ਸਾਰੇ ਸੰਭਵ ਤਰੀਕਿਆਂ ਦੀ ਕਲਪਨਾ ਕਰਦੀ ਆਂ—ਅੱਗ, ਤੇਜ਼ਾਬ, ਅਪਹਰਣ। ਘਰ ਤੇ ਸਕੂਲ ਨੂੰ ਸਾੜ ਦੇਣਾ।
ਖ਼ੈਰ ਜੀ, ਜਦੋਂ ਮੰਤਰੀ ਸਾਡੇ ਨਾਲ ਮੁਲਾਕਾਤ ਕਰਦੇ ਨੇ ਤਾਂ ਹਾਲਾਂਕਿ ਮੈਂ ਬੇਹੱਦ ਥੱਕੀ ਹੋਈ ਆਂ, ਮੈਂ ਸ਼ਾਂਤ ਤੇ ਅੜਿੰਗ ਰਹਿੰਦੀ ਆਂ।
“ਤੁਹਾਨੂੰ ਸਮਝਣਾ ਚਾਹੀਦਾ ਏ ਕਿ ਏਨੀ ਆਸਾਨੀ ਨਾਲ ਕੋਈ ਲਾਹੌਰ ਦੀ ਅਦਾਲਤ ਦੇ ਫ਼ੈਸਲੇ ਨੂੰ ਨਜ਼ਰ-ਅੰਦਾਜ਼ ਨਹੀਂ ਕਰ ਸਕਦਾ।”
“ਪਰ ਮੈਂ ਤੁਹਾਨੂੰ ਅਰਜ਼ ਕਰ ਰਹੀਆਂ ਕਿ ਤੁਸੀਂ ਕੁਝ ਕਰੋ—ਮੇਰੀ ਜ਼ਿੰਦਗੀ ਖ਼ਤਰੇ 'ਚ ਏ।”
“ਇਕ ਖ਼ਾਸ ਕਾਰਵਾਈ ਏ—ਘਰੇਲੂ ਮਾਮਲਿਆਂ ਦੇ ਵਜ਼ੀਰ ਦੀ ਹੈਸੀਅਤ ਨਾਲ ਮੈਂ ਗਿਰਫ਼ਤਾਰੀ ਦਾ ਇਕ ਨਵਾਂ ਵਾਰੰਟ ਜਾਰੀ ਕਰ ਸਕਦਾ ਵਾਂ, ਇਸ ਗੱਲ 'ਤੇ ਗ਼ੌਰ ਕਰਦਿਆਂ ਹੋਇਆਂ ਕਿ ਇਹ ਆਦਮੀ ਆਮ ਲੋਕਾਂ ਦੀ ਹਿਫ਼ਾਜ਼ਤ ਦੇ ਲਈ ਇਕ ਖ਼ਤਰਾ ਨੇ। ਪਰ ਹਕੂਮਤ ਇਸ ਅਖ਼ਤਿਆਰ ਨੂੰ ਉਹਨਾਂ ਦੇ ਛੱਡੇ ਜਾਣ ਦੇ ਸਮੇਂ ਤੋਂ ਬਹੱਤਰ ਘੰਟਿਆਂ ਦੇ ਅੰਦਰ ਈ ਅਮਲ 'ਚ ਲਿਆ ਸਕਦੀ ਏ। ਇਹੋ ਕਾਨੂੰਨ ਏ।”
ਬਹੱਤਰ ਘੰਟੇ— ਯਾਨੀ ਤਿੰਨ ਦਿਨ। ਉਹ ਪੰਦਰਾਂ ਤਾਰੀਖ਼ ਦੀ ਸ਼ਾਮ ਨੂੰ ਘਰ ਪਹੁੰਚੇ ਸਨ, ਤੇ ਹੁਣ ਅਠਾਰਾਂ ਤਾਰੀਖ਼ ਦੀ ਸਵੇਰ ਏ। ਕਿੰਨੇ ਘੰਟੇ ਬਚੇ ਨੇ?
“ਵਜ਼ੀਰ ਸਾਹਬ, ਮੈਂ ਕਾਨੂੰਨ ਬਾਰੇ ਜਾਣਦੀ ਆਂ, ਨਾ ਕਾਇਦਿਆਂ ਬਾਰੇ, ਪਰ ਮੈਂ ਸਿਰਫ਼ ਏਨਾ ਜਾਣਦੀ ਆਂ ਕਿ ਉਹ ਖੁੱਲ੍ਹੇ ਛੱਡ ਦਿੱਤੇ ਗਏ ਨੇ ਤੇ ਮੈਂ ਤੇ ਮੇਰੇ ਘਰ ਵਾਲੇ ਖ਼ਤਰੇ 'ਚ ਆਂ—ਮੈਂ ਫੇਰ ਤੁਹਾਨੂੰ ਬੇਨਤੀ ਕਰਦੀ ਆਂ ਕਿ ਤੁਸੀਂ ਮੇਰੀ ਹਿਫ਼ਾਜ਼ਤ ਦੇ ਲਈ ਕੁਝ ਕਰੋ।”
ਮੰਤਰੀ ਨੇ ਮੈਨੂੰ ਤਸੱਲੀ ਦਿਵਾਈ ਕਿ ਮੇਰੀ ਹਿਫ਼ਾਜ਼ਤ ਨੂੰ ਪੱਕਾ ਕਰਨ ਦੇ ਲਈ ਕਾਨੂੰਨਨ ਜੋ ਕੁਝ ਉਹਨਾਂ ਦੇ ਅਖ਼ਤਿਆਰ 'ਚ ਹੋਏਗਾ, ਉਹ, ਉਹ ਜ਼ਰੂਰ ਕਰਨਗੇ।

ਅਸੀਂ ਤਿੰਨ ਰਾਤਾਂ ਪਹਿਲਾਂ ਦੇ ਸਫ਼ਰ 'ਚ ਆਂ, ਤੇ ਮੈਂ ਸਿਰਫ਼ ਦੋ ਜਾਂ ਤਿੰਨ ਘੰਟੇ ਸੁੱਤੀ ਆਂ, ਪਰ ਜਦੋਂ ਮੈਂ ਘਰੇਲੂ ਮਾਮਲਿਆਂ ਦੇ ਮੰਤਰੀ ਦੇ ਦਫ਼ਤਰ ਵਿਚੋਂ ਨਿਕਲਦੀ ਆਂ ਤਾਂ ਮੈਂ ਇਕ ਪ੍ਰੈਸ ਕਾਨਫ਼ਰੰਸ ਵਿਚ ਹਿੱਸਾ ਲੈਂਦੀ ਆਂ। ਨਸੀਮ ਨੂੰ ਤੇ ਮੈਨੂੰ ਹੁਣ ਰਾਤ ਤੇ ਦਿਨ ਦੇ ਫ਼ਰਕ ਦਾ ਪਤਾ ਨਹੀਂ, ਤੇ ਸਾਨੂੰ ਇਹ ਵੀ ਚੇਤੇ ਨਹੀਂ ਕਿ ਆਖ਼ਰੀ ਵਾਰ ਅਸੀਂ ਕਦੋਂ ਖਾਧਾ ਸੀ।
