Sunday, October 7, 2012

ਪੰਜ : ਮੀਰਵਾਨ ਵਿਚ ਹਾਲਾਤ ਕੈਸੇ ਸਨ...:





ਪੰਜਾਬ ਦੇ ਦੱਖਣ-ਪੱਛਮ ਵਿਚ, ਮੁਜ਼ੱਫ਼ਰਗੜ੍ਹ ਜ਼ਿਲੇ 'ਚ, ਸਿੰਧ ਨਦੀ ਦੇ ਮੈਦਾਨ ਵਿਚ ਗਵਾਚੇ ਹੋਏ ਮੇਰੇ ਪਿੰਡ ਦਾ ਨਾਂ ਵੀ ਕਿਸੇ ਨੇ ਕਦੀ ਨਹੀਂ ਸੀ ਸੁਣਿਆਂ। ਪੁਲਸ ਥਾਨਾ ਤਿੰਨ ਮੀਲ ਦੂਰ ਜਤੋਈ 'ਚ ਏ, ਤੇ ਸਭ ਤੋਂ ਨਜ਼ਦੀਕੀ ਵੱਡੇ ਸ਼ਹਿਰ,ਡੇਰਾ ਗ਼ਾਜ਼ੀ ਖ਼ਾਂ ਤੇ ਮੁਲਤਾਨ—ਕਾਰ 'ਚ ਉਸ ਸੜਕ 'ਤੇ ਤਕਰੀਬਨ ਤਿੰਨ ਘੰਟਿਆਂ ਦੇ ਫ਼ਾਸਲੇ 'ਤੇ ਨੇ ਜਿਹੜੀ ਵੱਡੇ-ਵੱਡੇ ਟਰਕਾਂ, ਲੱਦੀਆਂ ਹੋਈਆਂ ਮੋਟਰ ਸਾਈਕਲਾਂ ਤੇ ਭਾਰੀ ਗੱਡੀਆਂ ਨਾਲ ਠਸਾਠਸ ਭਰੀ ਰਹਿੰਦੀ ਏ। ਮੀਰਵਾਲ 'ਚ ਦੁਕਾਨਾਂ ਨਹੀਂ, ਤੇ ਸਕੂਲ ਵੀ ਨਹੀਂ ਸੀ।
ਮੁਖ਼ਤਾਰ ਮਾਈ ਸਕੂਲ ਦਾ ਆਉਣਾ ਪਿੰਡ ਵਾਲਿਆਂ ਦੀ ਦਿਲਚਸਪੀ ਜਗਾਉਂਦਾ ਏ। ਸ਼ੁਰੂ-ਸ਼ੁਰੂ 'ਚ, ਸ਼ੱਕ ਨਾਲ ਭਰੀ ਦਿਲਚਸਪੀ...ਤੇ ਥੋੜ੍ਹੇ-ਜਿਹੇ ਸ਼ਾਗਿਰਦ ਈ ਮਿਲੇ ਨੇ ਮੈਨੂੰ। ਨਸੀਮ ਦੀ ਮਦਦ ਨਾਲ ਮੈਂ ਦਰਵਾਜ਼ੇ-ਦਰਵਾਜ਼ੇ ਜਾ ਦੇ ਮਾਂ-ਬਾਪ ਨੂੰ ਮਨਾਉਣਾ ਏਂ ਕਿ ਉਹ ਆਪਣੀਆਂ ਧੀਆਂ ਸਾਡੇ ਸੁਪੁਰਦ ਕਰਨ। ਇਹ ਦਰਵਾਜ਼ੇ ਸਾਡੇ ਮੂੰਹ 'ਤੇ ਭੀੜੇ ਤਾਂ ਨਹੀਂ ਜਾਂਦੇ, ਪਰ ਬਾਪ ਸਾਨੂੰ ਸਮਝਾਉਂਦੇ ਨੇ ਕਿ ਕੁੜੀਆਂ ਘਰ ਦੇ ਲਈ ਬਣੀਆਂ ਨੇ, ਪੜ੍ਹਾਈ-ਲਿਖਾਈ ਦੇ ਲਈ ਨਹੀਂ। ਮੁੰਡਿਆਂ ਲਈ ਵਧੇਰੇ ਗੁੰਜਾਇਸ਼ਾਂ ਨੇ। ਹੋ ਸਕਦਾ ਏ, ਜਿਹੜੇ ਖੇਤ ਵਿਚ ਕੰਮ ਨਹੀਂ ਕਰ ਰਹੇ, ਉਹ ਪਹਿਲਾਂ ਈ ਕਿਸੇ ਦੂਜੇ ਪਿੰਡ ਦੇ ਸਕੂਲ 'ਚ ਜਾ ਰਹੇ ਹੋਣ—ਪਰ ਕੋਈ ਉਹਨਾਂ ਨੂੰ ਜਾਣ ਲਈ ਮਜਬੂਰ ਨਹੀਂ ਸੀ ਕਰਦਾ।
ਇਲਾਜ਼ ਵਜੋਂ ਕੰਮ ਕਰਨ ਦੇ ਇਸ ਤਰੀਕੇ ਵਿਚ ਬੜਾ ਸਮਾਂ ਲੱਗਦਾ ਏ। ਤੇ ਇਸ ਦਾ ਤਾਂ ਕੁਦਰਤੀ ਤੌਰ 'ਤੇ ਕੋਈ ਸਵਾਲ ਈ ਨਹੀਂ ਏਂ ਕਿ ਮਸਤੋਈਆਂ ਨਾਲ ਇਸ ਮਾਮਲੇ ਵਿਚ ਗੱਲ ਕੀਤੀ ਜਾਏ। ਉਹਨਾਂ ਦੇ ਵੱਡੇ ਮੁੰਡੇ 'ਮੇਰੇ ਕਰਕੇ' ਕੈਦ ਵਿਚ ਨੇ। ਤੇ ਜੇ ਪੁਲਸ ਹਿਫ਼ਾਜ਼ਤ ਦੇ ਬਿਨਾਂ ਮੈਨੂੰ ਇਕ ਦਿਨ ਦੇ ਲਈ ਵੀ ਛੱਡ ਦਏ ਤਾਂ ਮੈਂ ਜਾਣਦੀ ਆਂ ਕਿ ਉਹਨਾਂ ਦਾ ਕਬੀਲਾ ਇਕ ਪਲ ਵਿਚ ਇਸਦਾ ਫ਼ਾਇਦਾ ਉਠਾ ਲਏਗਾ। ਉਹ ਹਰ ਕਿਸੇ ਸਾਹਵੇਂ, ਜਿਹੜਾ ਸੁਣਨ ਲਈ ਤਿਆਰ ਹੁੰਦਾ ਏ, ਇਹ ਐਲਾਨ ਕਰਦੇ ਰਹਿੰਦੇ ਨੇ ਕਿ ਉਹ ਮੈਥੋਂ ਤੇ ਮੇਰੇ ਘਰ ਵਾਲਿਆਂ ਤੋਂ ਬਦਲਾ ਲੈਣ ਦਾ ਇਰਾਦਾ ਰੱਖਦੇ ਨੇ।
ਸ਼ੁਰੂ-ਸ਼ੁਰੂ ਵਿਚ ਸਕੂਲ ਦਾ ਇਕ ਹਿੱਸਾ ਈ ਬਣਾਇਆ ਗਿਆ, ਸਾਡੇ ਆਪਣੇ ਵਸੀਲਿਆਂ ਨਾਲ, ਸਿੱਧਾ-ਸਾਦਾ ਤੇ ਮਾਮੂਲੀ। ਕੁਰਸੀਆਂ-ਮੇਜ਼ ਬਾਅਦ ਵਿਚ ਆਏ, ਤੇ ਮੈਨੂੰ ਅਫ਼ਸੋਸ ਏ ਕਿ ਕੁਝ ਬੱਚਿਆਂ ਨੂੰ, ਜਿਹਨਾਂ ਵਿਚ ਸਭ ਤੋਂ ਛੋਟੇ ਬੱਚੇ ਵੀ ਸ਼ਾਮਲ ਨੇ, ਹਾਲੇ ਤੀਕ ਜ਼ਮੀਨ 'ਤੇ ਬੈਠਣਾ ਪੈਂਦਾ ਏ। ਖ਼ੁਸ਼ਕਿਸਮਤੀ ਨਾਲ ਮੈਂ ਕੁਝ ਵੱਡੇ ਪੱਖੇ ਖ਼ਰੀਦਣ ਦਾ ਇੰਤਜ਼ਾਮ ਕਰ ਲਿਆ ਏ ਜਿਹੜੇ ਬੱਚਿਆਂ ਨੂੰ ਮੱਖੀਆਂ ਤੇ ਗਰਮੀ ਤੋਂ ਕੁਝ ਰਾਹਤ ਦੇਂਦੇ ਨੇ।

ਸ਼ੁਰੂ ਵਿਚ, ਮੇਰੇ ਕੋਲ ਸਿਰਫ਼ ਇਕ ਟੀਚਰ ਏ—ਇਕ ਔਰਤ। 'ਦ ਨਿਊਯਾਰਕ ਟਾਈਮਸ' ਦੇ ਨਿਕੋਲਸ ਡੀ. ਕ੍ਰਿਸਟਾਫ਼ ਦੇ ਇਕ ਲੇਖ ਦੀ ਬਦੌਲਤ, ਜਿਹੜਾ ਦਸੰਬਰ 2004 ਵਿਚ ਛਪਿਆ, ਇਸ ਸਕੂਲ ਵੱਲ, ਇਸਲਾਮਾਬਾਦ ਵਿਚ ਕੈਨੇਡਾ ਦੀ ਹਾਈ ਕਮਿਸ਼ਨਰ, ਮਿਸਿਜ਼ ਮਾਰਗਰੇਟ ਹਯੂਬਰ ਦਾ ਧਿਆਨ ਜਾਂਦਾ ਏ। ਕੈਨੇਡਾ 1947 ਤੋਂ ਈ ਪਾਕਿਸਤਾਨ ਦੇ ਨਾਲ ਸਿਹਤ, ਸਿੱਖਿਆ ਤੇ ਬਿਹਤਰ ਪ੍ਰਸ਼ਾਸਨ ਵਰਗੇ ਮਾਮਲਿਆਂ ਵਿਚ ਮਿਲ ਕੇ ਕੰਮ ਕਰਦਾ ਰਿਹਾ ਏ, ਤੇ ਸਿਆਸੀ ਤਬਦੀਲੀਆਂ ਨੇ ਇਸ ਸਾਂਝੇਦਾਰੀ ਵਿਚ ਰੁਕਾਵਟ ਨਹੀਂ ਪਾਈ ਏ, ਜੋ ਪਾਕਿਸਤਾਨ ਦੇ ਸਥਾਨਕ ਗ਼ੈਰ-ਸਰਕਾਰੀ ਸੰਗਠਨਾਂ ਦੇ ਨੁਮਾਇੰਦਿਆਂ ਦੀ ਮਦਦ ਨਾਲ ਲਾਗੂ ਕੀਤੀ ਜਾਂਦੀ ਰਹੀ ਏ। ਕੈਨੇਡਾ ਨੇ ਇੱਥੋਂ ਦੀ ਤਰੱਕੀ ਲਈ ਲੱਖਾਂ ਡਾਲਰ ਖ਼ਰਚ ਕੀਤੇ ਨੇ।
