Tuesday, October 9, 2012

ਇੱਕ : ਯਾਤਰਾ ਦਾ ਔਖਾ ਪੈਂਡਾ…:







22 ਜੂਨ, 2002 ਦੀ ਰਾਤ...ਸਾਡੇ ਘਰ ਵਾਲੇ ਇਕ ਫ਼ੈਸਲਾ ਕਰਦੇ ਨੇ।


ਮੈਂ, ਮੁਖ਼ਤਾਰ ਬੀਬੀ, ਮੀਰਵਾਲਾ ਪਿੰਡ ਦੀ ਰਹਿਣ ਵਾਲੀ ਤੇ ਗੁੱਜਰ ਕਿਸਾਨਾਂ ਦੇ ਕਬੀਲੇ ਦੀ ਇਕ ਔਰਤ, ਆਪਣੇ ਪਰਿਵਾਰ ਵੱਲੋਂ ਜ਼ੋਰਾਵਰ ਮਸਤੋਈ ਕਬੀਲੇ ਦੇ ਕਿਸਾਨਾਂ ਦੀ ਇਕ ਪ੍ਰਭਾਵਸ਼ਾਲੀ ਤੇ ਦਬੰਗ ਸਥਾਨਕ ਬਿਰਾਦਰੀ ਦੇ ਸਾਹਵੇਂ ਪੇਸ਼ ਹੋਵਾਂਗੀ।


ਮੇਰੇ ਛੋਟੇ ਭਰਾ ਸ਼ਕੂਰ ਉੱਤੇ ਮਸਤੋਈਆਂ ਨੇ ਇਲਜ਼ਾਮ ਲਾਇਆ ਏ ਕਿ ਉਸਨੇ ਉਹਨਾਂ ਦੀ ਬਿਰਾਦਰੀ ਦੀ ਇਕ ਨੌਜਵਾਨ ਕੁੜੀ—ਸਲਮਾ—ਨਾਲ 'ਗੱਲ' ਕੀਤੀ ਸੀ। ਸ਼ਕੂਰ ਸਿਰਫ਼ ਬਾਰਾਂ ਸਾਲ ਦਾ ਏ, ਜਦਕਿ ਸਲਮਾ ਵੀਹਾਂ ਨੂੰ ਟੱਪੀ ਹੋਈ ਏ, ਅਸੀਂ ਜਾਣਦੇ ਆਂ ਕਿ ਮੇਰੇ ਭਰਾ ਨੇ ਕੋਈ ਗ਼ਲਤ ਕੰਮ ਨਹੀਂ ਕੀਤਾ, ਪਰ ਜੇ ਮਸਤੋਈਆਂ ਨੇ ਕੋਈ ਹੋਰ ਫ਼ੈਸਲਾ ਕੀਤਾ ਏ ਤਾਂ ਸਾਨੂੰ ਗੁੱਜਰਾਂ ਨੂੰ ਉਹਨਾਂ ਦੀ ਫ਼ਰਮਾਇਸ਼ ਅੱਗੇ ਝੁਕਣਾ ਈ ਪਏਗਾ। ਹਮੇਸ਼ਾ ਇੰਜ ਈ ਹੁੰਦਾ ਆਇਆ ਏ।


ਮੇਰੇ ਅੱਬਾ (ਪਿਤਾ) ਤੇ ਚਾਚੇ ਨੇ ਸਾਰੇ ਹਾਲਾਤ ਮੈਨੂੰ ਸਮਝਾ ਦਿੱਤੇ ਨੇ—
“ਸਾਡੇ ਮੁੱਲਾ, ਅਬਦੁਲ ਰੱਜ਼ਾਕ ਦਾ ਦਿਮਾਗ਼ ਜਵਾਬ ਦੇ ਚੁੱਕਿਆ ਏ। ਪਿੰਡ ਦੀ ਪੰਚਾਇਤ 'ਚ ਮਸਤੋਈਆਂ ਦੀ ਤਾਦਾਦ ਵੱਧ ਏ, ਤੇ ਉਹਨਾਂ ਨੇ ਸੁਲਾਹ-ਸਮਝੌਤੇ ਦੀ ਹਰੇਕ ਪੇਸ਼ਕਸ਼ ਨੂੰ ਠੁਕਰਾਅ ਦਿੱਤੀ ਏ। ਉਹ ਹਥਿਆਰਬੰਦ ਨੇ। ਤੇਰੇ ਮਾਮੇ ਤੇ ਮਸਤੋਈਆਂ ਦੇ ਇਕ ਦੋਸਤ, ਰਮਜ਼ਾਨ ਪਾਚਰ ਨੇ ਬਿਰਾਦਰੀ ਦੇ ਲੋਕਾਂ ਨੂੰ ਠੰਢਾ ਕਰਨ ਲਈ ਹਰ ਤਰਕੀਬ ਆਜ਼ਮਾ ਕੇ ਵੇਖ ਲਈ ਏ। ਹੁਣ ਸਾਡੇ ਕੋਲ ਬੱਸ, ਇਹੋ ਆਖ਼ਰੀ ਮੌਕਾ ਬਚਿਆ ਏ—ਗੁੱਜਰਾਂ ਦੀ ਇਕ ਔਰਤ ਨੂੰ ਉਹਨਾਂ ਦੀ ਬਿਰਾਦਰੀ ਸਾਹਵੇਂ ਪੇਸ਼ ਹੋਣ ਪਵੇਗਾ। ਘਰ ਦੀਆਂ ਸਾਰੀਆਂ ਔਰਤਾਂ 'ਚੋਂ ਅਸੀਂ ਤੈਨੂੰ ਚੁਣਾਂ ਏ।”
“ਮੈਨੂੰ ਕਿਓਂ ?”
“ਦੂਜੀਆਂ ਔਰਤਾਂ ਇਸ ਕੰਮ ਲਈ ਬੜੀਆਂ ਛੋਟੀਆਂ ਨੇ। ਤੇਰੇ ਸ਼ੌਹਰ (ਪਤੀ) ਨੇ ਤੈਨੂੰ ਤਲਾਕ ਦੇ ਦਿੱਤਾ ਏ, ਤੇਰੇ ਕੋਈ ਬੱਚਾ ਵੀ ਨਹੀਂ, ਤੂੰ ਕੁਰਾਨ ਪੜ੍ਹਦੀ ਏਂ—ਤੂੰ ਇਕ ਇੱਜ਼ਤਦਾਰ ਔਰਤ ਏਂ।”
ਦਿਨ ਢਲੇ ਨੂੰ ਕਾਫ਼ੀ ਦੇਰ ਹੋ ਚੁੱਕੀ ਏ, ਪਰ ਅਜੇ ਤੀਕ ਮੈਨੂੰ ਇਸ ਬਾਰੇ ਬੜਾ ਥੋੜ੍ਹਾ ਦੱਸਿਆ ਗਿਆ ਏ ਕਿ ਕਿਸ ਗੱਲ ਕਰਕੇ ਅੱਜ ਏਨਾ ਸੰਗੀਨ ਝਗੜਾ ਖੜ੍ਹਾ ਹੋਇਆ ਹੋਇਆ ਏ। ਹੁਣ ਤੀਕ ਸਾਡੇ ਫਿਰਕੇ ਦੇ ਲੋਕਾਂ ਨੂੰ ਗੱਲਬਾਤ ਕਰਦਿਆਂ ਕਈ ਘੰਟੇ ਹੋ ਗਏ ਨੇ, ਤੇ ਸਿਰਫ਼ ਉਹਨਾਂ ਨੂੰ ਈ ਪਤਾ ਏ ਕਿ ਮੈਂ ਕਿਉਂ ਉਸ ਅਦਾਲਤ ਸਾਹਵੇਂ ਹਾਜ਼ਰ ਹੋਣਾ ਏਂ।
ਸ਼ਕੂਰ ਦੁਪਹਿਰ ਦਾ ਈ ਨਦਾਰਦ ਏ। ਸਾਨੂੰ ਬੱਸ ਏਨਾ ਪਤਾ ਏ ਕਿ ਦੁਪਹਿਰ ਵੇਲੇ ਉਹ ਸਾਡੇ ਘਰ ਦੇ ਨੇੜਲੇ ਗੰਨੇ ਦੇ ਖੇਤ ਵਿਚ ਸੀ, ਪਰ ਅੱਜ ਰਾਤ ਉਹ ਪਿੰਡ ਤੋਂ ਤਿੰਨ ਮੀਲ ਦੂਰ ਪੁਲਸ ਥਾਨੇ ਵਿਚ ਬੰਦ ਏ। ਮੈਨੂੰ ਖ਼ੁਦ ਆਪਣੇ ਅੱਬਾ ਦੀ ਜ਼ਬਾਨੀ ਪਤਾ ਲੱਗਿਆ ਏ ਕਿ ਮੇਰੇ ਛੋਟੇ-ਜਿਹੇ ਭਰਾ ਨੂੰ ਕੁੱਟਿਆ-ਮਾਰਿਆ ਵੀ ਗਿਆ ਏ।
“ਜਦੋਂ ਪੁਲਸ ਸ਼ਕੂਰ ਨੂੰ ਮਸਤੋਈਆਂ ਦੇ ਘਰੋਂ ਬਾਹਰ ਲਿਆਈ ਤਾਂ ਅਸੀਂ ਉਸਨੂੰ ਦੇਖਿਆ ਸੀ—ਉਹ ਬੁਰੀ ਤਰ੍ਹਾਂ ਲਹੂ-ਲੁਹਾਨ ਸੀ, ਤੇ ਉਸਦੇ ਕੱਪੜੇ ਪਾਟੇ ਹੋਏ ਸੀ। ਪੁਲਸ ਉਸਨੂੰ ਹੱਥਕੜੀ ਲਾ ਕੇ ਲੈ ਗਈ ਤੇ ਮੈਨੂੰ ਉਸ ਨਾਲ ਗੱਲ ਵੀ ਨਹੀਂ ਕਰਨ ਦਿੱਤੀ। ਮੈਂ ਹਰ ਜਗ੍ਹਾ ਉਸਨੂੰ ਲੱਭਦਾ ਫਿਰ ਰਿਹਾ ਸਾਂ, ਤੇ ਇਕ ਆਦਮੀ ਨੇ ਜਿਹੜਾ ਖਜੂਰ ਦੇ ਰੁੱਖ 'ਤੇ ਚੜ੍ਹ ਕੇ ਟਾਹਣੀਆਂ ਵੱਢ ਰਿਹਾ ਸੀ, ਆ ਕੇ ਮੈਨੂੰ ਦੱਸਿਆ ਕਿ ਉਸਨੇ ਦੇਖਿਆ ਸੀ, ਮਸਤੋਈ ਸ਼ਕੂਰ ਨੂੰ ਅਗ਼ਵਾ ਕਰਕੇ ਲੈ ਗਏ ਸੀ। ਪਿੰਡ ਵਿਚ ਲੋਕ ਮੈਨੂੰ ਆ-ਆ ਕੇ ਖ਼ਬਰ ਦੇਣ ਲੱਗੇ ਕਿ ਮਸਤੋਈ ਉਸ 'ਤੇ ਗ਼ੈਰ-ਕਾਨੂੰਨੀ ਚਾਲ-ਚਲਣ ਤੇ ਚੋਰੀ ਦਾ ਇਲਜ਼ਾਮ ਲਾ ਰਹੇ ਸੀ।”
ਇਸ ਤਰ੍ਹਾਂ ਦੇ ਉਲਟੇ ਇਲਜ਼ਾਮ ਲਾਉਣ ਤੇ ਬਦਲਾ ਲੈਣ ਪੱਖੋਂ ਮਸਤੋਈ ਪੁਰਾਣੇ ਪਾਪੀ ਨੇ। ਉਹਨਾਂ ਦੀ ਬਿਰਾਦਰੀ ਦਾ ਜ਼ੋਰਾਵਰ ਮੁਖੀਆ ਬਹੁਤ ਸਾਰੇ ਅਸਰਦਾਰ ਲੋਕਾਂ ਨੂੰ ਜਾਣਦਾ ਏ, ਤੇ ਉਹ ਦੰਗਾ-ਫ਼ਸਾਦ ਤੇ ਖ਼ੂਨ-ਖ਼ਰਾਬਾ ਕਰਨ ਵਾਲੇ ਲੋਕ ਨੇ, ਆਪਣੀਆਂ ਬੰਦੂਕਾਂ ਨਾਲ ਕਿਸੇ ਦੇ ਵੀ ਘਰ ਉੱਤੇ ਹਮਲਾ ਕਰਕੇ ਉਸਨੂੰ ਲੁੱਟਣ, ਔਰਤਾਂ ਦੀ ਬੇਇੱਜ਼ਤੀ ਕਰਨ ਤੇ ਉਸ ਜਗ੍ਹਾ ਨੂੰ ਉਜਾੜ ਦੇਣ ਦੇ ਸਮਰਥ ਨੇ। ਛੋਟੀ ਜਾਤ ਵਾਲੇ ਗੁੱਜਰਾਂ ਨੂੰ ਉਹਨਾਂ ਦਾ ਵਿਰੋਧ ਕਰਨ ਦਾ ਕੋਈ ਹੱਕ ਨਹੀਂ, ਤੇ ਮੇਰੇ ਪਰਿਵਾਰ ਵਾਲਿਆਂ ਵਿਚੋਂ ਕਦੀ ਕਿਸੇ ਨੇ ਉਹਨਾਂ ਦੇ ਘਰ ਜਾਣ ਦੀ ਹਿੰਮਤ ਵੀ ਨਹੀਂ ਕੀਤੀ।
ਆਪਣੇ ਮਜ਼ਹਬੀ (ਧਾਰਮਿਕ) ਅਹੁਦੇ ਕਾਰਨ ਸਿਰਫ਼ ਮੁੱਲਾ ਨੂੰ ਇਸ ਝਗੜੇ ਵਿਚ ਦਖ਼ਲ ਦੇਣ ਦਾ ਹੱਕ ਏ, ਪਰ ਉਸਦੀਆਂ ਸਾਰੀਆਂ ਕੋਸ਼ਿਸ਼ਾਂ ਨਾਕਾਮ ਰਹੀਆਂ—ਸੋ, ਮੇਰੇ ਅੱਬਾ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਉਣ ਲਈ ਗਏ। ਘਮੰਡੀ ਮਸਤੋਈਆਂ ਨੇ, ਇਸ ਗੱਲ ਤੋਂ ਨਾਰਾਜ਼ ਹੋ ਕੇ ਕਿ ਇਕ ਗੁੱਜਰ ਕਿਸਾਨ ਨੇ ਪੁਲਸ ਦੇ ਸਿਪਾਈਆਂ ਨੂੰ ਐਨ ਉਹਨਾਂ ਦੀ ਡਿਓਢੀ 'ਤੇ ਭੇਜ ਕੇ ਉਹਨਾਂ ਨੂੰ ਵੰਗਾਰਿਆ ਏ, ਤਫ਼ਸੀਲਾਂ ਭਰਨ ਲਈ ਆਪਣੀ ਕਹਾਣੀ ਵਿਚ ਥੋੜ੍ਹੀ-ਜਿਹੀ ਹੇਰ-ਫੇਰ ਕਰ ਦਿੱਤੀ ਏ—ਹੁਣ ਉਹਨਾਂ ਨੇ ਸਿੱਧਾ-ਸਿੱਧਾ ਸ਼ਕੂਰ ਉੱਤੇ ਸਲਮਾ ਦੀ ਇੱਜ਼ਤ ਲੁੱਟਣ ਦਾ ਇਲਜ਼ਾਮ ਲਾਇਆ ਏ। ਉਹਨਾਂ ਦਾ ਦਾਅਵਾ ਏ ਕਿ ਮੇਰੇ ਭਰਾ ਨੇ ਜ਼ਿਨਾ ਕੀਤਾ ਏ, ਪਾਕਿਸਤਾਨ ਵਿਚ ਜਿਸਦਾ ਮਤਲਬ ਏ—ਬਲਾਤਕਾਰ, ਪਰਾਏ ਮਰਦ ਜਾਂ ਪਰਾਈ ਔਰਤ ਨਾਲ ਸੰਬੰਧ ਰੱਖਣਾ, ਜਾਂ ਨਿਕਾਹ ਦੀ ਪਾਕੀਜ਼ਗੀ (ਪਵਿੱਤਰਤਾ) ਬਿਨਾਂ ਸਰੀਰਕ ਸੰਬੰਧ ਬਣਾਉਣਾ। ਮੇਰੇ ਭਰਾ ਨੂੰ ਸੌਂਪਣ ਤੋਂ ਪਹਿਲਾਂ, ਮਸਤੋਈਆਂ ਨੇ ਮੰਗ ਕੀਤੀ ਏ ਕਿ ਉਸਨੂੰ ਹਿਰਾਸਤ ਵਿਚ ਰੱਖਿਆ ਜਾਵੇ, ਤੇ ਉਹਨਾਂ ਤਾਕੀਦ ਕੀਤੀ ਏ ਕਿ ਜੇ ਉਸਨੂੰ ਜੇਲ੍ਹ 'ਚੋਂ ਛੱਡਿਆ ਜਾਵੇ ਤਾਂ ਮੁੜ ਮਸਤੋਈ ਬਿਰਾਦਰੀ ਦੇ ਹਵਾਲੇ ਕੀਤੇ ਜਾਵੇ। ਸ਼ਰੀਅਤ ਦੇ ਮੁਤਾਬਕ ਜ਼ਿਨਾ ਦੀ ਸਜ਼ਾ ਮੌਤ ਹੋ ਸਕਦੀ ਏ—ਸੋ ਪੁਲਸ ਨੇ ਦੋ ਕਾਰਨਾਂ ਕਰਕੇ ਸ਼ਕੂਰ ਨੂੰ ਹਵਾਲਾਤ ਵਿਚ ਡੱਕ ਦਿੱਤਾ ਏ। ਇਕ ਇਹ ਕਿ ਉਸ ਉੱਤੇ ਸੰਗੀਨ ਜੁਰਮ ਦਾ ਇਲਜ਼ਾਮ ਏ ਤੇ ਇਸ ਲਈ ਵੀ ਕਿ ਉਸਨੂੰ ਖ਼ੂੰਖ਼ਾਰ ਮਸਤੋਈਆਂ ਤੋਂ ਬਚਾਇਆ ਜਾ ਸਕੇ—ਜਿਹੜੇ ਕਾਨੂੰਨ ਨੂੰ ਆਪਣੇ ਹੱਥ ਵਿਚ ਲੈਣ 'ਤੇ ਉਤਾਰੂ ਹੋਏ ਹੋਏ ਨੇ। ਦੁਪਹਿਰ ਪਿੱਛੋਂ ਈ ਸਾਰੇ ਪਿੰਡ ਨੂੰ ਇਸ ਸਭ ਬਾਰੇ ਪਤਾ ਲੱਗਿਆ ਸੀ, ਤੇ ਮੇਰੇ ਅੱਬਾ ਸਾਡੇ ਕੁਨਬੇ ਦੀਆਂ ਔਰਤਾਂ ਨੂੰ ਹਿਫ਼ਾਜ਼ਤ ਵਜੋਂ ਗੁਆਂਢੀਆਂ ਦੇ ਘਰ ਲੈ ਗਏ ਸਨ। ਅਸੀਂ ਜਾਣਦੇ ਆਂ ਕਿ ਮਸਤੋਈ ਹਮੇਸ਼ਾ ਆਪਣਾ ਗੁੱਸਾ ਛੋਟੀ ਜਾਤ ਦੀ ਕਿਸੇ ਔਰਤ 'ਤੇ ਈ ਕੱਢਦੇ ਨੇ। ਇਹ ਔਰਤ ਦਾ ਫ਼ਰਜ਼ ਏ ਕਿ ਉਹ ਖ਼ੁਦ ਨੂੰ ਜ਼ਲੀਲ ਕਰੇ—ਮਸਤੋਈਆਂ ਦੀ ਹਵੇਲੀ ਦੇ ਸਾਹਮਣੇ ਜੁੜੀ ਮਰਦਾਂ ਦੀ ਭੀੜ ਸਾਹਵੇਂ ਮੁਆਫ਼ੀ ਮੰਗੇ।
ਸਾਡੇ ਖੇਤਾਂ ਤੋਂ ਉਹਨਾਂ ਦੀ ਹਵੇਲੀ ਤੇ ਖੇਤ ਮੁਸ਼ਕਲ ਨਾਲ ਤਿੰਨ ਸੌ ਗਜ਼ ਦੀ ਦੂਰੀ 'ਤੇ ਨੇ, ਸੋ ਮੈਂ ਉਸਨੂੰ ਬਾਹਰੋਂ ਈ ਦੇਖ ਕੇ ਪਛਾਣਦੀ ਆਂ—ਉੱਚੀਆਂ-ਉੱਚੀਆਂ ਕੰਧਾਂ, ਤੇ ਇਕ ਖੁੱਲ੍ਹੀ ਛੱਤ—ਜਿੱਥੋਂ ਉਹ ਆਂਢ-ਗੁਆਂਢ ਉੱਤੇ ਇੰਜ ਨਜ਼ਰ ਰੱਖਦੇ ਨੇ ਜਿਵੇਂ ਉਹ ਸਾਰੀ ਦੁਨੀਆਂ ਦੇ ਬਾਦਸ਼ਾਹ ਹੋਣ।
---
“ਮੁਖ਼ਤਾਰ, ਚੱਲ ਤਿਆਰ ਹੋ ਜਾ, ਤੇ ਸਾਡੇ ਪਿੱਛੇ-ਪਿੱਛੇ ਆ।”
ਉਸ ਰਾਤ ਮੈਨੂੰ ਚਿੱਤ-ਚੇਤੇ ਵੀ ਨਹੀਂ ਸੀ ਕਿ ਸਾਡੇ ਛੋਟੇ-ਜਿਹੇ ਖੇਤ ਵੱਲੋਂ ਅਮੀਰ ਮਸਤੋਈਆਂ ਦੀ ਹਵੇਲੀ ਨੂੰ ਜਾਣ ਵਾਲਾ ਇਹ ਰਸਤਾ ਹਮੇਸ਼ਾ-ਹਮੇਸ਼ਾ ਲਈ ਮੇਰੀ ਜ਼ਿੰਦਗੀ ਬਦਲ ਦਏਗਾ। ਹਾਲਾਂਕਿ ਮੇਰੀ ਮੁਹਿੰਮ ਖ਼ਤਰਨਾਕ ਏ ਤਾਂ ਵੀ ਮੈਨੂੰ ਭਰੋਸਾ ਏ—ਮੈਂ ਆਪਣੀ ਇਬਾਦਤ ਦੀ ਕਿਤਾਬ ਨੂੰ ਆਪਣੀ ਹਿੱਕ ਨਾਲ ਲਾ ਕੇ ਤੁਰ ਪੈਂਦੀ ਆਂ...ਕੁਰਾਨ ਸ਼ਰੀਫ਼ ਮੇਰੀ ਹਿਫ਼ਾਜ਼ਤ ਕਰੇਗੀ।
ਮੇਰੇ ਅੱਬਾ ਨੇ ਉਹੀ ਚੁਣਿਆਂ ਜੋ ਇਹਨਾਂ ਹਾਲਾਤਾਂ ਵਿਚ ਸੰਭਵ ਸੀ। ਮੈਂ ਅਠਾਈ ਵਰ੍ਹਿਆਂ ਦੀ ਆਂ, ਤੇ ਭਾਵੇਂ ਮੈਨੂੰ ਲਿਖਣਾ-ਪੜ੍ਹਨਾ ਨਹੀਂ ਆਉਂਦਾ, ਕਿਉਂਕਿ ਪਿੰਡ ਦੀਆਂ ਕੁੜੀਆਂ ਲਈ ਕੋਈ ਸਕੂਲ ਨਹੀਂ, ਪਰ ਮੈਂ ਕੁਰਾਨ ਸ਼ਰੀਫ਼ ਦੀਆਂ ਕੁਝ ਆਯਤਾਂ ਸੁਣਾਉਣਾ ਸਿਖ ਲਿਆ ਏ, ਤੇ ਆਪਣੇ ਤਲਾਕ ਪਿੱਛੋਂ ਮੈਂ ਨੇਕੀ ਕਰਨ ਦੇ ਖ਼ਿਆਲ ਨਾਲ ਆਪਣੇ ਪਿੰਡ ਦੇ ਬੱਚਿਆਂ ਨੂੰ ਇਹ ਆਯਤਾਂ ਸਿਖਾਉਂਦੀ ਰਹੀ ਆਂ...ਤੇ ਇਹੋ ਮੇਰੀ ਤਾਕਤ ਏ।
ਮੈਂ ਕੱਚੇ ਰਸਤੇ 'ਤੇ ਆਪਣੇ ਅੱਬਾ, ਆਪਣੇ ਚਾਚੇ, ਹਾਜੀ ਅਲਤਾਫ਼ ਤੇ ਗ਼ੁਲਾਮ ਨਬੀ ਦੇ ਅੱਗੇ-ਅੱਗੇ ਟੁਰ ਰਹੀ ਆਂ। ਗ਼ੁਲਾਮ ਨਬੀ ਦੂਜੀ ਜਾਤ ਦਾ ਇਕ ਦੋਸਤ ਏ, ਜਿਹੜਾ ਜਿਰਗੇ (ਬਿਰਾਦਰੀ ਦੀ ਪੰਚਾਇਤ) ਦੀ ਗੱਲਬਾਤ ਦੌਰਾਨ ਵਿਚੋਲੀਏ ਦਾ ਫ਼ਰਜ਼ ਨਿਭਾ ਰਿਹਾ ਏ। ਉਹ ਮੇਰੀ ਹਿਫ਼ਾਜ਼ਤ ਨੂੰ ਲੈ ਕੇ ਡਰ ਰਹੇ ਨੇ, ਤੇ ਮੇਰਾ ਚਾਚਾ ਤਾਂ ਮੇਰੇ ਨਾਲ ਆਉਣ ਤੋਂ ਪਹਿਲਾਂ ਖ਼ੁਦ ਵੀ ਹਿਚਕ ਰਿਹਾ ਸੀ। ਇਸ ਦੇ ਬਾਵਜੂਦ ਮੈਂ ਇਕ ਬੱਚੇ ਵਾਂਗ ਅੱਗੇ-ਅੱਗੇ ਟੁਰ ਰਹੀ ਆਂ। ਮੈਂ ਕੋਈ ਜੁਰਮ ਨਹੀਂ ਕੀਤਾ ਏ, ਖ਼ੁਦ ਕੋਈ ਗ਼ਲਤੀ ਨਹੀਂ ਕੀਤੀ ਏ, ਮੈਂ ਖ਼ੁਦਾ ਵਿਚ ਭਰੋਸਾ ਕਰਦੀ ਆਂ ਤੇ ਆਪਣੇ ਤਲਾਕ ਪਿੱਛੋਂ ਸਾਰੇ ਫ਼ਰਜ਼ ਨਿਭਾਉਂਦੀ ਹੋਈ, ਮਰਦਾਂ ਦੀ ਦੁਨੀਆਂ ਤੋਂ ਦੂਰ, ਆਪਣੇ ਪਰਿਵਾਰ ਨਾਲ ਸਕੂਨ-ਭਰੇ ਇਕਾਂਤ ਦੀ ਜ਼ਿੰਦਗੀ ਬਸਰ ਕਰਦੀ ਰਹੀ ਆਂ। ਕਿਸੇ ਨੇ ਕਦੀ ਮੇਰੀ ਕੋਈ ਬੁਰਿਆਈ ਨਹੀਂ ਕੀਤੀ, ਜਿਵੇਂ ਕਿ ਅਕਸਰ ਦੂਜੀਆਂ ਔਰਤਾਂ ਨਾਲ ਹੁੰਦਾ ਏ। ਮਿਸਾਲ ਦੇ ਲਈ ਸਲਮਾ ਆਪਣੇ ਢੀਠ ਤੌਰ-ਤਰੀਕਿਆਂ ਕਰਕੇ ਮਸ਼ਹੂਰ ਏ—ਉਸ ਕੁੜੀ ਦੀ ਜ਼ਬਾਨ ਬੜੀ ਤੇਜ਼ ਏ—ਤੇ ਬੜੀ ਚਲਿੱਤਰੀ ਏ ਉਹ। ਹੋ ਸਕਦਾ ਏ ਕਿ ਮਸਤੋਈਆਂ ਨੇ ਸਲਮਾ ਨਾਲ ਜੁੜੀ ਕਿਸੇ ਗੱਲ ਉੱਤੇ ਪਰਦਾ ਪਾਉਣ ਲਈ ਮੇਰੇ ਛੋਟੇ-ਜਿਹੇ ਭਰਾ ਦੀ ਮਾਸੂਮੀਅਤ ਦਾ ਫ਼ਾਇਦਾ ਉਠਾਉਣ ਦੀ ਕੋਸ਼ਿਸ਼ ਕੀਤੀ ਹੋਵੇ। ਜੋ ਵੀ ਹੋਵੇ, ਫ਼ੈਸਲਾ ਮਸਤੋਈ ਕਰਦੇ ਨੇ ਤੇ ਗੁੱਜਰਾਂ ਨੂੰ ਸਿਰ ਝੁਕਾਅ ਕੇ ਮੰਨਣਾ ਪੈਂਦਾ ਏ।
ਜੂਨ ਦੀ ਉਹ ਰਾਤ ਉਸ ਸਮੇਂ ਵੀ ਗਰਮੀ ਨਾਲ ਝੁਲਸ ਰਹੀ ਏ—ਚਿੜੀਆਂ ਸੁੱਤੀਆਂ ਹੋਈਆਂ ਨੇ—ਬੱਕਰੀਆਂ ਵੀ। ਕਦੀ-ਕਦੀ ਕੋਈ ਕੁੱਤਾ ਉਸ ਖ਼ਾਮੋਸ਼ੀ ਵਿਚ ਭੌਂਕ ਪੈਂਦਾ ਏ, ਜਿਹੜੀ ਮੇਰੇ ਕਦਮਾਂ ਦੀ ਆਹਟ ਦੇ ਇਰਦ-ਗਿਰਦ ਫੈਲੀ ਹੋਈ ਏ, ਅਜਿਹੀ ਖ਼ਾਮੋਸ਼ੀ ਜਿਹੜੀ ਆਹਿਸਤਾ-ਆਹਿਸਤਾ ਇਕ ਹਲਕੀ ਗੜਗੜਾਹਟ ਵਿਚ ਬਦਲਦੀ ਏ। ਜਿਵੇਂ-ਜਿਵੇਂ ਮੈਂ ਅੱਗੇ ਵਧਦੀ ਆਂ, ਮੈਨੂੰ ਨਾਰਾਜ਼ ਲੋਕਾਂ ਦੀਆਂ ਆਵਾਜ਼ਾਂ ਸੁਣਾਈ ਦੇਣ ਲੱਗ ਪੈਂਦੀਆਂ ਨੇ, ਜਿਹਨਾਂ ਨੂੰ ਮੈਂ ਹੁਣ ਮਸਤੋਈਆਂ ਦੇ ਖੇਤਾਂ ਦੇ ਰਾਹ 'ਤੇ ਲੱਗੀ ਇਕੱਲੀ ਬੱਤੀ ਦੀ ਰੋਸ਼ਨੀ ਵਿਚ ਦੇਖ ਰਹੀ ਆਂ। ਸੌ ਤੋਂ ਵੱਧ ਲੋਕ ਉੱਥੇ ਮਸਜਿਦ ਕੋਲ ਖੜ੍ਹੇ ਨੇ, ਹੋ ਸਕਦਾ ਏ, ਦੋ-ਢਾਈ ਸੌ ਦੇ ਕਰੀਬ ਹੋਣ, ਤੇ ਉਹਨਾਂ ਵਿਚ ਜ਼ਿਆਦਾਤਰ ਮਸਤੋਈ ਈ ਨੇ। ਉਹੀ ਨੇ ਜਿਹੜੇ ਜਿਰਗੇ 'ਤੇ ਹਾਵੀ ਨੇ। ਹਾਲਾਂਕਿ ਅਬਦੁਲ ਰੱਜ਼ਾਕ ਸਾਡੇ ਪਿੰਡ ਦਾ ਮੁੱਲਾ ਏ, ਉਹ ਵੀ ਉਹਨਾਂ ਦੇ ਖ਼ਿਲਾਫ਼ ਨਹੀਂ ਜਾ ਸਕਦਾ। ਮੈਂ ਭੀੜ ਵਿਚ ਉਸਨੂੰ ਲੱਭ ਰਹੀ ਆਂ, ਉਹ ਉੱਥੇ ਨਹੀਂ। ਉਸ ਸਮੇਂ ਮੈਨੂੰ ਇਹ ਨਹੀਂ ਸੀ ਪਤਾ ਕਿ ਮਸਤੋਈਆਂ ਨਾਲ ਇਸ ਗੱਲ 'ਤੇ ਅਸਹਿਮਤ ਹੋ ਕੇ ਕਿ ਮਾਮਲੇ ਨੂੰ ਕਿੰਜ ਨਿਪਟਾਇਆ ਜਾਵੇ, ਜਿਰਗੇ ਦੇ ਕੁਝ ਮੈਂਬਰ ਪੰਚਾਇਤ 'ਚੋਂ ਜਾ ਚੁੱਕੇ ਨੇ। ਮੁਹਾਰ ਹੁਣ ਮਸਤੋਈਆਂ ਦੇ ਹੱਥ 'ਚ ਏ।
ਆਪਣੇ ਸਾਹਵੇਂ ਮੈਨੂੰ ਫ਼ੈਜ਼ ਮੁਹੰਮਦ, ਜਿਸਨੂੰ ਸਾਰੇ ਫ਼ੈਜ਼ਾ ਕਹਿੰਦੇ ਨੇ, ਚਾਰ ਹੋਰ ਆਦਮੀਆਂ ਦੇ ਨਾਲ ਖੜ੍ਹਾ ਨਜ਼ਰ ਆਉਂਦਾ ਏ—ਅਬਦੁਲ ਖ਼ਾਲਿਕ, ਗ਼ੁਲਾਮ ਫ਼ਰੀਦ, ਅੱਲਾਦਿੱਤਾ ਤੇ ਮੁਹੰਮਦ ਫ਼ੈਯਾਜ਼। ਉਹਨਾਂ ਦੇ ਕੋਲ ਬੰਦੂਕ ਤੇ ਇਕ ਪਸਤੌਲ ਏ—ਜਿਹਨਾਂ ਨੂੰ ਉਹ ਫ਼ੌਰਨ ਮੇਰੇ ਕਬੀਲੇ ਦੇ ਲੋਕਾਂ 'ਤੇ ਤਾਣ ਦੇਂਦੇ ਨੇ। ਮਸਤੋਈ ਮੇਰੇ ਘਰਵਾਲਿਆਂ ਨੂੰ ਡਰਾ ਕੇ ਭਜਾਉਣ ਲਈ ਆਪਣੀਆਂ ਬੰਦੂਕਾਂ ਲਹਿਰਾਉਂਦੇ ਨੇ, ਪਰ ਮੇਰੇ ਅੱਬਾ ਤੇ ਚਾਚਾ ਟਸ ਤੋਂ ਮਸ ਨਹੀਂ ਹੁੰਦੇ। ਫ਼ੈਜ਼ ਨੇ ਉਹਨਾਂ ਨੂੰ ਕੁਝ ਦੂਰ ਰੋਕਿਆ ਹੋਇਆ ਏ, ਪਰ ਉਹ ਮੇਰੇ ਪਿੱਛੇ ਰਹਿੰਦੇ ਨੇ।
ਮਸਤੋਈਆਂ ਨੇ ਆਪਣੀ ਬਿਰਾਦਰੀ ਨੂੰ ਆਪਣੇ ਪਿੱਛੇ ਇਕੱਠਾ ਕਰ ਲਿਆ ਏ—ਬੇਸਬਰੇ ਤੇ ਭੜਕੇ ਹੋਏ ਲੋਕਾਂ ਦਾ ਇਕ ਡਰਾਵਣਾ ਘੇਰਾ।
ਮੈਂ ਇਕ ਚਾਦਰ ਲਿਆਈ ਆਂ, ਜਿਸਨੂੰ ਮੈਂ ਵਫ਼ਾਦਾਰੀ ਦੀ ਨਿਸ਼ਾਨੀ ਦੇ ਤੌਰ 'ਤੇ ਉਹਨਾਂ ਦੇ ਪੈਰਾਂ ਸਾਹਵੇਂ ਫੈਲਾ ਦੇਂਦੀ ਆਂ। ਯਾਦ ਕਰਕੇ, ਮੈਂ ਕੁਰਾਨ ਦੀ ਇਕ ਆਯਤ ਪੜ੍ਹਦੀ ਆਂ—ਮੁਕੱਦਸ ਕਿਤਾਬ ਉੱਤੇ ਆਪਣਾ ਹੱਥ ਰੱਖਦੀ ਹੋਈ। ਜੋ ਕੁਝ ਵੀ ਮੈਂ ਮਜ਼ਹਬੀ ਕਿਤਾਬ ਬਾਰੇ ਜਾਣਦੀ ਆਂ, ਉਹ ਮੈਂ ਸੁਣ ਕੇ ਸਿੱਖਿਆ ਏ, ਪੜ੍ਹ ਕੇ ਨਹੀਂ—ਪਰ ਮੈਂ ਸ਼ਾਇਦ ਇਹਨਾਂ ਜਾਨਵਰਾਂ ਦੀ ਬਨਿਸਬਤ, ਜਿਹੜੇ ਹਿਕਾਰਤ (ਨਫ਼ਰਤ ਭਰੇ ਗੁੱਸੇ) ਨਾਲ ਮੈਨੂੰ ਘੂਰ ਰਹੇ ਨੇ, ਕੁਰਾਨ ਪਾਕ ਦੀਆਂ ਆਯਤਾਂ ਬਾਰੇ ਵੱਧ ਜਾਣਦੀ ਆਂ। ਹੁਣ ਵੇਲਾ ਆ ਗਿਆ ਏ ਕਿ ਮਸਤੋਈਆਂ ਦੀ ਇੱਜ਼ਤ ਇਕ ਵਾਰੀ ਫੇਰ ਪਾਕ-ਸਾਫ਼ (ਸਾਫ਼-ਸੁਥਰੀ) ਹੋ ਸਕੇ। ਪੰਜਾਬ, ਜਿਹੜਾ ਪੰਜ ਨਦੀਆਂ ਦੇ ਦੇਸ਼ ਦੇ ਨਾਂ ਨਾਲ ਜਾਣਿਆਂ ਜਾਂਦਾ ਏ, ਪਾਕ (ਸਾਫ਼-ਸੁਥਰੇ) ਲੋਕਾਂ ਦਾ ਮੁਲਕ ਵੀ ਕਹਾਉਂਦਾ ਏ—ਪਰ ਕੌਣ ਏ, ਜਿਹੜਾ ਪਾਕ ਏ?
ਮਸਤੋਈਆਂ ਦੀਆਂ ਬੰਦੂਕਾਂ ਤੇ ਉਹਨਾਂ ਦੇ ਸ਼ੈਤਾਨੀ ਚਿਹਰੇ ਦੇਖ ਕੇ ਮੇਰੀ ਹਿੰਮਤ ਜਵਾਬ ਦੇ ਰਹੀ ਏ—ਖਾਸ ਤੌਰ 'ਤੇ ਅਬਦੁਲ ਖ਼ਾਲਿਕ ਵੱਲ ਦੇਖ ਕੇ, ਜਿਸਦੇ ਹੱਥ ਵਿਚ ਇਕ ਪਸਤੌਲ ਏ। ਉਸਦੀਆਂ ਅੱਖਾਂ ਕਿਸੇ ਪਾਗ਼ਲ ਬੰਦੇ ਵਰਗੀਆਂ ਨੇ, ਨਫ਼ਰਤ ਨਾਲ ਚਮਕਦੀਆਂ ਹੋਈਆ। ਪਰ ਹਾਲਾਂਕਿ ਮੈਨੂੰ ਨੀਵੀਂ ਜਾਤ ਦੀ ਔਰਤ ਹੋਣ ਕਰਕੇ ਪੱਕੇ ਤੌਰ 'ਤੇ ਆਪਣੀ ਹੈਸੀਅਤ ਦਾ ਪਤਾ ਏ, ਆਪਣੀ ਗੁੱਜਰਾਂ ਵਾਲੀ ਇੱਜ਼ਤ ਦਾ ਅਹਿਸਾਸ ਏ। ਛੋਟੇ, ਗ਼ਰੀਬ ਕਿਸਨਾਂ ਦੀ ਸਾਡੀ ਬਿਰਾਦਰੀ ਉੱਥੇ ਸਦੀਆਂ ਤੋਂ ਰਹਿੰਦੀ ਆਈ ਏ, ਤੇ ਇਸ ਦੇ ਬਾਵਜੂਦ ਕਿ ਮੈਂ ਆਪਣੇ ਲੋਕਾਂ ਦੇ ਇਤਿਹਾਸ ਤੋਂ ਚੰਗੀ ਤਰ੍ਹਾਂ ਜਾਣੂ ਨਹੀਂ ਆਂ, ਮੈਂ ਮਹਿਸੂਸ ਕਰਦੀ ਆਂ ਕਿ ਉਹ ਮੇਰਾ ਹਿੱਸਾ ਏ—ਮੇਰੇ ਖ਼ੂਨ ਵਿਚ ਏ। ਮੈਂ ਜਿਸ ਮੁਸੀਬਤ ਵਿਚ ਪੈ ਗਈ ਆਂ—ਉਸੇ ਦੇ ਕਾਰਨ ਪਥਰਾਈ ਹੋਈ ਮੈਂ...ਅੱਖਾਂ ਨੀਵੀਆਂ ਕਰੀ ਖੜ੍ਹੀ ਆਂ।
ਮੈਂ ਨਜ਼ਰਾਂ ਚੁੱਕਦੀ ਆਂ, ਪਰ ਫ਼ੈਜ਼, ਆਪਣੇ ਸਿਰ ਨੂੰ ਹਿਕਾਰਤ ਨਾਲ ਹਿਲਾਉਂਦਾ ਹੋਇਆ, ਕੁਝ ਨਹੀਂ ਕਹਿੰਦਾ। ਕੁਝ ਪਲਾਂ ਲਈ ਸਭ ਸ਼ਾਂਤ ਨੇ। ਮੈਂ ਖ਼ਾਮੋਸ਼ੀ ਨਾਲ ਦੁਆ ਕਰਦੀ ਆਂ, ਤੇ ਫੇਰ, ਅਚਾਨਕ ਡਰ ਮੇਰੇ ਉੱਤੇ ਹਾਵੀ ਹੋ ਜਾਂਦਾ ਏ, ਬਰਸਾਤ ਦੀ ਝੜੀ ਵਾਂਗ, ਮੇਰੀ ਦੇਹ ਨੂੰ ਬਿਜਲੀ ਦੀ ਲਿਸ਼ਕ ਵਾਂਗ ਸੂਤਰ ਕਰਦਾ ਹੋਇਆ।
ਹੁਣ ਮੈਂ ਉਸ ਆਦਮੀ ਦੀਆਂ ਅੱਖਾਂ ਵਿਚ ਇਹ ਦੇਖ ਸਕਦੀ ਆਂ ਕਿ ਉਹ ਚਾਹੁੰਦਾ ਸੀ ਇਕ ਗੁੱਜਰ ਔਰਤ ਮਸਤੋਈਆਂ ਦੇ ਜਿਰਗੇ ਦੇ ਸਾਹਮਣੇ ਪੇਸ਼ ਹੋਵੇ ਤਾਕਿ ਉਹ ਪੂਰੇ ਪਿੰਡ ਦੇ ਸਾਹਮਣੇ ਉਸ ਤੋਂ ਬਦਲਾ ਲੈ ਸਕੇ। ਇਹਨਾਂ ਲੋਕਾਂ ਨੇ— ਮੁੱਲਾ, ਮੇਰੇ ਬਾਪ, ਮੇਰੇ ਪੂਰੇ ਪਰਿਵਾਰ, ਤੇ ਉਸ ਜਿਰਗੇ ਦੇ ਪੰਚਾਂ ਨੂੰ, ਜਿਸ ਵਿਚ ਉਹ ਖ਼ੁਦ ਵੀ ਸ਼ਾਮਲ ਨੇ—ਬੇਵਕੂਫ਼ ਬਣਾਇਆ ਏ। ਇਹ ਪਹਿਲੀ ਵਾਰੀ ਏ ਕਿ ਖ਼ੁਦ ਪੰਚਾਂ ਨੇ ਇਸਮਤਦਰੀ ਨੂੰ—ਇਕ ਸਮੂਹਕ ਬਲਾਤਕਾਰ ਨੂੰ—ਉਸ 'ਇਨਸਾਫ਼' ਦਾ ਜ਼ਰੀਆ ਬਣਾਉਣ ਦਾ ਫ਼ੈਸਲਾ ਕੀਤਾ ਏ, ਜਿਸਨੂੰ ਉਹ ਆਪਣਾ 'ਇੱਜ਼ਤ ਦਾ ਇਨਸਾਫ਼' ਕਹਿੰਦੇ ਨੇ।
ਅਬਦੁਲ ਖ਼ਾਲਿਕ ਆਪਣੇ ਕਬੀਲੇ ਦੇ ਭਰਾਵਾਂ ਵੱਲ ਮੁੜਦਾ ਏ, ਜਿਹੜੇ ਉਸ ਫ਼ੈਸਲੇ ਨੂੰ ਅਮਲ ਵਿਚ ਲਿਆਉਣ ਲਈ, ਜ਼ੋਰ-ਜ਼ਬਰਦਸਤੀ ਦੀ ਨੁਮਾਇਸ਼ ਕਰਕੇ ਆਪਣੀ ਤਾਕਤ ਦਾ ਵਿਖਾਵਾ ਕਰਨ ਦੇ ਲਈ, ਓਨੇ ਈ ਕਾਹਲੇ ਹੋਏ ਹੋਏ ਨੇ, ਜਿੰਨਾ ਕਿ ਉਹ ਖ਼ੁਦ ਏ। ਫੇਰ ਅਬਦੁਲ ਖ਼ਾਲਿਕ ਮੇਰੀ ਬਾਂਹ ਫੜ੍ਹ ਲੈਂਦਾ ਏ ਤੇ ਗ਼ੁਲਾਮ ਫ਼ਰੀਦ, ਅੱਲਾਦਿੱਤਾ ਤੇ ਮੁਹੰਮਦ ਫ਼ੈਯਾਜ਼ ਮੈਨੂੰ ਖਿੱਚਣ ਲੱਗਦੇ ਨੇ। ਉਸ ਪਿੱਛੋਂ ਮੈਨੂੰ ਘਸੀਟਿਆ ਜਾਂਦਾ ਏ।
ਮੈਂ ਉੱਥੇ ਆਂ, ਸੱਚਮੁੱਚ, ਪਰ ਮੈਂ ਹੁਣ ਮੈਂ ਨਹੀਂ ਰਹਿ ਗਈ ਆਂ—ਇਹ ਪਥਰਾਇਆ ਜਿਸਮ, ਇਹ ਕੰਬ ਕੇ ਢਹਿੰਦੀਆਂ ਲੱਤਾਂ ਹੁਣ ਕਤਈ ਮੇਰੀਆਂ ਨਹੀਂ। ਮੈਂ ਬੇਹੋਸ਼ ਹੋਣ ਵਾਲੀ ਆਂ, ਜ਼ਮੀਨ 'ਤੇ ਡਿੱਗਣ ਵਾਲੀ ਆਂ, ਪਰ ਮੈਨੂੰ ਇਸਦਾ ਮੌਕਾ ਈ ਨਹੀਂ ਮਿਲਦਾ—ਕਸਾਈ ਕੋਲ ਹਲਾਲ ਕਰਨ ਲਈ ਲੈ ਜਾਈ ਜਾ ਰਹੀ ਬੱਕਰੀ ਵਾਂਗ ਉਹ ਮੈਨੂੰ ਘਸੀਟ ਕੇ ਲੈ ਜਾਂਦੇ ਨੇ। ਮਰਦਾਂ ਦੀਆਂ ਬਾਹਾਂ ਨੇ ਮੇਰੀਆਂ ਬਾਹਾਂ ਜਕੜੀਆਂ ਹੋਈਆਂ ਨੇ, ਉਹ ਮੇਰੇ ਕੱਪੜੇ, ਮੇਰੀ ਚਾਦਰ, ਮੇਰੇ ਵਾਲ ਖਿੱਚ ਰਹੇ ਨੇ।
“ਕੁਰਾਨ ਪਾਕ ਦੇ ਨਾਂ 'ਤੇ ਮੈਨੂੰ ਛੱਡ ਦਿਓ,” ਮੈਂ ਚੀਕਦੀ ਆਂ। “ਰੱਬ ਦੇ ਵਾਸਤੇ ਮੈਨੂੰ ਛੱਡ ਦਿਓ।”
ਮੈਂ ਇਕ ਰਾਤ ਤੋਂ ਦੂਜੀ ਵਿਚ ਦਾਖ਼ਲ ਹੁੰਦੀ ਆਂ—ਬਾਹਰਲੇ ਹਨੇਰੇ 'ਚੋਂ ਅੰਦਰਲੇ ਹਨੇਰੇ ਵਿਚ। ਇਕ ਘਿਰੀ ਹੋਈ ਜਗ੍ਹਾ ਜਿੱਥੇ ਮੈਂ ਉਹਨਾਂ ਚਾਰਾਂ ਮਰਦਾਂ ਨੂੰ ਸਿਰਫ਼ ਇਕ ਛੋਟੀ-ਜਿਹੀ ਖਿੜਕੀ 'ਚੋਂ ਛਣ ਕੇ ਆਉਂਦੀ ਚੰਨ ਚਾਨਣੀ ਦੇ ਸਹਾਰੇ ਹੀ ਅਲੱਗ-ਅਲੱਗ ਕਰ ਸਕਦੀ ਆਂ। ਚਾਰ ਕੰਧਾਂ ਤੇ ਇਕ ਦਰਵਾਜ਼ਾ, ਜਿਸ ਅੱਗੇ ਇਕ ਹਥਿਆਰਬੰਦ ਪ੍ਰਛਾਵਾਂ ਪਹਿਰਾ ਦੇ ਰਿਹਾ ਏ।
ਭੱਜ ਨਿੱਕਲਣਾ ਅਸੰਭਵ ਏ। ਦੁਆਵਾਂ, ਤਰਲੇ ਕੋਈ ਅਸਰ ਨਹੀਂ ਵਿਖਾਲ ਰਹੇ।
ਇੱਥੇ ਈ ਉਹ ਮੇਰੀ ਇਸਮਤ (ਇੱਜ਼ਤ)  ਲੁੱਟਦੇ ਨੇ, ਇਕ ਖ਼ਾਲੀ ਅਸਤਬਲ (ਤਬੇਲੇ)  ਦੀ ਕੱਚੀ ਜ਼ਮੀਨ ਉੱਤੇ। ਚਾਰ ਆਦਮੀ—ਅਬਦੁਲ ਖ਼ਾਲਿਕ, ਗ਼ੁਲਾਮ ਫ਼ਰੀਦ, ਅੱਲਾਦਿੱਤਾ ਤੇ ਮੁਹੰਮਦ ਫ਼ੈਯਾਜ਼। ਮੈਨੂੰ ਕੁਝ ਪਤਾ ਨਹੀਂ ਕਿ ਕਿੰਨੀ ਦੇਰ ਤੀਕ ਉਹ ਘਿਣਾਉਣੀ ਖੇਡ ਜਾਰੀ ਰਹਿੰਦੀ ਏ—ਇਕ ਘੰਟਾ?...ਸਾਰੀ ਰਾਤ?
ਮੈਂ, ਮੁਖ਼ਤਾਰ ਬੀਬੀ, ਆਪਣੇ ਅੱਬਾ, ਗ਼ੁਲਾਮ ਫ਼ਰੀਦ ਦੀ ਸਭ ਤੋਂ ਵੱਡੀ ਧੀ, ਆਪਣੇ ਸਾਰੇ ਹੋਸ਼ੋ-ਹਵਾਸ ਗੁਆ ਸਕਦੀ ਆਂ, ਪਰ ਮੈਂ ਉਹਨਾਂ ਦਰਿੰਦਿਆਂ ਦੇ ਚਿਹਰੇ ਕਦੀ ਨਹੀਂ ਭੁੱਲ ਸਕਾਂਗੀ। ਉਹਨਾਂ ਲਈ ਔਰਤ ਸਿਰਫ਼ ਕਬਜ਼ਾ ਜਮਾਉਣ, ਬਦਲਾ ਲੈਣ, ਜਾਂ ਇੱਜ਼ਤ ਜਤਾਉਣ ਦੀ ਚੀਜ਼ ਏ। ਉਹ ਕਬੀਲੇ ਦੀ ਇੱਜ਼ਤ ਦੇ ਆਪਣੇ ਵਿਚਾਰ ਮੁਤਾਬਕ ਉਸ ਨਾਲ ਸ਼ਾਦੀ ਕਰਦੇ ਨੇ ਜਾਂ ਜ਼ਿਨਾ ਕਰਦੇ ਨੇ। ਉਹ ਜਾਣਦੇ ਨੇ ਕਿ ਉਸ ਤਰ੍ਹਾਂ ਬੇਇੱਜ਼ਤ ਕੀਤੀ ਗਈ ਕਿਸੇ ਔਰਤ ਦੇ ਸਾਹਮਣੇ ਖ਼ੁਦਕਸ਼ੀ ਦੇ ਸਿਵਾਏ ਦੂਜਾ ਕੋਈ ਚਾਰਾ ਨਹੀਂ ਰਹਿ ਜਾਂਦਾ। ਉਹਨਾਂ ਨੂੰ ਤਾਂ ਆਪਣੇ ਹਥਿਆਰ ਇਸਤੇਮਾਲ ਕਰਨ ਦੀ ਲੋੜ ਵੀ ਨਹੀਂ ਪੈਂਦੀ। ਜ਼ਿਨਾ, ਉਸਨੂੰ ਮਾਰ ਦੇਂਦਾ ਏ। ਜ਼ਿਨਾ, ਆਖ਼ਰੀ ਹਥਿਆਰ ਏ—ਉਹ ਦੂਜੇ ਕਬੀਲੇ ਨੂੰ ਹਮੇਸ਼ਾ-ਹਮੇਸ਼ਾ ਲਈ ਸ਼ਰਮਿੰਦਗੀ ਵਿਚ ਡੋਬ ਦੇਂਦੇ ਨੇ।
ਉਹ ਮੈਨੂੰ ਕੁੱਟ-ਮਾਰ ਕਰਨ ਦਾ ਕਸ਼ਟ ਨਹੀਂ ਕਰਦੇ। ਮੈਂ ਪਹਿਲਾਂ ਈ ਉਹਨਾਂ ਦੇ ਰਹਿਮੋ-ਕਰਮ 'ਤੇ ਆਂ, ਉਹ ਮੇਰੇ ਮਾਂ-ਬਾਪ ਨੂੰ ਡਰਾ ਧਮਕਾ ਰਹੇ ਨੇ, ਤੇ ਮੇਰਾ ਭਰਾ ਜੇਲ੍ਹ 'ਚ ਏ। ਮੈਂ ਦਬਣ ਲਈ ਮਜਬੂਰ ਆਂ।
ਫੇਰ ਉਹ ਮੈਨੂੰ ਬਾਹਰ ਧੱਕਾ ਦੇਂਦੇ ਨੇ—ਅੱਧ-ਨੰਗੀ ਹਾਲਤ ਵਿਚ, ਜਿੱਥੇ ਮੈਂ ਲੜਖੜਾ ਕੇ ਡਿੱਗ ਪੈਂਦੀ ਆਂ। ਉਹ ਮੇਰੀ ਸਲਵਾਰ ਮੇਰੇ ਉੱਤੇ ਸੁੱਟ ਦੇਂਦੇ ਨੇ। ਅਸਤਬਲ ਦਾ ਦੁਹਰੇ ਪੱਲੇ ਵਾਲਾ ਲੱਕੜ ਦਾ ਦਰਵਾਜ਼ਾ, ਉਹਨਾਂ ਚਾਰਾਂ ਮਰਦਾਂ ਨੂੰ ਅੰਦਰ ਲੈ ਕੇ, ਬੰਦ ਹੋ ਜਾਂਦਾ ਏ—ਮੈਨੂੰ ਸਾਰੇ ਪਿੰਡ ਦੀਆਂ ਨਜ਼ਰਾਂ ਦੇ ਸਾਹਵੇਂ ਆਪਣੀ ਸ਼ਰਮਿੰਦਗੀ ਨਾਲ ਇਕੱਲਿਆਂ ਛੱਡਦਾ ਹੋਇਆ। ਮੇਰੇ ਕੋਲ ਇਹ ਦੱਸਣ ਲਈ ਸ਼ਬਦ ਨਹੀਂ ਕਿ ਮੈਂ ਕੀ ਆਂ, ਉਸ ਸਮੇਂ। ਮੈਂ ਕੁਝ ਸੋਚ ਨਹੀਂ ਸਕਦੀ—ਇਕ ਗਾੜ੍ਹੀ ਧੁੰਦ ਮੇਰੇ ਦਿਮਾਗ਼ ਵਿਚ ਵੜ ਆਈ ਏ, ਉਹਨਾਂ ਤਕਲੀਫ਼ਾਂ ਤੇ ਨਾਪਾਕ ਬੇਵੱਸੀ ਦੀਆਂ ਤਸਵੀਰਾਂ ਨੂੰ ਕੱਜਦੀ ਹੋਈ, ਤੇ ਸਿਰ ਝੁਕਾਈ, ਮੈਂ ਕੁਦਰਤਨ ਆਪਣੇ ਅੱਬਾ ਨੂੰ ਆਵਾਜ਼ ਦੇਂਦੀ ਆਂ...ਜਿਹੜਾ ਮੇਰੀ ਬਚੀ-ਖੁਚੀ ਇੱਜ਼ਤ ਨੂੰ ਬਚਾਈ ਰੱਖਣ ਲਈ, ਆਪਣੀ ਚਾਦਰ ਮੇਰੇ 'ਤੇ ਪਾ ਦੇਂਦਾ ਏ। ਮੈਂ ਤੁਰੀ ਜਾ ਰਹੀ ਆਂ, ਇਹ ਜਾਣੇ ਬਿਨਾਂ ਕਿ ਮੈਂ ਕਿੱਧਰ ਜਾ ਰਹੀ ਆਂ, ਸਿਰਫ਼ ਅਹਿਸਾਸ ਦੇ ਬੁੱਤੇ 'ਤੇ ਆਪਣੇ ਮਾਂ-ਬਾਪ ਦੇ ਘਰ ਵੱਲ ਵਧਦੀ ਹੋਈ...ਮੈਂ ਕਿਸੇ ਭੂਤ ਵਾਂਗ ਉਸ ਰਸਤੇ 'ਤੇ ਸਰਕਦੀ ਹੋਈ ਟੁਰੀ ਜਾ ਰਹੀ ਆਂ। ਮੇਰਾ ਬਾਪ, ਮੇਰਾ ਚਾਚਾ ਤੇ ਉਹਨਾਂ ਦਾ ਦੋਸਤ ਰਮਜ਼ਾਨ ਕੁਝ ਫ਼ਾਸਲੇ 'ਤੇ ਮੇਰੇ ਪਿੱਛੇ-ਪਿੱਛੇ ਨੇ—ਜਿਵੇਂ ਮਸਤੋਈਆਂ ਨੇ ਉਹਨਾਂ ਨੂੰ ਜਬਰਦਸਤੀ ਫੜ੍ਹਿਆ ਹੋਇਆ ਸੀ, ਤੇ ਉਹ ਹੁਣੇ-ਹੁਣੇ ਛੁੱਟੇ ਨੇ।
ਮੇਰੀ ਮਾਂ, ਖ਼ਾਮੋਸ਼ੀ ਵਿਚ ਡੁੱਬੀਆਂ ਦੂਜੀਆਂ ਔਰਤਾਂ ਦੇ ਨਾਲ, ਸਾਡੇ ਘਰ ਦੇ ਬਾਹਰ ਖੜ੍ਹੀ ਰੋ ਰਹੀ ਏ। ਮੈਂ ਚਕਰਾਈ ਜਿਹੀ, ਗੂੰਗੀ ਹੋਈ ਹੋਈ, ਉਸਦੇ ਕੋਲੋਂ ਹੋ ਕੇ ਲੰਘ ਜਾਂਦੀ ਆਂ—ਤੇ ਜ਼ਨਾਨਾ ਹਿੱਸੇ ਦੇ ਤਿੰਨ ਕਮਰਿਆਂ ਵਿਚੋਂ ਇਕ ਵਿਚ ਵੜ ਜਾਂਦੀ ਆਂ, ਤੇ ਫੂਸ ਦੇ ਇਕ ਵਿਛੋਣੇ 'ਤੇ ਢਹਿ ਪੈਂਦੀ ਆਂ—ਜਿੱਥੇ ਮੈਂ ਖੇਸ਼ ਤਾਣ ਕੇ ਬੇਹਰਕਤ ਪਈ ਰਹਿੰਦੀ ਆਂ। ਮੇਰੀ ਜ਼ਿੰਦਗੀ ਹੁਣੇ-ਹੁਣੇ ਅਜਿਹੀ ਦਹਿਸ਼ਤ ਵਿਚ ਜਾ ਡਿੱਗੀ ਏ ਕਿ ਮੇਰਾ ਦਿਮਾਗ਼ ਤੇ ਜਿਸਮ ਹਕੀਕਤ (ਸੱਚ) ਨੂੰ ਤਸਲੀਮ (ਸਵੀਕਾਰ) ਨਹੀਂ ਕਰ ਰਿਹਾ। ਮੈਂ ਕਦੀ ਸੋਚਿਆ ਵੀ ਨਹੀਂ ਸੀ ਕਿ ਅਜਿਹੀ ਜ਼ੋਰ-ਜ਼ਬਰਦਸਤੀ ਮੁਮਕਿਨ (ਸੰਭਵ) ਏ। ਮੈਂ ਬਿਲਕੁਲ ਭੋਲ਼ੀ-ਭਾਲ਼ੀ ਸਾਂ—ਆਪਣੇ ਸੂਬੇ ਦੀਆਂ ਸਾਰੀਆਂ ਔਰਤਾਂ ਵਾਂਗ, ਅੱਬਾ ਤੇ ਵੱਡੇ ਭਰਾ ਦੀ ਹਿਫ਼ਾਜ਼ਤ ਵਿਚ ਰਹਿਣ ਵਾਲੀ।
ਅਠਾਰਾਂ ਸਾਲ ਦੀ ਉਮਰ ਵਿਚ ਮੇਰੇ ਘਰਵਾਲਿਆਂ ਨੇ ਮੈਨੂੰ ਇਕ ਅਜਿਹੇ ਆਦਮੀ ਨਾਲ ਵਿਆਹ ਦਿੱਤਾ ਸੀ ਜਿਸਨੂੰ ਮੈਂ ਜਾਣਦੀ ਨਹੀਂ ਸਾਂ ਤੇ ਜਿਹੜਾ ਅਮਲੀ ਤੇ ਨਿਕੰਮਾ ਸਾਬਤ ਹੋਇਆ ਸੀ। ਆਪਣੇ ਵਾਲਿਦ (ਪਿਤਾ) ਦੀ ਮਦਦ ਨਾਲ ਮੈਂ ਜਲਦ ਈ ਤਲਾਕ ਹਾਸਲ ਕਰਨ ਵਿਚ ਕਾਮਯਾਬ ਹੋ ਗਈ ਸਾਂ, ਤੇ ਬਾਹਰੀ ਦੁਨੀਆਂ ਤੋਂ ਮਹਿਫ਼ੂਜ਼ (ਸੁਰੱਖਿਅਤ) ਆਪਣੇ ਦਿਨ ਗੁਜ਼ਾਰ ਰਹੀ ਸਾਂ—ਮੇਰੀ ਦੁਨੀਆਂ ਹੁਣ ਮੇਰੇ ਆਪਣੇ ਪਿੰਡ ਦੀ ਹੱਦ ਤੋਂ ਅੱਗੇ ਨਹੀਂ ਸੀ। ਆਪਣੇ ਇਰਦ-ਗਿਰਦ ਦੀਆਂ ਬਾਕੀ ਸਾਰੀਆਂ ਔਰਤਾਂ ਵਾਂਗ ਬੇ-ਪੜ੍ਹੀ-ਲਿਖੀ ਮੈਂ, ਇਕ ਅਜਿਹੀ ਜ਼ਿੰਦਗੀ ਬਸਰ ਕਰ ਰਹੀ ਸਾਂ, ਜਿਹੜੀ ਰੋਜ਼ਮਰਰਾ (ਨਿੱਤ-ਦਿਹਾੜੇ) ਦੇ ਆਮ ਘਰੇਲੂ ਫ਼ਰਜ਼ ਨਿਭਾਉਣ ਤੇ ਕੁਝ ਸਿੱਧੇ-ਸਾਦੇ ਕੰਮ ਕਰਨ ਤੀਕ ਈ ਸੀਮਿਤ ਹੋ ਕੇ ਰਹਿ ਗਈ ਸੀ।
ਮੈਂ ਪਿੰਡ ਦੇ ਬੱਚਿਆਂ ਨੂੰ ਬਿਨਾਂ ਪੈਸੇ ਲਏ ਕੁਰਾਨ ਦੇ ਸਬਕ ਦੇਂਦੀ ਸਾਂ, ਜਿਹੜੇ ਮੇਰੇ ਵਾਂਗ ਈ ਮੁਕੱਦਸ ਕਿਤਾਬ ਨੂੰ ਸਿੱਖਦੇ ਸਨ—ਸੁਣ ਕੇ। ਤੇ ਆਪਣੇ ਪਰਿਵਾਰ ਦੀ ਮਾਮੂਲੀ ਕਮਾਈ ਵਿਚ ਹੱਥ ਵੰਡਾਉਣ ਲਈ ਮੈਂ ਔਰਤਾਂ ਨੂੰ ਕਢਾਈ ਸਿਖਾਉਂਦੀ ਸਾਂ ਜਿਹੜੀ ਮੈਨੂੰ ਚੰਗੀ ਤਰ੍ਹਾਂ ਕਰਨੀ ਆਉਂਦੀ ਸੀ। ਸਵੇਰ ਤੋਂ ਸ਼ਾਮ ਤੀਕ ਮੇਰੀ ਜ਼ਿੰਦਗੀ ਆਪਣੇ ਅੱਬਾ ਦੀ ਛੋਟੀ-ਜਿਹੀ ਖੇਤੀ ਦੀ ਜ਼ਮੀਨ ਵਿਚ ਘਿਰੀ ਰਹਿੰਦੀ ਸੀ—ਰੋਜ਼ਾਨਾ ਦੇ ਕੰਮ-ਕਾਜ ਤੇ ਮੌਸਮ ਦੇ ਨਾਲ ਆਉਣ ਵਾਲੀਆਂ ਫ਼ਸਲਾਂ ਦੀ ਤਾਲ ਵਿਚ ਬੱਧੀ ਹੋਈ। ਆਪਣੀ ਸ਼ਾਦੀ ਦੇ ਦੌਰਾਨ ਜਿਹੜੀਆਂ ਥੋੜ੍ਹੀਆਂ-ਬਹੁਤ ਗੱਲਾਂ ਮੈਨੂੰ ਪਤਾ ਲੱਗੀਆਂ ਸਨ, ਜਦੋਂ ਮੈਂ ਥੋੜ੍ਹੇ ਸਮੇਂ ਲਈ ਦੂਜੇ ਲੋਕਾਂ ਦੇ ਘਰ ਵਿਚ ਰਹੀ ਸੀ, ਉਹਨਾਂ ਤੋਂ ਇਲਾਵਾ ਮੈਂ ਆਪਣੀ ਛੋਟੀ-ਜਿਹੀ ਦੁਨੀਆਂ ਵਿਚ ਰਹਿਣ ਵਾਲੀਆਂ ਸਾਰੀਆਂ ਔਰਤਾਂ ਦੀ ਜ਼ਿੰਦਗੀ ਤੋਂ ਅੱਗੇ ਕੁਝ ਹੋਰ ਨਹੀਂ ਸੀ ਜਾਣਦੀ।
ਕਿਸਮਤ ਨੇ ਮੈਨੂੰ ਉਹ ਇਤਮਨਾਨ-ਭਰੀ (ਸਹਿਜਮਈ) ਜ਼ਿੰਦਗੀ ਨਾਲੋਂ ਚੀਰ ਕੇ ਵੱਖ ਕਰ ਦਿੱਤਾ ਏ, ਤੇ ਮੇਰੀ ਸਮਝ 'ਚ ਨਹੀਂ ਆ ਰਿਹਾ ਕਿ ਮੈਨੂੰ ਕਿਸ ਗੱਲ ਦੀ ਸਜ਼ਾ ਮਿਲ ਰਹੀ ਏ! ਮੈਂ ਬੱਸ ਇਹੀ ਮਹਿਸੂਸ ਕਰ ਰਹੀ ਆਂ ਕਿ ਮੈਂ ਮਰ ਚੁੱਕੀ ਆਂ। ਸੋਚਣ ਦੇ ਕਾਬਿਲ ਨਹੀਂ ਰਹੀ ਆਂ। ਨਾ ਇਸ ਅਣਜਾਣੀ ਤਕਲੀਫ਼ ਤੋਂ ਉਪਰ ਉੱਠਣ ਦੇ ਕਾਬਿਲ ਆਂ, ਜਿਹੜੀ ਮੈਨੂੰ ਕੁਚਲ ਰਹੀ ਏ, ਸੁੰਨ ਕਰ ਰਹੀ ਏ।
ਮੇਰੇ ਗਿਰਦ ਜੁੜੀਆਂ ਸਾਰੀਆਂ ਔਰਤਾਂ ਰੋ ਰਹੀਆਂ ਨੇ। ਮੈਂ ਉਹਨਾਂ ਹੱਥਾਂ ਨੂੰ ਮਹਿਸੂਸ ਕਰ ਸਕਦੀ ਆਂ ਜਿਹੜੇ ਮੈਨੂੰ ਦਲਾਸਾ ਦੇਣ ਲਈ ਮੇਰੇ ਸਿਰ ਤੇ ਮੇਰੇ ਮੋਢਿਆਂ ਨੂੰ ਪਲੋਸ ਰਹੇ ਨੇ। ਮੇਰੀਆਂ ਛੋਟੀਆਂ ਭੈਣਾਂ ਸਿਸਕ ਰਹੀਆਂ ਨੇ, ਜਦ ਕਿ ਮੈਂ ਸਿਲ-ਪੱਥਰ ਹੋਈ ਲੇਟੀ ਹੋਈ ਆਂ, ਬੜੇ ਅਜੀਬ ਢੰਗ ਨਾਲ ਉਸ ਬਦਕਿਸਮਤੀ ਤੋਂ ਦੂਰ, ਜਿਹੜੀ ਮੇਰੇ ਉੱਤੇ ਝਪਟ ਪਈ ਏ ਤੇ ਜਿਸਨੇ ਮੇਰੇ ਸਾਰੇ ਕੁਨਬੇ 'ਤੇ ਅਸਰ ਪਾਇਆ ਏ। ਤਿੰਨ ਦਿਨ ਤੀਕ ਮੈਂ ਸਿਰਫ਼ ਹਾਜਤ ਦੇ ਸਮੇਂ ਉਸ ਕਮਰੇ ਵਿਚੋਂ ਨਿਕਲੀ ਆਂ, ਪਰ ਨਾ ਖਾਂਦੀ ਆਂ, ਨਾ ਰੋਂਦੀ ਆਂ, ਨਾ ਬੋਲਦੀ ਆਂ। ਮੈਂ ਆਪਣੀ ਮਾਂ ਨੂੰ ਖ਼ੁਦ ਨਾਲ ਗੱਲਾਂ ਕਰਦੇ ਸੁਣ ਸਕਦੀ ਆਂ...:
“ਉਸਨੂੰ ਭੁੱਲ ਜਾਅ, ਮੁਖ਼ਤਾਰਨੇ। ਉਹ ਬੀਤ ਗਿਆ ਏ। ਪੁਲਸ ਤੇਰੇ ਭਰਾ ਨੂੰ ਛੱਡ ਦਏਗੀ।”
ਮੈਂ ਦੂਜੀਆਂ ਗੱਲਾਂ ਵੀ ਸੁਣਦੀ ਆਂ।
“ਸ਼ਕੂਰ ਨੇ ਜੁਰਮ ਕੀਤਾ ਸੀ, ਉਸਨੇ ਸਲਮਾ ਦੇ ਨਾਲ ਜ਼ਿਆਦਤੀ ਕੀਤੀ ਸੀ!” ਪਿੰਡ ਦੀ ਇਕ ਔਰਤ ਦਾਅਵਾ ਕਰਦੀ ਏ।
“ਮੁਖ਼ਤਾਰਨ ਨੂੰ ਕਿਸੇ ਮਸਤੋਈ ਨਾਲ ਸ਼ਾਦੀ ਕਰ ਲੈਣੀ ਚਾਹੀਦੀ ਸੀ, ਜਿਵੇਂ ਮੁੱਲਾ ਨੇ ਕਿਹਾ ਸੀ, ਤੇ ਸ਼ਕੂਰ ਦਾ ਵਿਆਹ ਸਲਮਾ ਨਾਲ ਹੋ ਜਾਣਾ ਚਾਹੀਦਾ ਸੀ,” ਇਕ ਔਰਤ ਦੂਜੀ ਨੂੰ ਜ਼ੋਰ ਦੇ ਕੇ ਕਹਿੰਦੀ ਏ, “ਇਸੇ ਨੇ ਇਨਕਾਰ ਕਰ ਦਿੱਤਾ...ਸਭ ਇਸਦੀ ਆਪਣੀ ਗ਼ਲਤੀ ਏ।”
ਗੱਲਾਂ ਪੂਰੇ ਪਿੰਡ ਵਿਚ ਸਫ਼ੈਦ ਕਬੂਤਰਾਂ ਜਾਂ ਕਾਲੇ ਕਾਂਵਾਂ ਵਾਂਗ ਉੱਡੀਆਂ ਫਿਰਦੀਆਂ ਨੇ। ਇਹ ਇਸ 'ਤੇ ਨਿਰਭਰ ਏ ਕਿ ਕੌਣ ਬੋਲ ਰਿਹਾ ਏ। ਹੌਲੀ-ਹੌਲੀ ਮੇਰੀ ਸਮਝ 'ਚ ਆਉਣ ਲੱਗਦਾ ਏ ਕਿ ਇਹ ਅਫ਼ਵਾਹਾਂ ਕਿੱਥੋਂ ਆ ਰਹੀਆਂ ਨੇ।
ਜਿਰਗੇ ਦੀ ਬੈਠਕ, ਜਿਹੜੀ ਆਮ ਤੌਰ 'ਤੇ ਮੁੱਲਾ ਅਬਦੁਲ ਰੱਜ਼ਾਕ ਦੇ ਘਰ ਹੁੰਦੀ ਆਈ ਏ, ਇਸ ਵਾਰੀ ਪਿੰਡ ਦੇ ਐਨ ਵਿਚਕਾਰ ਸੜਕ ਉੱਤੇ ਹੋਈ ਸੀ। ਬਰਾਦਰੀ ਦੀ ਇਹ ਰਵਾਇਤੀ-ਪੰਚਾਇਤ ਕਿਸੇ ਸਰਕਾਰੀ-ਮੰਜ਼ੂਰੀ ਦੇ ਬਿਨਾਂ ਕੰਮ ਕਰਦੀ ਏ, ਤੇ ਪਿੰਡ ਦੇ ਝਗੜਿਆਂ ਨੂੰ ਇਸ ਤਰ੍ਹਾਂ ਸੁਲਝਾਉਣ ਦੀ ਜ਼ਿੰਮੇਵਾਰੀ ਲੈਂਦੀ ਏ ਜਿਸ ਨਾਲ, ਉਸੂਲਨ, ਹਰ ਫ਼ਰੀਕ (ਧਿਰ) ਨੂੰ ਫ਼ਾਇਦਾ ਹੋਵੇ। ਸਾਡੇ ਪਿੰਡ ਵਿਚ ਜ਼ਿਆਦਾਤਰ ਕਿਸਾਨਾਂ ਦੀ ਬਿਸਾਤ ਨਹੀਂ ਕਿ ਉਹ ਵਕੀਲ ਕਰ ਸਕਣ, ਇਸ ਲਈ ਉਹ ਜਿਰਗੇ 'ਚ ਦਰਖ਼ਵਾਸਤ ਕਰਨਾ ਬਿਹਤਰ ਸਮਝਦੇ ਨੇ, ਕਿਉਂਕਿ ਸਰਕਾਰੀ ਇਨਸਾਫ਼ ਏਨਾ ਮਹਿੰਗਾ ਜੋ ਏ। ਜਿੱਥੋਂ ਤੀਕ ਮੇਰੇ ਭਰਾ ਦੇ ਖ਼ਿਲਾਫ਼ ਲਾਏ ਗਏ ਜ਼ਿਨਾ ਦੇ ਇਲਜ਼ਾਮ ਦਾ ਤਾੱਲੁਕ ਏ, ਮੈਨੂੰ ਸਮਝ ਨਹੀਂ ਆ ਰਿਹਾ ਕਿ ਜਿਰਗਾ ਕਿਉਂ ਕੋਈ ਸਮਝੌਤਾ ਕਰਵਾਉਣ ਵਿਚ ਨਾਕਾਮ ਰਿਹਾ। ਔਰਤਾਂ ਨੂੰ ਮਰਦਾਂ ਦੇ ਫ਼ੈਸਲੇ ਬਾਰੇ ਕਦੇ-ਕਦਾਈਂ ਈ ਦੱਸਿਆ ਜਾਂਦਾ ਏ, ਤੇ ਮੇਰੇ ਅੱਬਾ ਤੇ ਚਾਚੇ ਨੇ ਮੈਨੂੰ ਬੜਾ ਈ ਥੋੜ੍ਹਾ-ਜਿਹਾ ਦੱਸਿਆ ਏ, ਪਰ ਉਸ ਸਾਰੀ ਕਾਨਾਫੂਸੀ ਦੀ ਬਦੌਲਤ ਜਿਹੜੀ ਸਾਡੇ ਤੀਕ ਪਿੰਡ ਰਾਹੀਂ ਪਹੁੰਚਦੀ ਏ, ਮੈਨੂੰ ਸਮਝ ਆਉਣ ਲੱਗ ਪਿਆ ਏ ਕਿ ਮੈਨੂੰ ਸਜ਼ਾ ਕਿਉਂ ਦਿੱਤੀ ਗਈ ਏ?
ਅਫ਼ਵਾਹ ਏ ਕਿ ਸ਼ਕੂਰ ਨੂੰ ਸਲਮਾ ਦੇ ਨਾਲ ਇਸ਼ਕ ਲੜਾਉਂਦਿਆਂ ਫੜਿਆ ਗਿਆ ਸੀ। ਦੂਜੀਆਂ ਅਫ਼ਵਾਹਾਂ ਮੁਤਾਬਿਕ ਉਸਨੇ ਇਕ ਖੇਤ 'ਚੋਂ ਗੰਨੇ ਚੁਰਾਏ ਸਨ—ਜੋ ਦਾਅਵਾ ਅਜਿਹਾ ਲੱਗਦਾ ਏ ਕਿ ਮਸਤੋਈਆਂ ਨੇ ਪਹਿਲਾਂ ਕੀਤਾ ਸੀ। ਸ਼ਕੂਰ 'ਤੇ ਜ਼ਿਨਾਕਾਰੀ ਦਾ ਇਲਜ਼ਾਮ ਲਾਉਣ ਪਿੱਛੋਂ ਮਸਤੋਈਆਂ ਨੇ ਉਸਨੂੰ ਅਗ਼ਵਾਹ ਕਰ ਲਿਆ—ਕੁੱਟ-ਮਾਰ ਪਿੱਛੋਂ ਉਸਨੂੰ ਜ਼ਲੀਲ ਕਰਨ ਲਈ ਉਸ ਨਾਲ ਗ਼ਲਤ ਕੰਮ ਕੀਤਾ। ਸ਼ਕੂਰ ਨੇ ਇਹ ਗੱਲਾਂ ਤਾਂ ਬੜੀ ਬਾਅਦ ਵਿਚ ਦੱਸੀਆਂ—ਤੇ ਉਹ ਵੀ ਸਾਡੇ ਅੱਬਾ ਨੂੰ। ਉਸਨੇ ਕਈ ਵਾਰੀ ਭੱਜਣ ਦੀ ਕੋਸ਼ਿਸ਼ ਕੀਤੀ ਸੀ, ਪਰ ਉਹਨਾਂ ਨੇ ਉਸਨੂੰ ਫੇਰ ਫੜ੍ਹ ਲਿਆ ਸੀ।
ਫੇਰ ਮੇਰੇ ਭਰਾ ਨਾਲ ਕੀਤੀ ਗਈ ਜ਼ਿਨਾਕਾਰੀ ਨੂੰ ਜਿਰਗੇ ਤੋਂ ਛਿਪਾਉਣ ਲਈ, ਮਸਤੋਈਆਂ ਨੇ ਇਕ ਨਵੀਂ ਕਹਾਣੀ ਘੜ ਲਈ—ਜਿਸ ਵਿਚ ਸ਼ਕੂਰ ਨੇ ਸਲਮਾ ਨਾਲ—ਜਿਹੜੀ ਮੰਨਿਆਂ ਜਾਂਦਾ ਏ ਅਜੇ ਕੁਆਰੀ ਸੀ—ਗ਼ਲਤ ਕੰਮ ਕੀਤਾ ਸੀ। ਇਕ ਖ਼ੌਫ਼ਨਾਕ ਜੁਰਮ, ਕੁੜੀਆਂ ਨੂੰ ਤਾਂ ਮੁੰਡਿਆਂ ਨਾਲ ਗੱਲ ਕਰਨਾ ਵੀ ਮਨ੍ਹਾਂ ਏਂ। ਜੇ ਇਕ ਔਰਤ ਦੇ ਸਾਹਮਣੇ ਕੋਈ ਮਰਦ ਆ ਜਾਏ ਤਾਂ ਉਸਨੂੰ ਅੱਖਾਂ ਝੁਕਾ ਲੈਣੀਆਂ ਚਾਹੀਦੀਆਂ ਨੇ ਤੇ ਕਿਸੇ ਵੀ ਹੀਲੇ ਉਸ ਨਾਲ ਕਦੀ ਕਲਾਮ ਨਹੀਂ ਕਰਨਾ ਚਾਹੀਦਾ।
ਜਦੋਂ ਮੈਂ ਸ਼ਕੂਰ ਨੂੰ ਵਿਹੜੇ ਵਿਚੋਂ ਲੰਘਦਿਆਂ ਦੇਖਦੀ ਆਂ, ਮੈਂ ਅਜਿਹੇ ਕਿਸੇ ਜੁਰਮ ਦੀ ਗੱਲ ਈ ਨਹੀਂ ਸੋਚ ਸਕਦੀ। ਉਹ ਸਿਰਫ਼ ਬਾਰਾਂ ਜਾਂ ਤੇਰਾਂ ਸਾਲ ਦਾ ਏ! (ਜਿੱਥੇ ਅਸੀਂ ਰਹਿੰਦੇ ਆਂ, ਇਕ ਬੱਚੇ ਦੀ ਉਮਰ ਸਿਰਫ਼ ਮਾਂ ਜਾਂ ਬਾਪ ਦੇ ਮੂੰਹੋਂ ਈ ਪਤਾ ਲੱਗਦੀ ਏ—'ਇਸ ਵਰ੍ਹੇ ਤੂੰ ਪੰਜ ਸਾਲ ਦਾ ਹੋ ਗਿਐਂ...' ਜਾਂ ਦਸ ਜਾਂ ਵੀਹ ਦਾ। ਸਾਡੇ ਕੋਲ ਪੈਦਾਇਸ਼ ਦਾ ਕੋਈ ਕਾਗਜ਼ ਨਹੀਂ ਹੁੰਦਾ, ਕਿਉਂਕਿ ਪੈਦਾਇਸ਼ ਕਿਤੇ ਦਰਜ ਨਹੀਂ ਕੀਤੀ ਜਾਂਦੀ।) ਮੇਰਾ ਸੁੱਕੜ ਜਿਹਾ ਛੋਟਾ ਭਰਾ ਅਜੇ ਬੱਚਾ ਈ ਏ, ਤੇ ਕੁੜੀ ਦੇ ਨਾਲ ਤਾੱਲੁਕ ਰੱਖ ਈ ਨਹੀਂ ਸਕਦਾ ਹੋਵੇਗਾ।
ਸਲਮਾਂ ਹਾਲਾਂਕਿ ਵੀਹ ਸਾਲ ਦੀ, ਤੇ ਕਿਸੇ ਹੱਦ ਤੀਕ, ਬੇਲਗਾਮ ਮੁਟਿਆਰ ਕੁੜੀ ਏ। ਉਸਨੇ ਜ਼ਰੂਰ ਮੇਰੇ ਭਰਾ ਨੂੰ ਕੋਈ ਉਕਸਾਉਣ ਵਾਲੀ ਗੱਲ ਕਹੀ ਹੋ ਸਕਦੀ ਏ, ਜਿਵੇਂ ਕਿ ਉਸਦੀ ਆਦਤ ਏ, ਪਰ ਸ਼ਕੂਰ ਯਕੀਨਨ ਮਸਤੋਈਆਂ ਦੇ ਗੰਨੇ ਦੇ ਖੇਤ ਦੇ ਕਿਨਾਰੇ ਸਲਮਾ ਦੇ ਸਾਹਮਣੇ ਹੋਣ ਨਾਲੋਂ ਵੱਧ ਹੋਰ ਕਿਸੇ ਗੱਲ ਦਾ ਗੁਨਾਹਗਾਰ ਨਹੀਂ ਏ। ਪਿੰਡ ਵਿਚ ਕੁਝ ਲੋਕ ਕਹਿੰਦੇ ਨੇ, ਉਹ ਉਸ ਨਾਲ ਇਸ਼ਕ ਲੜਾ ਰਿਹਾ ਸੀ, ਜਾਂ ਘੱਟੋ-ਘੱਟ ਗੱਲ ਕਰ ਰਿਹਾ ਸੀ, ਜਦਕਿ ਦੂਜਿਆਂ ਦਾ ਦਾਅਵਾ ਏ ਕਿ ਉਹ ਇਕ ਦੂਜੇ ਦਾ ਹੱਥ ਫੜ੍ਹੀ, ਨਾਲ-ਨਾਲ ਬੈਠੇ ਫੜ੍ਹੇ ਗਏ ਸਨ। ਗੱਲਾਂ ਦੀ ਧੂੜ ਵਿਚ ਸੱਚਾਈ ਗ਼ਾਇਬ ਹੋ ਜਾਂਦੀ ਏ, ਤੇ ਇਹ ਇਸ 'ਤੇ ਨਿਰਭਰ ਏ ਕਿ ਗੱਲ ਕਰਨ ਵਾਲੇ ਲੋਕ ਕਿਸ ਬਿਰਾਦਰੀ ਦੇ ਨੇ।
ਮੈਨੂੰ ਪੱਕਾ ਯਕੀਨ ਏਂ, ਸ਼ਕੂਰ ਨੇ ਕੋਈ ਗ਼ਲਤੀ ਨਹੀਂ ਕੀਤੀ।
ਸਿਰਫ਼ ਮੇਰੀ ਤਕਲੀਫ਼ ਉਸ ਤਕਲੀਫ਼ ਦਾ ਮੁਕਾਬਲਾ ਕਰ ਸਕਦੀ ਏ ਜਿਹੜੀ ਉਸਨੇ ਉਸ ਦਿਨ ਭੋਗੀ ਸੀ—ਜਿਵੇਂ ਕਿ ਉਸਨੇ ਸਾਡੇ ਅੱਬਾ ਨੂੰ ਦੱਸਿਆ ਏ।
ਇਸ ਸਾਰੀਆਂ ਗੱਲਾਂ ਮੇਰੇ ਦਿਮਾਗ਼ ਵਿਚ ਤਕਰੀਬਨ ਹਫ਼ਤੇ ਭਰ ਤੀਕ ਚੱਕਰ ਕੱਟਦੀਆਂ ਰਹੀਆਂ ਨੇ। ਕਿਉਂ ਸ਼ਕੂਰ? ਤੇ ਕਿਉਂ ਮੈ? ਉਹ ਕੁਨਬਾ ਤਾਂ ਸਾਨੂੰ ਬੱਸ ਤਬਾਹ ਕਰ ਦੇਣ 'ਤੇ ਤੁਲਿਆ ਹੋਇਆ ਸੀ।
ਇਹੀ ਗੱਲਾਂ ਸਨ ਕਿ ਮੁੱਲਾ ਜਿਰਗੇ ਵਿਚੋਂ ਉੱਠ ਆਇਆ ਸੀ, ਕਿਉਂਕਿ ਉਸ ਕੋਲ ਸਾਹਵੇਂ ਰੱਖਣ ਲਈ ਕੋਈ ਹੋਰ ਸਮਝੌਤਾ ਨਹੀਂ ਸੀ। ਆਖ਼ਰ ਵਿਚ ਰਮਜ਼ਾਨ ਈ ਸੀ, ਉੱਥੇ ਮੌਜੂਦ ਇਕੱਲਾ ਆਦਮੀ, ਜਿਹੜਾ ਨਾ ਮਸਤੋਈਆਂ ਦੀ ਬਿਰਾਦਰੀ ਦਾ ਸੀ ਨਾ ਸਾਡੀ, ਜਿਸਨੇ ਮੇਰੇ ਬਾਪ ਤੇ ਚਾਚੇ ਨੂੰ ਇਕ ਹੋਰ ਤਰੀਕਾ ਆਜ਼ਮਾਉਣ ਲਈ ਮਨਾਇਆ ਸੀ—ਉਹਨਾਂ ਜਾਨਵਰਾਂ ਦੇ ਅੱਗੇ ਤਾਬੇਦਾਰੀ ਦਿਖਾਉਣ ਲਈ, ਮੇਰੀ ਉਮਰ ਦੀ ਇਕ ਇੱਜ਼ਤਦਾਰ ਔਰਤ ਨੂੰ ਮੁਆਫ਼ੀ ਮੰਗਣ ਲਈ ਭੇਜਣਾ। ਇਸ ਤਰ੍ਹਾਂ ਝੁਕ ਜਾਣ ਨਾਲ ਮਸਤੋਈ ਰਹਿਮ ਕਰਨ ਤੇ ਆਪਣੇ ਇਲਜ਼ਾਮ ਵਾਪਸ ਲੈਣ ਲਈ ਰਾਜ਼ੀ ਹੋ ਜਾਣਗੇ, ਤਾਕਿ ਪੁਲਸ ਮੇਰੇ ਭਰਾ ਨੂੰ ਛੱਡ ਸਕੇਗੀ। ਤੇ ਇਸੇ ਇਕ ਭਰੋਸੇ ਦੇ ਨਾਲ ਮੈਂ ਉਹਨਾਂ ਸ਼ੈਤਾਨਾਂ ਦਾ ਸਾਹਮਣਾ ਕਰਨ ਦੇ ਲਈ ਨਿਕਲੀ ਸਾਂ...ਤੇ ਇਹ ਕਿਸੇ ਨੂੰ ਚਿੱਤ-ਚੇਤੇ ਵੀ ਨਹੀਂ ਸੀ ਕਿ ਮੈਂ ਸੁਲਹ-ਸਮਝੌਤੇ ਦੀ ਉਸ ਆਖ਼ਰੀ ਕੋਸ਼ਿਸ਼ ਦੀ ਸ਼ਿਕਾਰ ਹੋ ਜਾਵਾਂਗੀ।
---
ਖ਼ੈਰ ਜੀ, ਮੇਰੀ ਇੱਜ਼ਤ ਲੁੱਟਣ ਵਾਲਿਆਂ ਨੇ ਜਦੋਂ ਮੈਨੂੰ ਤਬੇਲੇ 'ਚੋਂ ਬਾਹਰ ਧੱਕ ਦਿੱਤਾ, ਉਸ ਪਿੱਛੋਂ ਵੀ ਸ਼ਕੂਰ ਰਿਹਾ ਨਹੀਂ ਹੋਇਆ, ਇਸ ਲਈ ਉਸੇ ਰਾਤ ਮੇਰਾ ਇਕ ਰਿਸ਼ਤੇ ਦਾ ਭਰਾ ਮਸਤੋਈਆਂ ਦੇ ਸਰਦਾਰ ਫ਼ੈਜ਼ ਨੂੰ ਮਿਲਣ ਗਿਆ।
“ਜੋ ਤੁਸੀਂ ਕਰਨਾ ਸੀ, ਕਰ ਚੁੱਕੇ ਓ। ਹੁਣ ਸ਼ਕੂਰ ਨੂੰ ਰਿਹਾਅ ਕਰਵਾ ਦਿਓ।”
“ਥਾਨੇ ਜਾਹ, ਮੈਂ ਉਹਨਾਂ ਨਾਲ ਬਾਅਦ 'ਚ ਗੱਲ ਕਰ ਲਵਾਂਗਾ।”
ਮੇਰਾ ਚਚੇਰਾ ਭਰਾ ਥਾਨੇ ਪਹੁੰਚਿਆ।
“ਮੈਂ ਫ਼ੈਜ਼ ਨਾਲ ਗੱਲ ਕਰ ਲਈ ਏ—ਉਸਨੇ ਕਿਹਾ ਏ ਮੁੰਡੇ ਨੂੰ ਛੱਡ ਦਿਓ।”
ਪੁਲਸ ਵਾਲੇ ਨੇ ਫ਼ੈਜ਼ ਨੂੰ ਫ਼ੋਨ ਕੀਤਾ ਜਿਵੇਂ ਉਹ ਆਦਮੀ ਉਸਦਾ ਮਾਲਕ ਹੋਵੇ।
“ਹੁਣੇ-ਹੁਣੇ ਕੋਈ ਇੱਥੇ ਆਇਐ ਤੇ ਕਹਿ ਰਿਹੈ ਤੁਸੀਂ ਸ਼ਕੂਰ ਨੂੰ ਰਿਹਾਅ ਕਰਵਾਉਣ ਲਈ ਰਾਜ਼ੀ ਹੋ ਗਏ ਓਂ...”
“ਉਸਨੂੰ ਮੁੰਡੇ ਨੂੰ ਛੁਡਵਾਉਣ ਦੀ ਕੀਮਤ ਦੇਣ ਦਿਓ। ਪੈਸੇ ਲੈ ਲਓ, ਫੇਰ ਉਸਨੂੰ ਛੱਡ ਦਿਓ।”
ਪੁਲਸ ਨੇ ਬਾਰਾਂ ਹਜ਼ਾਰ ਰੁਪਏ ਮੰਗੇ, ਜਿਹੜੇ ਸਾਡੇ ਘਰ ਵਾਲਿਆਂ ਲਈ ਬੜੀ ਵੱਡੀ ਰਕਮ ਸੀ, ਇਕ ਮਜ਼ਦੂਰ ਦੀ ਤਿੰਨ ਜਾਂ ਚਾਰ ਮਹੀਨੇ ਦੀ ਤਨਖ਼ਾਹ ਦੇ ਬਰਾਬਰ। ਮੇਰੇ ਅੱਬਾ ਤੇ ਚਾਚੇ ਨੇ ਪੈਸੇ ਇਕੱਠੇ ਕਰਨ ਲਈ ਸਾਡੇ ਸਾਰੇ ਰਿਸ਼ਤੇਦਾਰਾਂ ਤੇ ਗੁਆਂਢੀਆਂ ਦੇ ਚੱਕਰ ਲਾਏ ਤੇ ਫੇਰ ਉਸੇ ਰਾਤ ਪੁਲਸ ਨੂੰ ਦੇਣ ਗਏ। ਆਖ਼ਰਕਾਰ, ਰਾਤ ਦੇ ਤਕਰੀਬਨ ਇਕ ਵਜੇ ਮੇਰਾ ਭਰਾ ਰਿਹਾ ਹੋਇਆ ਤੇ ਮੇਰਾ ਚਾਚਾ ਤੇ ਰਮਜ਼ਾਨ ਉਸਨੂੰ ਵਾਪਸ ਲੈ ਆਏ।
ਪਰ ਉਹ ਹੁਣ ਵੀ ਖ਼ਤਰੇ ਵਿਚ ਏ। ਮਸਤੋਈਆਂ ਦੀ ਨਫ਼ਰਤ ਕਦੀ ਪਸਤ ਨਹੀਂ ਹੋਵੇਗੀ—ਉਹ ਮਰਦੇ ਦਮ ਤੀਕ ਆਪਣੇ ਇਲਜ਼ਾਮ ਉੱਤੇ ਟਿਕੇ ਰਹਿਣਗੇ, ਕਿਉਂਕਿ ਪਿੱਛੇ ਹਟਣ ਦਾ ਮਤਲਬ ਹੋਏਗਾ ਆਨ ਤੇ ਇੱਜ਼ਤ ਗੰਵਾਉਣਾ। ਤੇ ਇਕ ਮਸਤੋਈ ਕਦੀ ਹਾਰ ਨਹੀਂ ਮੰਨਦਾ। ਉਹ ਉੱਥੇ ਨੇ—ਆਪਣੇ ਘਰ ਵਿਚ...ਕਬੀਲੇ ਦਾ ਸਰਦਾਰ ਤੇ ਉਸਦੇ ਭਰਾ...ਗੰਨੇ ਦੇ ਖੇਤ ਦੇ ਦੂਜੇ ਪਾਸੇ...ਦਿਸਹੱਦੇ ਵਿਚ—ਉਹ ਮੇਰੇ ਭਰਾ ਤੇ ਮੈਥੋਂ ਜਿੱਤ ਗਏ ਨੇ, ਪਰ ਇਕ ਲੜਾਈ ਦਾ ਐਲਾਨ ਹੋ ਚੁੱਕਿਆ ਏ। ਮਸਤੋਈ, ਜਿਹੜੇ ਇਕ ਲੜਾਕੂ ਕਬੀਲੇ ਦੇ ਲੋਕ ਨੇ, ਹਥਿਆਰਬੰਦ ਨੇ, ਜਦਕਿ ਸਾਡੇ ਕੋਲ ਸਿਰਫ ਚੁੱਲ੍ਹੇ 'ਚ ਬਾਲਣ ਵਾਲੀਆਂ ਲੱਕੜਾਂ ਈ ਨੇ, ਤੇ ਆਪਣੀ ਹਿਫ਼ਾਜ਼ਤ ਲਈ ਕੋਈ ਤਾਕਤਵਰ ਦੋਸਤ ਵੀ ਨਹੀਂ।
---
ਮੈਂ ਮਨ ਬਣਾ ਲਿਆ ਏ—ਮੈਂ ਖ਼ੁਦਕੁਸ਼ੀ ਕਰਨਾ ਚਾਹੁੰਦੀ ਆਂ। ਮੇਰੀ ਹਾਲਤ ਵਿਚ ਔਰਤਾਂ ਇੰਜ ਈ ਕਰਦੀਆਂ ਨੇ। ਮੈਂ ਤੇਜ਼ਾਬ ਪੀ ਲਵਾਂਗੀ ਤੇ ਮਰ ਜਾਵਾਂਗੀ ਤਾਕਿ ਸ਼ਰਮਿੰਦਗੀ ਦੀ ਉਹ ਅੱਗ ਜਿਹੜੀ ਮੈਨੂੰ ਤੇ ਮੇਰੇ ਖ਼ਾਨਦਾਨ ਨੂੰ ਝੁਲਸਾ ਰਾਹੀ ਏ, ਬੁਝ ਜਾਵੇ। ਮੈਂ ਆਪਣੀ ਮਾਂ ਦੀ ਮਿੰਨਤ ਕਰਦੀ ਆਂ ਕਿ ਉਹ ਮਰਨ ਵਿਚ ਮੇਰੀ ਮਦਦ ਕਰੇ। ਉਸਨੂੰ ਜਾ ਕੇ ਥੋੜ੍ਹਾ ਜਿਹਾ ਤੇਜ਼ਾਬ ਖ਼ਰੀਦ ਲਿਆਉਣਾ ਪਏਗਾ, ਜਿਸ ਨਾਲ ਮੇਰੀ ਜ਼ਿੰਦਗੀ ਆਖ਼ਰਕਾਰ ਖ਼ਤਮ ਹੋ ਸਕੇ, ਕਿਉਂਕਿ ਦੂਜਿਆਂ ਦੀਆਂ ਨਜ਼ਰਾਂ ਵਿਚ ਤਾਂ ਮੈਂ ਪਹਿਲਾਂ ਈ ਮਰ ਚੁੱਕੀ ਆਂ। ਮੇਰੀ ਮਾਂ ਫੁੱਟ-ਫੁੱਟ ਕੇ ਰੋਣ ਲੱਗ ਪੈਂਦੀ ਏ, ਤੇ ਰਾਤ-ਦਿਨ ਮੇਰੇ ਕੋਲੋਂ ਹਟੇ ਬਿਨਾਂ ਮੇਰੀ ਖ਼ੁਦਕਸ਼ੀ ਦੀ ਕੋਸ਼ਿਸ਼ ਨਾਕਾਮ ਕਰ ਦੇਂਦੀ ਏ। ਮੈਂ ਸੌਂ ਨਹੀਂ ਸਕਦੀ, ਤੇ ਉਹ ਮੈਨੂੰ ਮਰਨ ਨਹੀਂ ਦਏਗੀ। ਇਸ ਲਾਚਾਰੀ ਕਰਕੇ ਮੈਂ ਬੌਰੀ-ਜਿਹੀ ਹੋ ਜਾਂਦੀ ਆਂ। ਮੈਂ ਇਸ ਤਰ੍ਹਾਂ ਜਿਊਂਦੀ ਨਹੀਂ ਰਹਿ ਸਕਦੀ, ਹੇਠਾਂ ਪਈ ਹੋਈ, ਆਪਣੀ ਚਾਦਰ ਨੂੰ ਕਫ਼ਨ ਵਾਂਗ ਲਪੇਟੀ। ਆਖ਼ਰ 'ਚ, ਪਤਾ ਨਹੀਂ ਕਿੱਦਾਂ, ਗੁੱਸੇ ਦਾ ਇਕ ਹੈਰਾਨੀ ਭਰਪੂਰ ਦੌਰਾ ਮੈਨੂੰ ਉਸ ਸਥਿਤੀ 'ਚੋਂ ਕੱਢ ਲੈਂਦਾ ਏ।
ਬਦਲਾ ਲੈਣ ਦੀ ਵਾਰੀ ਹੁਣ ਮੇਰੀ ਏ। ਮੈਂ ਆਪਣੇ ਹਮਲਾਵਰਾਂ ਨੂੰ ਮਾਰਨ ਲਈ ਕਿਰਾਏ ਤੇ ਆਦਮੀ ਲੈ ਸਕਦੀ ਸੀ। ਉਹ ਜੱਥਾ ਉਹਨਾਂ ਦੇ ਘਰ ਅੰਦਰ ਵੜ ਜਾਂਦਾ, ਬੰਦੂਕਾਂ ਨਾਲ ਲੈਸ, ਤੇ ਇਨਸਾਫ਼ ਹੋ ਜਾਂਦਾ। ਪਰ ਮੇਰੇ ਕੋਲ ਕੋਈ ਪੈਸਾ ਨਹੀਂ ਏ! ਮੈਂ ਖ਼ੁਦ ਇਕ ਬੰਦੂਕ ਖ਼ਰੀਦ ਸਕਦੀ ਸੀ, ਜਾਂ ਥੋੜ੍ਹਾ ਜਿਹਾ ਤੇਜ਼ਾਬ—ਜਿਹੜਾ ਉਹਨਾਂ ਨੂੰ ਅੰਨ੍ਹੇ ਕਰਨ ਖ਼ਾਤਰ ਮੈਂ ਉਹਨਾਂ ਦੀਆਂ ਅੱਖਾਂ ਵਿਚ ਪਾ ਸਕਦੀ ਸੀ। ਮੈਂ...ਪਰ ਮੈਂ ਸਿਰਫ਼ ਇਕ ਔਰਤ ਆਂ, ਤੇ ਸਾਡੇ ਕੋਲ ਪੈਸੇ ਵੀ ਨਹੀਂ—ਸਾਨੂੰ ਪੈਸੇ ਰੱਖਣ ਦਾ ਕੋਈ ਹੱਕ ਈ ਨਹੀਂ ਏ। ਬਦਲਾ ਲੈਣ ਦੀ ਇਜਾਰੇਦਾਰੀ ਸਿਰਫ਼ ਮਰਦਾਂ ਦੀ ਏ, ਜਿਹੜੀ ਔਰਤਾਂ 'ਤੇ ਢਾਏ ਗਏ ਜ਼ੁਲਮਾਂ ਸਮੇਤ ਅੱਗੇ ਸੌਂਪ ਦਿੱਤੀ ਜਾਂਦੀ ਏ।
ਇਸੇ ਸਮੇਂ ਮੈਨੂੰ ਕੁਝ ਅਜਿਹੀਆਂ ਗੱਲਾਂ ਪਤਾ ਲੱਗਦੀਆਂ ਨੇ ਜਿਹੜੀਆਂ ਪਹਿਲਾਂ ਨਹੀਂ ਸੁਣੀਆਂ ਸੀ! ਮਸਤੋਈਆਂ ਨੇ ਪਹਿਲਾਂ ਵੀ ਬੇਗਿਣਤ ਔਰਤਾਂ ਨਾਲ ਜ਼ਬਰਦਸਤੀ ਕੀਤੀ ਏ, ਮੇਰੇ ਇਕ ਚਾਚੇ ਦਾ ਘਰ ਲੁੱਟਿਆ ਏ, ਤੇ ਆਪਣੀਆਂ ਬੰਦੂਕਾਂ ਨਾਲ ਉਹ ਕਿਸੇ ਦੇ ਘਰ 'ਤੇ ਵੀ ਹਮਲਾ ਕਰਨ ਤੇ ਉਸਨੂੰ ਲੁੱਟ ਲੈਣ ਦੀ ਤਾਕਤ ਰੱਖਦੇ ਨੇ। ਪੁਲਸ ਨੂੰ ਇਹ ਸਭ ਪਤਾ ਏ, ਤੇ ਉਹ ਇਹ ਵੀ ਜਾਣਦੀ ਏ ਕਿ ਮਸਤੋਈਆਂ ਦੇ ਖ਼ਿਲਾਫ਼ ਕੋਈ ਵੀ ਖੜ੍ਹਾ ਨਹੀਂ ਹੋ ਸਕਦਾ, ਕਿਉਂਕਿ ਜਿਹੜਾ ਵੀ ਉਹਨਾਂ ਦਾ ਮੁਕਾਬਲਾ ਕਰਨ ਦੀ ਹਿੰਮਤ ਕਰੇਗਾ, ਉਹ ਫ਼ੌਰਨ ਮਾਰ ਦਿੱਤਾ ਜਾਏਗਾ। ਮਸਤੋਈ ਇੱਥੇ ਪੀੜ੍ਹੀਆਂ ਤੋਂ ਰਹਿ ਰਹੇ ਨੇ, ਤੇ ਉਹਨਾਂ ਦਾ ਕੁਝ ਨਹੀਂ ਵਿਗਾੜਿਆ ਜਾ ਸਕਦਾ। ਉਹਨਾਂ ਦੇ ਦੋਸਤ ਉੱਚੀਆਂ ਜਗਾਹਾਂ (ਉੱਚੇ ਅਹੁਦਿਆਂ) 'ਤੇ ਨੇ, ਤੇ ਉਹਨਾਂ ਦੇ ਹੱਥ ਵਿਚ ਪੂਰੀ ਤਾਕਤ ਏ, ਸਾਡੇ ਪਿੰਡ ਤੋਂ ਲੈ ਕੇ ਜ਼ਿਲੇ ਦੇ ਵੱਡੇ ਸ਼ਹਿਰ ਤੀਕ—ਹਰ ਚੀਜ਼ ਉਹਨਾਂ ਦੇ ਕਾਬੂ ਵਿਚ ਏ। ਇਸੇ ਤੋਂ ਸਮਝਿਆ ਜਾ ਸਕਦਾ ਏ ਕਿ ਜਦੋਂ ਗੜਬੜੀ ਸ਼ੁਰੂ ਹੋਈ ਤਾਂ ਉਹ ਪੁਲਸ ਨੂੰ ਇਹ ਕਿੰਜ ਕਹਿ ਸਕੇ—“ਜੇ ਤੁਹਾਨੂੰ ਸ਼ਕੂਰ ਨੂੰ ਛੱਡਣਾ ਪਏ ਤਾਂ ਤੁਸੀਂ ਉਸਨੂੰ ਵਾਪਸ ਸਾਡੇ ਹਵਾਲੇ ਕਰਨਾ।”
ਇੱਥੋਂ ਤੀਕ ਕਿ ਪੁਲਸ ਵਾਲਿਆਂ ਨੂੰ ਵੀ ਮੇਰੇ ਭਰਾ ਦੀ ਜ਼ਿੰਦਗੀ ਨੂੰ ਲੈ ਕੇ ਡਰ ਸੀ, ਤੇ ਇਸਦਾ ਇਹੀ ਇਕ ਹੱਲ ਉਹਨਾਂ ਨੇ ਟੋਲਿਆ ਕਿ ਉਸਨੂੰ ਜੇਲ੍ਹ ਦੀ ਕੋਠੜੀ ਵਿਚ ਡੱਕ ਦੇਣ, ਜਦੋਂ ਤੀਕ ਕਿ ਉਹ ਉਸਦੇ ਕਸੂਰ ਜਾਂ ਬੇਕਸੂਰੀ ਦਾ ਫ਼ੈਸਲਾ ਨਾ ਕਰ ਲੈਣ।
ਇਸ ਲਈ ਇਸ ਮੁਆਫ਼ੀ ਦਾ ਸ਼ੁਰੂ ਤੋਂ ਈ ਨਾਕਾਮ ਹੋਣਾ ਮਿਥਿਆ ਸੀ, ਜਿਸਨੂੰ ਸਭ ਦੇ ਸਾਹਮਣੇ ਮੰਗਣ ਲਈ ਮੈਨੂੰ ਕਿਹਾ ਗਿਆ ਸੀ। ਮਸਤੋਈ ਉਸ ਲਈ ਸਿਰਫ਼ ਇਸ ਕਰਕੇ ਰਾਜ਼ੀ ਹੋ ਗਏ ਸਨ ਤਾਕਿ ਸਾਰੇ ਪਿੰਡ ਸਾਹਵੇਂ ਮੇਰੀ ਇਸਮਤ ਲੁੱਟ ਸਕਣ। ਉਹਨਾਂ ਨੂੰ ਨਾ ਤਾਂ ਮੁੱਲਾ ਦਾ ਡਰ ਏ, ਨਾ ਸ਼ੈਤਾਨ ਦਾ ਤੇ ਨਾ ਈ ਖ਼ੁਦਾ ਦਾ। ਕਬੀਲੇ ਦੇ ਕਾਨੂੰਨ ਦੇ ਮੁਤਾਬਿਕ, ਉਹਨਾਂ ਦੀ ਉੱਚੀ ਜਾਤ ਉਹਨਾਂ ਨੂੰ ਇਹ ਤੈਅ ਕਰਨ ਦੀ ਪੂਰੀ ਆਜ਼ਾਦੀ ਦੇਂਦੀ ਏ ਕਿ ਕੌਣ ਉਹਨਾਂ ਦਾ ਦੁਸ਼ਮਣ ਏਂ—ਕਿਸਨੂੰ ਕੁਚਲਣਾ, ਬੇਇੱਜ਼ਤ ਕਰਨਾ, ਲੁੱਟਣਾ ਜਾਂ ਖ਼ਰਾਬ ਕਰਨਾ ਏਂ। ਉਹ ਕਮਜ਼ੋਰਾਂ 'ਤੇ ਹਮਲਾ ਕਰਦੇ ਨੇ, ਤੇ ਅਸੀਂ ਕਮਜ਼ੋਰ ਆਂ।
---
ਸੋ ਮੈਂ ਖ਼ੁਦਾ ਨੂੰ ਦੁਆ ਕਰਦੀ ਆਂ ਕਿ ਉਹ ਕਿਸੇ ਵੀ ਸੰਭਵ ਤਰੀਕੇ ਨਾਲ ਖ਼ੁਦਕਸ਼ੀ ਤੇ ਬਦਲੇ ਵਿਚੋਂ ਇਕ ਨੂੰ ਚੁਣਨ ਵਿਚ ਮੇਰੀ ਮਦਦ ਕਰੇ। ਮੈਂ ਕੁਰਾਨ ਦੀਆਂ ਆਯਤਾਂ ਦੁਹਰਾਉਂਦੀ ਆਂ। ਮੈਂ ਖ਼ੁਦਾ ਨਾਲ ਉਸੇ ਤਰ੍ਹਾਂ ਗੱਲਾਂ ਕਰਦੀ ਆਂ ਜਿਵੇਂ ਓਦੋਂ ਕਰਦੀ ਹੁੰਦੀ ਸਾਂ ਜਦੋਂ ਮੈਂ ਬਾਲੜੀ ਸਾਂ। ਜਦੋਂ ਮੈਂ ਕੋਈ ਸ਼ਰਾਰਤ ਕਰਦੀ, ਮੇਰੀ ਮਾਂ ਹਮੇਸ਼ਾ ਕਹਿੰਦੀ, “ਯਾਦ ਰੱਖ, ਮੁਖ਼ਤਾਰਨੇ! ਖ਼ੁਦਾ ਸਭ ਦੇਖਦਾ ਏ, ਜੋ ਤੂੰ ਕਰਦੀ ਏਂ!”
ਤਦ ਮੈਂ ਆਸਮਾਨ ਵੱਲ ਦੇਖਦੀ ਤੇ ਸੋਚਦੀ ਕਿ ਕੀ ਉੱਥੇ ਕੋਈ ਖਿੜਕੀ ਏ ਜਿਸ ਵਿੱਚੋਂ ਖ਼ੁਦਾ ਮੇਰੇ 'ਤੇ ਨਜ਼ਰ ਰੱਖਦਾ ਏ, ਪਰ ਆਪਣੀ ਮਾਂ ਦੇ ਅਦਬ ਦੇ ਖ਼ਿਆਲ ਨਾਲ (ਸਤਿਕਾਰ ਵਜੋ.) ਮੈਂ ਕਦੀ ਉਸਨੂੰ ਇਸ ਸਵਾਲ ਨਹੀਂ ਕੀਤਾ। ਬੱਚੇ ਆਪਣੇ ਮਾਂ-ਬਾਪ ਨਾਲ ਸਵਾਲ-ਜਵਾਬ ਨਹੀਂ ਕਰਦੇ। ਕਦੀ-ਕਦੀ, ਜਦੋਂ ਮੈਨੂੰ ਕਿਸੇ ਵੱਡੇ ਬਜ਼ੁਰਗ ਨਾਲ ਗੱਲ ਕਰਨ ਦੀ ਜ਼ਰੂਰਤ ਹੁੰਦੀ, ਮੈਂ ਆਪਣੀ ਦਾਦੀ ਨੂੰ ਇਹ ਸਮਝਣ ਲਈ ਪੁੱਛਦੀ ਕਿ ਇਹ ਚੀਜ਼ਾਂ ਕਿਵੇਂ ਤੇ ਕਿਉਂ ਹੁੰਦੀਆਂ ਨੇ? ਸਿਰਫ਼ ਉਹੀ ਸੀ ਜਿਹੜੀ ਮੇਰੀ ਗੱਲ ਸੁਣਦੀ ਸੀ।
“ਦਾਦੀ, ਅੰਮੀ ਹਮੇਸ਼ਾ ਕਹਿੰਦੀ ਏ ਕਿ ਖ਼ੁਦਾ ਤੈਨੂੰ ਦੇਖਦਾ ਰਹਿੰਦਾ ਏ। ਕੀ ਸੱਚਮੁੱਚ ਆਸਮਾਨ 'ਚ ਕੋਈ ਖਿੜਕੀ ਐ ਜਿਸਨੂੰ ਉਹ ਮੈਨੂੰ ਦੇਖਣ ਲਈ ਖੋਲ੍ਹਦਾ ਐ?”
“ਖ਼ੁਦਾ ਨੂੰ ਖਿੜਕੀ ਖੋਲ੍ਹਣ ਦੀ ਲੋੜ ਨਹੀਂ, ਮੁਖ਼ਤਾਰਨੇ। ਸਾਰਾ ਆਸਮਾਨ ਈ ਉਸਦੀ ਖਿੜਕੀ ਐ। ਉਹ ਤੈਨੂੰ ਦੇਖਦੈ ਤੇ ਇਸ ਦੁਨੀਆਂ ਦੇ ਬਾਕੀ ਸਾਰੇ ਲੋਕਾਂ ਨੂੰ ਵੀ ਦੇਖਦੈ। ਉਹ ਹੋਰਾਂ ਦੀਆਂ ਬੇਵਕੂਫ਼ੀਆਂ ਦੇ ਨਾਲ ਤੇਰੀਆਂ ਬੇਵਕੂਫ਼ੀਆਂ 'ਤੇ ਵੀ ਨਜ਼ਰ ਰੱਖਦੈ। ਹੁਣ ਕਿਹੜੀ ਸ਼ਰਾਰਤ ਕੀਤੀ ਐ ਤੂੰ?”
“ਮੈਂ ਤੇ ਮੇਰੀਆਂ ਭੈਣਾਂ ਨੇ, ਹੌਲੀ ਦੇਣੇ, ਗੁਆਂਢੀਆਂ ਦੇ ਦਾਦੇ ਦੀ ਸੋਟੀ ਚੁਰਾਅ ਲਈ ਸੀ, ਤੇ ਉਸਨੂੰ ਉਹਨਾਂ ਦੇ ਦਰਵਾਜ਼ੇ ਦੇ ਆਰ-ਪਾਰ ਰੱਖ 'ਤਾ ਸੀ—ਜਦੋਂ ਦਾਦਾ ਅੰਦਰ ਜਾਣ ਲੱਗਿਆ ਤਾਂ ਅਸੀਂ ਆਪਣੇ-ਆਪਣੇ ਪਾਸਿਓਂ ਸੋਟੀ ਚੁੱਕ ਲਈ ਤੇ ਉਹ ਡਿੱਗ ਪਿਆ।”
“ਐਂ ਕਿਉਂ ਕੀਤਾ ਤੁਸੀਂ?”
“ਕਿਉਂਕਿ ਹਮੇਸ਼ਾ ਸਾਨੂੰ ਝਿੜਕਦਾ ਰਹਿੰਦੈ। ਉਹ ਨਹੀਂ ਚਾਹੁੰਦਾ ਕਿ ਅਸੀਂ ਰੁੱਖਾਂ ਤੇ ਚੜ੍ਹ ਕੇ ਟਾਹਣਿਆਂ ਨਾਲ ਝੂਟੀਏ, ਉਹ ਨਹੀਂ ਚਾਹੁੰਦਾ ਕਿ ਅਸੀਂ ਗੱਲਾਂ ਕਰੀਏ, ਹੱਸੀਏ, ਖੇਡੀਏ—ਉਹ ਕੁਝ ਵੀ ਨਹੀਂ ਚਾਹੁੰਦਾ ਤੇ ਜਿਵੇਂ ਈ ਉਹ ਆਉਂਦੈ, ਉਹ ਆਪਣੀ ਸੋਟੀ ਉਗਾਸ-ਉਗਾਸ ਕੇ ਸਾਨੂੰ ਫਿਟਕਾਰਣ ਲੱਗ ਪੈਂਦੈ—'ਹਾਅ ਤੂੰ, ਤੂੰ ਆਪਣੇ ਚੁੱਤੜ ਨਹੀਂ ਧੋਤੇ, ਜਾਹ ਖ਼ੁਦ ਨੂੰ ਸਾਫ਼ ਕਰ! ਤੂੰ, ਤੂੰ ਚੁੰਨੀ ਨਹੀਂ ਲਈ ਹੋਈ। ਜਾਹ, ਠੀਕ ਤਰ੍ਹਾਂ ਕੱਪੜੇ ਪਾ ਕੇ ਆ!' ਉਹ ਸਾਡੇ 'ਤੇ ਬੁੜਬੁੜ ਕਰਦਾ ਈ ਰਹਿੰਦੈ—ਹਮੇਸ਼ਾ ਈ ਐਂ ਕਰਦਾ ਰਹਿੰਦੈ...ਹਾਂ।”
“ਉਹ ਦਾਦਾ ਬੜਾ ਬੁੱਢੈ, ਤੇ ਕਮੀਨਾ ਵੀ ਐ। ਉਹ ਬੱਚਿਆਂ ਨੂੰ ਬਰਦਾਸ਼ਤ ਨਹੀਂ ਕਰਦਾ, ਇਹ ਸੱਚ ਐ, ਪਰ ਫੇਰ ਕਦੀ ਐਂ ਨਾ ਕਰਨਾ।...ਤੇ ਹੋਰ ਕੀ ਕੀਤਾ ਤੂੰ?”
“ਮੈਂ ਏਥੇ ਆ ਕੇ ਤੇਰੇ ਨਾਲ ਰੋਟੀ ਖਾਣੀ ਚਾਹੁੰਦੀ ਸੀ, ਪਰ ਅੰਮੀ ਨੇ ਆਉਣ ਨਹੀਂ ਦਿੱਤਾ। ਉਹ ਕਹਿੰਦੀ ਐ ਮੈਂ ਘਰੇ ਈ ਖਾਵਾਂ।”
“ਮੈਂ ਤੇਰੀ ਅੰਮੀ ਨਾਲ ਗੱਲ ਕਰਾਂਗੀ ਤਾਕਿ ਉਹ ਮੇਰੀ ਪੋਤੀ ਨੂੰ ਦੁਬਾਰਾ ਤੰਗ ਨਾ ਕਰੇ...”
ਘਰ ਵਿਚ ਕੋਈ ਕਦੀ ਸਾਨੂੰ ਮਾਰਦਾ ਨਹੀਂ ਸੀ। ਮੇਰੇ ਅੱਬਾ ਨੇ ਕਦੀ ਮੇਰੇ 'ਤੇ ਹੱਥ ਨਹੀਂ ਸੀ ਚੁੱਕਿਆ। ਮੇਰਾ ਬਚਪਨ, ਸਿੱਧਾ-ਸਾਦਾ, ਗ਼ਰੀਬੀ ਦਾ ਸੀ—ਨਾ ਬਹੁਤਾ ਚੰਗਾ, ਨਾ ਦੁੱਖ ਭਰਿਆ—ਪਰ ਹਾਸੇ-ਖ਼ੁਸ਼ੀ ਨਾਲ ਭਰਪੂਰ। ਜੇ ਉਹ ਸਮਾਂ ਮੇਰੀ ਸਾਰੀ ਜ਼ਿੰਦਗੀ ਚੱਲਦਾ ਤਾਂ ਮੈਨੂੰ ਬੜਾ ਚੰਗਾ ਲੱਗਦਾ। ਮੈਂ ਇਕ ਬਾਦਸ਼ਾਹ ਵਾਂਗ ਖ਼ੁਦ ਦੀ ਤਸਵੀਰ ਬਣਾਈ ਹੋਈ ਸੀ—ਉਹ ਲੰਮਾਂ-ਝੰਮਾਂ ਸੀ, ਫ਼ਰਿਸ਼ਤਿਆਂ ਵਿਚਕਾਰ ਘਿਰਿਆ, ਦੀਵਾਨ ਤੇ ਬੈਠਿਆ ਹੋਇਆ, ਤੇ ਉਹ ਲੋਕਾਂ ਨੂੰ ਮੁਆਫ਼ ਕਰ ਦੇਂਦਾ ਸੀ। ਜਿਹਨਾਂ ਨੇ ਚੰਗੇ ਕੰਮ ਕੀਤੇ ਹੁੰਦੇ, ਉਹਨਾਂ 'ਤੇ ਉਹ ਰਹਿਮ ਕਰਦਾ, ਤੇ ਬਾਕੀਆਂ ਨੂੰ ਉਹਨਾਂ ਦੀਆਂ ਬਦਕਾਰੀਆਂ ਲਈ ਦੋਜ਼ਖ਼ (ਨਰਕ) ਵਿਚ ਭੇਜ ਦੇਂਦਾ।
ਅਠਾਈ ਸਾਲ ਦੀ ਉਮਰ ਵਿਚ (ਜਾਂ ਜੇ ਮਾਂ ਦਾ ਯਕੀਨ ਕਰਾਂ ਤਾਂ ਇਸਦੇ ਬੜਾ ਨੇੜੇ-ਤੇੜੇ), ਸ਼ਰਮਿੰਦਗੀ ਦੇ ਕਾਰਨ ਇਸ ਕਮਰੇ ਵਿਚ, ਆਪਣੀ ਇਕੱਲ ਦੀ ਕੈਦ ਵਿਚ, ਮੈਨੂੰ ਖ਼ੁਦਾ ਦਾ ਈ ਆਸਰਾ ਏ। ਮੌਤ? ਜਾਂ ਬਦਲਾ? ਕਿਵੇਂ ਮੈਂ ਆਪਣੀ ਇੱਜ਼ਤ ਫੇਰ ਹਾਸਲ ਕਰਾਂ?
ਤੇ ਇਸ ਦੌਰਾਨ, ਜਦੋਂ ਮੈਂ ਬਿਲਕੁਲ ਇਕੱਲੀ ਦੁਆ ਮੰਗ ਰਹੀ ਆਂ—ਅਫ਼ਵਾਹਾਂ ਲਗਾਤਾਰ ਪਿੰਡ ਵਿਚ ਉੱਡਦੀਆਂ ਫਿਰ ਰਹੀਆਂ ਨੇ।
ਲੋਕ ਕਹਿੰਦੇ ਨੇ ਕਿ ਸਾਡੇ ਮੁੱਲਾ ਨੇ ਜੁੰਮੇ ਦੀ ਨਮਾਜ਼ ਦੇ ਦੌਰਾਨ ਇਕ ਨਸੀਹਤ ਕੀਤੀ ਸੀ। ਉਸਨੇ ਖੁੱਲ੍ਹ ਕੇ ਉੱਚੀ ਆਵਾਜ਼ ਵਿਚ ਕਿਹਾ ਸੀ ਕਿ ਪਿੰਡ ਵਿਚ ਜੋ ਹੋਇਆ ਸੀ, ਉਹ ਇਕ ਗੁਨਾਹ ਸੀ, ਸਾਰੀ ਬਿਰਾਦਰੀ ਦੇ ਲਈ ਸ਼ਰਮ ਦੀ ਗੱਲ ਸੀ, ਤੇ ਇਹ ਕਿ ਪਿੰਡ ਵਾਲਿਆਂ ਨੂੰ ਪੁਲਸ ਨਾਲ ਗੱਲ ਕਰਨੀ ਚਾਹੀਦੀ ਏ।
ਲੋਕ ਕਹਿੰਦੇ ਨੇ ਕਿ ਨਮਾਜ਼ ਪੜ੍ਹਨ ਵਾਲਿਆਂ ਵਿਚ ਇੱਥੋਂ ਦੇ ਅਖ਼ਬਾਰ ਦਾ ਇਕ ਖ਼ਬਰਨਵੀਸ (ਪੱਤਰਕਾਰ) ਵੀ ਸੀ ਤੇ ਉਸਨੇ ਇਹ ਕਿੱਸਾ ਅਖ਼ਬਾਰ ਵਿਚ ਬਿਆਨ ਕਰ ਦਿੱਤਾ ਸੀ।
ਲੋਕ ਇਹ ਵੀ ਕਹਿੰਦੇ ਨੇ ਕਿ ਮਸਤੋਈ ਸ਼ਹਿਰ ਦੇ ਇਕ ਵੱਡੇ ਹੋਟਲ ਵਿਚ ਗਏ ਸਨ, ਜਿੱਥੇ ਉਹਨਾਂ ਨੇ ਸਭ ਦੇ ਸਾਹਮਣੇ ਤਫ਼ਸੀਲ ਨਾਲ ਆਪਣੇ ਕਾਰਨਾਮੇਂ ਦੀਆਂ ਫੜਾਂ ਮਾਰੀਆਂ ਸਨ, ਤੇ ਇਸ ਤਰ੍ਹਾਂ ਇਹ ਖ਼ਬਰ ਸਾਰੇ ਇਲਾਕੇ ਵਿਚ ਫੈਲ ਗਈ ਸੀ।
ਮੇਰੇ ਇਕੱਲੇ ਰਹਿਣ ਦੇ ਚੌਥੇ ਜਾਂ ਪੰਜਵੇਂ ਦਿਨ, ਜਿਸ ਦੌਰਾਨ ਮੈਂ ਬਿਨਾਂ ਖਾਧੇ-ਸੁੱਤੇ ਲਗਾਤਾਰ ਕੁਰਾਨ ਦੀਆਂ ਆਯਤਾਂ ਦੁਹਰਾਉਂਦੀ ਰਹੀ ਆਂ, ਪਹਿਲੀ ਵਾਰੀ ਮੇਰੀਆਂ ਅੱਖਾਂ ਵਿਚੋਂ ਅੱਥਰੂ ਤੈਰਨ ਲੱਗਦੇ ਨੇ। ਆਖ਼ਰਕਾਰ, ਮੈਂ ਰੋਣ ਲੱਗਦੀ ਆਂ। ਮੇਰੇ ਸੁੱਕੇ ਤੇ ਥੱਕੇ ਦਿਮਾਗ਼ ਤੇ ਜਿਸਮ ਨੂੰ ਆਹਿਸਤਾ-ਆਹਿਸਤਾ ਵਹਿਣ ਵਾਲੀ ਅੱਥਰੂਆਂ ਦੀ ਧਾਰ ਕਾਰਨ ਰਾਹਤ ਮਹਿਸੂਸ ਹੋਣ ਲੱਗਦੀ ਏ।
ਮੈਂ ਕਦੀ ਬਹੁਤਾ ਦਿਖਾਵਾ ਕਰਨ ਵਾਲੀ ਨਹੀਂ ਰਹੀ। ਬਚਪਨ ਵਿਚ ਮੈਂ ਬੇਫ਼ਿਕਰ, ਖਿਲੰਦੜੀ, ਛੋਟੀਆਂ-ਛੋਟੀਆਂ ਮਾਮੂਲੀ ਸ਼ਰਾਰਤਾਂ ਕਰਨ ਤੇ ਝੱਲਿਆਂ ਵਾਂਗ ਹੱਸਣ ਵਾਲੀ ਕੁੜੀ ਹੁੰਦੀ ਸਾਂ। ਮੈਨੂੰ ਸਿਰਫ਼ ਇਕ ਵਾਰੀ ਰੋਣਾ ਯਾਦ ਏ, ਜਦੋਂ ਮੈਂ ਤਕਰੀਬਨ ਦਸ ਸਾਲ ਦੀ ਸੀ। ਇਕ ਚੂਚੇ ਨੂੰ ਜਿਹੜਾ ਨਿਕਲ ਭੱਜਿਆ ਸੀ, ਮੇਰੇ ਭਰਾ-ਭੈਣ ਦੌੜਾ ਰਹੇ ਸੀ ਕਿ ਉਦੋਂ ਈ ਉਹ ਘਬਰਾ ਕੇ ਗ਼ਲਤੀ ਨਾਲ ਚੁੱਲ੍ਹੇ ਵਿਚ ਜਾ ਵੜਿਆ, ਜਿਸ 'ਤੇ ਮੈਂ ਰੋਟੀਆਂ ਪਕਾ ਰਹੀ ਸਾਂ। ਮੈਂ ਅੰਗਿਆਰਾਂ 'ਤੇ ਪਾਣੀ ਪਾਇਆ, ਪਰ ਬੜੀ ਦੇਰ ਹੋ ਚੁੱਕੀ ਸੀ—ਚੂਚਾ ਮੇਰੀਆਂ ਅੱਖਾਂ ਸਾਹਵੇਂ ਸੜ ਕੇ ਮਰ ਗਿਆ। ਮੈਨੂੰ ਪੱਕਾ ਯਕੀਨ ਹੋ ਗਿਆ ਕਿ ਗ਼ਲਤੀ ਮੇਰੀ ਸੀ, ਮੈਂ ਉਸਨੂੰ ਬਚਾਉਣ ਵਿਚ ਹੁਸ਼ਿਆਰੀ ਨਹੀਂ ਵਰਤੀ ਸੀ—ਤੇ ਮੈਂ ਸਾਰਾ ਦਿਨ ਉਸ ਮਾਸੂਮ ਚੂਚੇ ਦੀ ਖ਼ੌਫ਼ਨਾਕ ਮੌਤ 'ਤੇ ਰੋਂਦੀ ਰਹੀ ਸੀ। ਮੈਂ ਗੁਨਾਹ ਦਾ ਇਹ ਅਹਿਸਾਸ ਕਦੀ ਨਹੀਂ ਭੁੱਲੀ, ਨਾ ਉਹ ਮੈਨੂੰ ਭੁੱਲਣਾ ਏ, ਤੇ ਅੱਜ ਵੀ ਮੈਂ ਖ਼ੁਦ ਨੂੰ ਗੁਨਾਹਗਾਰ ਮਹਿਸੂਸ ਕਰਦੀ ਆਂ। ਜੇ ਮੈਂ ਜ਼ਰਾ ਜਲਦੀ ਕੀਤੀ ਹੁੰਦੀ ਤਾਂ ਸ਼ਾਇਦ ਉਸ ਨਿੱਕੜੇ ਚੂਚੇ ਨੂੰ ਬਚਾ ਲੈਂਦੀ...ਜਿਹੜਾ ਆਪਣੀ ਛੋਟੀ-ਜਿਹੀ ਜ਼ਿੰਦਗੀ ਦਾ ਮਜ਼ਾ ਲੈਣ ਖਾਤਰ ਵੱਡਾ ਹੋਇਆ ਹੁੰਦਾ। ਮੈਨੂੰ ਮਹਿਸੂਸ ਹੋਇਆ ਸੀ ਜਿਵੇਂ ਮੈਂ ਇਕ ਜਿਊਂਦੀ-ਜਾਗਦੀ ਜਾਨ ਨੂੰ ਮਾਰ ਕੇ ਗੁਨਾਹ ਕੀਤਾ ਏ, ਤੇ ਹੁਣ, ਆਪਣੇ ਕਮਰੇ ਵਿਚ ਇਕੱਲੀ, ਮੈਂ ਖ਼ੁਦ ਆਪਣੇ ਲਈ ਉਸੇ ਤਰ੍ਹਾਂ ਰੋ ਰਹੀ ਆਂ ਜਿਵੇਂ ਮੈਂ ਉਸ ਮਰੇ ਹੋਏ ਚੂਚੇ ਲਈ ਰੋਈ ਸਾਂ, ਜਿਹੜਾ ਕੁਝ ਪਲਾਂ ਵਿਚ ਈ ਅੱਗ ਵਿਚ ਭੁੱਜ ਗਿਆ ਸੀ।
ਮੈਨੂੰ ਆਪਣੀ ਇੱਜ਼ਤ ਲੁੱਟੇ ਜਾਣ 'ਤੇ ਗੁਨਾਹ ਦਾ ਅਹਿਸਾਸ ਹੁੰਦਾ ਏ। ਇਹ ਇਕ ਬੇਰਹਿਮੀ ਭਰਿਆ ਅਹਿਸਾਸ ਏ, ਕਿਉਂਕਿ ਕੁਝ ਦਿਨ ਪਹਿਲਾਂ ਜੋ ਹੋਇਆ ਉਹ ਮੇਰਾ ਕਸੂਰ ਨਹੀਂ ਸੀ। ਬਚਪਨ ਵਿਚ ਮੈਂ ਨਹੀਂ ਚਾਹੁੰਦੀ ਸੀ ਕਿ ਉਹ ਚੂਚਾ ਮਰ ਜਾਏ, ਐਨ ਓਵੇਂ ਈ ਜਿਵੇਂ ਮੈਂ ਅਜਿਹਾ ਕੁਝ ਨਹੀਂ ਕੀਤਾ ਸੀ ਕਿ ਮੈਨੂੰ ਇਹ ਸ਼ਰਮਨਾਕ ਸਜ਼ਾ ਮਿਲੇ। ਤੇ ਉਹ ਜ਼ਿਨਾਕਾਰ? ਉਹਨਾਂ ਦੇ ਅੰਦਰ ਗੁਨਾਹ ਦਾ ਕੋਈ ਅਹਿਸਾਸ ਨਹੀਂ...! ਪਰ ਮੈਂ ਭੁੱਲ ਨਹੀਂ ਸਕਦੀ, ਤੇ ਮੈਂ ਕਿਸੇ ਨਾਲ ਇਸ ਬਾਰੇ ਗੱਲ ਨਹੀਂ ਕਰ ਸਕਦੀ ਕਿ ਮੇਰੇ ਨਾਲ ਕੀ ਬੀਤੀ ਸੀ—ਇੰਜ ਕੀਤਾ ਈ ਨਹੀਂ ਜਾਂਦਾ। ਇਸ ਤੋਂ ਇਲਾਵਾ, ਆਪਣੇ ਨਾਲ ਹੋਈ ਜ਼ਿਆਦਤੀ ਬਾਰੇ ਗੱਲ ਕਰਨਾ ਮੇਰੇ ਲਈ ਬਰਦਾਸ਼ਤ ਤੋਂ ਬਾਹਰ ਹੋਏਗਾ, ਤੇ ਜਦੋਂ ਜਦੋਂ ਉਸ ਖ਼ੌਫ਼ਨਾਕ ਰਾਤ ਦੀਆਂ ਯਾਦਾਂ ਮੇਰੇ ਖ਼ਿਆਲਾਂ 'ਤੇ ਹਾਵੀ ਹੁੰਦੀਆਂ ਨੇ, ਮੈਂ ਘਬਰਾ ਕੇ ਉਹਨਾਂ ਨੂੰ ਆਪਣੇ ਦਿਮਾਗ਼ ਵਿਚੋਂ ਬਾਹਰ ਧਕੀਚਣ ਦੀ ਕੋਸ਼ਿਸ਼ ਕਰਦੀ ਆਂ। ਮੈਂ ਯਾਦ ਨਹੀਂ ਕਰਨਾ ਚਾਹੁੰਦੀ! ਪਰ ਮੈਂ ਖ਼ੁਦ ਨੂੰ ਰੋਕ ਨਹੀਂ ਸਕਦੀ।
---
ਅਚਾਨਕ ਮੈਨੂੰ ਘਰੇ ਚੀਕਾ-ਰੌਲੀ ਦੀਆਂ ਆਵਾਜ਼ਾਂ ਸੁਣਾਈ ਦੇਂਦੀਆਂ ਨੇ। ਪੁਲਸ ਆ ਪਹੁੰਚੀ ਏ।
ਕਮਰੇ 'ਚੋਂ ਬਾਹਰ ਆ ਕੇ ਮੈਂ ਸ਼ਕੂਰ ਨੂੰ ਏਨਾ ਬਦਹਵਾਸ ਹੋ ਕੇ ਅਹਾਤੇ ਵਿਚ ਭੱਜਿਆ-ਫਿਰਦਾ ਦੇਖਦੀ ਆਂ ਕਿ ਬਿਨਾਂ ਜਾਣੇ ਈ ਉਹ ਮਸਤੋਈਆਂ ਦੀ ਹਵੇਲੀ ਦਾ ਰੁਖ਼ ਕਰਦਾ ਏ! ਮੇਰੇ ਭਰਾ ਜਿੰਨਾ ਈ ਡਰੇ ਹੋਏ ਮੇਰੇ ਅੱਬਾ ਉਸਦੇ ਪਿੱਛੇ ਨੱਸਦੇ ਨੇ। ਮੈਨੂੰ ਈ ਉਹਨਾਂ ਨੂੰ ਸ਼ਾਂਤ ਕਰਨ ਤੇ ਘਰ ਲਿਆਉਣ ਲਈ ਰਾਜ਼ੀ ਕਰਨਾ ਪਏਗਾ।
“ਅੱਬਾ, ਵਾਪਸ ਆਓ! ਡਰੋ ਨਾ! ਸ਼ਕੂਰੇ! ਚੱਲ, ਘਰ ਆ!”
ਜਦੋਂ ਮੇਰੇ ਪਿਤਾ ਆਪਣੀ ਧੀ ਦੀ ਆਵਾਜ਼ ਸੁਣਦੇ ਨੇ—ਜਿਸ ਧੀ ਨੂੰ ਉਹਨਾਂ ਕਈ ਦਿਨਾਂ ਦਾ ਨਹੀਂ ਦੇਖਿਆ ਤਾਂ ਉਸੇ ਸਮੇਂ ਜਦੋਂ ਉਹ ਸ਼ਕੂਰ ਦੇ ਐਨ ਕੋਲ ਜਾ ਪਹੁੰਚੇ ਨੇ—ਉਹ ਰੁਕ ਜਾਂਦੇ ਨੇ ਤੇ ਦੋਵੇਂ ਈ ਸਮਝ ਤੋਂ ਕੰਮ ਲੈ ਕੇ, ਸਾਡੇ ਅਹਾਤੇ ਵਿਚ ਮੁੜ ਆਉਂਦੇ ਨੇ, ਜਿੱਥੇ ਪੁਲਸ ਇੰਤਜ਼ਾਰ ਕਰ ਰਹੀ ਏ।
ਬੜੀ ਅਜੀਜ਼ ਗੱਲ ਏ ਕਿ ਮੈਨੂੰ ਹੁਣ ਕਿਸੇ ਚੀਜ਼ ਦਾ ਵੀ ਡਰ ਨਹੀਂ ਏ, ਤੇ ਪੁਲਸ ਤੋਂ ਮੈਨੂੰ ਬਿਲਕੁਲ ਘਬਰਾਹਟ ਨਹੀਂ ਹੁੰਦੀ। ਇਸ ਤੋਂ ਪਹਿਲਾਂ ਵੀ ਮੈਂ ਪੁਲਸ ਦੇ ਦਸਤੇ ਨੂੰ ਇਕ ਰਸਮੀ ਬਿਆਨ ਦਰਜ ਕਰਵਾਇਆ ਸੀ, ਜਿਹੜਾ ਪੁਲਸ ਸਟੇਸ਼ਨ ਜਾਂਦਿਆਂ ਹੋਇਆਂ ਰਸਤੇ ਵਿਚ ਸਾਨੂੰ ਮਿਲਿਆ ਸੀ। ਇਕ ਵਾਰੀ ਉਹ ਪਹਿਲੀ ਰਿਪੋਰਟ, ਜਾਂ ਐਫ਼.ਆਈ.ਆਰ. ਜਿਵੇਂ ਕਿ ਉਸਨੂੰ ਕਹਿੰਦੇ ਨੇ, ਦਰਜ ਹੋ ਗਈ ਸੀ ਤਾਂ ਮੇਰੇ ਮਨੋਂ ਪੁਲਸ ਤੇ ਮਸਤੋਈਆਂ ਦਾ ਸਾਰਾ ਖ਼ੌਫ਼ ਦੂਰ ਹੋ ਗਿਆ ਸੀ।
“ਮੁਖ਼ਤਾਰਨ ਬੀਬੀ ਕੌਣ ਏਂ?”
“ਮੈਂ ਆਂ।”
“ਚੱਲ ਇੱਧਰ! ਤੂੰ ਸਾਡੇ ਨਾਲ ਫ਼ੌਰਨ ਪੁਲਸ-ਥਾਨੇ ਚੱਲਣਾ ਏਂ। ਸ਼ਕੂਰ ਤੇ ਤੇਰੇ ਅੱਬਾ ਨੂੰ ਵੀ ਚੱਲਣਾ ਪਏਗਾ। ਤੇਰਾ ਚਾਚਾ ਕਿੱਥੇ ਈ?”
ਅਸੀਂ ਅਫ਼ਸਰਾਂ ਦੀ ਗੱਡੀ 'ਚ ਬੈਠ ਕੇ ਚੱਲ ਪੈਂਦੇ ਆਂ, ਰਸਤੇ 'ਚੋਂ ਉਹ ਮੇਰੇ ਚਾਚੇ ਨੂੰ ਵੀ ਨਾਲ ਲੈ ਲੈਂਦੇ ਨੇ, ਤੇ ਅਸੀਂ ਜਤੋਈ ਜ਼ਿਲੇ ਦੇ ਵੱਡੇ ਪੁਲਸ ਥਾਨੇ ਜਾਂਦੇ ਆਂ, ਜਿੱਥੇ ਅਸੀਂ ਤਦ ਤੀਕ ਇੰਤਜ਼ਾਰ ਕਰਨਾ ਏਂ ਜਦ ਤੀਕ ਪੁਲਸ ਦਾ ਕਪਤਾਨ ਨਹੀਂ ਆ ਜਾਂਦਾ। ਉੱਥੇ ਕੁਰਸੀਆਂ ਰੱਖੀਆਂ ਹੋਈਆਂ ਨੇ, ਪਰ ਸਾਨੂੰ ਬੈਠਣ ਲਈ ਕੋਈ ਨਹੀਂ ਕਹਿੰਦਾ। ਕਪਤਾਨ, ਇੰਜ ਲੱਗਦਾ ਏ, ਜਿਵੇਂ ਸੌਂ ਗਿਆ ਏ।
“ਤੈਨੂੰ ਬੁਲਾਇਆ ਜਾਏਗਾ।”
ਉੱਥੇ ਅਖ਼ਬਾਰ ਵਾਲੇ ਵੀ ਨੇ। ਉਹ ਮੈਨੂੰ ਸਵਾਲ ਕਰਦੇ ਨੇ, ਮੈਂ ਉਹਨਾਂ ਨੂੰ ਬਿਨਾਂ ਅੰਦਰਲੀਆਂ ਸਾਰੀਆਂ ਗੱਲਾਂ ਦੱਸਿਆਂ, ਜਿਹਨਾਂ ਨਾਲ ਮੇਰੇ ਸਿਵਾਏ ਹੋਰ ਕਿਸੇ ਦਾ ਕੋਈ ਮਤਲਬ ਨਹੀਂ ਏ, ਆਪਣੀ ਕਹਾਣੀ ਸੁਣਾਉਂਦੀ ਆਂ। ਮੈਂ ਉਹਨਾਂ ਨੂੰ ਆਪਣੀ ਇਸਮਤ ਲੁੱਟਣ ਵਾਲਿਆਂ ਦੇ ਨਾਂ ਦੱਸਦੀ ਆਂ, ਸਾਰੇ ਹਾਲਾਤ ਬਿਆਨ ਕਰਦੀ ਆਂ, ਸਮਝਾਉਂਦੀ ਆਂ ਕਿ ਕਿੰਜ ਇਹ ਸਾਰਾ ਕੁਝ ਮੇਰੇ ਭਰਾ ਦੇ ਖ਼ਿਲਾਫ਼ ਝੂਠਾ ਇਲਜ਼ਾਮ ਲਾਉਣ ਦੇ ਨਾਲ ਸ਼ੁਰੂ ਹੋਇਆ। ਕਾਨੂੰਨ ਤੇ ਸਾਡੇ ਅਦਾਲਤੀ ਨਿਜ਼ਾਮ ਤੋਂ ਭਲ਼ੇ ਈ ਮੈਂ ਨਾਵਾਕਿਫ਼ ਸਾਂ, ਜਿੱਥੇ ਔਰਤਾਂ ਦੀ ਕਦੀ ਪਹੁੰਚ ਨਹੀਂ ਹੋ ਸਕੀ, ਪਰ ਮੈਨੂੰ ਅੰਦਰੋਂ ਅਹਿਸਾਸ ਹੋ ਜਾਂਦਾ ਏ ਕਿ ਮੈਨੂੰ ਇਹਨਾਂ ਅਖ਼ਬਾਰ ਵਾਲਿਆਂ ਦੀ ਮੌਜ਼ੂਦਗੀ ਦਾ ਫ਼ਾਇਦਾ ਉਠਾਉਣਾ ਚਾਹੀਦਾ ਏ।
ਤੇ ਫੇਰ ਸਾਡੇ ਘਰੋਂ ਕੋਈ ਬੇਹੱਦ ਘਬਰਾਇਆ ਹੋਇਆ ਪੁਲਸ ਥਾਨੇ ਆ ਪਹੁੰਚਦਾ ਏ—ਮਸਤੋਈਆਂ ਨੇ ਸੁਣ ਲਿਆ ਏ ਕਿ ਮੈਂ ਥਾਨੇ 'ਚ ਆਂ, ਤੇ ਉਹ ਸਾਨੂੰ ਸਜ਼ਾ ਦੇਣ ਦੀਆਂ ਧਮਕੀਆਂ ਦੇ ਰਹੇ ਨੇ।
“ਕੁਛ ਨਾ ਕਹੀਂ। ਆਪਣੀ ਪੁਲਸ ਦੀ ਰਿਪੋਰਟ ਵਾਪਸ ਲੈ ਲੈ। ਤੂੰ ਇਹ ਸਾਰਾ ਮਾਮਲਾ ਛੱਡ ਦੇਅ। ਜੇ ਤੂੰ ਆਪਣੀ ਸ਼ਿਕਾਇਤ ਵਾਪਸ ਲੈ ਕੇ ਘਰ ਪਰਤ ਆਏਂਗੀ ਤਾਂ ਮਸਤੋਈ ਸਾਨੂੰ ਛੱਡ ਦੇਣਗੇ, ਪਰ ਜੇ ਤੂੰ ਨਾ ਮੰਨੀ...”
ਮੈਂ ਲੜਣ ਦਾ ਫ਼ੈਸਲਾ ਕਰ ਲਿਆ ਏ। ਮੈਨੂੰ ਅਜੇ ਤੀਕ ਨਹੀਂ ਪਤਾ ਪੁਲਸ ਸਾਨੂੰ ਕਿਉਂ ਲੈਣ ਆਈ ਸੀ। ਪਿੱਛੋਂ ਜਾ ਕੇ ਈ ਮੈਨੂੰ ਪਤਾ ਲੱਗਿਆ ਕਿ ਭਲ਼ਾ ਹੋਏ ਉਸ ਪਹਿਲੀ ਖ਼ਬਰ ਦਾ—ਸਾਡੀ ਕਹਾਣੀ ਤੇਜ਼ੀ ਨਾਲ ਸਾਰੇ ਮੁਲਕ ਦੇ ਅਖ਼ਬਾਰਾਂ ਵਿਚ ਫੈਲ ਗਈ ਏ। ਲੋਕਾਂ ਨੇ ਸਾਡੇ ਬਾਰੇ ਮੁਲਕ ਦੀ ਰਾਜਧਾਨੀ ਇਸਲਾਮਾਬਾਦ ਵਿਚ ਸੁਣ ਲਿਆ ਏ, ਤੇ ਦੁਨੀਆਂ ਦੀਆਂ ਹੋਰ ਜਗਾਹਾਂ 'ਤੇ ਵੀ। ਖ਼ਬਰ ਦੇ ਇਸ ਗ਼ੈਰ-ਮਾਮੂਲੀ ਢੰਗ ਨਾਲ ਫੈਲਣ ਨਾਲ ਚਿੰਤੁਤ ਹੋਈ ਪੰਜਾਬ ਦੀ ਸੂਬਾਈ ਸਰਕਾਰ ਨੇ ਸਥਾਨਕ ਪੁਲਸ ਨੂੰ, ਜਿੰਨੀ ਜਲਦੀ ਹੋ ਸਕੇ, ਰਿਪੋਰਟ ਤਿਆਰ ਕਰਨ ਨੂੰ ਕਿਹਾ ਏ। ਇਹ ਘਟਨਾ ਇਸ ਗੱਲ ਦੀ ਨਿਸ਼ਾਨੀ ਏ ਜਦ ਪੂਰੇ-ਦੇ-ਪੂਰੇ ਜਿਰਗੇ ਨੇ ਆਪਣੇ ਮੁੱਲਾ ਦੀ ਰਾਏ ਨੂੰ ਨਜ਼ਰ-ਅੰਦਾਜ਼ ਕੀਤਾ ਏ ਤੇ ਕਿਸੇ ਔਰਤ ਨੂੰ ਸਮੂਹਕ ਬਲਾਤਕਾਰ ਦੀ ਸਜ਼ਾ ਦਿੱਤੀ ਏ। ਲੋਕਾਂ 'ਚ ਹਾਏ-ਤੋਬਾ ਮੱਚੀ ਹੋਈ ਏ। ਇਸ ਨੇ ਮਸਤੋਈਆਂ ਨੂੰ ਹੋਰ ਨਾਰਾਜ਼ ਕਰ ਦਿੱਤਾ ਏ।
ਬਹੁਤ ਸਾਰੀਆਂ ਬੇ-ਪੜ੍ਹੀਆਂ-ਲਿਖੀਆਂ ਔਰਤਾਂ ਵਾਂਗ ਮੈਨੂੰ ਕਾਨੂੰਨ ਬਾਰੇ ਕੁਝ ਵੀ ਨਹੀਂ ਪਤਾ ਸੀ—ਤੇ ਆਪਣੇ ਹੱਕਾਂ ਬਾਰੇ ਤਾਂ ਏਨਾ ਘੱਟ ਕਿ ਮੈਨੂੰ ਇਹ ਵੀ ਨਹੀਂ ਪਤਾ ਸੀ ਕਿ ਮੇਰਾ ਕੋਈ ਹੱਕ ਵੀ ਐ! ਪਰ ਹੁਣ ਇਹ ਮੇਰੀ ਸਮਝ ਵਿਚ ਆਉਣ ਲੱਗਾ ਏ ਕਿ ਮੇਰਾ ਬਦਲਾ ਖ਼ੁਦਕਸ਼ੀ ਤੋਂ ਇਲਾਵਾ ਦੂਜਾ ਰਸਤਾ ਵੀ ਅਖ਼ਤਿਆਰ ਕਰ ਸਕਦਾ ਏ। ਮੈਨੂੰ ਧਮਕੀਆਂ ਤੇ ਖ਼ਤਰੇ ਦੀ ਕੀ ਪ੍ਰਵਾਹ ਏ ਭਲ਼ਾ? ਮੇਰਾ ਜੋ ਵਿਗੜਨਾ ਸੀ, ਉਹ ਤਾਂ ਪਹਿਲਾਂ ਈ ਵਿਗੜ ਚੁੱਕਿਆ, ਤੇ ਮੈਨੂੰ ਹੈਰਾਨੀ ਹੁੰਦੀ ਏ ਕਿ ਮੇਰੇ ਅੱਬੂ ਮੇਰੇ ਫ਼ੈਸਲੇ ਦੀ ਤਾਈਦ ਕਰਦੇ ਨੇ।
ਜੇ ਮੈਨੂੰ ਤਾਲੀਮ ਦਿੱਤੀ ਗਈ ਹੁੰਦੀ, ਜੇ ਮੈਂ ਪੜ੍ਹ-ਲਿਖ ਸਕਦੀ ਤਾਂ ਸਭ ਕੁਝ ਕਿੰਨਾ ਆਸਾਨ ਹੁੰਦਾ। ਫੇਰ ਵੀ ਮੈਂ ਇਕ ਬਿਲਕੁਲ ਨਵੀਂ ਦਿਸ਼ਾ 'ਚ ਨਿਕਲ ਪਈ ਆਂ, ਜਿਸ ਵਿਚ ਮੇਰੇ ਘਰ ਵਾਲੇ ਮੇਰੇ ਨਾਲ ਐ।
ਸਾਡਾ ਅਗਲਾ ਰਸਤਾ ਬਿਲਕੁਲ ਅਜਾਣ ਏਂ, ਕਿਉਂਕਿ ਸਾਡੇ ਸੂਬੇ 'ਚ ਪੁਲਸ ਦੀ ਲਗਾਮ ਸਿੱਧੀ-ਸਿੱਧੀ ਉੱਚੀ ਜਾਤ ਵਲਿਆਂ ਦੇ ਹੱਥ ਵਿਚ ਐ। ਪੁਲਸ ਵਾਲੇ ਕਬੀਲੇ ਦੇ ਸਰਦਾਰਾਂ ਨਾਲ ਮਿਲ ਕੇ ਜ਼ਬਰਦਸਤੀ ਪਹਿਰੇਦਾਰਾਂ ਵਾਂਗ ਕੰਮ ਕਰਦੇ ਨੇ। ਜਿਰਗਾ ਜੋ ਵੀ ਫ਼ੈਸਲਾ ਕਰੇ ਪੁਲਸ ਉਸਨੂੰ ਮੰਜ਼ੂਰ ਕਰੇਗੀ ਤੇ ਉਸਦੀ ਤਾਈਦ ਕਰੇਗੀ। ਜੇ ਪੁਲਸ ਦਾ ਖ਼ਿਆਲ ਹੋਏ ਕਿ ਮਾਮਲਾ ਪਿੰਡ ਦਾ ਏ ਤਾਂ ਕਿਸੇ ਅਸਰਦਾਰ ਖ਼ਾਨਦਾਨ ਨੂੰ ਮੁਜਰਿਮ ਠਹਿਰਾਉਣਾ ਨਾਮੁਮਕਿਨ ਏ, ਖ਼ਾਸ ਤੌਰ 'ਤੇ ਜੇ ਸ਼ਿਕਾਰ ਔਰਤ ਹੋਏ। ਜ਼ਿਆਦਾਤਰ ਮਾਮਲਿਆਂ ਵਿਚ ਪੁਲਸ ਗੁਨਾਹਗਾਰ ਦੀ ਤਰਫ਼ਦਾਰੀ ਕਰਦੀ ਏ, ਜਿਸਨੂੰ ਉਹ ਮੁਜਰਿਮ ਨਹੀਂ ਸਮਝਦੀ। ਇਕ ਔਰਤ, ਪੈਦਾਇਸ਼ ਤੋਂ ਲੈ ਕੇ ਸ਼ਾਦੀ ਤੀਕ ਖ਼ਰੀਦ-ਫ਼ਰੋਖ਼ਤ ਦੀ ਚੀਜ਼ ਨਾਲੋਂ ਵੱਧ ਹੋਰ ਕੁਝ ਨਹੀਂ ਏ। ਰਿਵਾਜ ਦੇ ਮੁਤਾਬਿਕ ਉਸਦੇ ਕੋਈ ਅਧਿਕਾਰ ਨਹੀਂ ਹੁੰਦੇ। ਇਸ ਤਰ੍ਹਾਂ ਮੈਂ ਪਾਲੀ-ਪੋਸੀ ਗਈ ਸੀ ਤੇ ਮੈਨੂੰ ਕਦੀ ਕਿਸੇ ਨੇ ਨਹੀਂ ਸੀ ਦੱਸਿਆ ਕਿ ਪਾਕਿਸਤਾਨ ਦਾ ਇਕ ਸੰਵਿਧਾਨ ਸੀ, ਕਾਨੂੰਨ ਸਨ, ਤੇ ਅਧਿਕਾਰ ਸਨ ਜਿਹੜੇ ਇਕ ਕਿਤਾਬ ਵਿਚ ਲਿਖੇ ਹੋਏ ਸਨ। ਮੈਂ ਕਦੀ ਕਿਸੇ ਵਕੀਲ ਜਾਂ ਜੱਜ ਨੂੰ ਨਹੀਂ ਸੀ ਦੇਖਿਆ। ਮੈਂ ਉਸ ਸਰਕਾਰੀ ਇਨਸਾਫ਼ ਬਾਰੇ, ਬਿਲਕੁਲ, ਕੁਝ ਨਹੀਂ ਸੀ ਜਾਣਦੀ ਜਿਹੜਾ ਅਮੀਰ ਤੇ ਪੜ੍ਹੇ-ਲਿਖੇ ਲੋਕਾਂ ਲਈ ਈ ਸੁਰੱਖਿਅਤ ਸੀ।
ਇਸ ਲਈ ਮੈਨੂੰ ਕੁਝ ਪਤਾ ਨਹੀਂ ਸੀ ਕਿ ਸ਼ਿਕਾਇਤ ਦਰਜ ਕਰਾਉਣ ਦਾ ਫ਼ੈਸਲਾ ਮੈਨੂੰ ਕਿਧਰ ਲੈ ਜਾਏਗਾ। ਫ਼ਿਲਹਾਲ ਤਾਂ ਇਹ ਮੇਰੇ ਜਿਊਂਦਾ ਰਹਿਣ ਦੀ ਢਾਲ ਏ, ਮੇਰੀ ਬਗ਼ਾਵਤ ਤੇ ਬੇਇੱਜ਼ਤੀ ਦਾ ਇਕ ਹਥਿਆਰ ਏ, ਇਕ ਹਥਿਆਰ ਜਿਹੜਾ ਅਜੇ ਤੀਕ ਆਜ਼ਮਾਇਆ ਨਹੀਂ ਗਿਆ ਏ, ਪਰ ਮੇਰੇ ਲਈ ਕੀਮਤੀ ਏ—ਕਿਉਂਕਿ ਉਹੀ ਇਕ ਹਥਿਆਰ ਏ ਮੇਰਾ। ਮੈਂ ਇਨਸਾਫ਼ ਲਵਾਂਗੀ ਜਾਂ ਮੌਤ। ਸ਼ਾਇਦ ਦੋਵੇਂ। ਜਦ ਇਕ ਪੁਲਸ ਵਾਲਾ ਆਖ਼ਰਕਾਰ ਮੈਨੂੰ ਤਲਬ ਕਰਦਾ ਏ, ਤੇ ਆਪਣੇ ਸਵਾਲਾਂ ਨਾਲ ਮੇਰੇ ਜਵਾਬ ਲਿਖਣੇ ਸ਼ੁਰੂ ਕਰਦਾ ਏ ਤਾਂ ਮੇਰੇ ਅੰਦਰ ਇਕ ਹੋਰ ਅਹਿਸਾਸ ਜਨਮ ਲੈਂਦਾ ਏ—ਸ਼ੱਕ।
ਤਿੰਨ ਵਾਰੀ ਉਹ ਆਪਣੇ ਅਫ਼ਸਰ ਨਾਲ, ਜਿਹੜਾ ਮੈਨੂੰ ਕਦੀ ਦਿਖਾਈ ਨਹੀਂ ਦਿੱਤਾ, ਮਸ਼ਵਰਾ ਕਰਨ ਜਾਂਦਾ ਏ। ਹਰ ਵਾਰੀ ਵਾਪਸ ਆ ਕੇ ਉਹ ਤਕਰੀਬਨ ਤਿੰਨ ਸਤਰਾਂ ਲਿਖਦਾ ਏ, ਹਾਲਾਂਕਿ ਮੈਂ ਕਾਫ਼ੀ ਦੇਰ ਤੀਕ ਬੋਲਿਆ ਹੁੰਦਾ ਏ। ਜਦੋਂ ਉਹ ਖ਼ਤਮ ਕਰ ਲੈਂਦਾ ਏ ਤਾਂ ਉਹ ਮੇਰੇ ਅੰਗੂਠੇ 'ਤੇ ਸਿਆਹੀ ਲਾ ਕੇ ਪੰਨੇ ਦੇ ਹੇਠ ਦਸਤਖ਼ਤ ਦੇ ਤੌਰ 'ਤੇ ਦਬਾਉਣ ਨੂੰ ਕਹਿੰਦਾ ਏ। ਇਹ ਮੇਰਾ ਬਿਆਨ ਨਹੀਂ, ਪਰ ਇਸਨੂੰ ਮੇਰੇ ਈ ਮੱਥੇ ਮੜ੍ਹਿਆ ਜਾਣਾ ਏਂ।
ਬਿਨਾਂ ਪੜ੍ਹਨਾ ਜਾਣੇ ਈ, ਜਾਂ ਇਹ ਸੁਣੇ ਕਿ ਉਸਨੇ ਆਪਣੇ ਅਫ਼ਸਰ ਨੂੰ ਕੀ ਪੁੱਛਿਆ ਏ, ਮੈਂ ਸਮਝ ਜਾਂਦੀ ਆਂ ਕਿ ਉਸਨੇ ਸਿਰਫ਼ ਅੱਧੇ ਸਫ਼ੇ ਵਿਚ ਉਹੀ ਲਿਖਿਆ ਏ ਜਿਹੜਾ ਉਸਦੇ ਅਫ਼ਸਰ ਨੇ ਉਸਨੂੰ ਲਿਖਵਾਇਆ ਸੀ। ਦੂਜੇ ਸ਼ਬਦਾਂ ਵਿਚ, ਮਸਤੋਈਆਂ ਦੇ ਕਬੀਲੇ ਦੇ ਸਰਦਾਰ ਨੇ। ਭਾਵੇਂ ਮੇਰੇ ਕੋਲ ਇਸਦਾ ਸਬੂਤ ਨਾ ਹੋਏ, ਪਰ ਮੈਂ ਅਹਿਸਾਸ ਨਾਲ ਇਹ ਜਾਣਦੀ ਆਂ। ਪੁਲਸ ਵਾਲੇ ਨੇ ਜੋ ਲਿਖਿਆ ਏ ਉਸਨੇ ਉਹ ਮੈਨੂੰ ਪੜ੍ਹ ਕੇ ਵੀ ਨਹੀਂ ਸੁਣਾਇਆ। ਰਾਤ ਦੇ ਹੁਣ ਦੋ ਵੱਜ ਚੁੱਕੇ ਨੇ ਤੇ ਮੈਨੂੰ ਪਤਾ ਨਹੀਂ ਕਿ ਮੈਂ ਹੁਣੇ-ਹੁਣੇ ਕਾਗਜ਼ 'ਤੇ ਮਹਜ਼ (ਸਿਰਫ਼) ਇਹ ਕਹਿੰਦੇ ਹੋਏ ਆਪਣਾ ਅੰਗੂਠਾ ਲਾਇਆ ਏ ਕਿ ਕੁਛ ਨਹੀਂ ਹੋਇਆ ਸੀ, ਜਾਂ ਇਹ ਕਿ ਮੈਂ ਝੂਠ ਬੋਲਿਆ ਸੀ। ਮੈਨੂੰ ਬਾਅਦ ਵਿਚ ਪਤਾ ਲੱਗਦਾ ਏ ਉਸਨੇ ਰਿਪੋਰਟ ਉੱਤੇ ਤਾਰੀਖ਼ ਵੀ ਝੂਠੀ ਪਾਈ ਸੀ।
ਜਤੋਈ ਦੇ ਪੁਲਸ ਥਾਨੇ 'ਚੋਂ ਬਾਹਰ ਆ ਕੇ ਅਸੀਂ ਖ਼ੁਦ ਘਰ ਵਾਪਸੀ ਦਾ ਬੰਦੋਬਸਤ ਕਰਨਾ ਸੀ, ਇਹ ਪੰਧ ਕੁਝ ਮੀਲ ਦਾ ਏ। ਅਸੀਂ ਇਕ ਮੋਟਰ ਰਿਕਸ਼ਾ ਵਾਲੇ ਨੂੰ ਲੱਭਦੇ ਆਂ ਜਿਹੜਾ ਇੱਥੇ ਆਉਣ-ਜਾਣ ਦਾ ਆਮ ਜ਼ਰੀਆ ਏ, ਤੇ ਵੈਸੇ ਤਾਂ ਉਹ ਸਾਨੂੰ ਘਰ ਲੈ ਜਾਣ ਲਈ ਤਿਆਰ ਹੋ ਜਾਂਦਾ, ਪਰ ਉਸ ਨੇ ਮੈਨੂੰ ਤੇ ਸ਼ਕੂਰ ਨੂੰ ਲੈ ਜਾਣ ਤੋਂ ਇਨਕਾਰ ਕਰ ਦਿੱਤਾ ਏ, ਕਿਉਂਕਿ ਰਸਤੇ ਵਿਚ ਉਸਨੂੰ ਮਸਤੋਈਆਂ ਦੇ ਖੜ੍ਹੇ ਹੋਣ ਦਾ ਖ਼ਤਰਾ ਏ।
“ਮੈਂ ਤੇਰੇ ਪਿਓ ਨੂੰ ਲੈ ਜਾਣ ਲਈ ਤਿਆਰ ਆਂ, ਪਰ ਹੋਰ ਕਿਸੇ ਨੂੰ ਨਹੀਂ।”
ਸੋ ਰਿਸ਼ਤੇ ਦਾ ਉਹ ਭਰਾ ਜਿਹੜਾ ਸਾਡੇ ਖ਼ਿਲਾਫ਼ ਮਸਤੋਈਆਂ ਦੀ ਧਮਕੀ ਤੋਂ ਸਾਨੂੰ ਖ਼ਬਰਦਾਰ ਕਰਨ ਲਈ ਪਿੰਡੋਂ ਆਇਆ ਸੀ, ਸਾਡੇ ਨਾਲ ਘਰ ਤੀਕ ਜਾਣ ਲਈ ਮਜ਼ਬੂਰ ਹੋ ਜਾਂਦਾ ਏ, ਉਸ ਰਸਤੇ ਤੋਂ ਨਹੀਂ ਜਿਸ ਤੋਂ ਅਸੀਂ ਆਮ ਤੌਰ 'ਤੇ ਜਾਂਦੇ ਆਂ।
---
ਹੁਣ ਤੋਂ ਪਿੱਛੋਂ ਮੇਰੇ ਲਈ ਕੁਝ ਵੀ 'ਆਮ ਤੌਰ 'ਤੇ' ਨਹੀਂ ਹੋਏਗਾ। ਮੈਂ ਖ਼ੁਦ ਪਹਿਲਾਂ ਨਾਲੋਂ ਬਦਲ ਗਈ ਆਂ। ਮੈਂ ਇਹ ਨਹੀਂ ਜਾਣਦੀ ਕਿ ਮੈਂ ਕਿੰਜ ਲੜਾਂਗੀ ਤੇ ਇਨਸਾਫ਼ ਹਾਸਲ ਕਰਕੇ ਆਪਣਾ ਬਦਲਾ ਲਵਾਂਗੀ। ਦਰਅਸਲ, ਮੈਂ ਇਨਸਾਫ਼ ਚਾਹੁੰਦੀ ਆਂ। ਉਹੀ ਮੇਰਾ ਇੰਤਕਾਮ ਹੋਏਗਾ। ਮੇਰੇ ਨਵੇਂ ਰਸਤੇ ਦਾ ਰੁਖ਼, ਜਿਹੜਾ ਸਿਰਫ਼ ਇਕੋ ਹੋ ਸਕਦਾ ਏ, ਮੇਰੇ ਦਿਮਾਗ਼ ਵਿਚ ਸਾਫ਼ ਏ। ਮੇਰੀ ਇੱਜ਼ਤ, ਤੇ ਮੇਰੇ ਘਰ ਵਾਲਿਆਂ ਦੀ ਵੀ—ਇਸੇ 'ਤੇ ਨਿਰਭਰ ਏ। ਭਾਵੇਂ ਮੈਨੂੰ ਆਪਣੀ ਜਾਨ ਨਾਲ ਇਸਦੀ ਕੀਮਤ ਚੁਕਾਉਣੀ ਪਏ, ਮੈਂ ਬੇਇੱਜ਼ਤ ਨਹੀਂ ਮਰਾਂਗੀ। ਕਈ ਦਿਨਾਂ ਤੀਕ ਮੈਂ ਤਕਲੀਫ਼ ਸਹੀ ਏ, ਖ਼ੁਦਕਸ਼ੀ ਕਰਨ ਦੀ ਸੋਚੀ ਏ, ਫੁੱਟ-ਫੁੱਟ ਕੇ ਰੋਈ ਆਂ। ਮੈਂ ਬਦਲ ਰਹੀ ਆਂ, ਅਲੱਗ ਢੰਗ ਨਾਲ ਵਰਤਾਅ ਕਰ ਰਹੀ ਆਂ, ਜਿਹਾ ਮੈਂ ਕਦੀ ਸੋਚ ਵੀ ਨਹੀਂ ਸਕਦੀ ਸੀ ਕਿ ਮੁਮਕਿਨ ਹੋਏਗਾ!
ਜਦੋਂ ਮੈਂ ਕਾਨੂੰਨੀ ਨਿਜ਼ਾਮ ਵੱਲ ਇਹ ਸਫ਼ਰ ਸ਼ੁਰੂ ਕਰ ਰਹੀ ਆਂ, ਇਕ ਅਜਿਹਾ ਰਸਤਾ ਜਿਸ ਤੋਂ ਕੋਈ ਵਾਪਸੀ ਨਹੀਂ ਏ, ਤਾਂ ਮੇਰਾ ਬੇ-ਪੜ੍ਹਿਆ-ਲਿਖਿਆ ਹੋਣਾ ਤੇ ਮੇਰੀ ਔਰਤ ਦੀ ਹੈਸੀਅਤ ਮੇਰੀ ਰੁਕਾਵਟ ਏ। ਆਪਣੇ ਘਰ ਵਾਲਿਆਂ ਤੋਂ ਇਲਾਵਾ ਮੇਰੇ ਕੋਲ ਸਿਰਫ਼ ਇਕ ਤਾਕਤ ਏ ਜਿਸਦਾ ਮੈਨੂੰ ਸਹਾਰਾ ਏ—ਮੇਰੀ ਬੇ-ਇੱਜ਼ਤੀ।
ਪਹਿਲਾਂ ਮੈਂ ਬਿਲਕੁਲ ਦਬ ਕੇ ਜਿਊਂਦੀ ਸਾਂ, ਹੁਣ ਮੇਰੀ ਬਗ਼ਾਵਤ ਓਨੀ ਈ ਮੁਕੰਮਲ ਹੋਏਗੀ।
--- --- ---

No comments:

Post a Comment