ਅਗਲੀ ਸਵੇਰ ਗਿਆਰਾਂ ਵਜੇ, ਲਓ, ਅਸੀਂ ਵਜ਼ੀਰੇ ਆਲਾ ਦੇ ਦਫ਼ਤਰ 'ਚ ਆਂ। ਅਸੀਂ ਦਸ ਤੋਂ ਵੱਧ ਵਾਰੀ ਘੰਟਿਆਂ ਦੀ ਗਿਣਤੀ ਕੀਤੀ ਏ, ਤੇ ਜੇ ਸਾਡਾ ਹਿਸਾਬ ਸਹੀ ਏ ਤਾਂ ਬਹੱਤਰ ਘੰਟੇ ਇਕ ਘੰਟਾ ਪਹਿਲਾਂ ਪੂਰੇ ਹੋ ਚੁੱਕੇ ਨੇ।
ਵਜ਼ੀਰੇ ਆਲਾ ਵੀ ਸਾਨੂੰ ਤਸੱਲੀ ਦੇਣ ਦੀ ਕੋਸ਼ਿਸ਼ ਕਰਦੇ ਨੇ।
“ਮੈਨੂੰ ਵਿਸ਼ਵਾਸ ਏ ਕਿ ਉਹਨਾਂ ਨੂੰ ਬਹੱਤਰ ਘੰਟੇ ਪੂਰੇ ਹੋਣ ਤੋਂ ਪਹਿਲਾਂ ਈ ਗਿਰਫ਼ਤਾਰ ਕਰ ਲਿਆ ਗਿਆ ਹੋਏਗਾ।”
“ਨਹੀਂ। ਮੈਂ ਤੁਹਾਥੋਂ ਇਕ ਪੱਕਾ ਜਵਾਬ ਲੈਣਾ ਚਾਹੁੰਦੀ ਆਂ।”
ਨਸੀਮ ਉਰਦੂ ਵਿਚ ਤਰਜਮਾਂ ਕਰਦੀ ਏ, ਉਸੇ ਦਲੇਰ ਅੰਦਾਜ਼ ਵਿਚ ਜਿਸ ਵਿਚ ਮੈਂ ਕਿਹਾ ਸੀ।
ਕੌਣ ਮੈਨੂੰ ਕਦੀ ਇਹ ਕਹਿ ਸਕਦਾ ਸੀ ਕਿ ਮੈਂ ਆਪਣੇ ਮੁਲਕ ਦੇ ਵਜ਼ੀਰੇ ਆਲਾ ਨਾਲ ਇਸ ਅੰਦਾਜ਼ ਵਿਚ ਗੱਲ ਕਰਾਂਗੀ? ਮੈਂ, ਮੀਰਵਾਲ ਦੀ ਮੁਖ਼ਤਾਰਨ ਬੀਬੀ, ਇਕ ਖ਼ਾਮੋਸ਼, ਦੱਬੂ ਕਿਸਾਨ ਔਰਤ, ਜਿਸਨੂੰ ਹੁਣ ਸਾਰੇ 'ਮਾਈ' ਕਹਿੰਦੇ ਨੇ—ਮੈਂ ਕਿੰਨਾ ਬਦਲ ਗਈ ਆਂ! ਇੱਥੇ ਮੈਂ ਬੈਠੀ ਆਂ, ਅਦਬ ਨਾਲ ਪਰ ਜ਼ਿੱਦੀਪਨ ਨਾਲ, ਇਹਨਾਂ ਵਜ਼ੀਰ ਸਾਹਬ ਦੇ ਸਾਹਮਣੇ ਇਕ ਵਧੀਆ ਹੱਥੇਦਾਰ ਕੁਰਸੀ ਉੱਤੇ—ਤੇ ਇਸ ਤੋਂ ਪਹਿਲਾਂ ਕਿ ਮੈਨੂੰ ਇਹ ਤਸਦੀਕ ਕਰਾ ਦਿੱਤਾ ਜਾਏ ਕਿ ਉਹ ਜੰਗਲੀ ਵਾਪਸ ਜੇਲ੍ਹ ਭੇਜ ਦਿੱਤੇ ਗਏ ਨੇ, ਸਿਰਫ਼ ਫ਼ੌਜ ਈ ਮੈਨੂੰ ਇੱਥੋਂ ਬਾਹਰ ਕੱਢ ਸਕਦੀ ਏ। ਤੇ ਮੈਂ ਜਾਣਨਾ ਚਾਹੁੰਦੀ ਆਂ ਕਿ ਇੰਜ ਠੀਕ-ਠੀਕ ਕਦੋਂ ਹੋਇਆ ਏ?...ਜੇ ਹੋਇਆ ਏ ਤਾਂ! ਕਿਉਂਕਿ 3 ਮਾਰਚ ਤੋਂ ਪਿੱਛੋਂ, ਮੈਂ ਹੁਣ ਕਿਸੇ 'ਤੇ ਭਰੋਸਾ ਨਹੀਂ ਕਰਦੀ।
“ਪੁਲਸ ਨੂੰ ਗਿਰਫ਼ਤਾਰੀ ਦਾ ਨਵਾਂ ਵਾਰੰਟ ਮਿਲ ਗਿਆ ਏ—ਪੁਲਸ ਦਾ ਇਕ ਦਸਤਾ ਉਹਨਾਂ ਨੂੰ ਲਿਆਉਣ ਲਈ ਪਿੰਡ ਗਿਆ ਏ। ਦਸ ਵਜੇ ਗਿਰਫ਼ਤਾਰੀ ਦੇ ਲਈ ਗਏ ਅਫ਼ਸਰਾਂ ਨੇ ਉਹਨਾਂ ਨੂੰ ਹੱਥਕੜੀਆਂ ਲਾਈਆਂ—ਤੇ ਪੁਲਸ ਕਪਤਾਨ ਇੰਤਜ਼ਾਰ ਕਰ ਰਿਹਾ ਏ। ਉਹ ਜਲਦੀ ਈ ਉਸਦੇ ਸਾਹਮਣੇ ਪੇਸ਼ ਹੋਣਗੇ।”
ਵਜ਼ੀਰੇ ਆਲਾ ਦੇ ਦਫ਼ਤਰ 'ਚੋਂ ਬਾਹਰ ਆ ਕੇ ਮੈਂ ਖ਼ੁਦ ਤਸਦੀਕ ਕਰਨ ਲਈ ਪੁਲਸ ਕਪਤਾਨ ਨੂੰ ਫ਼ੋਨ ਕਰਦੀ ਆਂ, ਪਰ ਉਹ ਆਪਣੇ ਸਾਰੇ ਸਾਥੀ ਅਫ਼ਸਰਾਂ ਨਾਲ, ਨਾਲ ਵਾਲੇ ਜ਼ਿਲੇ ਵਿਚ ਗਿਆ ਹੋਇਆ ਏ—ਸਦਰ ਮੁਸ਼ੱਰਫ਼ ਇਲਾਕੇ ਦਾ ਦੌਰਾ ਕਰ ਰਹੇ ਨੇ ਤੇ ਹਰ ਅਫ਼ਸਰ ਡਿਊਟੀ 'ਤੇ ਐ। ਘੱਟੋ-ਘੱਟ ਉਸ ਦੌਰੇ ਦਾ ਮੇਰੇ ਨਾਲ ਕੋਈ ਤਾੱਲੁਕ ਨਹੀਂ...
ਸੋ ਮੈਂ ਆਪਣੇ ਘਰ ਸ਼ਕੂਰ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੀ ਆਂ, ਪਰ ਦੇਖਦੀ ਆਂ ਕਿ ਫ਼ੋਨ ਮਿਲ ਨਹੀਂ ਰਿਹਾ—ਅਸੀਂ ਬਰਸਾਤੀ ਮੌਸਮ ਵਿਚੋਂ ਲੰਘ ਰਹੇ ਆਂ ਤੇ ਆਪਣੇ ਭਰਾ ਨਾਲ ਗੱਲ ਕਰਨਾ ਅਸੰਭਵ ਏ। ਆਖ਼ਰਕਾਰ, ਮੈਂ ਇਕ ਰਿਸ਼ਤੇ ਦੇ ਭਰਾ ਨਾਲ ਗੱਲ ਕਰਨ ਵਿਚ ਕਾਮਯਾਬ ਹੋ ਜਾਂਦੀ ਆਂ, ਜਿਹੜਾ ਇਕ ਦੁਕਾਨਦਾਰ ਏ।
“ਹਾਂ, ਇਹ ਸੱਚ ਏ। ਅਸੀਂ ਅੱਜ ਦੁਪਹਿਰ ਵੇਲੇ ਪੁਲਸ ਨੂੰ ਦੇਖਿਆ ਸੀ—ਉਹ ਜੁੰਮੇ ਦੀ ਨਮਾਜ਼ ਦੇ ਫ਼ੌਰਨ ਬਾਅਦ ਉਹਨਾਂ ਚਾਰਾਂ ਦੇ ਚਾਰਾਂ ਨੂੰ ਗਿਰਫ਼ਤਾਰ ਕਰਨ ਆਏ ਸਨ, ਤੇ ਬਾਕੀ ਦੇ ਅੱਠਾਂ ਨੂੰ ਵੀ ਲੈ ਗਏ ਨੇ। ਓਇ, ਉਹ ਝੱਲੇ ਹੋਏ ਪੈਰ ਭੋਇੰ ਮਾਰ ਰਹੇ ਸਨ। ਸਾਰਾ ਪਿੰਡ ਇਸ ਬਾਰੇ ਜਾਣਦਾ ਏ।”
ਉਮੀਦ ਤਾਂ ਇਸੇ ਦੀ ਕਰਨੀ ਚਾਹੀਦੀ ਏ। ਇਸ ਵਾਰੀ, ਮੈਂ ਨਹੀਂ ਆਂ ਜਿਹੜੀ ਗੁੱਸੇ ਵੱਸ ਪੈਰ ਭੋਇੰ ਮਾਰ ਰਹੀ ਆਂ।
ਮੈਨੂੰ ਪਤਾ ਨਹੀਂ ਕਿ ਅੱਗੇ ਕੀ ਹੋਏਗਾ, ਇਸ ਲਈ ਨਸੀਮ ਕਾਨੂੰਨੀ ਕਾਰਵਾਈ ਬਾਰੇ ਸਮਝਾਉਂਦੀ ਏ—
“ਪੰਜਾਬ ਦੇ ਸੂਬੇ ਦੀ ਸਰਕਾਰ ਨੇ ਇਹਨਾਂ ਆਦਮੀਆਂ ਨੂੰ ਇਕ ਖ਼ਾਸ ਫ਼ੈਸਲੇ ਦੇ ਤਹਿਤ ਵਾਪਸ ਜੇਲ੍ਹ ਭੇਜਿਆ ਏ, ਪਰ ਸਿਰਫ਼ ਨੱਬੇ ਦਿਨਾਂ ਲਈ। ਗਵਰਨਰ ਕਿਸੇ ਨੂੰ ਵੀ ਜਿਸਨੂੰ ਉਹ ਚਾਹੁੰਦਾ ਏ, ਸਿਰਫ਼ ਇਕ ਹੁਕਮ ਜ਼ਾਰੀ ਕਰਕੇ, ਗਿਰਫ਼ਤਾਰ ਕਰਾ ਸਕਦਾ ਏ...ਜੇ ਇਕ ਵਾਰੀ ਉਹ ਇਸ ਨਤੀਜੇ 'ਤੇ ਪਹੁੰਚ ਜਾਏ ਕਿ ਆਦਮੀ ਅਮਨ-ਅਮਾਨ ਲਈ ਖ਼ਤਰਾ ਏ। ਇਸ ਦੌਰਾਨ ਅਦਾਲਤ ਤੇਰੀ ਅਪੀਲ 'ਤੇ ਗ਼ੌਰ ਕਰ ਸਕੇਗੀ।”

ਅਸੀਂ 20 ਮਾਰਚ ਨੂੰ ਘਰ ਵਾਪਸ ਆਉਂਦੇ ਆਂ, ਤੇ ਧਮਕੀਆਂ ਫੇਰ ਸ਼ੁਰੂ ਹੋ ਜਾਂਦੀਆਂ ਨੇ। ਮਸਤੋਈਆਂ ਦੇ ਸ਼ਰੀਕ ਹਰ ਜਗ੍ਹਾ ਕਹਿ ਰਹੇ ਨੇ ਕਿ ਉਹ ਸਾਡੇ ਖ਼ਿਲਾਫ਼ ਕੁਝ ਕਰਨ ਵਾਲੇ ਨੇ, ਕਿਉਂਕਿ ਇਹ ਸਾਡੀ ਗ਼ਲਤੀ ਏ ਕਿ ਉਹ ਆਦਮੀ ਦੁਬਾਰਾ ਗਿਰਫ਼ਤਾਰ ਕੀਤੇ ਗਏ। ਹੁਣ ਉਹ ਨਸੀਮ ਨਾਲ ਵੀ ਨਾਰਾਜ਼ ਨੇ। ਉਹਨਾਂ ਦਾ ਦਾਅਵਾ ਏ ਕਿ ਮੈਂ ਉਸਦੇ ਬਿਨਾਂ ਕੁਝ ਵੀ ਨਹੀਂ ਕਰ ਸਕਦੀ...ਤੇ ਇਹ ਸੱਚ ਏ। ਅਸੀਂ ਸਹੇਲੀਆਂ ਆਂ, ਤੇ ਅਸੀਂ ਇਕ ਦੂਜੇ ਨੂੰ ਹਰ ਗੱਲ ਦੱਸ ਦੇਂਦੀਆਂ ਆਂ। ਅਸੀਂ ਰਲ ਕੇ ਹਰ ਗੱਲ ਦਾ ਸਾਹਮਣਾ ਕੀਤਾ ਏ, ਡਰ, ਗੁੱਸੇ ਤੇ ਖ਼ੁਸ਼ੀ ਦੇ ਇਕੋ-ਜਿਹੇ ਜਜ਼ਬੇ ਆਪੋ ਵਿਚ ਵੰਡੇ ਨੇ। ਅਸੀਂ ਨਾਲ-ਨਾਲ ਰੋਈਆਂ ਆਂ, ਤੇ ਨਾਲ-ਨਾਲ ਪਲਟ ਕੇ ਲੜੀਆਂ ਆਂ। ਖ਼ੌਫ਼ ਹਮੇਸ਼ਾ ਮੌਜੂਦ ਰਿਹਾ ਏ—ਉੱਥੇ ਸਾਡੀ ਉਡੀਕ ਕਰਦਾ ਹੋਇਆ—ਪਰ ਸਾਡੇ 'ਚ ਹਿੰਮਤ ਏ। 16 ਮਾਰਚ ਦੀ ਪ੍ਰੈਸ ਕਾਨਫ਼ਰੰਸ ਦੇ ਦੌਰਾਨ ਕੁਝ ਰਿਪੋਰਟਰਾਂ ਨੇ ਮੈਨੂੰ ਪੁੱਛਿਆ ਸੀ ਕਿ ਕੀ ਮੈਂ ਪਾਕਿਸਤਾਨ ਛੱਡਣਾ ਤੇ ਕਿਸੇ ਦੂਜੇ ਮੁਲਕ ਵਿਚ ਪਨਾਹ ਲੈਣਾ ਚਾਹੁੰਦੀ ਆਂ? ਮੈਂ ਜਵਾਬ ਦਿੱਤਾ ਸੀ ਕਿ ਮੇਰਾ ਅਜਿਹਾ ਕਰਨ ਦਾ ਕੋਈ ਇਰਾਦਾ ਨਹੀਂ ਤੇ ਇਹ ਕਿ ਮੈਨੂੰ ਇੱਥੇ ਆਪਣੇ ਵਤਨ ਵਿਚ ਇਨਸਾਫ਼ ਹਾਸਲ ਹੋਣ ਦੀ ਉਮੀਦ ਸੀ। ਤੇ ਮੈਂ ਜ਼ੋਰ ਦੇ ਕੇ ਕਿਹਾ ਸੀ ਕਿ ਮੇਰਾ ਸਕੂਲ ਕਾਮਯਾਬੀ ਨਾਲ ਚੱਲ ਰਿਹਾ ਸੀ, ਜਿਸ ਵਿਚ 200 ਕੁੜੀਆਂ ਤੇ 150 ਮੁੰਡੇ ਪੜ੍ਹ ਰਹੇ ਸਨ।
ਇਹ ਆਖ਼ਰੀ ਬਿਆਨ 16 ਮਾਰਚ ਨੂੰ ਯਕੀਨਨ ਸੱਚ ਸੀ, ਪਰ 20 ਮਾਰਚ ਪਿੱਛੋਂ ਹਾਲਤਾਂ ਵਿਚ ਕਾਫ਼ੀ ਫ਼ਰਕ ਆਇਆ ਏ। ਇਕ ਵਾਰੀ ਫੇਰ ਆਪਣੇ ਗਿਰੋਹ ਦੇ ਸਰਦਾਰ, ਭਰਾਵਾਂ ਤੇ ਦੋਸਤਾਂ ਨੂੰ ਗਵਾਉਣ ਦੇ ਖ਼ਤਰੇ ਦਾ ਸਾਹਮਣਾ ਕਰਦੇ ਈ ਮਸਤੋਈ, ਇਰਦ-ਗਿਰਦ ਮੀਲਾਂ ਦੇ ਦਾਇਰੇ ਵਿਚ, ਗੁੱਸੇ ਤੇ ਨਫ਼ਰਤ ਦੀ ਲਹਿਰ ਫੈਲਾਅ ਰਹੇ ਨੇ। ਖ਼ੈਰ, ਪੁਲਸ ਮੇਰੇ ਇਰਦ-ਗਿਰਦ ਹਿਫ਼ਾਜ਼ਤੀ ਵਾੜ ਬਣਾ ਲੈਂਦੀ ਏ, ਤੇ ਹਾਲਾਂਕਿ ਇਹ ਮੇਰੀ ਘੁੰਮਣ-ਫਿਰਨ ਦੀ ਆਜ਼ਾਦੀ ਲਈ ਇਕ ਬੋਝ ਏ, ਮੈਂ ਇਸਦੀ ਆਦੀ ਹੋ ਚੁੱਕੀ ਆਂ।
11 ਜੂਨ ਨੂੰ ਮੈਨੂੰ ਪਤਾ ਲੱਗਦਾ ਏ ਕਿ ਮੇਰੀ ਹਿਫ਼ਾਜ਼ਤ ਦੇ ਖ਼ਿਆਲ ਨਾਲ ਮੈਨੂੰ ਸਫ਼ਰ ਕਰਨ ਦੀ ਮਨਾਹੀ ਹੋ ਗਈ ਏ। ਐਮਨੇਸਟੀ ਇੰਟਰਨੈਸ਼ਨਲ ਨੇ ਮੈਨੂੰ ਕੈਨੇਡਾ ਤੇ ਅਮਰੀਕਾ ਆਉਣ ਦੀ ਦਾਅਵਤ ਦਿੱਤੀ ਏ, ਪਰ ਜਦੋਂ ਮੈਂ ਕੁਝ ਰਸਮੀ ਕਾਰਵਾਈ ਪੂਰੀ ਕਰਨ ਲਈ ਇਸਲਾਮਾਬਾਦ ਜਾਂਦੀ ਆਂ, ਤਾਂ ਮੈਨੂੰ ਪਤਾ ਲੱਗਦਾ ਏ ਕਿ ਮੈਨੂੰ ਬੀਜਾ ਦੇਣ ਤੋਂ ਮਨ੍ਹਾਂ ਕਰ ਦਿੱਤਾ ਗਿਆ ਏ, ਕਿਉਂਕਿ ਮੈਨੂੰ ਇਲਾਕਾ ਛੱਡ ਕੇ ਜਾਣ ਦੀ ਇਜਾਜ਼ਤ ਨਹੀਂ ਏ।
ਤੇ ਫੇਰ ਮੇਰਾ ਪਾਸਪੋਰਟ ਮੈਥੋਂ ਲੈ ਲਿਆ ਜਾਂਦਾ ਏ। ਮੇਰੇ ਤੀਕ ਪਹੁੰਚਣ ਤੋਂ ਮਨ੍ਹਾਂ ਕੀਤੇ ਜਾਣ 'ਤੇ ਮੇਰਾ ਵਕੀਲ ਨਾਰਾਜ਼ ਹੋ ਕੇ ਪੱਤਰਕਾਰਾਂ ਦੇ ਸਾਹਮਣੇ ਇਕ ਐਲਾਨ ਕਰਦਾ ਏ ਕਿ ਮੈਨੂੰ ਇਸਲਮਾਬਾਦ ਵਿਚ ਕਿਤੇ ਕੈਦੀ ਬਣਾ ਕੇ ਰੱਖਿਆ ਜਾ ਰਿਹਾ ਏ, ਤੇ ਕਿਉਂਕਿ ਮੈਂ ਉਸਦੀ ਮੁਵੱਕਿਲ ਆਂ, ਉਸਨੇ ਮੇਰੇ ਨਾਲ ਹਰ ਹਾਲ ਵਿਚ ਗੱਲ ਕਰਨੀ ਈ ਏ। ਅਫ਼ਸਰ ਉਸਨੂੰ ਦੱਸਦੇ ਨੇ ਕਿ ਹਿਫ਼ਾਜ਼ਤ ਦੇ ਖ਼ਿਆਲ ਨਾਲ ਅਹਿਤਿਆਤ ਵਰਤਣ ਦੇ ਲਈ, ਮੈਂ, ਇਕ ਕਿਸਮ ਦੀ ਨਜ਼ਰਬੰਦੀ ਵਿਚ ਆਂ। ਰਾਸ਼ਟਰਪਤੀ ਖ਼ੁਦ ਇੰਜ ਮਹਿਸੂਸ ਕਰ ਰਹੇ ਲੱਗਦੇ ਨੇ ਕਿ 'ਸਾਨੂੰ ਮੁਲਕ ਦੇ ਬਾਹਰ ਕੌਮ ਦੀ ਇਕ ਖ਼ਰਾਬ ਤਸਵੀਰ ਪੇਸ਼ ਕਰਨ ਤੋਂ ਬਚਣਾ ਚਾਹੀਦਾ ਏ।' ਸਫ਼ਰ ਉੱਤੇ ਲੱਗੀਆਂ ਇਹ ਨਵੀਂਆਂ ਪਾਬੰਦੀਆਂ ਮਾਨਵ ਅਧਿਕਾਰਾਂ ਦੇ ਰਾਖਿਆਂ ਤੇ ਅੰਤਰ-ਰਾਸ਼ਟਰੀ ਪ੍ਰੈਸ ਦੇ ਵਿਚਕਾਰ ਇਕ ਨਵੀਂ ਹਲਚਲ ਪੈਦਾ ਕਰ ਦੇਂਦੀਆਂ ਨੇ।
ਅਸੈਂਬਲੀ ਵਿਚ ਇਕ ਬਹਿਸ ਦੇ ਦੌਰਾਨ, ਇਕ ਸੇਨੇਟਰ—ਇਕ ਔਰਤ—ਇੱਥੋਂ ਤੀਕ ਐਲਾਨ ਕਰਦੀ ਏ ਕਿ ਮੈਂ ਇਕ 'ਫ਼ਿਰੰਗੀ ਔਰਤ' ਬਣ ਗਈ ਆਂ, ਜਿਸਨੂੰ ਮੁਲਕ ਤੋਂ ਬਾਹਰ ਨਾ ਜਾ ਕੇ, ਤੇ ਇਸਦੀ ਬਜਾਏ 'ਖ਼ੁਦਾ ਦੇ ਇਨਸਾਫ਼' ਦਾ ਇੰਤਜ਼ਾਰ ਕਰਕੇ, 'ਵਧੇਰੇ ਨਿਮਰਤਾ ਤੇ ਵਿਵੇਕ ਦਿਖਾਉਣਾ ਚਾਹੀਦਾ ਏ।' ਕੁਝ ਸਿਆਸਤਦਾਨ ਖੁੱਲਮ-ਖੁੱਲ੍ਹਾ ਐਨ.ਜੀ.ਓ. ਦੀ ਨਿੰਦਾ ਕਰਨ ਲੱਗ ਪਏ ਨੇ ਕਿ ਉਹਨਾਂ ਨੇ ਅੰਤਰ-ਰਾਸ਼ਟਰੀ ਬਰਾਦਰੀ ਨੂੰ ਅਪੀਲਾਂ ਕੀਤੀਆਂ ਨੇ। ਸਾਰ ਇਹ—ਇਹ ਮੇਰੇ 'ਫ਼ਾਇਦੇ' ਵਿਚ ਏ, ਜਿਵੇਂ ਕਿ ਉਹ ਕਹਿੰਦੇ ਨੇ, ਕਿ ਮੈਂ ਆਪਣੀ ਕਹਾਣੀ ਦੁਨੀਆਂ ਭਰ ਵਿਚ ਫੈਲਾਵਾਂ, ਤੇ ਇੱਥੇ ਘਰੇ ਹਰ ਚੀਜ਼ ਦੀ ਦੇਖ-ਭਾਲ ਕਰਾਂ।
ਇਹ ਦਾਅਵਾ ਕਰਦਿਆਂ ਹੋਇਆਂ ਕਿ ਮੈਂ ਪਾਕਿਸਤਾਨ ਦੇ ਇਸਲਾਮੀ ਲੋਕਤੰਤਰ ਦੇ ਕਾਨੂੰਨਾਂ ਦੀ ਇੱਜ਼ਤ ਨਹੀਂ ਕਰਦੀ, ਕੁਝ ਕੱਟੜਪੰਥੀ ਮੈਨੂੰ ਚੁੱਪ ਕਰਾਉਣਾ ਪਸੰਦ ਕਰਨਗੇ, ਪਰ ਵਧੇਰੇ ਲੋਕ ਮੇਰੀ ਹਿਮਾਇਤ ਕਰਦੇ ਨੇ, ਇੱਥੇ ਮੇਰੇ ਮੁਲਕ ਵਿਚ ਵੀ ਤੇ ਬਾਹਰ ਵੀ।

ਇਹ ਇਕ ਲੰਮਾਂ, ਔਖਾ ਪੰਧ ਏ...ਤੇ ਫੇਰ 15 ਜੂਨ ਨੂੰ ਮੈਨੂੰ ਪਤਾ ਲੱਗਦਾ ਏ ਕਿ ਵਜ਼ੀਰੇ ਆਲਾ ਨੇ ਹਿਦਾਇਤ ਦਿੱਤੀ ਏ ਕਿ ਮੇਰਾ ਨਾਂ ਉਹਨਾਂ ਲੋਕਾਂ ਦੀ ਸੂਚੀ ਵਿਚੋਂ ਕੱਢ ਦਿੱਤਾ ਜਾਏ, ਜਿਹਨਾਂ ਨੂੰ ਇਲਾਕੇ ਵਿਚੋਂ ਬਾਹਰ ਜਾਣ ਦੀ ਮਨਾਹੀ ਏ।
28 ਜੂਨ ਨੂੰ ਮੇਰੇ ਚਿਹਰੇ 'ਤੇ ਮੁਸਕਾਨ ਏ। ਇਸਲਾਮਾਬਾਦ ਵਿਚ ਸੁਪਰੀਮ ਕੋਰਟ ਨੇ ਦੋ ਦਿਨ ਦੀ ਸੁਣਵਾਈ ਪਿੱਛੋਂ ਹੁਣੇ-ਹੁਣੇ ਮੇਰੇ ਮਾਮਲੇ ਨੂੰ ਮੁੜ ਖੋਲ੍ਹਣ ਦੀ ਮੰਜ਼ੂਰੀ ਦਿੱਤੀ ਏ। ਮੇਰਾ ਵਕੀਲ ਵੀ ਮੁਸਕਰਾ ਰਿਹਾ ਏ, ਜਿਸਨੇ ਬੜੀ ਅਕਲਮੰਦੀ ਨਾਲ ਮੈਨੂੰ ਰਾਏ ਦਿੱਤੀ ਸੀ ਕਿ ਇਲਾਕੇ 'ਚੋਂ ਬਾਹਰ ਆਉਣ ਤੋਂ ਮੈਨੂੰ ਮਨ੍ਹਾ ਕਰ ਦਿੱਤੇ ਜਾਣ ਪਿੱਛੋਂ ਮੈਂ ਪੱਤਰਕਾਰਾਂ ਨਾਲ ਗੱਲ ਨਾ ਕਰਾਂ।
“ਹੁਣ ਤੂੰ ਉਹਨਾਂ ਨੂੰ ਜੋ ਚਾਹੇਂ ਦੱਸ ਸਕਦੀ ਏਂ। ਮੇਰੇ ਵੱਲੋਂ ਹੁਣ ਕੋਈ ਪਾਬੰਦੀ ਨਹੀਂ।”
ਉਸਨੇ ਰਿਪੋਰਟਰਾਂ ਨੂੰ ਕਿਹਾ ਸੀ ਕਿ ਹੁਣੇ ਜਦਕਿ ਸੁਪਰੀਮ ਕੋਰਟ ਨੇ ਹੇਠਲੀ ਅਦਾਲਤ ਦੇ ਫ਼ੈਸਲੇ 'ਤੇ ਦੁਬਾਰਾ ਗ਼ੌਰ ਕਰਨਾ ਮੰਜ਼ੂਰ ਕੀਤਾ ਸੀ, ਪ੍ਰੈਸ ਦੀ ਹਿਮਾਇਤ ਨਾਲ ਮੇਰੇ ਮੁਕੱਦਮੇ ਨੂੰ ਨੁਕਸਾਨ ਹੋ ਸਕਦਾ ਸੀ, ਕਿਉਂਕਿ ਸੁਪਰੀਮ ਕੋਰਟ ਦੀ ਆਜ਼ਾਦੀ ਬਾਰੇ ਕੋਈ ਉਂਗਲੀ ਨਹੀਂ ਉਠਾਉਣੀ ਚਾਹੀਦੀ। ਜਦੋਂ ਆਖ਼ਰੀ ਸੁਣਵਾਈ ਪਿੱਛੋਂ ਬਾਹਰ ਆਉਂਦੀ ਆਂ, ਮੇਰੇ ਉੱਤੇ ਸਵਾਲਾਂ ਦੀ ਵਾਛੜ ਹੋਣ ਲੱਗਦੀ ਏ। ਆਪਣੇ ਜਜ਼ਬਿਆਂ ਦੇ ਵਹਿਣ ਵਿਚ ਮੈਂ ਉਹਨਾਂ ਸਾਰੀਆਂ ਔਰਤਾਂ ਦੇ ਗਲ਼ ਲੱਗਦੀ ਆਂ, ਜਿਹਨਾਂ ਨੇ ਮੇਰੀ ਲੜਾਈ ਵਿਚ ਮੇਰੀ ਮਦਦ ਕੀਤੀ ਏ।
“ਮੈਂ ਕਿੰਨੀ ਖ਼ੁਸ਼ ਆਂ, ਮੈਨੂੰ ਵਾਕੱਈ ਸੰਤੋਖ ਏ। ਮੈਂ ਉਮੀਦ ਕਰਦੀ ਆਂ ਕਿ ਜਿਹਨਾਂ ਨੇ ਮੈਨੂੰ ਜ਼ਲੀਲ ਕੀਤਾ ਸੀ ਉਹਨਾਂ ਨੂੰ ਸਜ਼ਾ ਮਿਲੇਗੀ। ਮੈਂ ਸੁਪਰੀਮ ਕੋਰਟ ਦੇ ਫ਼ੈਸਲੇ ਦਾ ਇੰਤਜ਼ਾਰ ਕਰਾਂਗੀ ਜਿਹੜਾ ਇੱਥੇ ਈ ਇਸੇ ਦੁਨੀਆਂ ਵਿਚ ਇਨਸਾਫ਼ ਕਰੇਗਾ।”
ਤੇ ਖ਼ੁਦਾ ਦਾ ਇਨਸਾਫ਼ ਆਪਣੇ ਵਕਤ ਨਾਲ ਹੋਏਗਾ।
ਮੇਰਾ ਵਕੀਲ ਪੱਤਰਕਾਰਾਂ ਲਈ ਤਸਦੀਕ ਕਰਦਾ ਏ ਕਿ ਉਹ ਅੱਠ ਆਦਮੀ ਜਿਹੜੇ ਬਰੀ ਕਰ ਦਿੱਤੇ ਗਏ ਸਨ, ਹੁਣ ਜੇਲ੍ਹ ਵਿਚ ਨੇ। ਇਹਨਾਂ ਵਿਚ ਪਿੰਡ ਦੀ ਪੰਚਾਇਤ ਦੇ ਉਹ ਮੈਂਬਰ ਸ਼ਾਮਲ ਨੇ ਜਿਹਨਾਂ ਨੇ ਪਹਿਲੋਂ ਈ ਸੋਚ ਕੇ ਜ਼ਿਨਾ-ਬਿਲ-ਜਬਰ ਦਾ ਇਰਾਦਾ ਬਣਾਇਆ ਸੀ।
“ਇਹ ਸਿੱਧੇ-ਸਾਦੇ ਬਲਾਤਕਾਰ ਦਾ ਮਾਮਲਾ ਨਹੀਂ ਏ, ਬਲਕਿ ਹਕੀਕਤ ਵਿਚ ਦਹਿਸ਼ਤਗਰਦੀ ਦੀ ਕਾਰਵਾਈ ਏ। ਇਹ ਕਾਰਵਾਈ ਪਿੰਡ ਦੀ ਸਾਰੀ ਆਬਾਦੀ ਵਿਚ ਉਪਰੋਂ ਹੇਠਾਂ ਤੀਕ ਦਹਿਸ਼ਤ ਫ਼ੈਲਾਉਣ ਲਈ ਕੀਤੀ ਗਈ ਸੀ। ਇਹਨਾਂ ਆਦਮੀਆਂ ਉੱਤੇ ਸਾਡੇ ਮੁਲਕ ਦੀ ਸਭ ਤੋਂ ਵੱਡੀ ਅਦਾਲਤ ਵਿਚ ਮੁੜ ਮੁਕੱਦਮਾਂ ਚਲਾਉਣ ਦਾ ਫ਼ੈਸਲਾ, ਤਾਕਿ ਸਾਰੇ ਸਬੂਤਾਂ 'ਤੇ ਦੁਬਾਰਾ ਗ਼ੌਰ ਕੀਤਾ ਜਾ ਸਕੇ, ਬੜਾ ਸਵਾਗਤ ਯੋਗ ਕਦਮ ਏ।”

ਮੈਨੂੰ ਬੜੀ ਤਸੱਲੀ ਹੋਈ ਸੀ। ਮੈਂ ਆਪਣੇ ਪਿੰਡ, ਆਪਣੇ ਘਰਵਾਲਿਆਂ ਤੇ ਆਪਣੇ ਸਕੂਲ ਦੇ ਬੱਚਿਆਂ ਕੋਲ ਜਾ ਸਕਦੀ ਸਾਂ। ਪੁਲਸ ਦੀ ਨਿਗਰਾਨੀ ਕੁਝ ਹੋਰ ਸਮੇਂ ਤਕ ਚੱਲਦੀ ਰਹੀ ਤੇ ਖਾਸ ਤੌਰ 'ਤੇ ਉਦੋਂ ਜ਼ਾਹਰ ਹੁੰਦੀ ਜਦੋਂ ਮੈਂ ਵਿਦੇਸ਼ੀ ਪੱਤਰਕਾਰਾਂ ਨੂੰ ਇੰਟਰਵਿਊ ਦੇਣ ਲਈ ਰਾਜ਼ੀ ਹੁੰਦੀ। ਫੇਰ ਦਬਾਅ ਘੱਟ ਹੋ ਗਿਆ ਤੇ ਨਿਗਰਾਨੀ ਬੱਸ ਮੇਰੇ ਦਰਵਾਜ਼ੇ 'ਤੇ ਪਹਿਰਾ ਦੇਂਦੇ ਇਕ ਹਥਿਆਰਬੰਦ ਸਿਪਾਹੀ ਤੀਕ ਸੀਮਿਤ ਰਹਿ ਗਈ। ਪਰ ਬਾਹਰਲੇ ਮੁਲਕ ਤੋਂ ਕੋਈ ਰਿਪੋਰਟਰ ਦਰਵਾਜ਼ੇ 'ਤੇ ਸ਼ਕਲ ਦਿਖਾ ਦਏ, ਤਾਂ ਮੇਰੀ 'ਸੁਰੱਖਿਆ' ਫੇਰ ਹਾਜ਼ਰ ਹੋ ਜਾਂਦੀ।
ਸਥਾਨਕ ਪ੍ਰੈਸ ਵਿਚ ਹੁਣ ਵੀ ਇੱਥੇ-ਉੱਥੇ ਕੁਝ ਹਮਲੇ ਹੋ ਰਹੇ ਸਨ, ਤੇ ਉਹ ਛੋਟੇ-ਮੋਟੇ ਮਾਮਲੇ ਨਹੀਂ ਸਨ। ਇਕ ਸਭ ਤੋਂ ਹੈਰਾਨ ਕਰਨ ਦੇਣ ਵਾਲਾ ਲੇਖ ਦੇਸ਼ ਵਿਚੋਂ ਬਾਹਰ ਸਫ਼ਰ ਕਰਨ ਲਈ ਮੇਰੀ ਦਰਖ਼ਵਾਸਤ ਬਾਰੇ ਸੀ, ਜਿਸਨੇ ਕਾਫ਼ੀ ਵਿਵਾਦ ਖੜ੍ਹਾ ਕੀਤਾ। ਉਸੂਲਨ, ਮੈਨੂੰ ਹੁਣ ਵੀ ਕੈਨੇਡਾ ਤੇ ਅਮਰੀਕਾ ਤੋਂ ਨਿਓਤਾ ਮਿਲਿਆ ਹੋਇਆ ਸੀ, ਪਰ ਮੈਂ ਸਭ ਦੇ ਸਾਹਮਣੇ ਉਹਨਾਂ ਯਾਤਰਾਵਾਂ ਨੂੰ ਮੁਲਤਵੀ ਕਰ ਦਿੱਤਾ ਸੀ ਤਾਕਿ ਜੇ ਕੁਝ ਲੋਕਾਂ ਦੇ ਮਨ ਵਿਚ ਕੋਈ ਸ਼ੱਕ-ਸ਼ੰਕਾ ਹੋਵੇ ਤਾਂ ਉਹ ਦੂਰ ਹੋ ਜਾਏ। ਸੱਚਾਈ ਇਹ ਐ ਕਿ ਮੈਨੂੰ ਵੀਜਾ ਨਹੀਂ ਦਿੱਤਾ ਗਿਆ ਸੀ। ਬਾਹਰਲੇ ਮੁਲਕਾਂ ਵਿਚ ਪਾਕਿਸਤਾਨ ਨੂੰ ਬਦਨਾਮ ਕਰਨ ਤੋਂ ਮੈਨੂੰ ਰੋਕਣ ਲਈ! ਤੇ ਏਨਾ ਈ ਨਹੀਂ, ਨਸੀਮ ਦੇ ਸ਼ਬਦਾਂ ਵਿਚ ਕਹਾਂ ਤਾਂ, 'ਉੱਚੀਆਂ ਜਗਾਹਾਂ 'ਤੇ ਬੈਠੇ' ਲੋਕਾਂ ਨੇ ਦਾਅਵਾ ਕੀਤਾ ਸੀ ਕਿ ਕਿਸੇ ਔਰਤ ਨੂੰ ਲੱਖਪਤੀ ਬਣਨ ਤੇ ਵੀਜਾ ਲੈਣ ਲਈ ਬੱਸ ਇਹੋ ਕਰਨ ਦੀ ਲੋੜ ਏ ਕਿ...ਆਪਣਾ ਬਲਾਤਕਾਰ ਕਰਾ ਲਏ।' ਜਿਵੇਂ ਪਾਕਿਸਤਾਨੀ ਔਰਤਾਂ ਮੁਲਕ 'ਚੋਂ ਬਾਹਰ ਜਾਣ ਖ਼ਾਤਰ ਇਹ 'ਰਸਮ-ਅਦਾਇਗੀ' ਪੂਰੀ ਕਰਨ ਲਈ ਭਗਦੜ ਮਚਾ ਰਹੀਆਂ ਹੋਣ। ਮੈਨੂੰ ਇਸ ਗੰਦੇ ਤੇ ਸ਼ਰਮਨਾਕ ਵਿਚਾਰ ਉੱਤੇ ਅਫ਼ਸੋਸ ਏ। ਇਕ ਵਾਰੀ ਫੇਰ, ਮੁਲਕ ਦੇ ਅੰਦਰਲੀ ਤੇ ਬਾਹਰਲੀ ਪ੍ਰੈਸ ਨੇ ਅਜਿਹੇ ਬਿਆਨਾਂ ਦਾ ਵਿਰੋਧ ਕੀਤਾ। ਇਸ ਤੋਂ ਇਲਾਵਾ, ਲੱਗਦਾ ਏ ਕਿ ਜਿਸ ਬਿਆਨ 'ਤੇ ਸਵਾਲ ਉੱਠਿਆ, ਉਸਨੂੰ ਰਿਪੋਰਟਰਾਂ ਨੇ ਭੁੱਲ ਕੇ ਗ਼ਲਤ ਸਮਝ ਲਿਆ ਹੋਏਗਾ, ਤੇ ਉਸਦਾ ਇਹ ਮਤਲਬ ਨਹੀਂ ਸੀ। ਮੈਨੂੰ ਇਹੋ ਉਮੀਦ ਏ।

ਮੈਂ ਆਪਣੇ ਲਈ ਤੇ ਮੁਲਕ ਵਿਚ ਹਿੰਸਾ ਦਾ ਸ਼ਿਕਾਰ ਬਣੀਆਂ ਸਾਰੀਆਂ ਔਰਤਾਂ ਲਈ ਲੜੀ ਆਂ। ਆਪਣਾ ਪਿੰਡ, ਆਪਣਾ ਘਰ, ਆਪਣਾ ਕੁਨਬਾ ਤੇ ਆਪਣਾ ਸਕੂਲ ਛੱਡਣ ਦਾ ਮੇਰਾ ਕੋਈ ਇਰਾਦਾ ਨਹੀਂ ਏ। ਨਾ ਬਾਹਰੀ ਮੁਲਕਾਂ ਵਿਚ ਪਾਕਿਸਤਾਨ ਦੀ ਬਦਨਾਮੀ ਕਰਨ ਦੀ ਮੇਰੀ ਖ਼ਵਾਹਿਸ ਏ। ਇਸ ਦੇ ਬਿਲਕੁਲ ਉਲਟ, ਇਕ ਇਨਸਾਨ ਹੋਣ ਦੇ ਆਪਣੇ ਅਧਿਕਾਰਾਂ ਦੀ ਰੱਖਿਆ ਕਰਕੇ, ਕਬਾਇਲੀ ਇਨਸਾਫ਼ ਦੇ ਉਸ ਅਸੂਲ ਦੇ ਖ਼ਿਲਾਫ਼ ਜੱਦੋ-ਜ਼ਹਿਦ ਕਰਕੇ ਜਿਹੜਾ ਸਾਡੇ ਇਸਲਾਮੀ ਲੋਕਤੰਤਰ ਦੇ ਸਰਕਾਰੀ ਕਾਨੂੰਨ ਦੇ ਵਿਰੋਧ ਵਿਚ ਖੜ੍ਹਾ ਏ, ਮੈਨੂੰ ਪੂਰਾ ਯਕੀਨ ਏ ਕਿ ਮੈਂ ਆਪਣੇ ਮੁਲਕ ਦੇ ਸਿਆਸੀ ਇਰਾਦਿਆਂ ਦੀ ਹਿਮਾਇਤ ਈ ਕਰ ਰਹੀ ਆਂ। ਕੋਈ ਪਾਕਿਸਤਾਨੀ ਆਦਮੀ ਜਿਸਨੂੰ ਆਪਣੇ ਨਾਂ 'ਤੇ ਮਾਣ ਏਂ, ਪਿੰਡ ਦੀ ਇਕ ਪੰਚਾਇਤ ਨੂੰ ਇਸ ਗੱਲ ਦੇ ਲਈ ਨਹੀਂ ਉਕਸਾਅ ਸਕਦਾ ਕਿ ਉਹ ਇਕ ਔਰਤ ਨੂੰ ਸਜ਼ਾ ਦੇ ਕੇ ਇੱਜ਼ਤ ਦਾ ਕੋਈ ਮਾਮਲਾ ਹੱਲ ਕਰੇ।
ਮੈਂ ਨਾ ਚਾਹੁੰਦੇ ਹੋਏ ਵੀ, ਉਹਨਾਂ ਸਾਰੀਆਂ ਔਰਤਾਂ ਲਈ ਇਕ ਨਿਸ਼ਾਨੀ ਬਣ ਗਈ ਆਂ ਜਿਹਨਾਂ ਨੂੰ ਬਜ਼ੁਰਗਾਂ ਤੇ ਸਰਦਾਰਾਂ ਦੀ ਜ਼ੋਰ-ਜ਼ਬਰਦਸਤੀ ਸਹਿਣੀ ਪੈਂਦੀ ਏ, ਤੇ ਜੇ ਮੇਰੀ ਇਹ ਦੱਖ ਸਾਡੀਆਂ ਸਰਹੱਦਾਂ ਦੇ ਪਾਰ ਫੈਲ ਗਈ ਏ ਤਾਂ ਇਹ ਮੇਰੇ ਮੁਲਕ ਦੇ ਹੱਕ ਵਿਚ ਈ ਹੋ ਸਕਦੀ ਏ। ਕਿਉਂਕਿ ਇਹੀ ਮੇਰੇ ਵਤਨ ਦੀ ਅਸਲੀ ਮਾਣ-ਮਰਿਆਦਾ ਏ—ਇਕ ਔਰਤ ਨੂੰ ਭਾਵੇਂ ਉਹ ਪੜ੍ਹੀ-ਲਿਖੀ ਹੋਵੇ ਜਾਂ ਬੇ-ਪੜ੍ਹੀ-ਲਿਖੀ, ਆਪਣੇ ਖ਼ਿਲਾਫ਼ ਕੀਤੀ ਗਈ ਨਾਇਨਸਾਫ਼ੀ ਦੇ ਖ਼ਿਲਾਫ਼ ਆਵਾਜ਼ ਉਠਾਉਣ ਦੀ ਇਜਾਜ਼ਤ ਦੇਣਾ।
ਕਿਉਂਕਿ ਮੇਰੇ ਮੁਲਕ ਨੂੰ ਆਪਣੇ ਆਪ ਉੱਤੇ ਜਿਹੜਾ ਅਸਲੀ ਸਵਾਲ ਕਰਨਾ ਚਾਹੀਦਾ ਏ, ਉਹ ਇਹ ਐ ਕਿ ਜੇ ਮਰਦਾਂ ਦੀ ਇੱਜ਼ਤ ਔਰਤਾਂ ਨਾਲ ਜੁੜੀ ਏ ਤਾਂ ਫੇਰ ਮਰਦ ਇਸ ਇੱਜ਼ਤ ਨੂੰ ਮਾਰਨਾ ਜਾਂ ਉਸ ਨਾਲ ਜ਼ਿਨਾ ਕਿਉਂ ਕਰਨਾ ਚਾਹੁੰਦੇ ਨੇ?
--- --- ---

No comments:

Post a Comment