ਆਖ਼ਰਕਾਰ, ਮੁਸਤਫ਼ਾ ਬਲੋਚ, ਜੋ ਐਸ.ਪੀ.ਓ. ਦਾ ਇਕ ਅਫ਼ਸਰ ਏ, ਇਹ ਦੇਖਣ ਲਈ ਕਿ ਸਕੂਲ ਦੀ ਕੀ ਤਰੱਕੀ ਏ, ਮੀਰਵਾਲਾ ਆਉਂਦਾ ਏ, ਤੇ 2005 ਦੇ ਸ਼ੁਰੂ ਵਿਚ ਮਿਸਿਜ਼ ਹਯੂਬਰ ਵੀ ਇਹ ਦੂਰੀ ਤੈਅ ਕਰਕੇ, ਰਿਪੋਰਟਰਾਂ ਦੇ ਇਕ ਜੱਥੇ ਦੇ ਨਾਲ, ਆਪਣੇ ਹੱਥਾਂ ਨਾਲ ਮੈਨੂੰ 22,00,000 ਰੁਪਏ ਦਾ ਇਕ ਚੈਕ ਦੇਣ ਲਈ ਪਿੰਡ ਆਉਂਦੀ ਏ, ਜਿਹੜੀ ਰਕਮ ਸਕੂਲ ਬਣਾਉਣ ਲਈ ਉਹਨਾਂ ਦੇ ਮੁਲਕ ਵੱਲੋਂ ਦਿੱਤੇ ਗਏ ਇਕ ਚੰਦਾ ਵਜੋਂ ਏ।
ਇਹ ਬੀਬੀ ਮੇਰੀ ਹਿੰਮਤ ਲਈ, ਬਰਾਬਰੀ ਤੇ ਔਰਤਾਂ ਦੇ ਹੱਕਾਂ ਦੀ ਹਿਮਾਇਤ ਵਿਚ ਲੜਣ ਲਈ, ਆਪਣੀ ਜ਼ਿੰਦਗੀ ਨੂੰ ਇਨਸਾਫ਼ ਦੀ ਈ ਨਹੀਂ, ਤਾਲੀਮ ਦੀ ਖ਼ਾਤਰ ਲਾਉਣ ਦੀ ਇੱਛਾ ਲਈ ਮੈਨੂੰ ਵਧਾਈ ਦੇਂਦੀ ਏ।
ਮੈਂ ਉਹਨਾਂ ਪੈਸਿਆਂ ਨਾਲ ਇਮਾਰਤ ਬਣਵਾਉਣਾ ਸ਼ੁਰੂ ਕਰਦੀ ਆਂ ਜਿਹੜੇ ਮੈਨੂੰ ਪਹਿਲਾਂ ਈ ਮਿਲ ਗਏ ਸੀ—ਪਾਕਿਸਤਾਨੀ ਸਰਕਾਰ ਵੱਲੋਂ ਪੰਜ ਲੱਖ ਰੁਪਏ, ਜਿਹੜੇ ਅਮਰੀਕਾ ਤੋਂ ਨਿੱਜੀ ਚੰਦੇ ਦੇ ਤੌਰ 'ਤੇ ਆਏ ਸਨ। ਆਖ਼ਰਕਾਰ, ਮੇਰੇ ਸ਼ਾਗਿਰਦ ਹੁਣ ਖੁੱਲ੍ਹੇ ਵਿਚ ਨਹੀਂ, ਬਲਕਿ ਇਕ ਸੱਚਮੁੱਚ ਦੀ ਸਕੂਲੀ ਇਮਾਰਤ ਵਿਚ ਪੜ੍ਹਦੇ ਨੇ। ਕੈਨੇਡੀਆਈ ਅੰਤਰ-ਰਾਸ਼ਟਰੀ ਵਿਕਾਸ ਏਜੰਸੀ—ਸੀ.ਆਈ.ਡੀ.ਏ.—ਤੋਂ ਮਿਲੇ ਚੰਦੇ ਨਾਲ, ਸਾਲ ਭਰ ਲਈ ਪੰਜ ਟੀਚਰਾਂ ਦੀਆਂ ਤਨਖ਼ਾਹਾਂ, ਪ੍ਰਿੰਸੀਪਲ ਲਈ ਇਕ ਦਫ਼ਤਰ ਤੇ ਇਕ ਛੋਟੀ-ਜਿਹੀ ਲਾਇਬਰੇਰੀ, ਤੇ ਕੁੜੀਆਂ ਦੇ ਸੈਕਸ਼ਨ ਤੋਂ ਅਲੱਗ ਮੁੰਡਿਆਂ ਲਈ ਦੋ ਕਮਰੇ ਬਣਵਾਉਣ ਦਾ ਇੰਤਜ਼ਾਮ ਵੀ ਕੀਤਾ ਗਿਆ। ਪੈਸੇ ਬਚਾਉਣ ਲਈ ਮੈਂ ਲੱਕੜ ਖ਼ਰੀਦੀ ਤੇ ਤਰਖ਼ਾਣ ਨੂੰ ਕੁਰਸੀਆਂ-ਮੇਜ਼ ਬਣਾਉਣ ਲਈ ਦਿਹਾੜੀ 'ਤੇ ਰੱਖ ਲਿਆ। ਫੇਰ ਮੈਂ ਇਕ ਵਾੜਾ ਬਣਵਾਉਣਾ ਸ਼ੁਰੂ ਕੀਤਾ ਜਿੱਥੇ ਬੱਕਰੀਆਂ ਤੇ ਗਾਂਵਾਂ-ਬਲ੍ਹਦ ਪਾਲ ਕੇ ਸਾਨੂੰ ਚੰਦੇ ਤੋਂ ਆਜ਼ਾਦ ਤੇ ਲਗਾਤਾਰ ਆਮਦਨੀ ਦਾ ਪੱਕਾ ਸਹਾਰਾ ਹੋ ਜਾਏ, ਕਿਉਂਕਿ ਵਿਦੇਸ਼ੀ ਮਦਦ ਤਾਂ ਹਮੇਸ਼ਾ ਚੱਲਣੀ ਨਹੀਂ। ਹੁਣੇ ਤੋਂ ਮੇਰੇ ਕੋਲ ਚਾਲੀ-ਪੰਤਾਲੀ ਦੇ ਕਰੀਬ ਕੁੜੀਆਂ ਨੇ, ਤੇ ਮੁੰਡੇ-ਕੁੜੀਆਂ, ਦੋਵਾਂ ਦੀ ਪੜ੍ਹਾਈ ਮੁਫ਼ਤ ਏ।
2005 ਦੇ ਅਖ਼ੀਰ ਵਿਚ, ਮੈਂ ਨਤੀਜਿਆਂ 'ਤੇ ਮਾਣ ਕਰ ਸਕਦੀ ਆਂ—ਇਕ ਸੌ ਸੱਠ ਮੁੰਡੇ ਤੇ ਦੋ ਸੌ ਤੋਂ ਵੱਧ ਕੁੜੀਆਂ ਆਉਂਦੀਆਂ ਨੇ। ਏਨੀਆਂ ਸਾਰੀਆਂ ਕੁੜੀਆਂ...ਮੈਂ ਜਿੱਤ ਗਈ।
ਪਰ ਮੈਂ ਹਾਲੇ ਵੀ ਉਹਨਾਂ ਦੇ ਮਾਂ-ਬਾਪ ਨੂੰ ਰਾਜ਼ੀ ਕਰਨਾ ਏ ਕਿ ਉਹ ਉਹਨਾਂ ਨੂੰ ਬਾਕਾਇਦਗੀ ਨਾਲ ਸਕੂਲ ਆਉਣ ਦੇਣ। ਅਕਸਰ ਈ, ਉਹ ਆਪਣੀਆਂ ਕੁੜੀਆਂ ਨੂੰ ਘਰੇਲੂ ਕੰਮ-ਕਾਜ ਵਿਚ ਲਾ ਲੈਂਦੇ ਨੇ, ਖਾਸ ਤੌਰ 'ਤੇ ਜਿਹੜੀਆਂ ਥੋੜ੍ਹੀਆਂ ਵੱਡੀਆਂ ਹੁੰਦੀਆਂ ਨੇ। ਫੇਰ ਸਾਨੂੰ ਹਾਜ਼ਰੀ ਦਾ ਇਨਾਮ ਦੇਣ ਦਾ ਖ਼ਿਆਲ ਆਉਂਦਾ ਏ, ਜੋ ਸਾਲ ਦੇ ਅਖ਼ੀਰ ਵਿਚ ਉਸ ਮੁੰਡੇ ਜਾਂ ਕੁੜੀ ਨੂੰ ਦਿੱਤਾ ਜਾਏਗਾ ਜਿਹੜਾ ਸਕੂਲ ਵਿਚੋਂ ਇਕ ਦਿਨ ਵੀ ਗ਼ੈਰ-ਹਾਜ਼ਰ ਨਹੀਂ ਰਿਹਾ ਜਾਂ ਰਹੀ। ਕੁੜੀਆਂ ਦੇ ਲਈ ਇਕ ਬੱਕਰੀ, ਮੁੰਡਿਆਂ ਲਈ ਇਕ ਸਾਈਕਲ।
ਤਾਂ ਹੁਣ ਮੇਰੇ ਕੋਲ ਇਕ ਛੋਟੀ-ਜਿਹੀ 'ਜਾਇਦਾਦ' ਏ, ਮੇਰੇ ਮਾਂ-ਬਾਪ ਦੇ ਪੁਰਾਣੇ ਮਕਾਨ ਦੇ ਇਰਦ-ਗਿਰਦ, ਜਿੱਥੇ ਮੈਂ ਪੈਦਾ ਹੋਈ ਸੀ, ਤੇ ਜਿੱਥੇ ਹੁਣ ਵੀ ਰਹਿੰਦੀ ਆਂ। ਜ਼ਨਾਨਾ ਹਿੱਸੇ ਦੇ ਪਿੱਛੇ ਇਕ ਵੱਡਾ ਸਾਰਾ ਅਹਾਤਾ ਏ, ਤੇ ਮੈਂ ਇਕ ਖੁੱਲ੍ਹੇ ਖੇਡ ਦੇ ਮੈਦਾਨ ਨਾਲ ਕੁੜੀਆਂ ਦੀਆਂ ਕਲਾਸਾਂ ਲਈ ਚਾਰ ਕਮਰੇ ਵੀ ਜੋੜ ਦਿੱਤੇ ਨੇ। ਸਕੂਲ ਵਿਚ ਕੁੜੀਆਂ ਦੀਆਂ ਪੰਜ ਟੀਚਰਾਂ ਨੇ, ਜਿਹਨਾਂ ਦਾ ਖ਼ਰਚ ਬਾਹਰ ਦੇ ਚੰਦੇ 'ਚੋਂ ਦਿੱਤਾ ਜਾਂਦਾ ਏ, ਤੇ ਮੁੰਡਿਆਂ ਦੇ ਲਈ ਇਕ ਮਾਸਟਰ, ਜਿਸਦੀ ਤਨਖ਼ਾਹ ਸਰਕਾਰ ਦੇਂਦੀ ਏ। ਕਿਸੇ ਦਿਨ ਸ਼ਾਇਦ, ਸਰਕਾਰ ਜ਼ਨਾਨਾ ਟੀਚਰਾਂ ਦੀ ਤਨਖ਼ਾਹ ਵੀ ਦਏਗੀ। ਉਮੀਦ ਤਾਂ ਹਮੇਸ਼ਾ ਈ ਕੀਤੀ ਜਾ ਸਕਦੀ ਏ।
ਸਾਡੇ ਕੋਲ ਇਕ ਵੱਡਾ ਸਾਰਾ ਦਫ਼ਤਰ ਏ, ਨਾਲ ਈ ਇਕ ਛੋਟੀ ਜਿਹੀ ਪਰ ਕੰਮ ਚਲਾਊ ਲਾਇਬਰੇਰੀ, ਜਿੱਥੇ ਮੈਂ ਜ਼ਰੂਰੀ ਫ਼ਾਇਲਾਂ, ਪੜ੍ਹਾਈਆਂ ਜਾਣ ਵਾਲੀਆਂ ਕਿਤਾਬਾਂ ਤੇ ਹਾਜ਼ਰੀ ਦੇ ਰਜਿਸਟਰ ਰੱਖਦੀ ਆਂ।
ਬਾਹਰ ਸਭ ਦੇ ਇਸਤੇਮਾਲ ਲਈ ਇਕ ਹੈਂਡ ਪੰਪ ਤੇ ਮਰਦਾਂ ਲਈ ਸੰਡਾਸ (ਟੱਟੀ) ਏ। ਅੰਦਰ ਘਰੇਲੂ ਇਸਤੇਮਾਲ ਲਈ ਇਕ ਹੋਰ ਪੰਪ ਏ, ਤੇ ਇਕ ਚੁੱਲ੍ਹਾ। ਨਸੀਬ ਸਾਡੀ ਹੈਡਮਾਸਟਰਨੀ ਏਂ ਤੇ ਮੁਸਤਫ਼ਾ ਬਲੋਚ ਇੰਤਜ਼ਾਮ ਕਰਨ ਤੇ ਇਮਾਰਤ ਬਣਵਾਉਣ ਦੇ ਸਿਲਸਿਲੇ ਵਿਚ ਸਾਡੇ ਤਕਨੀਕੀ ਸਲਾਕਾਰ—ਕਿਉਂਕਿ ਸੀ.ਆਈ.ਡੀ.ਏ. ਵਿਚ-ਵਿਚ ਇਹ ਦੇਖਣ ਲਈ ਜਾਂਚ-ਪੜਤਾਲ ਕਰਦੀ ਰਹਿੰਦੀ ਏ ਕਿ ਕੰਮ ਕਿੰਜ ਚੱਲ ਰਿਹਾ ਏ। ਅਸੀਂ ਕੰਮ ਸ਼ੁਰੂ ਕਰ ਦਿੱਤਾ ਏ। ਮੈਂ ਆਪਣੇ ਇਲਾਕੇ ਦੇ ਇਕੱਲੇ ਮੁੰਡਿਆਂ ਦੇ ਸਕੂਲ ਦੀ ਪ੍ਰਿੰਸੀਪਲ ਆਂ, ਜਿਹੜਾ ਖਜੂਰ ਦੇ ਰੁੱਖਾਂ ਤੇ ਕਣਕ ਤੇ ਛੋਲਿਆਂ ਦੇ ਖੇਤਾਂ ਵਿਚਕਾਰ ਏ। ਪਿੰਡ ਦਾ ਇਹ ਵਿਚਕਾਰਲਾ ਹਿੱਸਾ ਇਕ ਕੱਚੇ ਰਸਤੇ ਦੇ ਆਖ਼ਰ ਵਿਚ ਏ; ਆਪਣੇ ਦਫ਼ਤਰ ਦੇ ਦਰਵਾਜ਼ੇ 'ਚੋਂ ਮੈਂ ਮਸਜਿਦ ਨੂੰ ਦੇਖ ਸਕਦੀ ਆਂ, ਤੇ ਬੱਕਰੀਆਂ ਦੇ ਵਾੜੇ ਤੋਂ ਅਗਾਂਹ ਕਰਕੇ, ਘਰਾਂ ਦੇ ਪਿਛਲੇ ਪਾਸੇ, ਮਸਤੋਈਆਂ ਦੀ ਹਵੇਲੀ ਨਜ਼ਰ ਆਉਂਦੀ ਏ। ਉਹਨਾਂ ਦੀਆਂ ਕੁੜੀਆਂ ਤੇ ਮੁੰਡੇ ਬਾਕਾਇਦਾ ਸਕੂਲ ਵਿਚ ਪੜ੍ਹਨ ਲਈ ਆਉਂਦੇ ਨੇ, ਤੇ ਮੈਨੂੰ ਕੋਈ ਸਿੱਧੀ ਧਮਕੀ ਨਹੀਂ ਮਿਲੀ ਏ। ਸਕੂਲ ਵਿਚ ਅਮਨ-ਚੈਨ ਏਂ।
ਇੱਥੇ ਪੜ੍ਹਨ ਵਾਲੇ ਬੱਚੇ ਕਈ ਕਬੀਲਿਆਂ ਦੇ ਨੇ ਜਿਹਨਾਂ ਵਿਚ ਉੱਚੀਆਂ ਤੇ ਨੀਵੀਂਆਂ ਜਾਤਾਂ ਵੀ ਸ਼ਾਮਲ ਨੇ, ਪਰ ਉਸ ਕੱਚੀ ਉਮਰ ਦੇ ਬੱਚੇ ਚੰਗੀ ਤਰ੍ਹਾਂ ਰਲ-ਮਿਲ ਕੇ ਰਹਿੰਦੇ ਨੇ। ਖਾਸ ਤੌਰ 'ਤੇ ਕੁੜੀਆਂ—ਮੈਂ ਉਹਨਾਂ ਵਿਚੋਂ ਕਿਸੇ ਦੇ ਵੀ ਮੂੰਹੋਂ ਕਦੀ ਕੋਈ ਹੋਛੀ ਗੱਲ ਨਹੀਂ ਸੁਣੀ। ਮੁੰਡਿਆਂ ਦੀਆਂ ਕਲਾਸਾਂ ਮੇਰੀ ਛੋਟੀ-ਜਿਹੀ ਜਾਗੀਰ ਤੋਂ ਕੁਝ ਫ਼ਾਸਲੇ 'ਤੇ ਲੱਗਦੀਆਂ ਨੇ, ਤਾਂ ਕਿ ਰਸਤੇ ਵਿਚ ਆਉਂਦੇ-ਜਾਂਦੇ ਹੋਏ ਕੁੜੀਆਂ ਦਾ ਉਹਨਾਂ ਨਾਲ ਸਾਹਮਣਾ ਨਾ ਹੋਏ।
ਤੇ ਹਰ ਰੋਜ਼ ਮੈਂ ਕੁੜੀਆਂ ਨੂੰ ਆਪਣੇ ਸਬਕ ਯਾਦ ਕਰਦਿਆਂ, ਦੌੜਦਿਆਂ, ਹੱਸਦਿਆਂ, ਖੇਡ ਦੇ ਮੈਦਾਨ ਵਿਚ ਗੱਲਾਂ ਕਰਦਿਆਂ ਦੇਖਦੀ, ਸੁਣਦੀ ਆਂ। ਸਾਰੀਆਂ ਆਵਾਜ਼ਾਂ ਮੇਰੀਆਂ ਉਮੀਦਾਂ ਨੂੰ ਸਿੰਜਦੀਆਂ ਹੋਈਆਂ, ਮੈਨੂੰ ਤਸੱਲੀ ਦੇਂਦੀਆਂ ਨੇ। ਮੇਰੀ ਜ਼ਿੰਦਗੀ ਦਾ ਹੁਣ ਕੁਝ ਮਤਲਬ ਏ। ਇਸ ਸਕੂਲ ਨੂੰ ਕਾਇਮ ਰਹਿਣਾ ਚਾਹੀਦਾ ਏ, ਤੇ ਮੈਂ ਇਸਦੇ ਲਈ ਲੜਦੀ ਰਹਾਂਗੀ। ਕੁਝ ਵਰ੍ਹਿਆਂ ਵਿਚ, ਮੈਨੂੰ ਉਮੀਦ ਏ, ਇਹਨਾਂ ਨਿੱਕੀਆਂ ਕੁੜੀਆਂ ਵਿਚ ਪੜ੍ਹਾਈ-ਲਿਖਾਈ ਸਦਕਾ ਏਨੀ ਸੂਝ ਆ ਜਾਏਗੀ ਕਿ ਆਪਣੀ ਜ਼ਿੰਦਗੀ ਨੂੰ ਨਵੀਂ ਰੋਸ਼ਨੀ ਵਿਚ ਦੇਖ ਸਕਣ। ਕਿਉਂਕਿ ਉਸ ਖ਼ੌਫ਼ਨਾਕ ਹਮਲੇ ਪਿੱਛੋਂ ਵੀ, ਜਿਸਨੇ ਮੇਰੇ ਪਿੰਡ ਦਾ ਨਾਂ ਸਾਰੀ ਦੁਨੀਆਂ 'ਚ ਫੈਲਾ ਦਿੱਤਾ, ਔਰਤਾਂ ਦੇ ਨਾਂ ਅਜਿਹੀ ਦਰਿੰਦਗੀ ਬੰਦ ਨਹੀਂ ਹੋਈ ਏ। ਪਾਕਿਸਤਾਨ ਵਿਚ ਹਰ ਘੰਟੇ ਇਕ ਔਰਤ 'ਤੇ ਹਮਲਾ ਹੁੰਦਾ ਏ, ਉਸਨੂੰ ਕੁੱਟਿਆ-ਮਾਰਿਆ ਜਾਂਦਾ ਏ, ਤੇਜ਼ਾਬ ਨਾਲ ਸਾੜੀ ਜਾਂਦੀ ਏ, ਜਾਂ 'ਇਤਫ਼ਾਕ ਨਾਲ' ਰਸੋਈ ਗੈਸ ਦਾ ਸਿਲੰਡਰ ਪਾਟਣ ਦੇ 'ਹਾਦਸੇ' ਵਿਚ ਮਾਰੀ ਜਾਂਦੀ ਏ। ਪਾਕਿਸਤਾਨ ਵਿਚ ਮਾਨਵ ਅਧਿਕਾਰ ਆਯੋਗ ਨੇ ਪਿਛਲੇ ਛੇ ਮਹੀਨਿਆਂ ਦੌਰਾਨ ਇਕੱਲੇ ਪੰਜਾਬ ਵਿਚ ਬਲਾਤਕਾਰ ਦੇ ਡੇਢ ਸੌ ਮਾਮਲੇ ਦਰਜ ਕੀਤੇ ਨੇ। ਨਸੀਮ ਉਹਨਾਂ ਔਰਤਾਂ ਦੀ ਸਹਾਇਤਾ ਲਈ ਬਣੀਆਂ ਸੰਸਥਾਵਾਂ ਤੋਂ ਮਦਦ ਮੰਗਣ ਲਈ ਕਹਿੰਦੀ ਏ। ਉਹਨਾਂ ਨੂੰ ਕਾਨੂੰਨੀ ਸਲਾਹ ਦੇਂਦੀ ਏ, ਮਿਸਾਲ ਦੇ ਲਈ, ਇਹ ਸਿਫ਼ਾਰਿਸ਼ ਕਰਦੇ ਹੋਏ ਕਿ ਉਹ ਕਦੀ ਗਵਾਹ ਦੇ ਬਿਨਾਂ ਕਿਸੇ ਬਿਆਨ ਉੱਤੇ ਦਸਤਖ਼ਤ ਨਾ ਕਰਨ।
ਨਸੀਮ ਕੁਝ ਕੁ ਤਾਜ਼ਾ-ਤਰੀਨ ਖ਼ਬਰਾਂ ਤੋਂ ਵੀ ਮੈਨੂੰ ਜਾਣੂ ਕਰਵਾਉਂਦੀ ਰਹਿੰਦੀ ਏ ਜਿਹੜੀਆਂ ਅਖ਼ਬਾਰਾਂ ਵਿਚ ਛਪਦੀਆਂ ਨੇ, ਕਿਉਂਕਿ ਮੈਂ ਪੜ੍ਹਣਾ ਸਿੱਖ ਰਹੀ ਆਂ, ਆਪਣਾ ਨਾਂ ਤੇ ਛੋਟੇ-ਛੋਟੇ ਵਾਕ ਲਿਖ ਲੈਂਦੀ ਆਂ, ਪਰ ਨਸੀਮ ਮੈਥੋਂ ਕਿਤੇ ਵੱਧ ਤੇਜ਼ੀ ਨਾਲ ਪੜ੍ਹ ਲੈਂਦੀ ਏ।
“ਜ਼ਾਫ਼ਰਾਨ ਬੀਬੀ ਦੇ ਨਾਲ, ਜਿਹੜੀ ਛੱਬੀ ਸਾਲ ਦੀ ਨੌਜਵਾਨ ਔਰਤ ਏ, ਉਸਦੇ ਦਿਓਰ ਨੇ ਜ਼ਬਰਦਸਤੀ ਜ਼ਿਨਾ ਕੀਤਾ ਤੇ ਉਸਦੇ ਬੱਚਾ ਠਹਿਰ ਗਿਆ। ਉਸਨੇ ਬੱਚੇ ਨੂੰ ਨਾ ਮੰਜ਼ੂਰ ਨਹੀਂ ਕੀਤਾ ਤੇ 2002 ਵਿਚ ਉਸਨੂੰ ਸੰਗਸਾਰ ਕਰਨ ਦੀ ਸਜ਼ਾ ਸੁਣਾਈ ਗਈ, ਕਿਉਂਕਿ ਬੱਚਾ ਜ਼ਿਨਾ ਦਾ ਸਬੂਤ ਸੀ। ਬਲਾਤਕਾਰ ਕਰਨ ਵਾਲਾ ਬਿਨਾਂ ਸਜ਼ਾ ਪਾਏ ਖੁੱਲ੍ਹੇ ਆਮ ਛੁੱਟ ਗਿਆ। ਜ਼ਾਫ਼ਰਾਨ ਬੀਬੀ ਪਾਕਿਸਤਾਨ ਦੇ ਉੱਤਰ ਪੱਛਮ ਵਿਚ ਕੋਹਾਟ ਵਿਚ ਕੈਦ ਏ, ਜਿੱਥੇ ਉਸਦਾ ਸ਼ੌਹਰ ਬਾਕਾਇਦਗੀ ਨਾਲ ਜਾ ਕੇ ਉਸਨੂੰ ਮਿਲਦਾ ਏ ਤੇ ਉਸਨੂੰ ਰਿਹਾ ਕਰਨ ਦੀ ਮੰਗ ਕਰਦਾ ਏ। ਉਸਨੂੰ ਸੰਗਸਾਰ ਨਹੀਂ ਕੀਤਾ ਜਾਏਗਾ, ਪਰ ਉਸਦੇ ਸਾਹਮਣੇ ਕਈ ਸਾਲ ਜੇਲ੍ਹ 'ਚ ਬਿਤਾਉਣ ਦਾ ਜੋਖਮ ਏ, ਜਦਕਿ ਉਸ ਨਾਲ ਜ਼ਬਰਦਸਤੀ ਜ਼ਿਨਾ ਕਰਨ ਵਾਲਾ ਕਾਨੂੰਨਨ ਮਹਫ਼ੂਜ਼ ਏ।”
“ਇਕ ਨੌਜਵਾਨ ਔਰਤ ਨੇ ਮੁਹੱਬਤ ਵਿਚ ਸ਼ਾਦੀ ਕੀਤੀ—ਦੂਜੇ ਲਫ਼ਜ਼ਾਂ ਵਿਚ, ਜਿਸ ਆਦਮੀ ਨਾਲ ਪਿਆਰ ਕਰਦੀ ਸੀ, ਉਸ ਨਾਲ ਸ਼ਾਦੀ ਕਰਨ ਦਾ ਖ਼ੁਦ ਫ਼ੈਸਲਾ ਕੀਤਾ, ਆਪਣੇ ਤੇ ਆਪਣੇ ਤੈਅਸ਼ੁਦਾ ਮੰਗੇਤਰ, ਦੋਵਾਂ ਦੇ ਘਰ ਵਾਲਿਆਂ ਦੀਆਂ ਖ਼ਵਾਹਿਸ਼ਾਂ ਦੇ ਖ਼ਿਲਾਫ਼, ਜਿਹਨਾਂ ਨੇ ਇਸ ਕਾਰਨ ਕਰਕੇ ਉਸਨੂੰ 'ਬਦਤਹਿਜ਼ੀਬ' ਕਰਾਰ ਦਿੱਤਾ। ਘਰ ਵਾਲਿਆਂ ਦੇ ਇਕ ਮੇਲ-ਮਿਲਾਪ ਦੇ ਦੌਰਾਨ, ਕੁੜੀ ਦੇ ਦੋ ਭਰਾਵਾਂ ਨੇ ਖ਼ਾਨਦਾਨ ਦੀ ਇੱਜ਼ਤ ਨੂੰ ਦਾਗ਼ ਲੱਗਣ ਦੀ ਸਜ਼ਾ ਦੇਣ ਦੇ ਤੌਰ 'ਤੇ ਉਸਦੇ ਸ਼ੌਹਰ ਨੂੰ ਕਤਲ ਕਰ ਦਿੱਤਾ।”
ਕਿਸੇ ਜਵਾਨ ਔਰਤ ਨੂੰ ਇਹ ਹੱਕ ਨਹੀਂ ਏ ਕਿ ਉਹ ਮੁਹੱਬਤ ਦੇ ਬਾਰੇ ਵਿਚ ਸੋਚੇ, ਉਸ ਆਦਮੀ ਨਾਲ ਸ਼ਾਦੀ ਕਰੇ ਜਿਸਨੂੰ ਉਹ ਆਪਣੇ ਸ਼ੌਹਰ ਦੇ ਤੌਰ 'ਤੇ ਪਾਉਣਾ ਚਾਹੇਗੀ। ਰੋਸ਼ਨ ਖ਼ਿਆਲ ਤੋਂ ਰੋਸ਼ਨ ਖ਼ਿਆਲ ਘਰਾਂ ਵਿਚ ਵੀ ਇਹ ਔਰਤਾਂ ਦਾ ਫ਼ਰਜ਼ ਏ ਕਿ ਉਹ ਆਪਣੇ ਮਾਂ-ਬਾਪ ਦੀ ਚੋਣ ਦਾ ਮਾਣ ਰੱਖਣ। ਤੇ ਇਸ ਲਈ ਕੀ ਫ਼ਰਕ ਪੈਂਦਾ ਏ ਜੇ ਇਹ ਚੋਣ ਤਦ ਕੀਤੀ ਗਈ ਜਦ ਉਹ ਪੈਦਾ ਵੀ ਨਹੀਂ ਸੀ ਹੋਈ। ਪਿਛਲੇ ਵਰ੍ਹਿਆਂ ਵਿਚ ਜਿਰਗਿਆਂ ਨੇ ਨੌਜਵਾਨ ਔਰਤਾਂ ਨੂੰ ਆਜ਼ਾਦੀ ਨਾਲ ਸ਼ਾਦੀ ਕਰਨ ਦੀ ਕੋਸ਼ਿਸ਼ ਕਰਨ ਲਈ ਮੁਜਰਿਮ ਠਹਿਰਾਇਆ ਏ, ਇਸ ਦੇ ਬਾਵਜੂਦ ਕਿ ਸਾਡਾ ਕੌਮੀ ਇਸਲਾਮੀ ਕਾਨੂੰਨ ਇਸਦੀ ਇਜਾਜ਼ਤ ਦੇਂਦਾ ਏ। ਪਰ ਅਫ਼ਸਰ-ਸ਼ਾਹੀ ਇਹਨਾਂ ਔਰਤਾਂ ਦੀ ਹਿਫ਼ਾਜ਼ਤ ਕਰਨ ਦੀ ਬਜਾਏ ਕਬਾਇਲੀ ਕਾਨੂੰਨ ਦੀ ਤਰਫ਼ਦਾਰੀ ਕਰਨਾ ਪਸੰਦ ਕਰਦੀ ਏ। ਤੇ ਇਕ 'ਬੇਇੱਜ਼ਤ' ਖ਼ਾਨਦਾਨ ਦੇ ਲਈ ਬੱਸ ਇਹ ਦਾਅਵਾ ਕਰਨਾ ਕਾਫ਼ੀ ਏ ਕਿ ਆਜ਼ਾਦੀ ਨਾਲ ਚੁਣੇ ਗਏ ਉਸ ਸ਼ੌਹਰ ਨੇ ਉਹਨਾਂ ਦੀ ਧੀ ਨਾਲ ਜ਼ਬਰਦਸਤੀ ਕੀਤੀ ਏ। ਮੁਹਾਜਿਰ ਤਬਕੇ ਦਾ ਫ਼ਹੀਮੁੱਦੀਨ ਤੇ ਮਨਜ਼ਾਈ ਕਬੀਲੇ ਦੀ ਹਾਜਿਰਾ ਨੇ ਸ਼ਾਦੀ ਕਰ ਲਈ, ਪਰ ਹਾਜਿਰਾ ਦਾ ਬਾਪ ਇਸ ਸ਼ਾਦੀ ਦੇ ਖ਼ਿਲਾਫ਼ ਸੀ, ਇਸ ਲਈ ਉਸਨੇ ਜ਼ਿਨਾ-ਬਿਲ-ਜਬਰ ਦੀ ਇਕ ਸ਼ਿਕਾਇਤ ਦਰਜ ਕਰਵਾਈ। ਨਵੇਂ-ਨਵੇਂ ਸ਼ਾਦੀ ਸ਼ੁਦਾ ਜੋੜੇ ਨੂੰ ਗਿਰਫ਼ਤਾਰ ਕਰ ਲਿਆ ਗਿਆ, ਪਰ ਆਪਣੇ ਸ਼ੌਹਰ ਦੀ ਸੁਣਵਾਈ ਦੇ ਦੌਰਾਨ ਹਾਜਿਰਾ ਨੇ ਬਿਆਨ ਦਿੱਤਾ ਕਿ ਉਸਦੇ ਨਾਲ ਜ਼ਬਰਦਸਤੀ ਨਹੀਂ ਹੋਈ ਤੇ ਉਸਨੇ ਆਪਣੀ ਰਜ਼ਾਮੰਦੀ ਨਾਲ ਸ਼ਾਦੀ ਕੀਤੀ ਸੀ। ਅਦਾਲਤ ਨੇ ਉਸਦੀ ਕਿਸਮਤ ਦਾ ਫ਼ੈਸਲਾ ਕਰਨ ਦੇ ਦੌਰਾਨ ਉਸਨੂੰ ਔਰਤਾਂ ਦੀ ਪਨਾਹਗਾਹ ਵਿਚ ਭੇਜ ਦਿੱਤਾ। ਠੀਕ ਉਸ ਦਿਨ, ਜਦੋਂ ਉਸ ਜੋੜੇ ਨੇ ਹੈਦਰਾਬਾਦ ਦੀ ਸੁਪਰੀਮ ਕੋਰਟ ਵਿਚ ਆਪਣਾ ਮੁਕੱਦਮਾਂ ਜਿੱਤਿਆ, ਜਿਵੇਂ ਈ ਉਹ ਅਦਾਲਤ 'ਚੋਂ ਜਾ ਰਹੇ ਸਨ, ਮਰਦਾਂ ਦੇ ਇਕ ਗਿਰੋਹ ਨੇ, ਜਿਸ ਵਿਚ ਕੁੜੀ ਦਾ ਬਾਪ , ਚਾਚਾ ਤੇ ਭਰਾ ਸ਼ਾਮਲ ਸਨ, ਉਹਨਾਂ 'ਤੇ ਹਮਲਾ ਕੀਤਾ। ਉਹਨਾਂ ਦੋਵਾਂ ਨੇ ਰਿਕਸ਼ੇ ਵਿਚ ਬੈਠ ਕੇ ਭੱਜਣ ਦੀ ਕੋਸ਼ਿਸ਼ ਕੀਤੀ, ਪਰ ਦੋਵੇਂ ਮਾਰ ਦਿੱਤੇ ਗਏ।
ਮਿਲੀਆਂ-ਜੁਲੀਆਂ ਸ਼ਾਦੀਆਂ ਵਿਰਲੀਆਂ ਈ ਹੁੰਦੀਆਂ ਨੇ, ਪਰ ਨਸੀਮ ਨੇ ਮੈਨੂੰ ਇਕ ਈਸਾਈ ਔਰਤ ਦੇ ਮਾਮਲੇ ਬਾਰੇ ਦੱਸਿਆ, ਜਿਸਨੇ ਇਕ ਮੁਸਲਮਾਨ ਨਾਲ ਸ਼ਾਦੀ ਕਰ ਲਈ ਸੀ ਤੇ ਫੇਰ ਇਸਲਾਮ ਕਬੂਲ ਕਰ ਲਿਆ ਸੀ। ਉਸ ਆਦਮੀ ਤੋਂ ਉਸਦੀ ਇਕ ਬੱਚੀ ਵੀ ਸੀ—ਮਾਰੀਆ—ਜਿਹੜੀ ਵੱਡੀ ਹੋ ਕੇ ਸਤਾਰ੍ਹਾਂ ਸਾਲ ਦੀ ਹੋ ਗਈ ਸੀ। ਇਕ ਦਿਨ ਰਿਸ਼ਤੇ ਦਾ ਇਕ ਚਾਚਾ ਉਹਨਾਂ ਦੇ ਘਰ ਆ ਕੇ ਬੋਲਿਆ ਕਿ ਉਸਦੀ ਬੀਵੀ ਬੀਮਾਰ ਏ ਤੇ ਮਾਰੀਆ ਨੂੰ ਬੁਲਾਉਣ ਲਈ ਕਹਿ ਰਹੀ ਏ। ਕੁੜੀ ਗ਼ਾਇਬ ਹੋ ਗਈ। ਉਸਦੀ ਮਾਂ ਨੇ ਉਸਨੂੰ ਲੱਭਿਆ, ਪਰ ਨਾਕਾਮ ਰਹੀ। ਬਾਅਦ ਵਿਚ ਪਤਾ ਲੱਗਿਆ ਕਿ ਕੁੜੀ ਨੂੰ ਬਿਨਾਂ ਇਹ ਦੱਸਿਆਂ ਕਿ ਉਸਨੂੰ ਕਿਉਂ ਕੈਦ ਕੀਤਾ ਗਿਆ ਏ, ਮਹੀਨਿਆਂ ਤੀਕ ਇਕ ਕਮਰੇ ਵਿਚ ਬੰਦ ਰੱਖਿਆ ਗਿਆ ਸੀ, ਜਿੱਥੇ ਇਕ ਬੁੱਢੀ ਔਰਤ ਉਸਨੂੰ ਖਾਣਾ ਦੇਂਦੀ ਸੀ। ਆਖ਼ਰਕਾਰ, ਕੁਝ ਹਥਿਆਰਬੰਦ ਲੋਕ ਇਕ ਮੁੱਲਾ ਦੇ ਨਾਲ ਆਏ ਤੇ ਉਹਨਾਂ ਨੇ ਉਸਨੂੰ ਇਕ ਨਿਕਾਹਨਾਮੇ ਤੇ ਮਜ਼ਹਬ ਤਬਦੀਲ ਕਰਨ ਦੇ ਬਿਆਨ ਉੱਤੇ ਦਸਤਖ਼ਤ ਕਰਨ ਲਈ ਮਜਬੂਰ ਕੀਤਾ। ਮਾਰੀਆ ਦਾ ਨਵਾਂ ਨਾਂ ਕੁਲਸੂਮ ਰੱਖਿਆ ਗਿਆ, ਫੇਰ ਉਸਨੂੰ ਆਪਣੇ 'ਸ਼ੌਹਰ' ਦੇ ਘਰ ਲੈ ਜਾਇਆ ਗਿਆ ਜਿਹੜਾ ਇਕ ਇਸਲਾਮੀ ਦਹਿਸ਼ਤਗਰਦ ਸੀ ਤੇ ਜਿਸਨੇ ਉਸਨੂੰ ਅਗ਼ਵਾਹ ਕਰਾਉਣ ਲਈ ਵੀਹ ਹਜ਼ਾਰ ਰੁਪਏ ਖ਼ਰਚ ਕੀਤੇ ਸਨ। ਕੁੜੀ ਨੇ ਖ਼ੁਦ ਨੂੰ ਇਕ ਨਵੀਂ ਕਿਸਮ ਦੇ ਕੈਦਖ਼ਾਨੇ ਵਿਚ ਦੇਖਿਆ, ਜਿੱਥੇ ਘਰ ਦੀ ਇਕ ਔਰਤ ਉਸ ਉੱਤੇ ਨਜ਼ਰ ਰੱਖਦੀ ਸੀ, ਨਾਲ ਈ ਉਸਨੂੰ ਈਸਾਈ ਹੋਣ ਦੇ ਸਬਬ ਕਰਕੇ ਬਦਸਲੂਕੀ ਤੇ ਬੇਇੱਜ਼ਤੀ ਵੀ ਸਹਿਣੀ ਪੈਂਦੀ ਸੀ।
ਵਿਚਾਰੀ ਕੁੜੀ ਦੇ ਇਕ ਬੱਚਾ ਹੋਇਆ ਤੇ ਉਸਨੇ ਭੱਜਣ ਦੀ ਕੋਸ਼ਿਸ਼ ਕੀਤੀ, ਪਰ ਉਸਨੂੰ ਫੜ ਲਿਆ ਗਿਆ ਤੇ ਬੁਰੀ ਤਰ੍ਹਾਂ ਕੁੱਟਿਆ-ਮਾਰਿਆ ਗਿਆ। ਆਖ਼ਰਕਾਰ ਜਦੋਂ ਉਹ ਫੇਰ ਢਿੱਡੋਂ ਹੋਈ ਤਾਂ ਗ਼ਲਤੀ ਨਾਲ ਖੁੱਲ੍ਹੇ ਛੱਡ ਦਿੱਤੇ ਗਏ ਇਕ ਦਰਵਾਜ਼ੇ 'ਚੋਂ ਚੁੱਪਚਾਪ ਬਾਹਰ ਆ ਗਈ, ਤੇ ਤਿੰਨ ਸਾਲ ਦੀ ਕੈਦ ਪਿੱਛੋਂ ਭੱਜ ਨਿਕਲਣ ਵਿਚ ਤੇ ਆਪਣੀ ਮਾਂ ਕੋਲ ਆਸਰਾ ਲੈਣ ਵਿਚ ਕਾਮਯਾਬ ਹੋ ਗਈ। ਪਰ ਉਸਦਾ ਸ਼ੌਹਰ ਇਕ ਅਸਰਦਾਰ ਆਦਮੀ ਸੀ ਜਿਸਨੇ ਤਲਾਕ ਦੇਣ ਤੋਂ ਇਨਕਾਰ ਕਰ ਦਿੱਤਾ ਤੇ ਆਪਣੇ ਬੱਚੇ ਦੀ ਸੁਪਰਦਗੀ ਦਾ ਦਾਅਵਾ ਕੀਤਾ। ਮਾਰੀਆ ਨੂੰ ਛਿਪ ਕੇ ਰਹਿਣਾ ਪਿਆ, ਕਿਉਂਕਿ ਉਸ ਵਕੀਲ ਨੇ ਜਿਹੜਾ ਅਲੱਗ-ਅਲੱਗ ਮਜ਼ਹਬਾਂ ਦੀਆਂ ਬੀਵੀਆਂ ਤੇ ਸ਼ੌਹਰਾਂ ਦੇ ਇਸ ਤਰ੍ਹਾਂ ਦੇ ਆਪਸੀ ਮੁਕੱਦਮਿਆਂ ਵਿਚ ਮਾਹਰ ਸੀ, ਇਸ ਮੁਕੱਦਮੇ ਨੂੰ ਅੱਗੇ ਲੜਣ ਤੋਂ ਇਨਕਾਰ ਕਰ ਦਿੱਤਾ ਸੀ। ਪਿੱਛੇ ਹਟਣ ਤੋਂ ਪਹਿਲਾਂ ਉਸਨੇ ਮਾਂ-ਧੀ ਨੂੰ ਖ਼ਬਰਦਾਰ ਕੀਤਾ ਸੀ—ਉਸ ਆਦਮੀ ਦਾ ਖ਼ਾਨਦਾਨ ਕਾਫ਼ੀ ਤਾਕਤਵਰ ਸੀ, ਤੇ ਦੋਵੇਂ ਔਰਤਾਂ ਖ਼ਤਰੇ ਵਿਚ ਸਨ। ਸ਼ੌਹਰ ਨੇ ਕੁੜੀ ਨੂੰ ਅਗ਼ਵਾਹ ਕਰਕੇ ਵਾਪਸ ਲਿਆਉਣ ਲਈ ਗੁੰਡਿਆਂ ਨੂੰ ਪੈਸੇ ਵੀ ਦਿੱਤੇ ਸਨ। ਵਕੀਲ ਉਸ ਲਈ ਬੱਸ ਇਕ ਚੀਜ਼ ਈ ਕਰ ਸਕਦਾ ਸੀ—ਉਸਨੂੰ ਅਜਿਹੀ ਜਗ੍ਹਾ ਲੱਭ ਕੇ ਦੇਣੀ ਜਿੱਥੇ ਉਹ ਛਿਪ ਸਕੇ।
ਮਾਨਵ ਅਧਿਕਾਰ ਆਯੋਗ ਦੀ ਇਕ ਰਿਪੋਰਟ ਦਾ ਦਾਅਵਾ ਏ ਕਿ ਪੰਜਾਬ ਵਿਚ 226 ਪਾਕਿਸਤਾਨੀ ਕੁੜੀਆਂ, ਸਾਰੀਆਂ ਦੀਆਂ ਸਾਰੀਆਂ ਨਾਬਾਲਿਗ, ਇਸ ਤਰ੍ਹਾਂ ਦੇ ਹਾਲਾਤ ਵਿਚ ਜ਼ਬਰਦਸਤੀ ਸ਼ਾਦੀ ਲਈ ਅਗ਼ਵਾਹ ਕੀਤੀਆਂ ਗਈਆਂ ਸਨ। ਆਮ ਤੌਰ 'ਤੇ, ਕਿਸੇ ਕੁੜੀ ਦੇ ਪਹਿਲੀ ਵਾਰ ਇਨਕਾਰ ਕਰਨ ਦੇ ਬਾਅਦ, ਅਰਜ਼ੀ ਦੇਣ ਵਾਲਾ ਖ਼ਾਨਦਾਨ ਹਰ ਚੀਜ਼ ਨੂੰ 'ਕਾਇਦੇ ਨਾਲ' ਬਹਾਲ ਕਰਨ ਦਾ ਜ਼ਿੰਮਾ ਲੈਂਦਾ ਏ। ਕਿਉਂਕਿ ਇਨਕਾਰ ਨੂੰ ਖ਼ਾਨਦਾਨ ਦੀ ਇੱਜ਼ਤ 'ਤੇ ਹਮਲਾ ਮੰਨਿਆਂ ਜਾਂਦਾ ਏ, ਜਿਹੜਾ ਅਕਸਰ ਈ ਕਾਤਿਲਾਨਾ ਬਦਲੇ ਦੀ ਸ਼ਕਲ ਲੈ ਲੈਂਦਾ ਏ, ਦੋਵੇਂ ਪਾਸੇ ਦੇ ਘਰ ਵਾਲੇ ਮਾਮਲੇ ਨੂੰ ਤੈਅ ਕਰਨ ਲਈ ਜਿਰਗੇ ਵਿਚ ਦਰਖ਼ਵਾਸਤ ਕਰਦੇ ਨੇ। ਤੇ ਜਦੋਂ ਦੋਵੇਂ ਪਾਸੇ ਮੌਤਾਂ ਹੋਈਆਂ ਹੋਣ ਤਾਂ ਸੁਲਾਹ-ਸਮਝੌਤੇ ਦੀ ਕੀਮਤ ਦਾ ਹਿਸਾਬ ਰੁਪਇਆਂ, ਜਾਂ ਕਿਸੇ ਔਰਤ ਦੇ ਭੁਗਤਾਨ ਵਜੋਂ, ਜਾਂ ਦੋਵਾਂ ਨਾਲ ਹੁੰਦਾ ਏ। ਨਸੀਮ ਕਹਿੰਦੀ ਏ ਕਿ ਸਾਡੀ ਅਹਿਮੀਅਤ ਬੱਕਰੀਆਂ ਨਾਲੋਂ ਵੀ ਘੱਟ ਏ—ਇਸ ਨਾਲੋਂ ਵੀ ਬਦਤਰ, ਉਹਨਾਂ ਜੁੱਤੀਆਂ ਨਾਲੋਂ ਵੀ ਘੱਟ ਏ ਜਿਹਨਾਂ ਨੂੰ ਪਾਉਣ ਪਿੱਛੋਂ ਜਦੋਂ ਇਕ ਮਰਦ ਫ਼ੈਸਲਾ ਕਰਦਾ ਏ ਕਿ ਉਹ ਘਿਸ ਗਈਆਂ ਨੇ ਤਾਂ ਉਹਨਾਂ ਨੂੰ ਸੁੱਟ ਕੇ ਦੂਜੀਆਂ ਜੁੱਤੀਆਂ ਬਦਲ ਲੈਂਦਾ ਏ।
ਮਿਸਾਲ ਦੇ ਲਈ, ਕਤਲ ਨਾਲ ਜੁੜੇ ਇਕ ਮੁਕੱਦਮੇ ਨੂੰ ਨਿਪਟਾਉਣ ਦੇ ਲਈ ਇਕ ਜਿਰਗੇ ਨੇ ਛੇ ਤੇ ਗਿਆਰਾਂ ਵਰ੍ਹਿਆਂ ਦੀਆਂ ਦੋ ਕੁੜੀਆਂ, ਮਾਰੇ ਗਏ ਲੋਕਾਂ ਦੇ ਘਰ ਵਾਲਿਆਂ ਨੂੰ 'ਨਿਸਵਤ ਵਿਚ ਦੇਣ' ਦਾ ਫ਼ੈਸਲਾ ਕੀਤਾ। ਵੱਡੀ ਕੁੜੀ ਦੀ ਸ਼ਾਦੀ ਛਿਆਲੀ ਸਾਲ ਦੇ ਇਕ ਆਦਮੀ ਨਾਲ ਕਰ ਦਿੱਤੀ ਗਈ ਤੇ ਛੋਟੀ ਨੂੰ ਮਾਰੇ ਗਏ ਆਦਮੀ ਦੇ ਭਰਾ ਨਾਲ ਵਿਆਹ ਦਿੱਤਾ ਗਿਆ, ਜਿਹੜਾ ਅੱਠ ਸਾਲ ਦਾ ਸੀ। ਤੇ ਦੋਵਾਂ ਘਰਾਂ ਨੇ ਇਹ ਸੌਦਾ ਮੰਨ ਲਿਆ। ਉਸ ਬੇਵਕੂਫ਼ਾਨਾ ਕਤਲ ਨੂੰ ਸੁਲਝਾਉਣ ਲਈ ਜਿਹੜਾ ਇਕ ਕੁੱਤੇ ਦੇ ਭੌਂਕਣ ਨੂੰ ਲੈ ਕੇ ਗੁਆਂਢੀਆਂ ਵਿਚ ਸ਼ੁਰੂ ਹੋਏ ਝਗੜੇ ਦਾ ਨਤੀਜਾ ਸੀ। ਜਿਰਗੇ ਦੇ ਆਮ ਲੋਕ ਆਮ ਤੌਰ 'ਤੇ ਮਹਿਸੂਸ ਕਰਦੇ ਨੇ ਕਿ ਕਿਸੇ ਪਿੰਡ ਵਿਚ ਖ਼ੂਨ-ਖ਼ਰਾਬੇ ਨੂੰ ਠੰਢਾ ਕਰਨ ਦਾ ਸਭ ਤੋਂ ਚੰਗਾ ਤਰੀਕਾ ਏ ਇਕ ਜਾਂ ਦੋ ਕੁੜੀਆਂ ਨੂੰ ਸ਼ਾਦੀ ਵਿਚ ਦੇਣਾ, ਤਾਕਿ ਦੁਸ਼ਮਣਾਂ ਵਿਚਕਾਰ ਰਿਸ਼ਤਾ ਕਾਇਮ ਹੋ ਜਾਏ।
ਖ਼ੈਰ, ਜਿਰਗੇ ਦਾ ਫ਼ੈਸਲਾ ਮੁੱਲ-ਭਾਅ ਦੇ ਨਤੀਜੇ ਦੇ ਸਿਵਾਏ ਹੋਰ ਕੁਝ ਨਹੀਂ ਹੁੰਦਾ। ਅਜਿਹੀ ਮਜਲਿਸ ਸਿਰਫ਼ ਸੁਲਾਹ-ਸਮਝੌਤਾ ਕਰਾਉਣ ਦਾ ਕੰਮ ਕਰਦੀ ਏ, ਕਿਸੇ ਝਗੜੇ ਵਿਚ ਸ਼ਾਮਲ ਸਾਰੇ ਲੋਕਾਂ ਵਿਚ ਰਜ਼ਾਮੰਦੀ ਕਾਇਮ ਕਰਨ ਲਈ ਈ ਇਕੱਠ ਹੁੰਦਾ ਏ, ਇਨਸਾਫ਼ ਦੇਣ ਦਵਾਉਣ ਦੀ ਖ਼ਾਤਰ ਨਹੀਂ। ਇਹ 'ਅੱਖ ਦੇ ਬਦਲੇ ਅੱਖ' ਵਾਲਾ ਨਿਜ਼ਾਮ ਏਂ। ਜੇ ਇਕ ਕਬੀਲੇ ਨੇ ਦੋ ਆਦਮੀ ਮਾਰ ਦਿੱਤੇ ਨੇ, ਤਾਂ ਦੂਜੇ ਕਬੀਲੇ ਨੂੰ ਵੀ ਇੰਜ ਈ ਕਰਨ ਦਾ ਅਧਿਕਾਰ ਏ। ਜੇ ਇਕ ਔਰਤ ਨਾਲ ਜ਼ਬਰਦਸਤੀ ਕੀਤੀ ਗਈ ਏ ਤਾਂ ਉਸਦੇ ਬਾਪ ਜਾਂ ਭਰਾ ਨੂੰ ਬਦਲੇ ਵਿਚ ਦੂਜੇ ਘਰ ਦੀ ਇਕ ਔਰਤ ਨਾਲ ਜ਼ਬਰਦਸਤੀ ਕਰਨ ਦਾ ਹੱਕ ਏ।
ਜ਼ਿਆਦਾਤਰ ਝਗੜੇ ਜਿਹਨਾਂ ਵਿਚ ਮਰਦਾਂ ਦੀ ਇੱਜ਼ਤ ਦਾ ਸਵਾਲ ਨਹੀਂ ਹੁੰਦਾ, ਪੈਸੇ ਲੈ-ਦੇ ਕੇ ਨਿਪਟਾ ਦਿੱਤੇ ਜਾਂਦੇ ਨੇ—ਕਤਲ ਵੀ। ਜੋ ਪੁਲਸ ਤੇ ਅਦਾਲਤਾਂ ਨੂੰ ਇਕ ਵੱਡੇ ਪੱਧਰ 'ਤੇ ਰਾਹਤ ਦੇਂਦਾ ਏ। ਇਹ ਵੀ ਗ਼ੈਰ-ਮਾਮੂਲੀ ਗੱਲ ਨਹੀਂ ਏ—ਤੇ ਸ਼ਾਇਦ ਮੈਂ ਇਸ ਗੱਲ ਦਾ ਸਬੂਤ ਆਂ ਕਿ ਕਿਸੇ ਕਬੀਲੇ ਦੁਆਰਾ ਹੜਪੀ ਗਈ ਜ਼ਮੀਨ ਨੂੰ ਲੈ ਕੇ ਜਿਹੜਾ ਝਗੜਾ ਪਹਿਲਾਂ ਕਦੀ ਹੋਇਆ ਹੋਏ, ਸਾਹਮਣੇ ਆਏ, ਅਜਿਹਾ ਜੁਰਮ ਜਿਸ ਨੂੰ ਪਿੰਡ ਦੀ ਪੰਚਾਇਤ ਆਸਾਨੀ ਨਾਲ ਹੱਥ ਵਿਚ ਲੈ ਸਕਦੀ ਏ, ਤੇ ਜਿਸ ਵਿਚ ਇਕ ਵੀ ਰੁਪਈਆ ਅਦਾਅ ਕਰਨ ਦੀ ਜ਼ਰੂਰਤ ਨਹੀਂ ਪੈਂਦੀ।
ਔਰਤਾਂ ਦੇ ਲਈ ਵੱਡਾ ਮਾਮਲਾ ਇਹ ਐ ਕਿ ਕੋਈ ਉਹਨਾਂ ਨੂੰ ਕਿਸੇ ਗੱਲ ਦੀ ਜਾਣਕਾਰੀ ਨਹੀਂ ਦੇਂਦਾ। ਔਰਤਾਂ ਕਿਸੇ ਗੱਲਬਾਤ ਜਾਂ ਬਹਿਸ 'ਚ ਹਿੱਸਾ ਨਹੀਂ ਲੈਂਦੀਆਂ, ਕਿਉਂਕਿ ਪਿੰਡ ਦੀ ਪੰਚਾਇਤ ਵਿਚ ਸਿਰਫ਼ ਮਰਦ ਈ ਹੁੰਦੇ ਨੇ। ਭਾਵੇਂ ਔਰਤ ਝਗੜੇ ਦਾ ਮਕਸਦ ਹੋਵੇ ਜਾਂ ਜੁਰਮ ਦਾ ਮੁਆਵਜ਼ਾ, ਉਸਨੂੰ ਅਸੂਲਨ ਕਿਨਾਰੇ ਕਰ ਦਿੱਤਾ ਜਾਂਦਾ ਏ। ਇਕ ਦਿਨ ਦੇ ਬਾਅਦ ਦੂਜੇ ਦਿਨ ਉਸਨੂੰ ਦੱਸਿਆ ਜਾਂਦਾ ਏ ਕਿ 'ਉਸਨੂੰ ਫ਼ਲਾਨੇ-ਫ਼ਲਾਨੇ ਕੁਨਬੇ ਨੂੰ ਦੇ ਦਿੱਤਾ ਗਿਆ ਏ।' ਜਾਂ, ਜਿਵੇਂ ਮੇਰੇ ਮਾਮਲੇ ਵਿਚ ਹੋਇਆ, ਉਸਨੂੰ ਇਸ ਜਾਂ ਉਸ ਦੂਜੇ ਕੁਨਬੇ ਤੋਂ ਮੁਆਫ਼ੀ ਮੰਗਣੀ ਪਏਗੀ। ਜਿਵੇਂ ਨਸੀਮ ਕਹਿੰਦੀ ਏ, ਪਿੰਡ ਦੇ ਲੜਾਈ-ਝਗੜੇ ਤੇ ਡਰਾਮੇ ਸੱਚਮੁੱਚ ਈ ਗੰਢਾਂ ਨੇ ਜਿਹਨਾਂ ਨੂੰ ਸੁਲਝਾਉਣ ਸਮੇਂ ਪੰਚਾਇਤਾਂ ਸਾਡੇ ਸਰਕਾਰੀ ਕਾਨੂੰਨਾਂ ਦੀ, ਖ਼ਾਸ ਤੌਰ 'ਤੇ ਇਨਸਾਨੀ ਹੱਕਾਂ ਨਾਲ ਜੁੜੇ ਕਾਨੂੰਨਾਂ ਦੀ, ਕੋਈ ਕਦਰ ਜਾਂ ਪਰਵਾਹ ਨਹੀਂ ਕਰਦੀਆਂ।
ਜਨਵਰੀ 2005 ਵਿਚ, ਜਦੋਂ ਮੈਨੂੰ ਮੁਲਤਾਨ ਦੀ ਅਦਾਲਤ ਵਿਚ ਆਪਣੀ ਅਪੀਲ ਦੇ ਫ਼ੈਸਲੇ ਦਾ ਇੰਤਜ਼ਾਰ ਕਰਦਿਆਂ ਹੋਇਆਂ ਦੋ ਵਰ੍ਹੇ ਹੋ ਗਏ ਸਨ, ਸਾਰੇ ਅਖ਼ਬਾਰਾਂ ਨੇ ਇਕ ਹੋਰ ਘਟਨਾ ਸੁਰਖ਼ੀਆਂ ਵਿਚ ਛਾਪੀ, ਤੇ ਅਖ਼ਬਾਰਾਂ ਵਿਚ ਲਿਖਣ ਵਾਲਿਆਂ ਨੇ ਇਸ ਕਹਾਣੀ ਦੀ ਤੁਲਨਾ ਮੇਰੀ ਕਹਾਣੀ ਨਾਲ ਕੀਤੀ, ਇਸ ਦੇ ਬਾਵਜੂਦ ਕਿ ਉਸ ਵਿਚ ਕਾਫ਼ੀ ਫ਼ਰਕ ਸੀ। ਡਾ. ਸ਼ਾਜ਼ਿਯਾ ਖ਼ਾਲਿਦ ਬੱਤੀ ਵਰ੍ਹਿਆਂ ਦੀ ਪੜ੍ਹੀ ਲਿਖੀ ਜ਼ਨਾਨੀ ਜਿਹੜੀ ਸ਼ਾਦੀ-ਸ਼ੁਦਾ ਸੀ ਤੇ ਮਾਂ ਵੀ, ਬਲੂਚਿਸਤਾਨ ਵਿਚ ਇਕ ਸਰਕਾਰੀ ਕੰਪਨੀ, ਪਾਕਿਸਤਾਨ ਪੈਟ੍ਰੋਲੀਅਮ ਲਿਮਟਡ ਦੇ ਲਈ ਬਤੌਰ ਡਾਕਟਰ ਕੰਮ ਕਰ ਰਹੀ ਸੀ। 2 ਜਨਵਰੀ ਨੂੰ ਉਸਦਾ ਸ਼ੌਹਰ ਮੁਲਕ 'ਚੋਂ ਬਾਹਰ ਗਿਆ ਹੋਇਆ ਸੀ, ਇਸ ਲਈ ਉਹ ਆਪਣੇ ਘਰ ਵਿਚ ਇਕੱਲੀ ਸੀ। ਘਰ ਚਾਰਦੀਵਾਰੀ ਤੇ ਪਹਿਰੇ ਵਾਲਾ ਸੀ, ਕਿਉਂਕਿ ਉਸ ਇਲਾਕੇ ਵਿਚ ਪਾਕਿਸਤਾਨ ਪੈਟ੍ਰੋਲੀਅਮ ਲਿਮਟਡ ਦੇ ਕੰਮ ਦਾ ਦਾਇਰਾ ਇਕ ਦੂਰ-ਦਰਾਜ਼ ਦੀ ਕਬਾਇਲੀ ਪੱਟੀ ਵਿਚ ਸੀ।
ਅਜੇ ਉਹ ਸੁੱਤੀ ਹੋਈ ਸੀ ਕਿ ਇਕ ਆਦਮੀ ਉਸਦੇ ਸੌਣ ਕਮਰੇ ਵਿਚ ਵੜ ਆਇਆ ਤੇ ਉਸਨੇ ਉਸਦੇ ਨਾਲ ਬਲਾਤਕਾਰ ਕੀਤਾ।
ਅੱਗੇ ਕੀ ਹੋਇਆ ਉਹ ਖ਼ੁਦ ਆਪਣੇ ਸ਼ਬਦਾਂ ਵਿਚ ਦੱਸਦੀ ਏ...:
“ਜਦੋਂ ਉਹ ਮੈਨੂੰ ਮੇਰੇ ਵਾਲਾਂ ਤੋਂ ਝਟਕੇ ਦੇਂਦਾ ਹੋਇਆ ਇਧਰੋਂ ਉਧਰ ਹਿਲਾ ਰਿਹਾ ਸੀ, ਮੈਂ ਹੱਥ-ਪੈਰ ਮਾਰੇ, ਮੈਂ ਵਿਲਕੀ-ਕੁਰਲਾਈ, ਪਰ ਕੋਈ ਨਹੀਂ ਆਇਆ। ਮੈਂ ਜਦੋਂ ਟੈਲੀਫ਼ੋਨ ਫੜ੍ਹਣ ਦੀ ਕੋਸ਼ਿਸ਼ ਕੀਤੀ ਤਾਂ ਉਸਨੇ ਰਸੀਵਰ ਮੇਰੇ ਸਿਰ 'ਤੇ ਮਾਰਿਆ ਤੇ ਤਾਰ ਨਾਲ ਮੇਰਾ ਗਲ਼ਾ ਘੁੱਟਣ ਦੀ ਕੋਸ਼ਿਸ਼ ਕੀਤੀ। 'ਖ਼ੁਦਾ ਦੇ ਵਾਸਤੇ,' ਮੈਂ ਉਸਦੀ ਮਿੰਨਤ ਕੀਤੀ, 'ਮੈਂ ਤੈਨੂੰ ਕਦੀ ਨੁਕਸਾਨ ਨਹੀਂ ਪਹੁੰਚਾਇਆ—ਤੂੰ ਮੇਰੇ ਨਾਲ ਇੰਜ ਕਿਉਂ ਕਰ ਰਿਹਾ ਏਂ?' ਤੇ ਉਸਨੇ ਕਿਹਾ, 'ਖ਼ਾਮੋਸ਼ ਰਹਿ। ਬਾਹਰ ਕੋਈ ਮਿੱਟੀ ਦੇ ਤੇਲ ਦਾ ਕਨਸਤਰ ਲੈ ਕੇ ਖੜ੍ਹਾ ਏ। ਜੇ ਤੂੰ ਚੁੱਪ ਨਾ ਹੋਈ, ਉਹ ਆ ਕੇ ਤੈਨੂੰ ਜਿਊਂਦੀ ਨੂੰ ਸਾੜ ਦਏਗਾ।'
“ਉਸਨੇ ਮੇਰੀ ਇੱਜ਼ਤ ਲੁੱਟੀ, ਫੇਰ ਮੇਰੀਆਂ ਅੱਖਾਂ 'ਤੇ ਮੇਰਾ ਦੁਪੱਟਾ ਬੰਨ੍ਹਿਆਂ, ਆਪਣੀ ਬੰਦੂਕ ਦੇ ਕੁੰਦੇ ਨਾਲ ਵਾਰੀ-ਵਾਰੀ ਮਾਰਿਆ ਤੇ ਫੇਰ ਦੁਬਾਰਾ ਮੇਰੇ ਨਾਲ ਜ਼ਬਰਦਸਤੀ ਕੀਤੀ। ਫੇਰ ਉਸਨੇ ਮੇਰੇ ਉਪਰ ਇਕ ਕੰਬਲ ਪਾ ਦਿੱਤਾ, ਟੈਲੀਫ਼ੋਨ ਦੀ ਤਾਰ ਨਾਲ ਮੇਰੀਆਂ ਬਾਂਹਵਾਂ ਬੰਨ੍ਹ ਦਿੱਤੀਆਂ, ਤੇ ਕੁਝ ਚਿਰ ਟੈਲੀਵਿਜ਼ਨ ਦੇਖਦਾ ਰਿਹਾ—ਮੈਂ ਅੰਗਰੇਜ਼ੀ ਵਿਚ ਆਉਂਦੀ ਆਵਾਜ਼ ਸੁਣ ਸਕਦੀ ਸੀ।”
ਡਾ. ਖ਼ਾਲਿਦਾ ਕੁਝ ਚਿਰ ਲਈ ਬੇਹੋਸ਼ ਹੋ ਗਈ, ਫੇਰ ਉਸਨੇ ਕਿਸੇ ਤਰ੍ਹਾਂ ਖ਼ੁਦ ਨੂੰ ਆਜ਼ਾਦ ਕੀਤਾ ਤੇ ਭੱਜ ਕੇ ਇਕ ਨਰਸ ਦੇ ਘਰ ਆਸਰਾ ਲਿਆ।
“ਮੈਥੋਂ ਬੋਲਿਆ ਨਹੀਂ ਸੀ ਜਾ ਰਿਹਾ—ਉਹ ਫ਼ੌਰਨ ਈ ਸਮਝ ਗਈ। ਪਾਕਿਸਤਾਨ ਪੈਟ੍ਰੋਲੀਅਮ ਲਿਮਟਡ ਦੇ ਕੁਝ ਡਾਕਟਰ ਆ ਪਹੁੰਚੇ। ਮੈਂ ਉਮੀਦ ਕਰਦੀ ਸੀ ਕਿ ਉਹ ਮੇਰੇ ਜ਼ਖ਼ਮਾਂ ਦੀ ਦੇਖ-ਭਾਲ ਕਰਨਗੇ, ਪਰ ਇਸਦੇ ਬਿਲਕੁਲ ਉਲਟ, ਉਹਨਾਂ ਨੇ ਇੰਜ ਕੁਝ ਨਹੀਂ ਕੀਤਾ। ਉਹਨਾਂ ਨੇ ਮੈਨੂੰ ਕੁਝ ਨੀਂਦ ਦੀਆਂ ਗੋਲੀਆਂ ਦਿੱਤੀਆਂ, ਚੋਰੀ-ਛਿਪੇ ਮੈਨੂੰ ਇਕ ਹਵਾਈ ਜਹਾਜ਼ ਰਾਹੀਂ ਕਰਾਚੀ ਦੇ ਇਕ ਦਿਮਾਗ਼ੀ ਮਰੀਜ਼ਾਂ ਦੇ ਹਸਪਤਾਲ ਵਿਚ ਲੈ ਗਏ, ਤੇ ਮੈਨੂੰ ਸਲਾਹ ਦਿੱਤੀ ਕਿ ਮੈਂ ਆਪਣੇ ਘਰ ਵਾਲਿਆਂ ਨੂੰ ਖ਼ਬਰ ਕਰਨ ਦੀ ਕੋਸ਼ਿਸ਼ ਨਾ ਕਰਾਂ। ਤਾਂ ਵੀ ਮੈਂ ਆਪਣੇ ਭਰਾ ਨੂੰ ਖ਼ਬਰ ਕਰਨ ਵਿਚ ਕਾਮਯਾਬ ਰਹੀ, ਤੇ ਮੈਂ 9 ਜਨਵਰੀ ਨੂੰ ਪੁਲਸ ਨੂੰ ਆਪਣਾ ਬਿਆਨ ਦਿੱਤਾ। ਫ਼ੌਜੀ ਇੰਫ਼ਰਮੇਸ਼ਨ ਸਰਵਿਸ ਨੇ ਮੇਰੇ ਨਾਲ ਵਾਅਦਾ ਕੀਤਾ ਕਿ 'ਮੁਜਰਿਮ ਨੂੰ ਅੜਤਾਲੀ ਘੰਟਿਆਂ ਵਿਚ ਗਿਰਫ਼ਤਾਰ ਕਰ ਲਿਆ ਜਾਏਗਾ।'
“ਮੈਨੂੰ ਤੇ ਮੇਰੇ ਸ਼ੌਹਰ ਨੂੰ ਇਕ ਅਲੱਗ ਮਕਾਨ ਵਿਚ ਰੱਖਿਆ ਗਿਆ, ਜਿੱਥੋਂ ਸਾਨੂੰ ਨਿਕਲਣ ਦੀ ਮਨਾਹੀ ਸੀ। ਪਾਕਿਸਤਾਨ ਦੇ ਰਾਸ਼ਟਰਪਤੀ ਨੇ ਟੈਲੀਵਿਜ਼ਨ 'ਤੇ ਕਿਹਾ ਕਿ ਮੇਰੀ ਜ਼ਿੰਦਗੀ ਖ਼ਤਰੇ 'ਚ ਸੀ। ਸਭ ਤੋਂ ਖ਼ਰਾਬ ਇਹ ਕਿ ਮੇਰੇ ਸ਼ੌਹਰ ਦੇ ਆਪਣੇ ਦਾਦੇ ਨੇ ਐਲਾਨ ਕੀਤਾ ਕਿ ਮੈਂ 'ਕਾਰੀ ਸੀ'—ਖ਼ਾਨਦਾਨ 'ਤੇ ਇਕ ਧੱਬਾ, ਕਿ ਮੇਰੇ ਸ਼ੌਹਰ ਨੂੰ ਮੈਨੂੰ ਤਲਾਕ ਦੇ ਦੇਣਾ ਚਾਹੀਦਾ ਏ, ਤੇ ਮੈਨੂੰ ਖ਼ਾਨਦਾਨ 'ਚੋਂ ਬਾਹਰ ਕੱਢ ਦੇਣਾ ਚਾਹੀਦਾ ਏ। ਮੈਨੂੰ ਮਾਰ ਦਿੱਤੇ ਜਾਣ ਦਾ ਡਰ ਸੀ। ਮੈਂ ਖ਼ੁਦਕਸ਼ੀ ਕਰਨ ਦੀ ਕੋਸ਼ਿਸ਼ ਕੀਤੀ, ਪਰ ਮੇਰੇ ਸ਼ੌਹਰ ਤੇ ਮੇਰੇ ਬੇਟੇ ਨੇ ਮੈਨੂੰ ਇੰਜ ਕਰਨ ਤੋਂ ਰੋਕ ਦਿੱਤਾ। ਫੇਰ ਮੈਨੂੰ ਕਰੜਾਈ ਨਾਲ ਸਲਾਹ ਦਿੱਤੀ ਗਈ ਕਿ ਮੈਂ ਇਕ ਬਿਆਨ 'ਤੇ ਦਸਤਖ਼ਤ ਕਰਾਂ ਜਿਸ ਵਿਚ ਕਿਹਾ ਗਿਆ ਹੋਵੇ ਕਿ ਮੈਨੂੰ ਸਰਕਾਰੀ ਅਫ਼ਸਰਾਂ ਤੋਂ ਮਦਦ ਮਿਲੀ ਸੀ ਤੇ ਇਹ ਕਿ ਮੈਂ ਇਸ ਮਾਮਲੇ ਨੂੰ ਹੋਰ ਅੱਗੇ ਨਾ ਵਧਾਉਣਾ ਦਾ ਫ਼ੈਸਲਾ ਕੀਤਾ ਸੀ। ਮੈਨੂੰ ਦੱਸਿਆ ਗਿਆ ਸੀ ਕਿ ਜੇ ਮੈਂ ਦਸਤਖ਼ਤ ਨਾ ਕੀਤੇ ਤਾਂ ਸ਼ਾਇਦ ਮੈਨੂੰ ਤੇ ਮੇਰੇ ਸ਼ੌਹਰ ਨੂੰ ਮਾਰ ਦਿੱਤਾ ਜਾਏਗਾ; ਕਿ ਬਿਹਤਰ ਹੋਏਗਾ, ਜੇ ਮੈਂ ਪਾਕਿਸਤਾਨ ਪੈਟ੍ਰੋਲੀਅਮ ਲਿਮਟਡ ਤੋਂ ਕੋਈ ਸਫ਼ਾਈ ਮੰਗੇ ਬਗ਼ੈਰ, ਮੁਲਕ ਛੱਡ ਕੇ ਬਾਹਰ ਚਲੀ ਜਾਵਾਂ, ਕਿਉਂਕਿ ਅਜਿਹੀ ਮੰਗ ਤਦ ਸਾਡੇ ਲਈ ਭਾਰੀ ਮੁਸ਼ਕਲਾਂ ਖੜ੍ਹੀਆਂ ਕਰ ਦਵੇਗੀ। ਮੈਨੂੰ ਇਹ ਵੀ ਜ਼ੋਰਦਾਰ ਤਾਕੀਦ ਕੀਤੀ ਗਈ ਕਿ ਮੈਂ ਕਿਸੇ ਇਨਸਾਨ ਪਰਸਤ ਤੰਜ਼ੀਮ ਜਾਂ ਮਾਨਵ ਅਧਿਕਾਰ ਸੰਗਠਨ ਨਾਲ ਗੱਲ ਨਾ ਕਰਾਂ।”
ਇਸ ਮਾਮਲੇ ਨੇ ਬਲੂਚਿਸਤਾਨ ਵਿਚ ਖ਼ਾਸੀ ਹਲਚਲ ਪੈਦਾ ਕੀਤੀ ਸੀ, ਜਿੱਥੇ ਕਰਮਚਾਰੀ ਨਿਯਮਿਤ ਰੂਪ ਵਿਚ ਆਪਣੇ ਇਲਾਕੇ ਵਿਚ ਗ਼ੈਸ ਕੱਢਣ ਦੀ ਕਾਰਵਾਈ ਦੇ ਪ੍ਰਤੀ ਆਪਣਾ ਵਿਰੋਧ ਦਰਸਾਉਂਦੇ ਰਹਿੰਦੇ ਸਨ। ਜਦੋਂ ਇਕ ਅਫ਼ਵਾਹ ਫ਼ੈਲੀ ਕਿ ਡਾ. ਖ਼ਾਲਿਦ ਦਾ ਹਮਲਾਵਰ ਫ਼ੌਜ ਵਿਚ ਸੀ ਤਾਂ ਉਸ ਖੇਤਰ ਵਿਚ ਇਕ ਦਸਤੇ 'ਤੇ ਹਮਲਾ ਹੋਇਆ। ਮੰਨਿਆਂ ਜਾਂਦਾ ਏ ਕਿ ਲਗਭਗ ਪੰਦਰਾਂ ਆਦਮੀ ਮਾਰੇ ਗਏ ਤੇ ਗੈਸ ਕੰਪਨੀ ਦੇ ਕੁਝ ਸਾਜ਼-ਸਾਮਾਨ ਨੂੰ ਵੀ ਨੁਕਸਾਨ ਹੋਇਆ।
ਅੱਜ ਡਾ. ਖ਼ਾਲਿਦ ਇੰਗਲੈਂਡ ਵਿਚ ਕਿਧਰੇ ਜਲਾਵਤਨੀ ਦੀ ਜ਼ਿੰਦਗੀ ਗੁਜ਼ਾਰ ਰਹੀ ਏ, ਕੱਟੜ ਪਾਕਿਸਤਾਨੀ ਫਿਰਕੇ ਵਿਚ, ਇੱਥੇ ਉਸਨੂੰ ਚੈਨ ਦਾ ਅਹਿਸਾਸ ਨਹੀਂ ਏ। ਉਸਦਾ ਪਤੀ ਉਸਦਾ ਸਾਥ ਨਿਭਾਅ ਰਿਹਾ ਏ, ਪਰ ਉਹਨਾਂ ਦਾ ਸਭ ਤੋਂ ਵੱਡਾ ਦੁੱਖ ਇਹ ਐ ਕਿ ਉਹਨਾਂ ਨੂੰ ਆਪਣੇ ਬੇਟੇ ਨੂੰ ਪਾਕਿਸਤਾਨ ਵਿਚ ਈ ਛੱਡ ਕੇ ਆਉਣਾ ਪਿਆ—ਅਫ਼ਸਰ ਉਸਨੂੰ ਇਹ ਇਜਾਜ਼ਤ ਦੇਣ ਲਈ ਤਿਆਰ ਨਹੀਂ ਹੋਏ ਕਿ ਉਹ ਉਹਨਾਂ ਦੇ ਨਾਲ ਜਾਏ। ਉਹਨਾਂ ਨੇ ਆਪਣੀ ਜ਼ਿੰਦਗੀ ਦਾ ਤੌਰ-ਤਰੀਕਾ ਤੇ ਆਪਣਾ ਮੁਲਕ ਗੰਵਾਅ ਦਿੱਤਾ ਏ, ਤੇ ਫ਼ਿਲਹਾਲ ਉਹਨਾਂ ਦੀ ਇਹੀ ਇਕ ਉਮੀਦ ਏ ਕਿ ਉਹਨਾਂ ਨੂੰ ਕੈਨੇਡਾ ਜਾ ਕੇ ਵੱਸਣ ਦੀ ਇਜਾਜ਼ਤ ਮਿਲ ਜਾਏਗੀ ਜਿੱਥੇ ਉਹਨਾਂ ਦੇ ਕੁਝ ਰਿਸ਼ਤੇਦਾਰ ਰਹਿੰਦੇ ਨੇ।

ਨਸੀਮ ਇਸ ਮਾਮਲੇ 'ਤੇ ਆਪਣੀ ਸੁਭਾਵੁਕ, ਸਿੱਧ-ਪੱਧਰੀ, ਰਾਏ ਜ਼ਾਹਰ ਕਰਦੀ ਏ...:
“ਉਸਦੀ ਸਮਾਜੀ ਹੈਸੀਅਤ ਭਾਵੇਂ ਜੋ ਵੀ ਹੋਏ, ਉਹ ਪੜ੍ਹੀ-ਲਿਖੀ ਹੋਏ ਜਾਂ ਅਣਪੜ੍ਹ ਹੋਏ, ਅਮੀਰ ਹੋਏ ਜਾਂ ਗ਼ਰੀਬ, ਕੋਈ ਵੀ ਔਰਤ ਜਿਹੜੀ ਮਾਰ-ਕੁਟਾਈ ਤੇ ਜ਼ੋਰ-ਜ਼ਬਰਦਸਤੀ ਦਾ ਸ਼ਿਕਾਰ ਹੁੰਦੀ ਏ, ਉਹ ਧੌਂਸ ਤੇ ਧਮਕੀ ਦਾ ਵੀ ਸ਼ਿਕਾਰ ਬਣਦੀ ਏ। ਤੇਰੇ ਨਾਲ ਸੀ, 'ਆਪਣੇ ਅੰਗੂਠੇ ਦਾ ਨਿਸ਼ਾਨ ਇੱਥੇ ਲਾ ਦੇ, ਅਸੀਂ ਉਹ ਲਿਖ ਦਿਆਂਗੇ ਜਿਸਦੀ ਜ਼ਰੂਰਤ ਏ।' ਉਸਦੇ ਮਾਮਲੇ ਵਿਚ ਸੀ, 'ਏਥੇ ਦਸਤਖ਼ਤ ਕਰ, ਵਰਨਾ ਤੁਸੀਂ ਦੋਵੇਂ ਮਰੋਗੇ!' ਉਹ ਕਿਸਾਨ ਹੋਏ ਜਾਂ ਫ਼ੌਜੀ, ਮਰਦ ਜਦ ਚਾਹੁੰਦਾ ਏ, ਜਿਵੇਂ ਚਾਹੁੰਦਾ ਏ, ਜ਼ਬਰਦਸਤੀ ਜ਼ਿਨਾ ਕਰਦਾ ਏ। ਉਹ ਜਾਣਦਾ ਏ ਕਿ ਜ਼ਿਆਦਾਤਰ ਮੌਕਿਆਂ 'ਤੇ ਉਸਨੂੰ ਛੱਡ ਦਿੱਤਾ ਜਾਏਗਾ, ਕਿਉਂਕਿ ਉਸਨੂੰ ਇਕ ਪੂਰੇ ਦੇ ਪੂਰੇ ਨਿਜ਼ਾਮ ਦੀ ਹਿਫ਼ਾਜ਼ਤ ਹਾਸਲ ਏ—ਉਹ ਚਾਹੇ ਸਿਆਸੀ ਹੋਏ ਜਾਂ ਕਬਾਇਲੀ, ਮਜ਼ਹਬੀ ਹੋਏ ਜਾਂ ਫ਼ੌਜੀ। ਅਸੀਂ ਔਰਤਾਂ ਤਾਂ ਆਪਣੇ ਜਾਇਜ਼ ਹੱਕਾਂ ਦਾ ਇਸਤੇਮਾਲ ਕਰਨ ਦੇ ਨੇੜੇ-ਤੇੜੇ ਵੀ ਨਹੀਂ ਪਹੁੰਚੀਆਂ। ਇਸਦੇ ਉਲਟ! ਔਰਤਾਂ ਦੇ ਹੱਕ ਵਿਚ ਆਵਾਜ਼ ਬੁਲੰਦ ਕਰਨ ਵਾਲਿਆਂ ਦੀ ਇੱਜ਼ਤ ਨਹੀਂ ਕੀਤੀ ਜਾਂਦੀ—ਭੈੜੀ ਤੋਂ ਭੈੜੀ ਹਾਲਤ 'ਚ ਲੋਕ ਸਾਨੂੰ ਖ਼ਤਰਨਾਕ ਇਨਕਲਾਬੀ ਸਮਝਦੇ ਨੇ ਤੇ ਚੰਗੀ ਤੋਂ ਚੰਗੀ ਹਾਲਤ ਵਿਚ ਮਰਦਾਂ ਦੀ ਦੁਨੀਆਂ ਵਿਚ ਗੜਬੜੀ ਤੇ ਮੁਸੀਬਤ ਫ਼ੈਲਾਉਣ ਵਾਲੀਆਂ। ਤੂੰ? ਉਹ ਔਰਤਾਂ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰਨ ਵਾਲਿਆਂ ਵੱਲ ਮੁੜਨ ਲਈ ਤੇਰੀ ਲਾਹਨਤ-ਮੁਲਾਮਤ ਕਰਦੇ ਨੇ—ਕੁਝ ਅਖ਼ਬਾਰ ਇਹ ਵੀ ਕਹਿੰਦੇ ਨੇ ਕਿ ਤੂੰ ਰਿਪੋਰਟਰਾਂ ਤੇ ਗ਼ੈਰ-ਸਰਕਾਰੀ ਸੰਗਠਨਾਂ ਦੇ ਹੱਥਾਂ ਵਿਚ ਖੇਡ ਰਹੀ ਏਂ। ਜਿਵੇਂ ਤੇਰੇ ਵਿਚ ਇਹ ਸਮਝਣ ਲਈ ਏਨੀ ਅਕਲ ਨਹੀਂ ਕਿ ