Sunday, October 7, 2012

ਚਾਰ : ਤਕਦੀਰ...:






ਮੈਂ ਇਹ ਜਾਣੇ ਬਗ਼ੈਰ ਵੱਡੀ ਹੋਈ ਕਿ ਮੈਂ ਕੌਣ ਸੀ! ਨਜ਼ਰਾਂ ਤੋਂ ਓਹਲੇ। ਓਹੋ-ਜਿਹੀ ਰੂਹ ਲੈ ਕੇ ਜਿਹੋ-ਜਿਹੀ ਘਰ ਦੀਆਂ ਦੂਜੀਆਂ ਔਰਤਾਂ ਦੀ ਸੀ। ਜੋ ਵੀ ਮੈਂ ਸਿੱਖਿਆ, ਉਹ ਦੂਜਿਆਂ ਦੀਆਂ ਗੱਲਾਂ 'ਚੋਂ ਚੁਰਾਇਆ—ਜਦੋਂ ਵੀ ਮੈਂ ਇੰਜ ਕਰ ਸਕਦੀ।
ਮਿਸਾਲ ਲਈ ਸੰਭਵ ਏ ਕੋਈ ਔਰਤ ਕਹਿੰਦੀ, “ਦੇਖ, ਉਸ ਕੁੜੀ ਨੇ ਕੀ ਕੀਤਾ? ਆਪਣੇ ਖ਼ਾਨਦਾਨ ਨੂੰ ਬਦਨਾਮ ਕਰ ਦਿੱਤਾ! ਉਸਨੇ ਉਸ ਮੁੰਡੇ ਨਾਲ ਗੱਲ ਕੀਤੀ! ਹੁਣ ਉਸਦੀ ਕੋਈ ਇੱਜ਼ਤ ਨਹੀਂ ਰਹੀ।”
ਤਦ ਮੇਰੀ ਮਾਂ ਮੇਰੇ ਵੱਲ ਭੌਂਦੀ।
“ਦੇਖਿਆ, ਪੁੱਤਰ, ਇਹਨਾਂ ਲੋਕਾਂ ਦੇ ਨਾਲ ਕੀ ਹੋ ਰਿਹੈ? ਇਸ ਸਾਡੇ ਨਾਲ ਵੀ ਹੋ ਸਕਦੈ। ਹੋਸ਼ਿਆਰ ਰਵੀਂ।”
ਕੁੜੀਆਂ ਜਦੋਂ ਬੜੀਆਂ ਛੋਟੀਆਂ ਹੁੰਦੀਆਂ ਨੇ ਉਦੋਂ ਵੀ ਉਹਨਾਂ ਨੂੰ ਮੁੰਡਿਆਂ ਦੇ ਨਾਲ ਖੇਡਣ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ। ਜੇ ਕੋਈ ਬੱਚਾ ਆਪਣੀ ਚਚੇਰੀ-ਮਮੇਰੀ ਭੈਣ ਨਾਲ ਬੰਟੇ ਖੇਡਦਾ ਦੇਖਿਆ ਜਾਂਦਾ ਏ ਤਾਂ ਉਸਨੂੰ ਆਪਣੀ ਮਾਂ ਤੋਂ ਮਾਰ ਪੈਂਦੀ ਏ।
ਬਾਅਦ ਵਿਚ, ਮਾਂਵਾਂ ਉੱਚੀ ਆਵਾਜ਼ ਵਿਚ ਨੁਕਤਾ-ਚੀਨੀ ਕਰਦੀਆਂ ਨੇ, ਤਾਕਿ ਉਹਨਾਂ ਦੀਆਂ ਧੀਆਂ ਸੁਣ ਸਕਣ। ਅਕਸਰ ਇਹ ਗੱਲਾਂ ਬਹੂ ਨੂੰ ਸੁਣਾ ਕੇ ਆਖੀਆਂ ਜਾਂਦੀਆਂ ਨੇ।
“ਤੂੰ ਆਪਣੇ ਖ਼ਸਮ ਦੀ ਗੱਲ ਨਹੀਂ ਸੁਣ ਰਹੀ! ਜਲਦੀ ਨਾਲ ਉਸਦੀ ਖ਼ਿਦਮਤ ਨਹੀਂ ਕਰ ਰਹੀ।”
ਇਹੀ ਉਹ ਤਰੀਕਾ ਏ ਜਿਸ ਨਾਲ ਛੋਟੀਆਂ ਕੁੜੀਆਂ, ਜਿਹਨਾਂ ਦੀ ਅਜੇ ਸ਼ਾਦੀ ਨਹੀਂ ਹੋਈ ਹੁੰਦੀ, ਇਹ ਸਿੱਖਦੀਆਂ ਨੇ ਕਿ ਉਹਨਾਂ ਨੇ ਕੀ ਕਰਨਾ ਏਂ ਤੇ ਕੀ ਨਹੀਂ ਕਰਨਾ। ਦੁਆ ਤੇ ਨਮਾਜ਼ ਦੇ ਸਿਵਾਏ ਇਹੀ ਉਹ ਤਾਲੀਮ ਏ ਜਿਹੜੀ ਸਾਨੂੰ ਦਿੱਤੀ ਜਾਂਦੀ ਏ। ਤੇ ਇਹ ਸਾਨੂੰ ਅਛੋਪਲੇ ਈ ਸ਼ੱਕ-ਸ਼ੰਕਾ, ਤਾਬੇਦਾਰੀ, ਦਬਣਾ, ਡਰ ਤੇ ਜ਼ਿੱਲਤ ਦੀ ਹਦ ਤੀਕ ਮਰਦਾਂ ਦੀ ਇੱਜ਼ਤ ਕਰਨਾ ਸਿਖਾਉਂਦਾ ਏ। ਇਹ ਸਾਨੂੰ ਸਿਖਾਉਂਦਾ ਏ ਕਿ ਅਸੀਂ ਖ਼ੁਦ ਨੂੰ ਭੁੱਲ ਜਾਈਏ।
ਬਚਪਨ ਵਿਚ ਮੈਂ ਸ਼ੱਕੀ ਨਹੀਂ ਸਾਂ। ਨਾ ਅੰਦਰ ਸਿਮਟੀ ਹੋਈ, ਨਾ ਖ਼ਾਮੋਸ਼। ਮੈਂ ਆਸਾਨੀ ਨਾਲ ਹੱਸ ਪੈਂਦੀ ਸਾਂ। ਮੇਰੀ ਇਕੱਲੀ ਰਾਜ਼ਦਾਰ ਮੇਰੀ ਦਾਦੀ ਸੀ ਜਿਸਨੇ ਮੈਨੂੰ ਪਾਲਿਆ-ਪੋਸਿਆ ਤੇ ਜਿਹੜੀ ਹੁਣ ਵੀ ਸਾਡੇ ਨਾਲ ਰਹਿੰਦੀ ਏ। ਸਾਡੀ ਤਹਿਜ਼ੀਬ ਵਿਚ ਬੱਚਿਆਂ ਨੂੰ ਮਾਂ ਤੋਂ ਇਲਾਵਾ ਕਿਸੇ ਦੂਜੀ ਔਰਤ ਦੇ ਸਪੁਰਦ ਕਰਨਾ ਆਮ ਗੱਲ ਏ।
ਦਾਦੀ ਹੁਣ ਕਾਫ਼ੀ ਬੁੱਢੀ ਹੋ ਗਈ ਏ, ਤੇ ਥੋੜ੍ਹੀ-ਜਿਹੀ ਅੰਨ੍ਹੀ ਵੀ। ਉਸਨੂੰ ਆਪਣੀ ਉਮਰ ਨਹੀਂ ਪਤਾ, ਉਸੇ ਤਰ੍ਹਾਂ ਜਿਵੇਂ ਮੇਰੇ ਮਾਂ-ਬਾਪ ਨੂੰ ਵੀ ਨਹੀਂ ਪਤਾ। ਇਹਨੀਂ ਦਿਨੀਂ ਮੇਰੇ ਕੋਲ ਇਕ ਪਛਾਣ-ਪੱਤਰ ਏ, ਪਰ ਦਾਦੀ ਦਾ ਦਾਅਵਾ ਏ ਕਿ ਇਸ ਕਾਗਜ਼ ਵਿਚ ਜੋ ਲਿਖਿਆ ਏ, ਮੈਂ ਉਸ ਨਾਲੋਂ ਇਕ ਸਾਲ ਵੱਡੀ ਆਂ। ਇੱਥੇ ਪਿੰਡ ਵਿਚ ਅਜਿਹੀਆਂ ਗੱਲਾਂ ਦੀ ਕੋਈ ਅਹਿਮੀਅਤ ਨਹੀਂ। ਤੁਹਾਡੀ ਉਮਰ ਤੁਹਾਡੀ ਜ਼ਿੰਦਗੀ ਏ, ਬੀਤਦਾ ਹੋਇਆ ਵਕਤ, ਮੌਸਮ...
ਇਕ ਦਿਨ ਫ਼ਸਲਾਂ ਦੀ ਕਟਾਈ ਦੇ ਦੌਰਾਨ, ਤੁਹਾਡੇ ਘਰ ਵਾਲਿਆਂ ਵਿਚੋਂ ਕੋਈ ਕਹਿ ਸਕਦਾ ਏ, “ਤੂੰ ਹੁਣ ਦਸ ਸਾਲ ਦੀ ਹੋ ਗਈ ਏਂ।”
ਕਿਸੇ ਨੂੰ ਵੀ ਹੁਣ ਕਿਸੇ ਦੀ ਉਮਰ ਸਹੀ-ਸਹੀ ਛੇ ਮਹੀਨੇ ਜਾਂ ਇਕ ਤੋਂ ਵੱਧ ਨਜ਼ਦੀਕ ਨਹੀਂ ਪਤਾ ਏ। ਤੁਹਾਨੂੰ, ਭੁੱਲ ਸਦਕਾ, ਤੁਹਾਥੋਂ ਪਹਿਲਾਂ ਜਾਂ ਬਾਅਦ ਵਾਲਾ ਬੱਚਾ ਵੀ ਸਮਝਿਆ ਜਾ ਸਕਦਾ ਏ। ਪਿੰਡਾਂ ਵਿਚ ਕੋਈ ਰਜਿਸਟਰੀ ਵਾਲਾ ਦਫ਼ਤਰ ਤਾਂ ਹੁੰਦਾ ਨਹੀਂ। ਬੱਚਾ ਪੈਦਾ ਹੁੰਦਾ ਏ, ਜਿਉਂਦਾ ਏ, ਵੱਡਾ ਹੁੰਦਾ ਏ, ਤੇ ਇਹੀ ਅਸਲੀ ਚੀਜ਼ ਏ।
ਜਦੋਂ ਮੈਂ ਲਗਭਗ ਛੇ ਸਾਲ ਦੀ ਸੀ, ਮੈਂ ਘਰ ਦੇ ਸਾਰੇ ਕੰਮ-ਕਾਜ ਵਿਚ ਆਪਣੀ ਮਾਂ ਤੇ ਚਾਚੀ ਦਾ ਹੱਥ ਵੰਡਾਉਣ ਲੱਗ ਪਈ ਸੀ। ਜੇ ਮੇਰਾ ਅੱਬਾ ਡੰਗਰਾਂ ਲਈ ਪੱਠੇ ਲਿਆਉਂਦਾ ਤਾਂ ਮੈਂ ਵੀ ਥੋੜ੍ਹੇ-ਜਿਹੇ ਵੱਢ ਦੇਂਦੀ। ਕਦੀ-ਕਦੀ ਮੈਂ ਘਾਹ ਵੱਢਣ ਵਿਚ ਉਸਦੀ ਮਦਦ ਕਰਨ ਲਈ ਖੇਤਾਂ ਵਿਚ ਵੀ ਚਲੀ ਜਾਂਦੀ। ਮੇਰੇ ਅੱਬਾ ਦੀ ਇਕ ਛੋਟੀ-ਜਿਹੀ ਦੁਕਾਨ ਸੀ ਜਿੱਥੇ ਉਹ ਲੱਕੜਾਂ ਪਾੜਦਾ ਸੀ, ਤੇ ਜਦੋਂ ਕਦੀ ਉਹ ਬਾਹਰਲਾ ਕੰਮ ਕਰਦਾ, ਖੇਤ ਬੰਨੇ ਦਾ ਜ਼ਿੰਮਾ ਮੇਰੇ ਭਰਾ ਹਜ਼ੂਰ ਬਖ਼ਸ਼ ਦਾ ਹੁੰਦਾ।
ਸਮੇਂ ਦੇ ਨਾਲ ਕੁਨਬਾ ਵਧਿਆ; ਇਕ ਭੈਣ, ਨਸੀਮ, ਇਕ ਹੋਰ ਭੈਣ, ਜਮਾਲ, ਜਿਹੜੀ ਅਫ਼ਸੋਸ ਏ ਸਾਨੂੰ ਛੱਡ ਗਈ; ਇਕ ਰਹਿਮਤ ਤੇ ਫ਼ਾਤਿਮਾ। ਆਖ਼ਰਕਾਰ ਮੇਰੀ ਮਾਂ ਦਾ ਦੂਜਾ ਪੁੱਤਰ, ਸ਼ਕੂਰ—ਕੁਨਬੇ ਦਾ ਆਖ਼ਰੀ ਮੁੰਡਾ।
ਕਦੇ-ਕਦਾਈਂ ਮੈਂ ਆਪਣੀ ਮਾਂ ਨੂੰ ਇਹ ਕਹਿੰਦੇ ਸੁਣਦੀ ਸਾਂ ਕਿ ਜੇ ਅਗਲੇ ਬੱਚੇ ਦੇ ਤੌਰ 'ਤੇ ਖ਼ੁਦਾ ਉਸਨੂੰ ਇਕ ਮੁੰਡਾ ਦੇ ਦਏ ਤੇ ਫੇਰ ਕੁਝ ਵੀ ਨਹੀਂ, ਤੇ ਉਹ ਤਸੱਲੀ ਕਰ ਲੈਂਦੀ। ਇਹ ਇਸ ਗੱਲ ਨੂੰ ਮੰਨ ਲੈਣ ਦਾ ਇਕ ਤਰੀਕਾ ਸੀ ਕਿ ਉਸਦੇ ਕਾਫ਼ੀ ਬੱਚੇ ਹੋ ਗਏ ਨੇ। ਪਰ ਸ਼ਕੂਰ ਦੇ ਬਾਅਦ ਤਸਮਿਯਾ ਆ ਪਹੁੰਚੀ—ਆਖ਼ਰੀ ਬੱਚੀ।
ਮੇਰੇ ਦੋ ਭਰਾਵਾਂ ਦੇ ਵਿਚਕਾਰ ਉਮਰ ਦਾ ਭਾਰੀ ਫ਼ਰਕ ਏ, ਪਰ ਕੁੜੀਆਂ ਕਾਫ਼ੀ ਨਜ਼ਦੀਕ ਨੇ। ਮੈਨੂੰ ਕੱਪੜਿਆਂ ਦੀਆਂ ਗੁੱਡੀਆਂ ਦੀ ਉਹ ਖੇਡ ਯਾਦ ਏ ਜਿਹੜੀ ਅਸੀਂ ਖੇਡਦੇ ਹੁੰਦੇ ਸਾਂ। ਅਸੀਂ ਖੇਡ-ਖੇਡ ਵਿਚ ਅੱਗੇ ਚੱਲ ਕੇ ਗੁੱਡੇ-ਗੁੱਡੀਆਂ ਦੇ ਵਿਆਹ ਦੀਆਂ ਗੱਲ ਵੀ ਕਰਦੇ ਸਾਂ। ਮਿਸਾਲ ਦੇ ਲਈ ਮੈਂ ਇਕ ਗੁੱਡਾ ਲੈਂਦੀ ਤੇ ਮੇਰੀ ਭੈਣ ਇਕ ਗੁੱਡੀ, ਤੇ ਗੱਲਬਾਤ ਸ਼ੁਰੂ ਹੋ ਜਾਂਦੀ...:
“ਤੂੰ ਆਪਣੀ ਧੀ ਮੇਰੇ ਮੁੰਡੇ ਨੂੰ ਦੇਣਾ ਚਾਹੁੰਦੀ ਏਂ?”
“ਹਾਂ, ਠੀਕ ਏ, ਪਰ ਸ਼ਰਤ ਇਹ ਐ ਕਿ ਤੂੰ ਵੀ ਇੰਜ ਈ ਕਰੇਂਗੀ—ਤੂੰ ਆਪਣਾ ਦੂਜਾ ਮੁੰਡਾ ਮੇਰੀ ਦੂਜੀ ਕੁੜੀ ਨੂੰ ਦੇ ਦਵੀਂ।”
“ਨਹੀਂ, ਮੈਂ ਆਪਣਾ ਮੁੰਡਾ ਨਹੀਂ ਦਿਆਂਗੀ। ਮੇਰੇ ਮੁੰਡੇ ਦੀ ਤਾਂ ਪਹਿਲਾਂ ਈ ਮੇਰੇ ਚਾਚੇ ਦੀ ਕੁੜੀ ਨਾਲ ਕੁੜਮਾਈ ਹੋ ਗਈ ਏ।”
ਅਸੀਂ ਮਾਂ-ਬਾਪ ਦੀ ਮਰਜ਼ੀ ਨਾਲ ਤੈਅ ਕੀਤੀਆਂ ਗਈਆਂ ਇਹਨਾਂ ਸ਼ਾਦੀਆਂ ਦੇ ਇਰਦ-ਗਿਰਦ ਝਗੜੇ ਵੀ ਘੜ ਲੈਂਦੀਆਂ ਸਾਂ, ਉਹਨਾਂ ਗੱਲਾਂ ਦੀ ਨਕਲ ਕਰਦਿਆਂ ਹੋਇਆਂ ਜਿਹੜੀਆਂ ਅਸੀਂ ਸਾਡੇ ਆਪਣੇ ਆਸ-ਪਾਸ ਦੇ ਵੱਡੇ-ਬਜ਼ੁਰਗਾਂ ਦੇ ਮੂੰਹੋਂ ਸੁਣੀਆਂ ਹੁੰਦੀਆਂ ਸਨ। ਇਹ ਗੁੱਡੇ-ਗੁੱਡੀਆਂ ਬਜ਼ੁਰਗਾਂ ਦੀ (ਮਾਂ-ਬਾਪ, ਵੱਡੇ ਭਰਾ, ਇੱਥੋਂ ਤਕ ਕਿ ਦਾਦਿਆਂ-ਨਾਨਿਆਂ ਦੀ ਵੀ) ਨੁਮਾਇੰਦਗੀ ਕਰਦੇ ਸਨ ਤੇ ਬੱਚਿਆਂ ਦੀ ਵੀ—ਇਕ ਪੂਰਾ ਕੁਨਬਾ। ਕਦੀ-ਕਦੀ ਸਾਡੀ ਖੇਡ ਵਿਚ ਘਰੋਂ ਲੱਭੀਆਂ ਲੀਰਾਂ ਦੀਆਂ ਬਣੀਆਂ ਵੀਹ-ਵੀਹ ਗੁੱਡੀਆਂ ਵੀ ਸ਼ਾਮਲ ਹੁੰਦੀਆਂ। ਕੁੜੀਆਂ ਤੇ ਮੁੰਡਿਆਂ ਵਿਚ ਫ਼ਰਕ ਦਾ ਪਤਾ ਉਹਨਾਂ ਦੇ ਪਹਿਰਾਵੇ ਤੋਂ ਲੱਗਦਾ—ਮੁੰਡੇ ਪਤਲੂਨਾਂ ਤੇ ਵੱਡੀਆਂ ਸਫ਼ੈਦ ਕਮੀਜ਼ਾਂ ਪਾਉਂਦੇ, ਕੁੜੀਆਂ ਦੇ ਸਿਰ ਚਾਦਰ ਜਾਂ ਦੁਪੱਟੇ ਨਾਲ ਢਕੇ ਹੁੰਦੇ, ਤੇ ਅਸੀਂ ਲੀਰਾਂ ਗੁੰਦ-ਗੁੰਦ ਕੇ ਉਹਨਾਂ ਲਈ ਲੰਮੇ ਵਾਲ ਬਣਾਅ ਦੇਂਦੇ। ਅਸੀਂ ਉਹਨਾਂ ਦੇ ਚਿਹਰਿਆਂ ਦਾ ਥੋੜ੍ਹੇ-ਬਹੁਤਾ ਸ਼ਿੰਗਾਰ ਵੀ ਕਰਦੇ—ਨੱਕ 'ਚ ਛੋਟੇ-ਛੋਟੇ ਲੌਂਗ ਤੇ ਕੰਨਾਂ 'ਚ ਵਾਲੀਆਂ ਵੀ ਪਾਉਂਦੇ। ਗਹਿਣੇ ਲੱਭਣਾ ਸਭ ਤੋਂ ਮੁਸ਼ਕਲ ਹੁੰਦਾ, ਕਿਉਂਕਿ ਅਸੀਂ ਉਹਨਾਂ ਨੂੰ ਘਰ ਦੀਆਂ ਔਰਤਾਂ ਦੇ ਨਕਾਰੇ-ਸੁੱਟੇ ਸਾਮਾਨ ਤੋਂ ਈ ਬਣਾ ਸਕਦੇ ਸਾਂ ਜਿਹਨਾਂ ਵਿਚ ਛੋਟੇ-ਛੋਟੇ ਮਣਕੇ ਤੇ ਸਲਮੇ-ਸਿਤਾਰੇ ਹੁੰਦੇ।
ਅਸੀਂ ਇਹ ਛੋਟੇ-ਛੋਟੇ ਚੀਥੜਿਆਂ ਦੇ ਗੁੱਡੇ-ਗੁੱਡੀਆਂ ਵਾਲਾ ਪੂਰਾ ਕੁਨਬਾ, ਵੱਡੇ-ਬਜ਼ੁਰਗਾਂ ਤੋਂ ਦੂਰ, ਕਿਤੇ ਅਲੱਗ ਜਗ੍ਹਾ ਰੱਖਦੇ, ਕਿਉਂਕਿ ਜੇ ਘਰ ਵਿਚ ਕੋਈ ਛੋਟੀ ਪਰ ਦਿਲਚਸਪ ਬਹਿਸ ਹੁੰਦੀ ਤਾਂ ਅਸੀਂ ਗੁੱਡੇ-ਗੁੱਡੀਆਂ ਦੇ ਸਹਾਰੇ ਉਸਦੀ ਨਕਲ ਕਰਨਾ ਪਸੰਦ ਕਰਦੇ, ਤੇ ਸਾਨੂੰ ਇਸ ਗੱਲ ਦਾ ਪੱਕਾ ਇੰਤਜ਼ਾਮ ਕਰਨਾ ਪੈਂਦਾ ਕਿ ਕੋਈ ਸਾਨੂੰ ਸੁਣ ਨਾ ਸਕੇ! ਆਪਣੇ ਖ਼ਜਾਨੇ ਨੂੰ ਧੂੜ-ਮਿੱਟੀ ਤੋਂ ਬਚਾਉਣ ਲਈ, ਅਸੀਂ ਉਹਨਾਂ ਗੁੱਡੇ-ਗੁੱਡੀਆਂ ਨੂੰ ਇੱਟਾਂ 'ਤੇ ਸਜਾ ਦੇਂਦੇ। ਤੇ ਫੇਰ ਸ਼ਾਦੀਆਂ ਦਾ ਉਹ ਅਦਭੁਤ ਕਰੋਬਾਰ ਦੁਬਾਰਾ ਸ਼ੁਰੂ ਹੋ ਜਾਂਦਾ।
“ਤੂੰ, ਤੂੰ ਆਪਣੀ ਭਾਂਜੀ ਦੇ ਲਈ ਇਕ ਮੰਗੇਤਰ ਚਾਹੁੰਦੀ ਏਂ? ਉਹ ਤਾਂ ਅਜੇ ਆਪਣੀ ਮਾਂ ਦੇ ਢਿੱਡੋਂ ਬਾਹਰ ਈ ਨਹੀਂ ਆਇਆ।”
“ਜੇ ਮੁੰਡਾ ਹੋਇਆ ਤਾਂ ਉਸਨੂੰ ਮੈਨੂੰ ਦੇ ਦਵੀਂ। ਜੇ ਕੁੜੀ ਹੋਈ ਤਾਂ ਮੈਂ ਤੈਨੂੰ ਆਪਣਾ ਮੁੰਡਾ ਦੇ ਦਿਆਂਗੀ।”
“ਪਰ ਤੇਰੇ ਮੁੰਡੇ ਨੂੰ ਮੇਰੇ ਘਰ ਰਹਿਣਾ ਪਏਗਾ। ਤੇ ਉਸਨੂੰ ਆਪਣੇ ਨਾਲ ਇਕ ਤੋਲਾ ਸੋਨਾ ਲਿਆਉਣਾ ਪਏਗਾ...ਤੇ ਵਾਲੀਆਂ ਵੀ।”

ਜਦੋਂ ਮੈਂ ਨਸੀਮ ਨੂੰ ਰਿਸਤੇ ਦੀ ਉਸ ਭੈਣ ਬਾਰੇ ਦੱਸਦੀ ਆਂ ਜਿਸਦੀ ਸ਼ਾਦੀ ਓਦੋਂ ਹੋਈ ਸੀ ਜਦੋਂ ਮੈਂ ਤਕਰੀਬਨ ਸੱਤ ਜਾਂ ਅੱਠ ਸਾਲ ਦੀ ਸੀ ਤਾਂ ਮੈਂ ਏਨਾ ਹੱਸਦੀ ਆਂ ਜਿੰਨਾ ਕਿ ਇਕ ਬਹੁਤ, ਬਹੁਤ ਲੰਮੇ ਅਰਸੇ ਤੋਂ ਨਹੀਂ ਹੱਸੀ ਆਂ। ਉਹ ਪਹਿਲਾ ਲੰਮਾ ਸਫ਼ਰ, ਜਿਸ 'ਤੇ ਜਾਣ ਦਾ ਮੌਕਾ ਮੈਨੂੰ ਕਿਸਮਤ ਨਾਲ ਓਹਨੀਂ ਦਿਨੀਂ ਮਿਲਿਆ ਸੀ। ਮੈਂ ਆਪਣੇ ਚਾਚੇ ਦੇ ਨਾਲ ਆਪਣੇ ਘਰ ਤੋਂ ਲਗਭਗ ਤੀਹ ਮੀਲ ਦੂਰ ਇਕ ਪਿੰਡ ਲਈ ਰਵਾਨਾ ਹੋਈ ਸਾਂ। ਕੋਈ ਸੜਕ ਨਹੀਂ ਸੀ, ਸਿਰਫ਼ ਕੱਚਾ ਰਸਤਾ ਸੀ, ਤੇ ਮੌਸਮ ਭਿਆਨਕ ਸੀ, ਤੇਜ਼ ਮੀਂਹ ਲੱਥ ਪਿਆ ਸੀ। ਜਿਵੇਂ ਕਿ ਆਮ ਤੌਰ 'ਤੇ ਹੁੰਦਾ ਸੀ, ਅਸੀਂ ਸਾਈਕਲਾਂ 'ਤੇ ਸਫ਼ਰ ਕਰ ਰਹੇ ਸਾਂ। ਤਿੰਨ ਸਾਈਕਲਾਂ ਜਿਹਨਾਂ 'ਤੇ ਘਰ ਦੇ ਸਾਰੇ ਜੀਅ ਲੱਦੇ ਹੋਏ ਸਨ। ਮੈਂ ਆਪਣੇ ਚਾਚੇ ਦੀ ਸਾਈਕਲ ਦੇ ਡੰਡੇ 'ਤੇ ਬੈਠੀ ਸੀ, ਜਦਕਿ ਕੋਈ ਹੋਰ ਹੈਂਡਲ 'ਤੇ ਟਿਕਿਆ ਸੀ ਤੇ ਆਖ਼ਰੀ ਸਵਾਰੀ ਕੈਰੀਅਲ 'ਤੇ ਸਵਾਰ ਸੀ। ਬਾਰਸ਼ ਬੇਤਹਾਸ਼ਾ ਹੋ ਰਹੀ ਸੀ, ਪਰ ਅਸੀਂ ਬੱਚੇ ਖ਼ੁਸ਼ ਸਾਂ ਕਿ ਅਸੀਂ ਉਸ ਰਸਮ-ਅਦਾਇਗੀ ਦੇ ਮੌਕੇ 'ਤੇ ਜਾ ਰਹੇ ਸਾਂ, ਜਿੱਥੇ ਅਸੀਂ ਆਪਣੇ ਰਿਸ਼ਤੇ ਦੇ ਭਰਾ-ਭੈਣਾਂ ਨੂੰ ਮਿਲ ਸਕਾਂਗੇ ਤੇ ਉਹਨਾਂ ਨਾਲ ਖੇਡ ਸਕਾਂਗੇ।
ਚਲੋ ਖ਼ੈਰ, ਸਾਡੇ ਉਸ ਜੋਖਮ-ਭਰੇ ਸਫ਼ਰ ਦੌਰਾਨ, ਮੇਰੀ ਇਕ ਚਾਚੀ ਆਪਣੇ ਸਾਰੇ ਭੜਕੀਲੇ ਬਣਾ-ਸ਼ਿਗਾਰ ਨਾਲ ਸਾਈਕਲ ਦੇ ਕੈਰੀਅਲ ਤੋਂ ਹੇਠਾਂ ਡਿੱਗ ਪਈ। ਉਸਦੀਆਂ ਸੋਹਣੀਆਂ ਕੱਚ ਦੀਆਂ ਚੂੜੀਆਂ ਚੂਰ-ਚੂਰ ਹੋ ਗਈਆਂ ਤੇ ਉਸਨੂੰ ਥੋੜ੍ਹੀ ਸੱਟ ਵੀ ਲੱਗੀ। ਸਾਰੇ ਘਬਰਾ ਗਏ ਕਿਉਂਕਿ ਉਹ ਦਰਦ ਨਾਲ ਚੀਕ ਪਈ ਸੀ ਤੇ ਕੱਚ ਦੀਆਂ ਉਹਨਾਂ ਨਿੱਕੀਆਂ-ਨਿੱਕੀਆਂ ਕੈਂਕਰਾਂ ਨੂੰ ਦੇਖ ਕੇ ਰੋ ਰਹੀ ਸੀ, ਜਿਹੜੀਆਂ ਆਸਮਾਨੀ ਧਨੁਸ਼ ਦੇ ਹਰ ਰੰਗ ਦੀਆਂ ਸਨ...ਸਾਨੂੰ ਉਸਦੀਆਂ ਵੀਣੀਆਂ 'ਤੇ ਪੱਟੀਆਂ ਬੰਨ੍ਹਣੀਆਂ ਪਈਆਂ, ਤੇ ਅਸੀਂ ਬੱਚਿਆਂ ਨੇ ਇਕ ਦੂਜੇ ਵੱਲ ਦੇਖਿਆ ਤੇ ਯਕਲਖ਼ਤ ਹਾਸੇ ਦੇ ਫੁਆਰੇ ਫੁੱਟ ਨਿਕਲੇ। ਆਖ਼ਰ ਵਿਚ ਸਾਡੇ ਨਾਲ ਸਾਰਿਆਂ ਨੂੰ ਹਾਸਾ ਆ ਗਿਆ—ਤੇ ਬਾਕੀ ਸਫ਼ਰ, ਜਿਹੜਾ ਲੱਗਦਾ ਸੀ ਪੂਰਾ ਈ ਨਹੀਂ ਹੋਏਗਾ, ਅਸੀਂ ਪਾਗਲਾਂ ਵਾਂਗ ਹੱਸਦੇ ਰਹੇ। ਵਿਚਾਰੀ ਚਾਚੀ ਉਹ ਵੀ ਆਪਣੀਆਂ ਨਵੀਂਆਂ 'ਪੱਟੀਆਂ ਦੀਆਂ ਚੂੜੀਆਂ' ਪਾਈ ਹੱਸ ਰਹੀ ਸੀ।
ਅੱਗੇ ਚੱਲ ਕੇ, ਮੈਂ ਨਸੀਮ ਨੂੰ ਆਪਣੇ ਵਿਆਹ ਬਾਰੇ ਦੱਸਦੀ ਆਂ। ਭਲ਼ੇ ਈ, ਉਹ ਇਕ ਪੜ੍ਹੀ-ਲਿਖੀ ਔਰਤ ਏ, ਫੇਰ ਵੀ ਨਸੀਮ ਨੂੰ ਰਸਮ-ਰਿਵਾਜ਼ ਦੀ ਇੱਜ਼ਤ ਕਰਨੀ ਈ ਪੈਂਦੀ ਏ, ਤੇ ਉਸਦੇ ਘਰ ਵਾਲਿਆਂ ਨੇ ਕਾਫ਼ੀ ਅਰਸਾ ਪਹਿਲਾਂ ਈ ਉਸਦੇ ਲਈ ਇਕ ਸ਼ੌਹਰ ਚੁਣ ਲਿਆ ਏ। ਹਾਲਾਂਕਿ ਉਹ ਠੀਕ-ਠਾਕ, ਉਸਦੇ ਖ਼ਿਆਲਾਂ ਦੇ ਮੁਤਾਬਿਕ ਨਹੀਂ ਏ। ਤਦ ਵੀ, ਆਪਣੇ ਮਾਂ-ਬਾਪ ਦੀ ਬੇਅਦਬੀ ਨਾ ਕਰਨਾ ਚਾਹੁੰਦੇ ਹੋਏ ਵੀ, ਉਹ ਇਸ ਸ਼ਾਦੀ ਤੋਂ ਬਚਣ ਦੀ ਕੋਸ਼ਿਸ਼ ਕਰ ਰਹੀ ਏ। ਬਿਨਾਂ ਬਹਿਸ ਕੀਤੇ, ਬਿਨਾਂ ਕੋਈ ਮੁਸੀਬਤ ਖੜ੍ਹੀ ਕੀਤੇ। ਨਸੀਮ ਸਤਾਈ ਸਾਲ ਦੀ ਏ, ਆਪਣੇ ਪੇਸ਼ੇ ਲਈ ਪੜ੍ਹਾਈ ਕਰ ਰਹੀ ਏ, ਤੇ ਕਿਉਂਕਿ ਹਾਲੇ ਤੀਕ ਉਸਦੇ ਮੰਗੇਤਰ ਨੇ ਉਸਦੀ ਸੁੱਧ ਵੀ ਨਹੀਂ ਲਈ ਏ, ਉਸਨੂੰ ਉਮੀਦ ਏ...ਉਹ ਖ਼ੁਦ-ਬ-ਖ਼ੁਦ ਇਰਾਦਾ ਛੱਡ ਦਏਗਾ, ਕਿ ਉਹ ਥੱਕ ਜਾਏਗਾ ਜਾਂ ਕਿਸੇ ਹੋਰ ਨੂੰ ਲੱਭ ਲਏਗਾ। ਉਹ ਕਹਿੰਦੀ ਏ ਕਿ ਹਰ ਹਾਲ ਵਿਚ, ਜਿੰਨੀ ਦੇਰ ਤੀਕ ਉਹ ਆਪਣੇ ਇਰਾਦੇ 'ਤੇ ਕਾਇਮ ਰਹਿ ਸਕੇਗੀ, ਕਾਇਮ ਰਹੇਗੀ।
ਫ਼ਿਲਹਾਲ, ਆਪਣੇ ਸੁਪਨਿਆਂ ਦੇ ਆਦਮੀ ਨਾਲ ਉਸਦੀ ਮੁਲਾਕਾਤ ਨਹੀਂ ਹੋਈ, ਤੇ ਇਹ ਸਾਡੀ ਤਹਿਜ਼ੀਬ ਦੀਆਂ ਸਭ ਤੋਂ ਵੱਡੀਆਂ ਪਾਬੰਦੀਆਂ ਵਿਚੋਂ ਇਕ ਏ ਕਿ ਇਕ ਜਵਾਨ ਕੁੜੀ ਨੂੰ ਖ਼ੁਦ ਆਪਣੇ ਲਈ ਪਤੀ ਚੁਣਨ ਦਾ ਹੱਕ ਨਹੀਂ ਏ। ਕੁਝ ਔਰਤਾਂ ਜਿਹਨਾਂ ਨੇ ਇਹ ਜੋਖਮ ਉਠਾਇਆ ਏ, ਉਹਨਾਂ ਨੂੰ ਧਮਕੀਆਂ ਦਿੱਤੀਆਂ ਗਈਆਂ ਨੇ, ਜ਼ਲੀਲ ਕੀਤਾ ਗਿਆ ਏ, ਕੁੱਟਿਆ-ਮਾਰਿਆ ਗਿਆ ਏ, ਤੇ ਕਈਆਂ ਨੂੰ ਜਾਨੋਂ ਵੀ ਮੁਕਾਅ ਦਿੱਤਾ ਗਿਆ ਏ, ਹਾਲਾਂਕਿ ਹੁਣ ਨਵੇਂ ਕਾਨੂੰਨ ਬਣ ਗਏ ਨੇ ਜਿਹੜੇ ਚੁਣਨ ਦੇ ਇਸ ਹੱਕ ਦੀ ਹਿਮਾਇਤ ਕਰਦੇ ਨੇ, ਅਸੂਲੀ ਤੌਰ 'ਤੇ...ਸ਼ਰੀਅਤ, ਬਾਹਰਹਾਲ, ਇਸ ਹੱਕ ਦੀ ਹਿਮਾਇਤ ਨਹੀਂ ਕਰਦੀ, ਤੇ ਹਰ ਜਾਤ ਦੇ ਆਪਣੇ ਰਿਵਾਜ਼ ਹੁੰਦੇ ਨੇ। ਅਜਿਹੇ ਸ਼ਾਦੀ-ਸ਼ੁਦਾ ਜੋੜਿਆਂ ਨੂੰ, ਜਿਹੜੇ ਖ਼ੁਦ ਆਪਣਾ ਫ਼ੈਸਲਾ ਕਰਦੇ ਨੇ, ਆਪਣੀ ਸ਼ਾਦੀ ਨੂੰ ਕਾਨੂੰਨੀ ਸਾਬਤ ਕਰਨ ਲਈ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਏ। ਮਿਸਾਲ ਦੇ ਲਈ, ਔਰਤ 'ਤੇ ਜ਼ਿਨਾ ਦਾ ਇਲਜ਼ਾਮ ਲਾਇਆ ਜਾ ਸਕਦਾ ਏ, ਇਕ ਅਜਿਹੇ ਗੁਨਾਹ ਦਾ ਜਿਸ ਵਿਚ ਬਦਨਾਮੀ, ਸ਼ਾਦੀ ਦੇ ਬਿਨਾਂ ਜਿਸਮਾਨੀ ਤਾੱਲੁਕ ਬਣਾਉਣਾ ਸ਼ਾਮਲ ਏਂ। ਫੇਰ ਔਰਤ ਨੂੰ ਸੰਗਸਾਰ (ਪੱਥਰ ਮਾਰ-ਮਾਰ ਕੇ ਮਾਰ ਦੇਣਾ-ਅਨੁ.) ਦੀ ਸਜ਼ਾ ਵੀ ਦਿੱਤੀ ਜਾ ਸਕਦੀ ਏ। ਅਸੀਂ ਲਗਾਤਾਰ ਆਪਣੇ ਮਜ਼ਹਬ ਤੇ ਆਪਣੀ ਹਕੂਮਤ ਦੇ ਅਲੱਗ-ਅਲੱਗ ਕਾਨੂੰਨੀ ਨਿਜ਼ਾਮਾਂ ਵਿਚ ਫਸਦੇ ਰਹਿੰਦੇ ਆਂ, ਤੇ ਕਬਾਇਲੀ ਨਿਜ਼ਾਮ ਦਾ ਜ਼ਿਕਰ ਤਾਂ ਕਰਨਾ ਈ ਕੀ, ਇਸ ਨਾਲ ਪੇਚੀਦਗੀ ਈ ਵਧੇਗੀ, ਕਿਉਂਕਿ ਹਰ ਕਬੀਲੇ ਦਾ ਆਪਣਾ ਕਾਇਦਾ ਹੁੰਦਾ ਏ ਜਿਹੜਾ ਸਰਕਾਰੀ ਕਾਨੂੰਨ ਨੂੰ ਪੂਰੀ ਤਰ੍ਹਾਂ ਨਜ਼ਰ ਅੰਦਾਜ਼ ਕਰ ਦੇਂਦਾ ਏ, ਤੇ ਕਦੀ-ਕਦੀ ਸ਼ਰੀਅਤ ਨੂੰ ਵੀ।
ਰਿਹਾ ਤਲਾਕ, ਤਾਂ ਉਹ ਵੀ ਪੇਚੀਦਾ ਮਾਮਲਾ ਏ। ਤਲਾਕ ਸਿਰਫ਼ ਸ਼ੌਹਰ ਦੇ ਸਕਦਾ ਏ। ਜਦੋਂ ਕੋਈ ਔਰਤ ਸਰਕਾਰੀ ਅਦਾਲਤ ਵਿਚ ਤਲਾਕ ਲੈਣ ਦੀ ਕਾਰਵਾਈ ਸ਼ੁਰੂ ਕਰਦੀ ਏ ਤਾਂ ਸ਼ੌਹਰ ਦਾ ਖ਼ਾਨਦਾਨ ਖ਼ੁਦ ਨੂੰ 'ਬੇਇੱਜ਼ਤ' ਕੀਤਾ ਗਿਆ ਮੰਨਦਾ ਏ ਤੇ 'ਸਜ਼ਾ' ਦੀ ਮੰਗ ਕਰ ਸਕਦਾ ਏ। ਇਸ ਸਭ ਨਾਲੋਂ ਉਪਰ, ਸਰਕਾਰੀ ਅਦਾਲਤਾਂ ਦਾ ਆਸਰਾ ਲੈਣਾ ਹਮੇਸ਼ਾ ਕਿਸੇ ਕਾਨੂੰਨੀ ਫ਼ੈਸਲੇ ਤੀਕ ਨਹੀਂ ਪਹੁੰਚਾਉਂਦਾ।
ਮੇਰੇ ਮਾਮਲੇ ਵਿਚ, ਮੇਰੀ ਸ਼ਾਦੀ ਮੇਰੀ ਰਜ਼ਾਮੰਦੀ ਦੇ ਖ਼ਿਲਾਫ਼ ਨਹੀਂ ਸੀ (ਤੇ ਤਦੇ ਮੈਨੂੰ ਪਤਾ ਲੱਗਿਆ ਸੀ ਕਿ ਮੈਂ ਅਠਾਰਾਂ ਸਾਲ ਦੀ ਹੋ ਗਈ ਆਂ!)।
ਮੈਨੂੰ ਯਾਦ ਏ ਮੇਰੀ ਭੈਣ ਜਮਾਲ ਦਬੀ-ਦਬੀ ਹਾਸੀ ਹੱਸਦੀ ਹੋਈ ਮੇਰੇ ਕੋਲ ਆਈ ਸੀ।
“ਤੇਰੇ ਕੁੜਮ ਆਏ ਹੋਏ ਨੇ,” ਉਸਨੇ ਮੇਰੇ ਕੰਨ ਵਿਚ ਫੁਸਫੁਸਾ ਕੇ ਕਿਹਾ ਸੀ।
ਮੈਂ ਖ਼ੁਸ਼ੀ ਤੇ ਸ਼ਰਮ ਦੋਵਾਂ ਜਜ਼ਬਿਆਂ ਵਿਚਕਾਰ ਝੂਲ ਰਹੀ ਸਾਂ। ਖ਼ੁਸ਼ੀ ਕਿਉਂਕਿ ਮੇਰੀ ਸ਼ਾਦੀ ਹੋਣ ਵਾਲੀ ਸੀ ਤੇ ਮੈਂ ਇਕ ਨਵੀਂ ਜ਼ਿੰਦਗੀ ਸ਼ੁਰੂ ਕਰਨ ਜਾ ਰਹੀ ਸਾਂ; ਸ਼ਰਮ ਕਿਉਂਕਿ ਮੇਰੀ ਭੈਣ ਹੱਸ ਰਹੀ ਸੀ, ਚਚੇਰੀ ਭੈਣ ਮਜ਼ਾਕ ਕਰ ਰਹੀ ਸੀ ਤੇ ਮੈਥੋਂ ਉਮੀਦ ਕੀਤੀ ਜਾ ਰਹੀ ਸੀ ਕਿ ਮੈਂ ਇਸ ਸ਼ਾਨਦਾਰ ਐਲਾਨ ਨੂੰ ਲੈ ਕੇ ਹੋਣ ਵਾਲੀ ਦਿਲਲਗੀ ਵਿਚ ਸ਼ਾਮਲ ਹੋਵਾਂਗੀ, ਜਿਵੇਂ ਇਸ ਸਭ ਵਿਚ ਮੈਨੂੰ ਕੋਈ ਦਿਲਚਸਪੀ ਈ ਨਾ ਹੋਏ।
“ਤੇਰਾ ਸ਼ਹਿਜ਼ਾਦਾ ਆਇਆ ਏ...”
“ਉਸਨੂੰ ਕਿਤੇ ਹੋਰ ਜਾਣ ਦਿਓ!”
ਖ਼ੈਰ ਜੀ, ਹਰ ਚੀਜ਼ 'ਕਿਧਰੇ ਹੋਰ' ਈ ਹੁੰਦੀ ਏ—ਮਰਦਾਂ ਦੇ ਵਿਚਕਾਰ। ਸਾਰੇ ਚਾਚੇ, ਮਾਮੇ, ਭਰਾ ਇਕੱਠੇ ਨੇ, ਲਾੜੇ ਦੇ ਘਰ ਵਾਲਿਆਂ ਸਮੇਤ। ਕੋਈ ਇਕ ਤਾਰੀਖ਼ ਦੱਸਦਾ ਏ ਤੇ ਗੱਲਬਾਤ ਸ਼ੁਰੂ ਹੁੰਦੀ ਏ, ਕਿਉਂਕਿ ਉਹਨਾਂ ਨੇ ਅਜਿਹਾ ਦਿਨ ਲੱਭਣਾ ਏ ਜਿਹੜਾ ਸਾਰਿਆਂ ਲਈ ਸਹੂਲਤ ਵਾਲਾ ਹੋਏ, ਜਿਹੜਾ ਚੰਦ, ਬਿਜਾਈ, ਕਟਾਈ ਦੇ ਨਾਲ ਠੀਕ ਬੈਠੇ।
“ਜੁੰਮੇ ਨੂੰ ਨਹੀਂ,” ਕੋਈ ਕਹਿ ਸਕਦਾ ਏ, “ਇਕ ਹੋਰ ਚਚੇਰੇ ਭਰਾ ਦੀ ਸ਼ਾਦੀ ਏ।”
“ਤਾਂ ਐਤਵਾਰ ਸਹੀ।”
“ਨਹੀਂ, ਐਤਵਾਰ ਨਹੀਂ,” ਕੋਈ ਹੋਰ ਆਦਮੀ ਇਤਰਾਜ਼ ਕਰਦਾ ਏ। “ਓਦੇਂ ਤਾਂ ਮੇਰੇ ਪਾਣੀ ਦੀ ਵਾਰੀ ਹੁੰਦੀ ਏ, ਮੈਂ ਵਿਹਲਾ ਨਹੀਂ ਹੋਵਾਂਗਾ।”
ਆਖ਼ਰਕਾਰ, ਉਹ ਇਕ ਅਜਿਹਾ ਦਿਨ ਤੈਅ ਕਰ ਲੈਂਦੇ ਨੇ ਜਿਹੜਾ ਸਾਰਿਆਂ ਲਈ ਤਸੱਲੀ ਬਖ਼ਸ਼ ਏ। ਔਰਤਾਂ ਨੂੰ ਬੋਲਣ ਦਾ ਕੋਈ ਹੱਕ ਨਹੀਂ ਏ। ਕੁੜੀਆਂ ਨੂੰ ਤਾਂ ਬਿਲਕੁਲ ਵੀ ਨਹੀਂ।
ਉਸ ਸ਼ਾਮ ਘਰ ਦਾ ਮੁਖੀ ਘਰ ਆ ਕੇ ਇਹ ਖ਼ਬਰ ਆਪਣੀ ਬੀਵੀ ਨੂੰ ਦੇਂਦਾ ਏ, ਤੇ ਇੰਜ ਕਿਸੇ ਕੁੜੀ ਨੂੰ ਪਤਾ ਲੱਗਦਾ ਏ ਕਿ ਫ਼ਲਾਨੇ ਦਿਨ ਉਸਦਾ ਵਿਆਹ ਹੋਏਗਾ। ਮੈਨੂੰ ਆਪਣੀ ਸ਼ਾਦੀ ਦਾ ਦਿਨ ਤੇ ਮਹੀਨਾ ਯਾਦ ਨਹੀਂ, ਪਰ ਮੈਨੂੰ ਏਨਾ ਜ਼ਰੂਰ ਯਾਦ ਏ ਤਾਰੀਖ਼ ਰਮਜ਼ਾਨ ਸ਼ੁਰੂ ਹੋਣ ਤੋਂ ਇਕ ਮਹੀਨਾ ਪਹਿਲਾਂ ਦੀ ਤੈਅ ਹੋਈ ਸੀ।
ਜਦੋਂ ਮੈਨੂੰ ਆਪਣੇ ਹੋਣ ਵਾਲੇ ਸ਼ੌਹਰ ਦਾ ਨਾਂ ਪਤਾ ਲੱਗਿਆ ਸੀ, ਮੈਂ ਉਸਨੂੰ ਯਾਦ ਕਰਨ ਦੀ ਕੋਸ਼ਿਸ਼ ਕੀਤੀ ਸੀ। ਮੈਂ ਉਸਨੂੰ ਚਲਦੇ-ਫਿਰਦੇ ਈ ਕਿਤੇ ਦੇਖਿਆ ਸੀ, ਸੜਕ 'ਤੇ ਜਾਂਦਾ ਹੋਇਆ ਜਾਂ ਕਿਸੇ ਰਸਮ ਅਦਾਇਗੀ ਦੇ ਦੌਰਾਨ। ਮੈਨੂੰ ਏਨਾ ਯਾਦ ਆਇਆ ਸੀ ਕਿ ਉਹ ਬੁਰੀ ਤਰ੍ਹਾਂ ਲੰਗੜਾਉਂਦਾ ਸੀ, ਅਜਿਹੇ ਆਦਮੀ ਵਾਂਗ ਜਿਸਨੂੰ ਪੋਲੀਓ ਹੋਇਆ ਹੁੰਦਾ ਏ। ਖ਼ੈਰ, ਮੈਂ ਕਿਸੇ ਨੂੰ ਕੁਝ ਨਹੀਂ ਕਿਹਾ। ਮੈਂ ਬੱਸ ਇਹੀ ਸੋਚਿਆ ਸੀ— “ਅੱਛਾ, ਤਾਂ ਉਹ ਏ...?”
ਪਰ ਮੈਨੂੰ ਘਬਰਾਹਟ ਸੀ। ਮੇਰੇ ਅੱਬਾ ਨੇ ਇਹ ਸ਼ੌਹਰ ਨਹੀਂ ਸੀ ਚੁਣਨਾ, ਬਲਕਿ ਮੇਰੇ ਚਾਚੇ ਨੇ ਚੁਣਨਾ ਸੀ। ਤੇ ਮੈਂ ਹੈਰਾਨੀ ਨਾਲ ਸੋਚਿਆ ਸੀ—ਉਹ ਮੇਰੀ ਸ਼ਾਦੀ ਉਸ ਆਦਮੀ ਨਾਲ ਕਿਉਂ ਕਰ ਰਿਹਾ ਏ। ਆਪਣੀ ਭਤੀਜੀ ਉਸਨੂੰ ਕਿਉਂ ਦੇ ਰਿਹਾ ਏ? ਉਸਦਾ ਚਿਹਰਾ ਤਾਂ ਖ਼ੂਬਸੂਰਤ ਸੀ, ਪਰ ਮੈਂ ਉਸਨੂੰ ਜਾਣਦੀ ਨਹੀਂ ਸੀ, ਤੇ ਉਹ ਲੰਗੜਾਉਂਦਾ ਸੀ।
ਜਦੋਂ ਨਸੀਮ ਨੇ ਮੈਨੂੰ ਪੁੱਛਿਆ ਸੀ ਕਿ ਜੋ ਵੀ ਹੋਏ, ਮੈਂ ਉਸਨੂੰ ਪਸੰਦ ਕਰਦੀ ਸਾਂ ਜਾਂ ਨਹੀਂ, ਮੈਨੂੰ ਧੱਕਾ ਜਿਹਾ ਲੱਗਿਆ ਸੀ—ਮੈਨੂੰ ਅਜਿਹੇ ਸਵਾਲਾਂ ਦਾ ਜਵਾਬ ਦੇਣ ਦੀ ਆਦਤ ਨਹੀਂ ਸੀ। ਪਰ ਉਹ ਹੱਸੀ ਸੀ, ਤੇ ਉਸਦੇ ਬਾਵਜੂਦ ਜਾਣਨਾ ਚਾਹੁੰਦੀ ਸੀ।
“ਮੈਂ ਉਸਨੂੰ ਜ਼ਿਆਦਾ ਪਸੰਦ ਨਹੀਂ ਸਾਂ ਕਰਦੀ। ਜੇ ਮੈਂ ਮਨ੍ਹਾਂ ਕਰਨ ਦੇ ਕਾਬਿਲ ਹੁੰਦੀ, ਮੈਂ ਮਨ੍ਹਾਂ ਕਰ ਦਿੱਤਾ ਹੁੰਦਾ।”
ਉਸ ਬਾਰੇ ਮੈਨੂੰ ਸਿਰਫ਼ ਇਹੀ ਪਤਾ ਸੀ ਕਿ ਉਸਦੇ ਮਾਂ-ਬਾਪ ਗੁਜਰ ਚੁੱਕੇ ਸਨ। ਤੇ ਇਹ ਕਿ ਉਹ ਆਪਣੇ ਵੱਡੇ ਭਰਾ ਦੇ ਨਾਲ ਸਾਡੇ ਘਰ ਆਇਆ ਸੀ। ਇਕ ਵਾਰੀ ਜਦੋਂ ਦਿਨ ਤੈਅ ਹੋ ਗਿਆ ਸੀ, ਮੇਰੀ ਕੁੜਮਾਈ ਆਪਣੇ-ਆਪ ਹੋ ਗਈ ਸੀ। ਹੁਣ ਹਰ ਔਰਤ ਦੇ ਮੂੰਹੋਂ ਨਸੀਹਤਾਂ ਦੀ ਝੜੀ ਲੱਗ ਜਾਂਦੀ, ਤੇ ਉਹ ਹਮੇਸ਼ਾ ਇਕੋ-ਜਿਹੀਆਂ ਹੁੰਦੀ...:
“ਤੂੰ ਆਪਣੇ ਸ਼ੌਹਰ ਦੇ ਘਰ ਜਾਏਂਗੀ। ਆਪਣੇ ਮਾਂ-ਬਾਪ ਦੀ, ਆਪਣੇ ਘਰ ਦੇ ਨਾਂ ਦੀ ਇੱਜ਼ਤ ਵਧਾਉਣ ਦੀ ਕੋਸ਼ਿਸ਼ ਕਰੀਂ।”
“ਜੋ ਉਹ ਤੈਨੂੰ ਕਹੇ, ਉਹੀ ਕਰੀਂ। ਉਸਦੇ ਘਰ ਵਾਲਿਆਂ ਦੀ ਇੱਜ਼ਤ ਕਰੀਂ।”
“ਤੂੰ ਉਸਦੀ ਇੱਜ਼ਤ ਏਂ, ਤੇ ਉਸਦੇ ਘਰ ਵਾਲਿਆਂ ਦੀ। ਇਹ ਯਾਦ ਰੱਖੀਂ...”
ਸਾਡੀਆਂ ਮਾਂਵਾਂ ਸਾਨੂੰ ਕੁਝ ਨਹੀਂ ਦੱਸਦੀਆਂ। ਇਹ ਮੰਨ ਲਿਆ ਜਾਂਦਾ ਏ ਕਿ ਸਾਨੂੰ ਪਤਾ ਹੋਏਗਾ ਸ਼ਾਦੀ ਵਿਚ ਕੀ ਕੁਝ ਹੁੰਦਾ ਏ। ਦਰਅਸਲ, ਮੈਨੂੰ ਇਹ ਫ਼ਿਕਰ ਨਹੀਂ ਸੀ ਕਿ ਮੈਨੂੰ ਆਪਣੇ ਸ਼ੌਹਰ ਦਾ ਲਿਹਾਜ਼ ਕਰਨਾ ਪਏਗਾ, ਕਿਉਂਕਿ ਪਾਕਿਸਤਾਨ ਵਿਚ ਸਾਰੀਆਂ ਔਰਤਾਂ ਇੰਜ ਕਰਦੀਆਂ ਨੇ। ਰਹੀਆਂ ਬਾਕੀ ਗੱਲਾਂ, ਤਾਂ ਉਹ ਇਕ ਅਜਿਹਾ ਰਾਜ਼ ਏ, ਜਿਸ ਨੂੰ ਸ਼ਾਦੀ-ਸ਼ੁਦਾ ਔਰਤਾਂ, ਕੁੜੀਆਂ ਨਾਲ ਸਾਂਝਾ ਨਹੀਂ ਕਰਦੀਆਂ। ਤੇ ਸਾਨੂੰ ਕੋਈ ਸਵਾਲ ਕਰਨ ਦਾ ਹੱਕ ਨਹੀਂ ਏ। ਖ਼ੈਰ ਜੀ, ਸ਼ਾਦੀ ਕਰਨਾ ਤੇ ਬੱਚੇ ਪੈਦਾ ਕਰਨਾ ਸਾਡੀ ਜ਼ਿੰਦਗੀ ਦੀ ਮਾਮੂਲੀ ਸੱਚਾਈ ਏ। ਮੈਂ ਔਰਤਾਂ ਨੂੰ ਬੱਚਾ ਜਣਦਿਆਂ ਦੇਖਿਆ ਏ, ਮੈਨੂੰ ਜੋ ਜਾਣਨ ਦੀ ਲੋੜ ਏ, ਉਹ ਸਭ ਕੁਝ ਮੈਨੂੰ ਪਤਾ ਏ। ਲੋਕ ਗਾਣਿਆਂ 'ਚ ਦੂਜੇ ਮੁਲਕਾਂ ਦੇ ਪਿਆਰ ਮੁਹੱਬਤ ਦੀਆਂ ਗੱਲਾਂ ਕਰਦੇ ਨੇ, ਪਰ ਉਹ ਸਭ ਮੇਰੇ ਲਈ ਨਹੀਂ। ਇਕ ਦਿਨ ਮੈਂ ਆਪਣੇ ਚਾਚੇ ਦੇ ਘਰ ਟੈਲੀਵਿਜ਼ਨ 'ਤੇ ਇਕ ਫ਼ਿਲਮ ਦੇਖੀ—ਇਕ ਖ਼ੂਬਸੂਰਤ ਔਰਤ ਚਿਹਰੇ 'ਤੇ ਖ਼ੂਬ ਬਣਾਅ-ਸ਼ਿੰਗਾਰ ਕਰੀ ਤੇ ਆਪਣੀਆਂ ਬਾਹਾਂ ਲਹਿਰਾਉਂਦੀ ਹੋਈ, ਆਪਣੇ ਹੱਥ ਇਕ ਆਦਮੀ ਵੱਲ ਵਧਾ ਰਹੀ ਸੀ ਜਿਹੜਾ ਉਸਨੂੰ ਰੁਆ ਰਿਹਾ ਸੀ। ਮੈਨੂੰ ਕੁਝ ਪਤਾ ਨਹੀਂ ਕਿ ਉਹ ਉਰਦੂ ਵਿਚ ਕੀ ਕਹਿ ਰਹੀ ਸੀ, ਪਰ ਮੇਰੇ ਖ਼ਿਆਲ 'ਚ ਉਹ ਆਪਣਾ ਖਾਸਾ ਤਮਾਸ਼ਾ ਬਣਾ ਰਹੀ ਸੀ।
ਸਾਡੇ ਘਰ ਵਿਚ ਸਭ ਕੁਝ ਸਿੱਧਾ-ਸਾਦਾ ਸੀ, ਪਹਿਲਾਂ ਤੈਅ ਕੀਤਾ ਕਰਾਇਆ। ਮੇਰੇ ਮਾਂ-ਬਾਪ ਨੇ ਦਹੇਜ਼ ਦਾ ਇੰਤਜ਼ਾਮ ਕੀਤਾ ਸੀ, ਤੇ ਮੇਰੀ ਮਾਂ ਵਰ੍ਹਿਆਂ ਤੋਂ ਛੋਟੀਆਂ-ਛੋਟੀਆਂ ਚੀਜ਼ਾਂ ਇਕੱਠੀਆਂ ਕਰ ਰਹੀ ਸੀ, ਜਿਵੇਂ ਗਹਿਣੇ, ਚਾਦਰਾਂ, ਕੱਪੜੇ। ਕੁੜੀ ਦੇ ਸਾਮਾਨ ਦਾ ਮਾਮਲਾ ਆਖ਼ਰੀ ਵਕਤ ਵਿਚ ਨਿਪਟਾਇਆ ਜਾਂਦਾ ਏ। ਮੇਰੇ ਬਾਪ ਨੇ ਮੇਰੇ ਲਈ ਇਕ ਪਲੰਘ ਬਣਵਾਇਆ ਸੀ। ਆਪਣੀ ਸ਼ਾਦੀ ਵਾਲੇ ਦਿਨ ਮੈਂ ਰਿਵਾਜ ਮੁਤਾਬਕ ਕਰੜਾਈ ਨਾਲ ਅਮਲ ਕਰਦਿਆਂ ਉਹ ਕੱਪੜੇ ਪਾਏ ਜਿਹੜੇ ਮੇਰੇ ਹੋਣ ਵਾਲੇ ਸ਼ੋਹਰ ਨੇ ਮੇਰੇ ਲਈ ਖ਼ਰੀਦੇ ਸਨ। ਸਾਡੀ ਤਹਿਜ਼ੀਬ ਅਨੁਸਾਰ ਦੁਲਹਨ ਲਾਲ ਜੋੜਾ ਪਾਉਂਦੀ ਏ ਜਿਸਦਾ ਖ਼ਾਸ ਮਤਲਬ ਏ ਤੇ ਉਹ ਵੀ ਖਾਸਾ ਮਹੱਤਵ ਰੱਖਦਾ ਏ। ਰਸਮਾਂ ਤੋਂ ਬੜੀ ਪਹਿਲਾਂ ਦੁਲਹਨ ਨੂੰ ਆਪਣੇ ਵਾਲਾਂ ਦੀਆਂ ਦੋ ਗੁੱਤਾਂ ਕਰਨੀਆਂ ਪੈਂਦੀਆਂ ਨੇ, ਤੇ ਉਸਦੀ ਸ਼ਾਦੀ ਤੋਂ ਇਕ ਹਫ਼ਤਾ ਪਹਿਲਾਂ ਦੁਲਹੇ ਦੇ ਘਰ ਦੀਆਂ ਔਰਤਾਂ ਉਹਨਾਂ ਨੂੰ ਖੋਲ੍ਹਣ ਲਈ ਆਉਂਦੀਆਂ ਨੇ—ਆਪਣੇ ਨਾਲ ਉਹ ਸਾਰਾ ਖਾਣ ਪੀਣ ਦਾ ਸਾਮਾਨ ਲੈ ਕੇ ਜਿਸਨੂੰ ਦੁਲਹਨ ਉਸ ਆਖ਼ਰੀ ਹਫ਼ਤੇ ਦੌਰਾਨ ਖਾਏਗੀ। ਇਸ ਦੋਹਰੀ ਰਸਮ ਦਾ ਕੀ ਮਤਲਬ ਏ, ਇਹ ਤਾਂ ਮੈਨੂੰ ਪਤਾ ਨਹੀਂ, ਪਰ ਮੈਂ ਓਵੇਂ ਈ ਕੀਤਾ ਸੀ ਤੇ ਸ਼ਾਦੀ ਵਾਲੇ ਦਿਨ ਮੇਰੇ ਵਾਲ ਬੜੇ ਖ਼ੂਬਸੂਰਤ ਲਹਿਰਦਾਰ ਹੋ ਗਏ ਸਨ।
ਇਸ ਪਿੱਛੋਂ ਮਹਿੰਦੀ ਦੀ ਰਸਮ ਦੀ ਵਾਰੀ ਆਈ। ਮੇਰੇ ਹੋਣ ਵਾਲੇ ਸਹੁਰਿਆਂ ਦੀਆਂ ਜ਼ਨਾਨੀਆਂ ਨੇ ਮੇਰੀਆਂ ਹੱਥੇਲੀਆਂ ਤੇ ਪੈਰਾਂ ਦੀਆਂ ਤਲੀਆਂ 'ਤੇ ਮਹਿੰਦੀ ਲਾਈ। ਫੇਰ ਗੁਸਲ (ਨਹਾਈ ਧੋਈ) ਦੀ ਰਸਮ ਹੋਈ ਤੇ ਲਾੜੀ ਨੂੰ ਕੱਪੜੇ ਪੁਆਉਣ ਦੀ—ਖੁੱਲ੍ਹੀ ਸਲਵਾਰ, ਲੰਮੀ ਕਮੀਜ਼, ਵੱਡੀ ਸਾਰੀ ਚਾਦਰ, ਤੇ ਸਭ ਦੇ ਸਭ ਲਾਲ। ਮੌਕੇ ਦਾ ਲਿਹਾਜ਼ ਕਰਦਿਆਂ ਹੋਇਆਂ ਮੈਂ ਬੁਰਕਾ ਵੀ ਪਾਇਆ, ਜਿਹੜਾ ਮੈਂ ਪਹਿਲਾਂ ਵੀ ਰਿਸ਼ਤੇਦਾਰਾਂ ਨੂੰ ਮਿਲਣ ਲਈ ਬਾਹਰ ਜਾਂਦਿਆਂ ਹੋਇਆਂ ਪਾਉਂਦੀ ਰਹੀ ਆਂ, ਇਸ ਲਈ ਮੈਨੂੰ ਉਸਦੀ ਆਦਤ ਏ। ਕਦੀ-ਕਦੀ ਮੈਂ ਘਰੋਂ ਨਿਕਲਦੀ ਹੋਈ ਉਸਨੂੰ ਪਾ ਲੈਂਦੀ ਸੀ ਤੇ ਜਦੋਂ ਮੈਂ ਕਾਫ਼ੀ ਦੂਰ ਆ ਜਾਂਦੀ ਸੀ ਤਾਂ ਆਪਣਾ ਮੂੰਹ ਨੰਗਾ ਕਰ ਲੈਂਦੀ ਸੀ, ਪਰ ਮੈਂ ਆਪਣੇ ਘਰ ਵਾਲਿਆਂ ਵਿਚੋਂ ਕਿਸੇ ਨੂੰ ਦੇਖਦੀ ਤਾਂ ਲਿਹਾਜ਼ ਦੇ ਖ਼ਿਆਲ ਨਾਲ ਚਿਹਰਾ ਫੇਰ ਢਕ ਲੈਂਦੀ ਸੀ। ਉਸਨੂੰ ਪਾ ਕੇ ਦੇਖਣਾ ਮੁਸ਼ਕਲ ਨਹੀਂ ਏ, ਕਿਉਂਕਿ ਇਹਨਾਂ ਬੁਰਕਿਆਂ ਵਿਚ ਛੇਕ ਉਹਨਾਂ ਬੁਰਕਿਆਂ ਦੇ ਛੇਕਾਂ ਨਾਲੋਂ ਸਾਫ਼ ਤੌਰ 'ਤੇ ਜ਼ਿਆਦਾ ਹੁੰਦੇ ਨੇ ਜਿਹੜੇ ਅਫ਼ਗਾਨਿਸਤਾਨ ਵਿਚ ਪਾਏ ਜਾਂਦੇ ਨੇ। ਜ਼ਾਹਰ ਏ ਕਿ ਇਹ ਪਾਉਣ ਲਈ ਆਰਮ ਦੇਹ ਚੀਜ਼ ਨਹੀਂ, ਪਰ ਇੱਥੇ ਔਰਤਾਂ ਉਸਨੂੰ ਸ਼ਾਦੀ ਤੋਂ ਪਹਿਲਾਂ ਈ ਪਾਉਂਦੀਆਂ ਨੇ, ਤੇ ਬਹੁਤ ਸਾਰੀਆਂ ਸ਼ਾਦੀ-ਸ਼ੁਦਾ ਔਰਤਾਂ ਉਸਨੂੰ ਛੱਡ ਵੀ ਦੇਂਦੀਆਂ ਨੇ।
ਮੇਰਾ ਨਾਨਾ ਜਿਸ ਦੀਆਂ ਬਹੁਤ ਸਾਰੀਆਂ ਬੀਵੀਆਂ ਸਨ, ਹਮੇਸ਼ਾ ਕਹਿੰਦਾ ਸੀ, “ਮੇਰੀਆਂ ਬੀਵੀਆਂ ਵਿਚੋਂ ਕਿਸੇ ਨੇ ਬੁਰਕਾ ਨਹੀਂ ਪਾਇਆ। ਜੇ ਉਹ ਉਸਨੂੰ ਪਾਉਣਾ ਚਾਹੇ ਤਾਂ ਇਹ ਉਸਨੂੰ ਹੱਕ ਏ, ਪਰ ਉਸ ਹਾਲਤ ਵਿਚ ਉਸਨੂੰ ਜ਼ਿੰਦਗੀ ਭਰ ਉਹ ਪਾਉਣਾ ਪਏਗਾ।”
ਆਮ ਤੌਰ 'ਤੇ, ਇਮਾਮ ਨਿਕਾਹ ਪੜ੍ਹਾਉਣ ਲਈ ਮਹਿੰਦੀ ਵਾਲੇ ਦਿਨ, ਜਾਂ ਫੇਰ ਸ਼ਾਦੀ ਵਾਲੇ ਦਿਨ ਆਉਂਦਾ ਏ। ਮੇਰੇ ਮਾਮਲੇ 'ਚ, ਇਹ ਰਸਮ ਮਹਿੰਦੀ ਵਾਲੇ ਦਿਨ ਹੋਈ ਸੀ। ਜਦੋਂ ਇਮਾਮ ਨੇ ਮੈਨੂੰ ਪੁੱਛਿਆ ਕਿ ਕੀ ਮੈਂ ਦੁਲਹੇ ਨੂੰ ਆਪਣੇ ਸ਼ੌਹਰ ਦੇ ਤੌਰ 'ਤੇ ਮੰਜ਼ੂਰ ਕਰਦੀ ਆਂ ਤਾਂ ਮੈਂ ਏਨਾ ਸ਼ਰਮਾ ਗਈ ਸਾਂ ਕਿ ਜਵਾਬ ਈ ਨਹੀਂ ਸੀ ਦੇ ਸਕੀ—ਨਾ ਹਾਂ, ਨਾ ਨਾਂਹ! ਮੈਂ ਆਪਣੇ ਮੂੰਹੋਂ ਇਕ ਲਫ਼ਜ਼ ਵੀ ਨਹੀਂ ਕੱਢ ਸਕੀ, ਲਿਹਾਜ਼ਾ ਇਮਾਮ ਨੇ ਜਵਾਬ ਲਈ ਮੇਰੇ ਉੱਤੇ ਜ਼ੋਰ ਦਿੱਤਾ...:
“ਹਾਂ ਤਾਂ? ਦੱਸ ਮੈਨੂੰ! ਮੈਨੂੰ ਦੱਸ!”
ਉੱਥੇ ਬੈਠੀਆਂ ਔਰਤਾਂ ਨੂੰ ਹਾਂ ਦਾ ਇਸ਼ਾਰਾ ਕਰਨ ਲਈ ਮੇਰਾ ਸਿਰ ਹਿਲਾਉਣਾ ਪਿਆ।
“ਸ਼ਰਮੀਲੀ ਐ ਜੀ,” ਉਹਨਾਂ ਸਮਝਾਇਆ, “ਪਰ ਉਸਨੇ ਹਾਂ ਕਹਿ ਦਿੱਤਾ ਏ, ਬੱਸ!”
ਮੇਰੀ ਸ਼ਾਦੀ ਵਾਲੇ ਦਿਨ ਗੋਸ਼ਤ ਤੇ ਚਾਵਲਾਂ ਦੀ ਦਾਵਤ ਦੇ ਬਾਅਦ (ਜਿਸਦੀ ਮੈਂ ਇਕ ਵੀ ਬੁਰਕੀ ਨਹੀਂ ਖਾਧੀ) ਅਸੀਂ ਦੁਲਹੇ ਦੇ ਘਰ ਵਾਲਿਆਂ ਦਾ ਇੰਤਜ਼ਾਰ ਕਰਨਾ ਸੀ ਕਿ ਉਹ ਆ ਕੇ ਮੈਨੂੰ ਲੈ ਜਾਣ। ਇਸ ਦੌਰਾਨ, ਕੁਝ ਹੋਰ ਰਸਮਾਂ ਬਾਕੀ ਸਨ।
ਮੇਰੇ ਵੱਡੇ ਭਰਾ ਨੇ ਮੇਰੇ ਵਾਲਾਂ ਵਿਚ ਥੋੜ੍ਹਾ ਜਿਹਾ ਤੇਲ ਲਾਉਣਾ ਤੇ ਮੇਰੀਆਂ ਬਾਹਾਂ 'ਤੇ ਕਢਾਈਦਾਰ ਕੱਪੜੇ ਦਾ ਬਾਜ਼ੂਬੰਦ ਬੰਨ੍ਹਣਾ ਸੀ। ਇਕ ਔਰਤ ਨੇ ਤੇਲ ਦਾ ਛੋਟਾ ਜਿਹਾ ਕਟੋਰਾ ਫੜਿਆ ਹੋਇਆ ਸੀ ਤੇ ਮੇਰੇ ਭਰਾ ਨੂੰ ਖ਼ੁਦ ਪਹਿਲੀ ਰਸਮ ਪੂਰੀ ਕਰਨ ਲਈ ਉਸ ਵਿਚ ਇਕ ਸਿੱਕਾ ਪਾਉਣਾ ਪਿਆ ਸੀ। ਉਸ ਪਿੱਛੋਂ ਮੇਰੇ ਸਾਰੇ ਘਰ ਵਾਲਿਆਂ ਨੇ ਵਾਰੀ-ਵਾਰੀ ਉਂਗਲਾਂ ਤੇਲ ਵਿਚ ਡਬੋਈਆਂ ਸਨ ਤੇ ਮੇਰੇ ਸਿਰ 'ਤੇ ਲਾਈਆਂ ਸਨ।
ਲਾੜੇ ਨੂੰ ਹੁਣ ਇਜਾਜ਼ਤ ਦਿੱਤੀ ਗਈ ਕਿ ਉਹ ਘਰ ਦੇ ਅੰਦਰ ਦਾਖ਼ਲ ਹੋ ਸਕੇ। ਮੈਂ ਅਜੇ ਤੀਕ ਹਕੀਕਤ ਵਿਚ ਉਸਨੂੰ ਨਹੀਂ ਸੀ ਮਿਲੀ, ਤੇ ਉਹ ਬੁਰਕੇ ਦੇ ਪਿੱਛੇ ਮੇਰਾ ਚਿਹਰਾ ਨਹੀਂ ਦੇਖ ਸਕਦਾ ਸੀ। ਮੈਂ ਆਪਣੀਆਂ ਸਾਰੀਆਂ ਚਚੇਰੀਆਂ-ਮਮੇਰੀਆਂ ਭੈਣਾਂ ਵਿਚਕਾਰ ਬੈਠੀ ਇੰਤਜ਼ਾਰ ਕਰਦੀ ਰਹੀ, ਜਿਹਨਾਂ ਦਾ ਕੰਮ ਉਸਨੂੰ ਤਦ ਤੀਕ ਅੰਦਰ ਆਉਣ ਤੋਂ ਰੋਕਣਾ ਸੀ ਜਦ ਤੀਕ ਉਹ ਉਹਨਾਂ ਨੂੰ ਇਕ ਛੋਟਾ ਜਿਹਾ ਨੋਟ ਨਾ ਦੇ ਦਏ। ਇਕ ਵਾਰੀ ਉਸਨੇ ਉਹਨਾਂ ਨੂੰ ਪੈਸੇ ਦੇ ਦਿੱਤੇ ਤਾਂ ਉਸਨੂੰ ਅੰਦਰ ਆਉਣ ਦੀ ਇਜਾਜ਼ਤ ਮਿਲੀ। ਉਹ ਮੇਰੇ ਨਾਲ ਬੈਠ ਗਿਆ, ਤੇ ਮੇਰੀਆਂ ਭੈਣਾਂ ਨੇ ਉਸਨੂੰ ਇਕ ਤਸ਼ਤਰੀ ਵਿਚ ਦੁੱਧ ਦਾ ਗ਼ਲਾਸ ਲਿਆ ਕੇ ਦਿੱਤਾ। ਗ਼ਲਾਸ ਖ਼ਾਲੀ ਕਰਨ ਪਿੱਛੋਂ ਉਸਨੇ ਇਕ ਹੋਰ ਛੋਟਾ-ਜਿਹਾ ਨੋਟ ਉਹਨਾਂ ਨੂੰ ਫੜਾ ਦਿਤਾ। ਫੇਰ ਤੇਲ ਦੀ ਰਸਮ ਦੁਬਾਰਾ ਸ਼ੁਰੂ ਹੋਈ, ਇਸ ਵਾਰੀ ਕੁਝ ਫ਼ਰਕ ਨਾਲ। ਜਿਸ ਔਰਤ ਨੂੰ ਤੇਲ ਦੇ ਕਟੋਰੇ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ, ਉਸਨੇ ਰੂੰ ਦੇ ਛੋਟੇ-ਛੋਟੇ ਫੰਬੇ ਤੇਲ ਵਿਚ ਡੁਬੋਏ ਤੇ ਉਹਨਾਂ ਨੂੰ ਲਾੜੇ ਦੇ ਚਿਹਰੇ ਉੱਤੇ ਸੁੱਟਦਿਆਂ ਹੋਇਆਂ ਕਿਹਾ, “ਲੈ, ਇਹ ਨੇ ਤੇਰੇ ਲਈ ਫੁੱਲ।”
ਫੇਰ ਉਸਨੇ ਰੂੰ ਦੀ ਇਕ ਹੋਰ ਗੋਲੀ ਮੇਰੀ ਸੱਜੀ ਹਥੇਲੀ 'ਤੇ ਰੱਖ ਦਿੱਤੀ, ਜਿਸਨੂੰ ਮੈਂ ਪੂਰੀ ਤਾਕਤ ਨਾਲ ਕੱਸ ਕੇ ਭੀਚੀ ਰੱਖਣਾ ਸੀ ਤਾਕਿ ਲਾੜਾ ਮੇਰੀ ਮੁੱਠੀ ਨਾ ਖੋਲ੍ਹ ਸਕੇ। ਇਹ ਇਕ ਤਰ੍ਹਾਂ ਨਾਲ ਤਾਕਤ ਦਾ ਇਮਤਿਹਾਨ ਸੀ—ਜੇ ਉਹ ਮੇਰੀ ਮੁੱਠੀ ਖੋਲ੍ਹ ਲੈਂਦਾ ਏ, ਤਾਂ ਮੇਰੇ ਲਈ ਬੜਾ ਬੁਰਾ ਏ, ਉਹ ਜਿੱਤ ਗਿਆ ਏ—ਜੇ ਨਹੀਂ ਖੋਲ੍ਹ ਸਕਦਾ ਤਾਂ ਹਾਰ, ਕੋਈ ਉਸ 'ਤੇ ਹੱਸਦਾ ਏ।
“ਕੈਸਾ ਮਰਦ ਏਂ ਤੂੰ—ਉਸਦੀ ਮੁੱਠੀ ਨਹੀਂ ਖੋਲ੍ਹ ਸਕਦਾ!”
ਫੇਰ ਉਸਦਾ ਫ਼ਰਜ਼ ਬਣਦਾ ਏ ਕਿ ਉਹ ਮੈਨੂੰ ਪੁੱਛੇ ਕਿ ਮੈਂ ਕੀ ਚਾਹੁੰਦੀ ਆਂ।
“ਜੇ ਤੂੰ ਚਾਹੁੰਦਾ ਏਂ ਕਿ ਮੈਂ ਮੁੱਠੀ ਖੋਲ੍ਹ ਦਿਆਂ ਤਾਂ ਤੈਨੂੰ ਮੈਨੂੰ ਇਕ ਗਹਿਣਾ ਦੇਣਾ ਪਏਗਾ।”
ਤੇ ਦੁਲਹਨ ਇਸ ਖੇਡ ਨੂੰ ਦੁਬਾਰਾ ਖੇਡ ਸਕਦੀ ਏ, ਜਿਸ ਵਿਚ ਔਰਤਾਂ ਉਸਦੀ ਮੁੱਠ ਵਿਚ ਰੂੰ ਦੀ ਗੋਲੀ ਫੜਾ ਦਿੰਦੀਆਂ ਨੇ ਤੇ ਸ਼ੌਹਰ ਇਕ ਵਾਰੀ ਫੇਰ ਉਸਦੀ ਮੁੱਠੀ ਖੋਲ੍ਹਣ ਦੀ ਕੋਸ਼ਿਸ਼ ਕਰਦਾ ਏ। ਚਚੇਰੀਆਂ-ਮਮੇਰੀਆਂ ਤੇ ਸਕੀਆਂ ਭੈਣਾਂ, ਤੇ ਘੇਰਾ ਬਣਾਈ ਖੜ੍ਹੀਆਂ ਦੂਜੀਆਂ ਕੁੜੀਆਂ, ਆਮ ਤੌਰ 'ਤੇ ਜਿੱਤਣ ਲਈ ਕੁੜੀ ਨੂੰ ਹਲਾਸ਼ੇਰੀ ਦੇਂਦੀਆਂ ਹੋਈਆਂ ਚੀਕਦੀਆਂ ਨੇ, “ਉਸ ਤੋਂ ਇਹ ਮੰਗ, ਤੇ ਉਹ ਮੰਗ...”
ਮੈਂ ਪਹਿਲੀ ਵਾਰੀ ਆਪਣੀ ਮੁੱਠੀ ਬੰਦ ਕੀਤੀ ਸੀ, ਤੇ ਉਹ ਉਸਨੂੰ ਨਹੀਂ ਸੀ ਖੋਲ੍ਹ ਸਕਿਆ; ਦੂਜੀ ਵਾਰੀ ਵੀ ਉਸਨੂੰ ਕਾਮਯਾਬੀ ਨਹੀਂ ਮਿਲੀ ਸੀ ਤੇ ਸਾਰੀਆਂ ਔਰਤਾਂ ਨੇ ਉਸਦੀ 'ਓਇ-ਓਇ' ਬੁਲਾਈ ਸੀ।
ਮੈਂ ਨਹੀਂ ਜਾਣਦੀ ਕਿ ਇਸ ਰਸਮ ਦਾ ਕੋਈ ਡੂੰਘਾ ਮਤਲਬ ਏ, ਜਾਂ ਇਹ ਕਿ ਸ਼ੌਹਰ ਨੇ ਫ਼ਰਜ਼ੀ ਤੌਰ 'ਤੇ ਹਾਰਨਾ ਈ ਹੁੰਦਾ ਏ, ਕਿਉਂਕਿ ਰਿਵਾਜ਼ ਦੇ ਮੁਤਾਬਕ ਉਸਨੂੰ ਘੱਟੋ-ਘੱਟ ਇਕ ਗਹਿਣਾ ਦੇਣ ਦਾ ਵਾਅਦਾ ਤਾਂ ਕਰਨਾ ਈ ਚਾਹੀਦਾ ਏ। ਖ਼ੈਰ ਜੀ, ਕਸ਼ਮਕਸ਼ ਸੱਚੀ ਹੁੰਦੀ ਏ—ਜਿੱਤ ਦੇ ਲਈ ਤੁਹਾਡਾ ਤਾਕਤਵਰ ਹੋਣਾ ਜ਼ਰੂਰੀ ਏ।
ਇਸ ਮੌਕੇ 'ਤੇ ਗੀਤ ਵੀ ਗਾਏ ਜਾਂਦੇ ਨੇ ਜਿਹੜੇ ਕੁੜੀਆਂ ਸਭ ਤੋਂ ਵੱਡੇ ਭਰਾ ਨੂੰ ਸੁਣਾਉਂਦੀਆਂ ਨੇ। ਆਪਣੇ ਪਿਓ ਤੋਂ ਪਿੱਛੋਂ ਉਹੀ ਹੁੰਦਾ ਏ ਜਿਸਨੂੰ ਘਰ ਦੀਆਂ ਕੁੜੀਆਂ ਸਭ ਤੋਂ ਵੱਧ ਪਿਆਰ ਕਰਦੀਆਂ ਨੇ ਤੇ ਇੱਜ਼ਤ ਕਰਦੀਆਂ ਨੇ—ਤੇ ਉਹੀ ਹੁੰਦਾ ਏ ਜਿਹੜਾ ਆਪਣੀ ਭੈਣ ਨੂੰ ਦੂਜੇ ਆਦਮੀ ਦੇ ਹੱਥ ਸੌਂਪਦਾ ਏ।
ਮੈਨੂੰ ਠੀਕ-ਠੀਕ ਯਾਦ ਨਹੀਂ ਕੁੜੀਆਂ ਨੇ ਮੇਰੇ ਭਰਾ ਨੂੰ ਕੀ ਗਾ ਕੇ ਸੁਣਾਇਆ ਸੀ—ਸ਼ਾਇਦ ਇਹ ਗੀਤ ਸੀ...:
ਦੇਖਣੀ ਆਂ ਦੱਖਣ ਵੱਲ
ਲੱਗਦਾ ਏ ਕੇਡੀ ਦੂਰ
ਆਉਂਦਾ ਅਚਾਨਕ ਏ ਮੇਰਾ ਵੀਰ
ਸੋਹਣੀ ਘੜੀ ਏ ਬੱਧੀ ਹੋਈ ਗੁਟ 'ਤੇ
ਤੇ ਉਸਦੀ ਚਾਲ 'ਚ ਏ ਕਿੰਨਾ ਗ਼ਰੂਰ
ਇਸ ਤਰ੍ਹਾਂ ਦੇ ਭੋਲੇ-ਭਾਲੇ ਗੀਤ ਤਾਂ ਹੁਣ ਸ਼ਾਇਦ ਗ਼ਾਇਬ ਹੋ ਜਾਣਗੇ, ਕਿਉਂਕਿ ਕੁੜੀਆਂ ਹੁਣ ਰੇਡੀਓ ਸੁਣਦੀਆਂ ਨੇ, ਪਰ ਵੱਡੇ ਭਰਾ ਲਈ ਇੱਜ਼ਤ ਤੇ ਪਿਆਰ ਬਿਨਾਂ ਤਬਦੀਲ ਹੋਇਆ ਕਾਇਮ ਰਹੇਗਾ।
ਸਾਰਾ ਕੁਨਬਾ ਖ਼ੁਸ਼ ਸੀ, ਤੇ ਮੈਂ ਵੀ, ਕਿਉਂਕਿ ਇਹ ਇਕ ਜਸ਼ਨ ਸੀ। ਪਰ ਮੈਂ ਉਦਾਸ ਤੇ ਫ਼ਿਕਰਮੰਦ ਵੀ ਸੀ ਕਿਉਂਕਿ ਮੈਂ ਉਸ ਘਰ ਨੂੰ ਛੱਡਣ ਵਾਲੀ ਸੀ ਜਿੱਥੇ ਮੈਂ ਲਗਾਤਾਰ ਵੀਹ ਵਰ੍ਹੇ ਬਿਤਾਏ ਸਨ। ਇਹ ਸਭ ਬੀਤ ਚੁੱਕਿਆ ਸੀ—ਹੁਣ ਮੈਂ ਕਦੀ ਉੱਥੇ ਸੱਚਮੁੱਚ ਘਰ ਨਹੀਂ ਹੋਵਾਂਗੀ। ਉਹ ਬਚਕਾਨੇ ਖੇਡ, ਉਹ ਸੰਗੀ-ਸਾਥੀ, ਉਹ ਭਰਾ ਤੇ ਭੈਣਾਂ—ਸਾਰੇ ਵਿੱਛੜ ਜਾਣਗੇ। ਮੈਂ ਇਕ ਬੜਾ ਵੱਡਾ ਕਦਮ ਚੁੱਕ ਰਹੀ ਸਾਂ ਤੇ ਸਭ ਕੁਝ ਆਪਣੇ ਪਿੱਛੇ ਛੱਡੀ ਜਾ ਰਹੀ ਸਾਂ। ਮੈਨੂੰ ਆਉਣ ਵਾਲੇ ਸਮੇ ਬਾਰੇ ਫ਼ਿਕਰ ਲੱਗਾ ਹੋਇਆ ਸੀ।
ਲਾੜਾ ਉਠ ਖੜ੍ਹਾ ਹੋਇਆ। ਮੇਰੀਆਂ ਚਚੇਰੀਆਂ-ਮਮੇਰੀਆਂ ਭੈਣਾਂ ਨੇ ਰਿਵਾਜ਼ ਮੁਤਾਬਕ ਮੈਨੂੰ ਬਾਹੋਂ ਫੜ੍ਹ ਕੇ ਉਠਾਇਆ। ਮੈਨੂੰ ਟਰੈਕਟਰ ਨਾਲ ਖਿੱਚੀ ਜਾਣ ਵਾਲੀ ਇਕ ਵੱਡੀ ਸਾਰੀ ਗੱਡੀ ਤੀਕ ਲੈ ਆਈਆਂ। ਤੇ ਫੇਰ ਰਿਵਾਜ਼ ਦੇ ਮੁਤਾਬਕ ਈ ਮੇਰੇ ਸਭ ਤੋਂ ਵੱਡੇ ਭਰਾ ਨੇ ਮੈਨੂੰ ਆਪਣੀ ਗੋਦੀ ਚੁੱਕ ਕੇ ਗੱਡੀ ਦੇ ਪਿਛਲੇ ਪਾਸੇ ਬਿਠਾ ਦਿੱਤਾ।
ਲਾੜੇ ਦੇ ਜੱਦੀ ਘਰ ਦੇ ਦਰਵਾਜ਼ੇ ਸਾਹਵੇਂ ਇਕ ਛੋਟਾ ਜਿਹਾ ਬੱਚਾ ਇੰਤਜ਼ਾਰ ਕਰ ਰਿਹਾ ਸੀ, ਜਿਸਦਾ ਹੱਥ ਫੜ੍ਹ ਕੇ ਲਾੜਾ ਉਸਨੂੰ ਘਰ ਦੇ ਅੰਦਰ ਲੈ ਜਾਣ ਵਾਲਾ ਸੀ। ਕਿਸੇ ਨੇ ਮੈਨੂੰ ਮਧਾਨੀ ਫੜਾ ਦਿੱਤੀ ਤੇ ਮੈਂ ਆਪਣੇ ਸ਼ੌਹਰ ਦੇ ਪਿੱਛੇ-ਪਿੱਛੇ ਘਰ ਵਿਚ ਵੜ ਗਈ। ਆਖ਼ਰੀ ਰਸਮ ਘੁੰਡ ਲੁਹਾਈ ਯਾਨੀ ਘੁੰਡ ਚੁਕਾਈ ਦੀ ਸੀ ਤੇ ਮੈਂ ਤਦ ਤੀਕ ਬੁਰਕਾ ਨਹੀਂ ਲਾਹੁਣਾ ਸੀ ਜਦ ਤੀਕ ਮੇਰਾ ਸ਼ੌਹਰ ਉਹਨਾਂ ਨਿੱਕੀਆਂ ਕੁੜੀਆਂ ਨੂੰ ਕੁਝ ਦੇ ਨਾ ਦੇਂਦਾ ਜਿਹੜੀਆਂ ਉਸਨੂੰ ਛੇੜ ਰਹੀਆਂ ਸਨ।
“ਚਲੋ,ਚਲੋ ਪੈਸੇ ਕੱਢੋ, ਜਦ ਤਕ ਇਹ ਸਾਨੂੰ ਦੌ ਸੌ ਰੁਪਏ ਨਾ ਦਵੇ, ਘੁੰਡ ਨਾ ਚੁੱਕੀਂ।”
“ਨਾ, ਨਾ, ਪੰਜ ਸੌ ਰੁਪਏ।”
“ਨਾ ਜੀ—ਜਦ ਤਕ ਇਹ ਸਾਨੂੰ ਹਜ਼ਾਰ ਰੁਪਏ ਨਾ ਦਏ, ਘੁੰਡ ਨਹੀਂਓਂ ਚੁੱਕਣਾ।”
ਵਧਦਾ ਵਧਦਾ ਉਹ ਪੰਜ ਸੌ ਰੁਪਏ ਤੀਕ ਗਿਆ ਸੀ, ਜਿਹੜਾ ਉਸ ਸਮੇਂ ਬਹੁਤ ਸੀ, ਏਨਾ ਕਿ ਉਸ ਨਾਲ ਇਕ ਬੱਕਰੀ ਦਾ ਬੱਚਾ ਖ਼ਰੀਦਿਆ ਜਾ ਸਕਦਾ ਸੀ। ਤੇ ਆਖ਼ਰਕਾਰ ਉਸਨੇ ਮੇਰਾ ਚਿਹਰਾ ਦੇਖ ਲਿਆ ਸੀ।
ਜਿਸ ਕਮਰੇ ਵਿਚ ਅਸੀਂ ਸੌਣਾ ਸੀ, ਉੱਥੇ ਚਾਰ ਪਲੰਘ ਸਨ। ਅਸੀਂ ਇਕੱਲੇ ਨਹੀਂ ਰਹਿਣਾ ਸੀ।
ਆਪਣੇ ਸ਼ੌਹਰ ਦੇ ਇਕ ਕਮਰੇ ਵਾਲੇ ਘਰ ਵਿਚ ਜਾਣ ਤੋਂ ਪਹਿਲਾਂ ਮੈਂ ਇਸੇ ਤਰ੍ਹਾਂ ਆਪਣੇ ਜੇਠ ਦੇ ਘਰ ਵਿਚ ਤਿੰਨ ਰਾਤਾਂ ਬਿਤਾਈਆਂ। ਫੇਰ ਆਪਣੇ ਭਰਾ ਦੇ ਘਰ ਜਾਣਾ ਚਾਹਿਆ—ਉਹ ਉਸਦੇ ਬਿਨਾਂ ਨਹੀਂ ਰਹਿ ਸਕਦਾ ਸੀ। ਬਦਕਿਸਮਤੀ ਨਾਲ, ਮੇਰੀ ਜਠਾਨੀ ਮੈਨੂੰ ਪਸੰਦ ਨਹੀਂ ਕਰਦੀ ਸੀ ਤੇ ਹਮੇਸ਼ਾ ਮੇਰੇ 'ਤੇ ਕੋਈ ਕੰਮ ਨਾ ਕਰਨ ਦਾ ਇਲਜ਼ਾਮ ਲਾ ਕੇ ਝਗੜਾ ਖੜ੍ਹਾ ਕਰਨ ਦੀ ਕੋਸ਼ਿਸ਼ ਕਰਦੀ ਸੀ, ਜਦਕਿ ਉਹੀ ਸੀ ਜੋ ਮੈਨੂੰ ਕੁਝ ਕਰਨ ਤੋਂ ਰੋਕੀ ਰੱਖਦੀ ਸੀ।
ਕਿਉਂਕਿ ਸ਼ਾਦੀ ਦੇ ਇਸ ਕਰਾਰਨਾਮੇ ਵਿਚ, ਜਿਹੜਾ ਮੇਰੇ ਘਰ ਵਾਲਿਆਂ ਨੇ ਤਿਆਰ ਕਰਵਾਇਆ ਸੀ, ਇਹ ਸਾਫ਼-ਸਾਫ਼ ਲਿਖਿਆ ਸੀ ਕਿ ਮੇਰਾ ਸ਼ੌਹਰ ਸਾਡੇ ਨਾਲ ਰਹੇਗਾ, ਇਸ ਲਈ ਮੈਂ ਉਸ ਅਜੀਬ ਜਿਹੀ ਸ਼ਾਦੀ ਪਿੱਛੋਂ ਸਿਰਫ਼ ਮਹੀਨੇ ਬਾਅਦ ਈ ਆਪਣੇ ਘਰ ਪਰਤ ਆਈ, ਤੇ ਮੇਰਾ ਸ਼ੌਹਰ ਮੇਰੇ ਨਾਲ ਨਹੀਂ ਆਇਆ। ਉਹ ਆਪਣੇ ਭਰਾ ਦੇ ਨਾਲ ਰਹਿਣਾ ਚਾਹੁੰਦਾ ਸੀ ਤੇ ਉਸਨੇ ਮੇਰੇ ਪਿਓ ਨਾਲ ਕੰਮ ਕਰਨ ਤੋਂ ਇਨਕਾਰ ਕਰ ਦਿੱਤਾ। ਮੈਂ ਸੋਚਦੀ ਆਂ ਕਿ ਉਹ ਮੈਨੂੰ ਕਦੀ ਚਾਹੁੰਦਾ ਵੀ ਸੀ, ਕਿਉਂਕਿ ਮੈਨੂੰ ਉਸ ਤੋਂ ਤਲਾਕ ਲੈਣ ਵਿਚ ਜ਼ਿਆਦਾ ਤਕਲੀਫ਼ ਨਹੀਂ ਸੀ ਹੋਈ, ਜਿਸਦੇ ਜ਼ਰੀਏ ਉਸਨੇ ਮੈਨੂੰ 'ਫ਼ਰਾਗ਼ਤ' ਦੇ ਦਿੱਤੀ ਸੀ। ਮੈਂ ਉਸਦੇ ਗਹਿਣੇ ਉਸਨੂੰ ਵਾਪਸ ਕਰ ਦਿੱਤੇ ਸਨ। ਮੈਂ ਆਜ਼ਾਦ ਸੀ। ਭਲ਼ੇ ਈ, ਇਕ ਤਲਾਕਸ਼ੁਦਾ ਔਰਤ ਸਾਡੀ ਤਹਿਜ਼ੀਬ ਵਿਚ ਚੰਗੀਆਂ ਨਜ਼ਰਾਂ ਨਾਲ ਨਹੀਂ ਦੇਖੀ ਜਾਂਦੀ। ਕਿਉਂਕਿ ਕਿਸੇ ਔਰਤ ਲਈ ਬਦਨਾਮ ਹੋਏ ਬਿਨਾਂ ਇਕੱਲੇ ਰਹਿਣਾ ਨਾਮੁਮਕਿਨ ਏ, ਇਸ ਲਈ ਮੈਂ ਆਪਣੇ ਮਾਂ-ਬਾਪ ਦੇ ਨਾਲ ਰਹਿਣਾ ਸੀ। ਮੈਂ ਆਪਣੇ ਘਰ ਵਾਲਿਆਂ ਨੂੰ ਆਪਣੇ ਰਹਿਣ-ਖਾਣ ਦਾ ਖ਼ਰਚ ਚੁਕਾਉਣ ਲਈ ਕੰਮ-ਕਾਜ ਵਿਚ ਮਦਦ ਕਰਦੀ ਸੀ। ਪਿੰਡ ਦੇ ਬੱਚਿਆਂ ਨੂੰ ਕੁਰਾਨ ਤੇ ਔਰਤਾਂ ਨੂੰ ਕਢਾਈ ਸਿਖਾਉਣ ਦੇ ਦੌਰਾਨ ਮੈਂ ਬਸਤੀ ਵਿਚ ਆਪਣੀ ਇੱਜ਼ਤ ਤੇ ਮਾਣ ਮੁੜ ਹਾਸਲ ਕਰ ਲਿਆ ਸੀ। ਮੇਰੀ ਜ਼ਿੰਦਗੀ ਸ਼ਾਂਤੀਪੂਰਨ ਬੀਤ ਰਹੀ ਸੀ।
ਜਦੋਂ ਤੀਕ ਕਿ ਬਾਈ ਜੂਨ ਦਾ ਉਹ ਸ਼ੈਤਾਨੀ ਦਿਨ ਨਹੀਂ ਸੀ ਆਇਆ।

ਕਿਸੇ ਜਿਰਗੇ ਦੇ ਅੰਦਰ ਕਬਾਇਲੀ ਇਨਸਾਫ਼ ਦੇ ਜਿਹੜੇ ਅਸੂਲ ਹੁੰਦੇ ਨੇ, ਉਹਨਾਂ ਦੀਆਂ ਜੜਾਂ ਪੁਸ਼ਤੈਨੀ ਰਿਵਾਜ਼ਾਂ ਵਿਚ ਹੁੰਦੀਆਂ ਨੇ, ਜੋ ਮਜ਼ਹਬ ਤੇ ਕਾਨੂੰਨ ਨਾਲ ਮੇਲ ਨਹੀਂ ਖਾ ਸਕਦੇ। ਖ਼ੁਦ ਪਾਕਿਸਤਾਨ ਸਰਕਾਰ ਨੇ ਸੂਬਿਆਂ ਦੇ ਗਵਰਨਰਾਂ ਤੇ ਪੁਲਸ ਨੂੰ ਇਹ ਸਲਾਹ ਦੇਣ ਦੀ ਪਹਿਲ-ਕਦਮੀ ਕੀਤੀ ਸੀ ਕਿ ਉਹ ਕਾਰੋ-ਕਾਰੀ—ਯਾਨੀ ਇੱਜ਼ਤ ਦੇ ਨਾਂ 'ਤੇ ਕੀਤੇ ਗਏ ਜੁਰਮਾਂ ਦੇ ਇਸ ਮਾਮਲੇ ਦੀ ਜਾਂਚ-ਪੜਤਾਲ ਵਿਚ ਸਹੂਲਤ ਦੇਣ ਲਈ 'ਲਾਜ਼ਮੀ ਤੌਰ 'ਤੇ' ਇਕ 'ਸ਼ੁਰੂਆਤੀ ਰਪਟ' ਦਰਜ ਕਰਨ, ਤਾਕਿ ਕਿਸੇ ਸੰਗੀਨ ਜੁਰਮ ਦੇ ਮਾਮਲੇ ਵਿਚ ਮੁਜਰਮਾਂ ਨੂੰ ਜਿਰਗੇ ਦੇ ਫ਼ੈਸਲੇ ਦੀ ਓਟ ਵਿਚ ਖ਼ੁਦ ਨੂੰ ਬਚਾਉਣ ਤੋਂ ਰੋਕਿਆ ਜਾ ਸਕੇ।
ਤੇ ਪੁਲਸ ਲਗਾਤਾਰ ਮੈਥੋਂ ਅੰਗੂਠੇ ਦਾ ਨਿਸ਼ਾਨ ਲਗਵਾ ਕੇ ਇਕ ਕੋਰਾ ਕਾਗਜ਼ ਹਾਸਲ ਕਰਨਾ ਚਾਹੁੰਦੀ ਸੀ। ਇਲਾਕੇ ਦੀ ਪੁਲਸ ਦਾ ਇਰਾਦਾ ਸੀ ਕਿ ਮੇਰੀ ਸ਼ਿਕਾਇਤ ਆਪਣੀ ਸਹੂਲਤ ਦੇ ਹਿਸਾਬ ਨਾਲ ਜੋੜ ਕੇ ਲਿਖ ਲੈਣ, ਜਿਸ ਨਾਲ ਉੱਚੀ ਜਾਤ ਵਾਲਿਆਂ ਦੇ ਨਾਲ ਕਿਸੇ ਵੀ ਪੰਗੇ ਤੋਂ ਬਚੇ ਰਹਿਣ।
ਇਹ ਨਾ ਇਨਸਾਫ਼ੀ, ਇਹ ਘਟੀਆ ਬੁਜ਼ਦਿਲੀ, ਮਰਦਾਂ ਦਾ ਕੰਮ ਸੀ। ਪਿੰਡਾਂ ਦੀਆਂ ਪੰਚਾਇਤਾਂ ਵਿਚ ਜਿਹੜੇ ਆਦਮੀ ਘਰੇਲੂ ਝਗੜਿਆਂ ਨੂੰ ਸੁਲਝਾਉਣ ਲਈ ਇਕੱਠੇ ਹੁੰਦੇ ਨੇ ਉਹ ਸਿਆਣੇ ਮੰਨੇ ਜਾਂਦੇ ਨੇ, ਬੇਸ਼ਰਮ ਜਾਨਵਰ ਨਹੀਂ। ਜਦੋਂ ਮੈਂ ਜਿਰਗੇ ਦੇ ਸਾਹਮਣੇ ਖੜ੍ਹੀ ਹੋਈ ਤਾਂ ਆਪਣੀ ਜਾਤ ਦੀ ਮਗ਼ਰੂਰ ਸ਼ਾਨ ਨਾਲ ਭਰੇ ਹੋਏ ਇਕ ਗਰਮ ਦਿਮਾਗ਼ ਨੌਜਵਾਨ ਨੇ ਨੁਕਸਾਨ ਪਹੁੰਚਾਉਣ ਦੀ ਨੀਅਤ ਨਾਲ ਤੇ ਤਾਕਤ ਦੇ ਨਸ਼ੇ ਵਿਚ ਚੂਰ ਹੋ ਕੇ, ਆਪਣੀ ਮਰਜ਼ੀ ਮਨਵਾ ਲਈ ਸੀ। ਪਿੰਡ ਦੇ ਸਿਆਣੇ ਬਜ਼ੁਰਗ ਹੁਣ ਬਹੁਮਤ ਵਿਚ ਨਹੀਂ ਸੀ ਰਹੇ।
ਤੇ ਔਰਤਾਂ ਹਮੇਸ਼ਾ ਬੈਠਕਾਂ 'ਚੋਂ ਬਾਹਰ ਰੱਖੀਆਂ ਜਾਂਦੀਆਂ ਨੇ, ਹਾਲਾਂਕਿ ਉਹੀ ਨੇ—ਮਾਂਵਾਂ, ਦਾਦੀਆਂ ਤੇ ਨਿਤ ਦਿਹਾੜੇ ਦੀ ਜ਼ਿੰਦਗੀ ਦੀ ਹਿਫ਼ਾਜ਼ਤ ਕਰਨ ਵਾਲੀਆਂ ਦੀਆਂ ਸ਼ਕਲਾਂ ਵਿਚ—ਜੋ ਘਰੇਲੂ ਮਾਮਲਿਆਂ ਨੂੰ ਸਭ ਤੋਂ ਚੰਗੀ ਤਰ੍ਹਾਂ ਜਾਣਦੀਆਂ ਨੇ। ਔਰਤਾਂ ਦੀ ਇਸੇ ਵਡਿਆਈ ਨੂੰ ਲੈ ਕੇ ਮਰਦਾਂ ਦੀ ਹਿਕਾਰਤ ਈ ਉਹਨਾਂ ਨੂੰ ਕਿਨਾਰੇ ਵੱਲ ਧੱਕਦੀ ਏ। ਮੇਰੇ 'ਚ ਇਹ ਉਮੀਦ ਕਰਨ ਦੀ ਹਿੰਮਤ ਨਹੀਂ ਏ ਕਿ ਇਕ ਦਿਨ ਦੂਰ ਕਿਸੇ ਆਉਣ ਵਾਲੇ ਵਕਤ ਵਿਚ, ਪਿੰਡ ਦੀ ਕੋਈ ਪੰਚਾਇਤ ਔਰਤਾਂ ਦੀ ਹਿੱਸੇਦਾਰੀ ਮੰਜ਼ੂਰ ਕਰੇਗੀ!
ਇਸ ਤੋਂ ਵੀ ਵਧੇਰੇ ਖ਼ਤਰਨਾਕ ਇਹ ਐ ਕਿ ਝਗੜੇ ਸੁਲਝਾਉਣ ਤੇ ਜੁਰਮਾਨੇ ਵਸੂਲਣ ਵਿਚ ਮਾਲ-ਮਤੇ ਵਾਂਗ ਔਰਤਾਂ ਦੀ ਵੀ ਅਦਲਾ-ਬਦਲੀ ਹੁੰਦੀ ਏ। ਤੇ ਜੁਰਮਾਨਾ ਹਮੇਸ਼ਾ ਇਕੋ-ਜਿਹਾ ਹੁੰਦਾ ਏ, ਜਦ ਸਰੀਰਕ ਆਕਰਖਣ ਦੀ ਮਨਾਹੀ ਹੋਏ, ਜਦੋਂ ਪਾਕਿਸਤਾਨੀ ਸਮਾਜ ਦੇ ਮਰਦਾਂ ਦੀ ਇੱਜ਼ਤ ਔਰਤ ਦੇ ਪੈਵਸਤ (ਜੁੜੀ) ਹੋਏ ਤਦ ਸਾਰੇ ਹਿਸਾਬ ਨੂੰ ਚੁਕਤਾ ਕਰਨ ਲਈ ਜਿਹੜਾ ਇਕੱਲਾ ਹੱਲ ਉਹ ਲੱਭ ਸਕਦਾ ਏ, ਉਹ ਜਬਰੀ ਸ਼ਾਦੀ ਜਾਂ ਜਬਰੀ ਜ਼ਿਨਾ ਏ। ਇਹ ਤਾਂ ਵਰਤਾਵੇ ਦਾ ਉਹ ਤਰੀਕਾ ਨਹੀਂ ਜਿਹੜਾ ਕੁਰਾਨ ਸਾਨੂੰ ਸਿਖਾਉਂਦੀ ਏ।
ਜੇ ਮੇਰਾ ਅੱਬਾ ਜਾਂ ਚਾਚਾ ਮੈਨੂੰ ਸ਼ਾਦੀ ਵਿਚ ਕਿਸੇ ਮਸਤੋਈ ਨੂੰ ਸੌਂਪਣ ਲਈ ਰਾਜ਼ੀ ਹੋ ਗਿਆ ਹੁੰਦਾ ਤਾਂ ਮੇਰੀ ਜ਼ਿੰਦਗੀ ਜਹੱਨੁਮ ਬਰਾਬਰ ਹੋ ਜਾਂਦੀ। ਸ਼ੁਰੂ ਵਿਚ ਇਸ ਤਰ੍ਹਾਂ ਦੇ ਸਮਝੌਤਿਆਂ ਪਿੱਛੇ ਇਰਾਦਾ ਇਹ ਸੀ ਕਿ ਕਬੀਲਿਆਂ ਤੇ ਬਰਾਦਰੀਆਂ ਦੇ ਖ਼ੂਨ ਤੇ ਖ਼ਾਨਦਾਨ ਨੂੰ ਆਪਸ ਵਿਚ ਮਿਲਾ ਕੇ ਉਹਨਾਂ ਵਿਚਕਾਰ ਲੜਾਈ-ਝਗੜਿਆਂ ਨੂੰ ਘੱਟ ਕੀਤਾ ਜਾਏ। ਮੌਜ਼ੂਦਾ ਹਕੀਕਤ ਬਿਲਕੁਲ ਵੱਖਰੀ ਏ। ਅਜਿਹੀ ਹਾਲਤ ਵਿਚ ਸ਼ਾਦੀ ਹੋਣ ਕਰਕੇ ਬੀਵੀ ਹੋਰ ਵੀ ਬਦਸਲੂਕੀ ਦਾ ਸ਼ਿਕਾਰ ਹੁੰਦੀ ਏ, ਦੂਜੀਆਂ ਔਰਤਾਂ ਦੀ ਦੁਰਕਾਰ ਸਹਿੰਦੀ ਏ ਤੇ ਗ਼ੁਲਾਮੀ ਦੇ ਜਾਲ ਵਿਚ ਫਸ ਜਾਂਦੀ ਏ। ਇਸ ਨਾਲੋਂ ਵੀ ਬੁਰਾ ਇਹ ਐ ਕਿ ਰੁਪਏ ਪੈਸੇ ਦੇ ਝਗੜੇ ਨਿਪਟਾਉਣ ਲਈ ਜਾਂ ਖ਼ੁਦ ਗ਼ੈਰ-ਕਾਨੂੰਨੀ ਤਾੱਲੁਕਾਤ ਬਣਾਉਣ ਲਈ, ਜਾਂ ਮਹਿਜ਼ ਦੋ ਗੁਆਂਢੀਆਂ ਦੀ ਆਪਸੀ ਜਲਨ ਸਦਕਾ—ਕੁਝ ਔਰਤਾਂ ਨਾਲ ਬਲਾਤਕਾਰ ਕੀਤਾ ਜਾਂਦਾ ਏ।...ਤੇ ਜਦੋਂ ਇਸ ਜੁਲਮ ਦਾ ਸ਼ਿਕਾਰ ਹੋਣ ਵਾਲੀਆਂ ਔਰਤਾਂ ਇਨਸਾਫ਼ ਲਈ ਪੁਕਾਰ ਕਰਦੀਆਂ ਨੇ ਤਾਂ ਉਹਨਾਂ ਉੱਤੇ ਬਦਕਾਰੀ ਦਾ ਇਲਜ਼ਾਮ ਲਾਇਆ ਜਾਂਦਾ ਏ।
ਖ਼ੈਰ ਜੀ, ਮੇਰੇ ਘਰ ਵਾਲੇ ਜ਼ਿਆਦਾਤਰ ਘਰ ਵਾਲਿਆਂ ਨਾਲੋਂ ਕੁਝ ਅਲੱਗ ਨੇ। ਮੈਂ ਪੰਜਾਬ ਵਿਚ ਗੁੱਜਰ ਬਰਾਦਰੀ ਦਾ ਇਤਿਹਾਸ ਨਹੀਂ ਜਾਣਦੀ, ਜਾਂ ਇਹ ਕਿ ਮੇਰਾ ਕਬੀਲਾ ਕਿੱਥੋਂ ਆਇਆ ਏ, ਜਾਂ ਇਹ ਵੀ ਕਿ ਹਿੰਦੁਸਤਾਨ ਤੇ ਪਾਕਿਸਤਾਨ ਵੰਡਾਰੇ ਤੋਂ ਪਹਿਲਾਂ ਇਸ ਦੀਆਂ ਰਵਾਇਤਾਂ ਜਾਂ ਰਿਵਾਜ਼ ਕੀ ਸਨ। ਸਾਡੀ ਬਰਾਦਰੀ ਦੇ ਵਡੇਰੇ, ਕਿਸਾਨ ਤੇ ਸਿਪਾਹੀ ਦੋਵੇਂ ਈ ਸਨ। ਸਾਡੇ ਦੇਸ਼ ਦੀ ਸਰਕਾਰੀ ਜ਼ਬਾਨ ਉਰਦੂ ਏ, ਤੇ ਬਹੁਤ ਸਾਰੇ ਪੜ੍ਹੇ-ਲਿਖੇ ਪਾਕਿਸਤਾਨੀ ਅੰਗਰੇਜ਼ੀ ਬੋਲਦੇ ਨੇ, ਪਰ ਇੱਥੇ ਅਸੀਂ ਸਿਰਫ਼ ਸਰਾਇਕੀ ਬੋਲਦੇ ਆਂ—ਦੱਖਣੀ ਪੰਜਾਬ ਵਿਚ ਬੋਲੀ ਜਾਣ ਵਾਲੀ ਇਕ ਛੋਟੀ-ਜਿਹੀ ਬੋਲੀ। ਮੈਂ ਸਿਰਫ਼ ਸਰਾਇਕੀ ਬੋਲਦੀ ਆਂ।

ਨਸੀਮ ਮੇਰੀ ਸਹੇਲੀ ਬਣ ਗਈ ਏ—ਉਹ ਮੇਰੇ ਬਾਰੇ ਇਕ-ਇਕ ਗੱਲ ਜਾਣਦੀ ਏ। ਮੈਂ ਹੁਣ ਵੀ ਮਰਦਾਂ ਤੋਂ ਡਰਦੀ ਆਂ, ਤੇ ਉਹਨਾਂ ਉੱਤੇ ਭਰੋਸਾ ਨਹੀਂ ਕਰਦੀ, ਪਰ ਉਸਨੂੰ ਉਹਨਾਂ ਦਾ ਡਰ ਨਹੀਂ ਏ।
ਕੁੜੀਆਂ ਨੂੰ ਤਾਲੀਮ ਦੇਣ, ਉਹਨਾਂ ਨੂੰ ਪੜ੍ਹ-ਲਿਖ ਕੇ ਬਾਹਰਲੀ ਦੁਨੀਆਂ ਤੀਕ ਪਹੁੰਚਣ ਦਾ ਮੌਕਾ ਦੇਣ ਤੋਂ ਇਲਾਵਾ ਜੋ ਸਭ ਤੋਂ ਜ਼ਰੂਰੀ ਚੀਜ਼ ਮੈਨੂੰ ਪਤਾ ਲੱਗੀ ਏ, ਉਹ ਐ, ਆਪਣੇ ਬਾਰੇ ਵਿਚ ਜਾਣਕਾਰੀ—ਇਕ ਇਨਸਾਨ ਦੇ ਨਾਤੇ ਖ਼ੁਦ ਆਪਣੀ ਜਾਣਕਾਰੀ। ਮੈਂ ਔਰਤਾਂ ਦੇ ਤੌਰ 'ਤੇ ਜਿਊਣਾ ਤੇ ਆਪਣੀ ਇੱਜ਼ਤ ਕਰਨਾ ਸਿੱਖਿਆ ਏ। ਅਜੇ ਤੀਕ ਮੇਰੀ ਬਗ਼ਾਵਤ ਮੇਰੇ ਸੁਭਾਅ ਦਾ ਹਿੱਸਾ ਸੀ—ਮੈਂ ਖ਼ੁਦ ਨੂੰ ਤੇ ਆਪਣੇ ਘਰ ਵਾਲਿਆਂ ਨੂੰ ਖ਼ਤਰੇ ਤੋਂ ਬਚਾਉਣ ਦੀ ਕੋਸ਼ਿਸ਼ ਕਰ ਰਹੀ ਸਾਂ। ਮੇਰੇ ਅੰਦਰ ਕੁਝ ਸੀ, ਜਿਸਨੂੰ ਹਾਰਣਾ ਮੰਜ਼ੂਰ ਨਹੀਂ ਸੀ। ਵਰਨਾ, ਮੈਂ ਖ਼ੁਦਕਸ਼ੀ ਦੇ ਲਾਲਚ ਦੇ ਅੱਗੇ ਝੁਕ ਗਈ ਹੁੰਦੀ। ਕੋਈ ਬੇਇੱਜ਼ਤੀ ਪਿੱਛੋਂ ਜਿਊਂਦਾ ਕਿੰਜ ਰਹਿ ਲੈਂਦਾ ਏ? ਕੋਈ ਮਾਯੂਸੀ ਨੂੰ ਕਿੰਜ ਜਿੱਤਦਾ ਏ? ਪਹਿਲਾਂ ਤਾਂ ਗੁੱਸੇ ਦੇ ਬਲ 'ਤੇ, ਬਦਲਾ ਲੈਣ ਦੀ ਉਸ ਫ਼ਿਤਰਤ ਦੇ ਸਹਾਰੇ ਜੋ ਮੌਤ ਦੇ ਲਲਚਾਉਣ ਵਾਲੇ ਹੱਲ ਦਾ ਮੁਕਾਬਲਾ ਕਰਦੀ ਏ, ਇਕ ਅਜਿਹੀ ਫ਼ਿਤਰਤ ਜੋ ਕਿਸੇ ਸ਼ਖ਼ਸ ਨੂੰ ਉੱਠ ਖੜ੍ਹੇ ਹੋਣ, ਅੱਗੇ ਵਧਣ, ਕਦਮ ਚੁੱਕਣ 'ਤੇ ਆਮਾਦਾ ਕਰਦੀ ਏ। ਝਖੇੜੇ ਦੀ ਫੇਟ ਨਾਲ ਡਿੱਗੀਆਂ ਕਣਕ ਦੀਆਂ ਬੱਲੀਆਂ ਫੇਰ ਸਿੱਧੀਆਂ ਹੋ ਸਕਦੀਆਂ ਨੇ, ਜਾਂ ਜਿੱਥੇ ਡਿੱਗਦੀਆਂ ਨੇ ਉੱਥੇ ਈ ਪਈਆਂ-ਪਈਆਂ ਸੜ ਸਕਦੀਆਂ ਨੇ। ਪਹਿਲਾਂ ਪਹਿਲਾਂ ਮੈਂ ਇਕੱਲੀ ਈ ਮੁੜ ਉੱਠ ਖੜ੍ਹੀ ਹੋਈ, ਤੇ ਮੈਨੂੰ ਅਹਿਸਾਸ ਹੋਇਆ ਕਿ ਮੈਂ ਇਕ ਇਨਸਾਨ ਆਂ, ਜਿਸਦੇ ਜਾਇਜ਼ ਅਧਿਕਾਰ ਨੇ। ਮੈਂ ਖ਼ੁਦਾ 'ਤੇ ਯਕੀਨ ਰੱਖਦੀ ਆਂ, ਮੈਨੂੰ ਆਪਣੇ ਪਿੰਡ ਨਾਲ, ਪੰਜਾਬ ਨਾਲ ਤੇ ਆਪਣੇ ਦੇਸ਼ ਨਾਲ ਪਿਆਰ ਏ, ਤੇ ਇਸ ਮੁਲਕ ਦੇ ਲਈ, ਬਲਾਤਕਾਰ ਦੀਆਂ ਸ਼ਿਕਾਰ ਔਰਤਾਂ ਦੇ ਲਈ, ਤੇ ਕੁੜੀਆਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਦੀ ਖ਼ਾਤਰ ਚੀਜ਼ਾਂ ਨੂੰ ਬਦਲਣਾ ਪਸੰਦ ਕਰਾਂਗੀ। ਮੈਂ ਦਰਅਸਲ ਔਰਤਾਂ ਦੇ ਹੱਕਾਂ ਲਈ ਲੜਨ ਵਾਲੀ ਕਾਰਜਸ਼ੀਲ ਕਾਰਜ-ਕਰਤਾ ਨਹੀਂ ਸੀ, ਹਾਲਾਂਕਿ ਅਖ਼ਬਾਰ ਵਾਲੇ ਮੈਨੂੰ ਅਜਿਹੀ ਈ ਮੰਨਦੇ ਸਨ। ਮੈਂ ਤਜ਼ੁਰਬੇ 'ਚੋਂ ਲੰਘ ਕੇ ਅਜਿਹੀ ਬਣੀ, ਕਿਉਂਕਿ ਮੈਂ ਜਿਊਂਦੇ ਬਚ ਨਿਕਲਣ ਵਾਲਿਆਂ ਵਿਚੋਂ ਆਂ, ਮਰਦਾਂ ਦੀ ਹਕੂਮਤ ਵਿਚ ਚੱਲਣ ਵਾਲੀ ਦੁਨੀਆਂ ਵਿਚ ਇਕ ਸਿੱਧੀ-ਸਾਦੀ ਔਰਤ। ਪਰ ਇੱਜ਼ਤ ਹਾਸਲ ਕਰਨ ਦਾ ਤਰੀਕਾ ਮਰਦਾਂ ਨਾਲ ਹਿਕਾਰਤ ਕਰਨਾ ਨਹੀਂ ਏ।
ਇਸਦਾ ਹੱਲ ਏ ਬਰਾਬਰ ਵਾਲਿਆਂ ਵਾਂਗ ਉਹਨਾਂ ਨਾਲ ਲੜਨ ਦੀ ਕੋਸ਼ਿਸ਼ ਕਰਨਾ।
--- --- ---

No comments:

Post a Comment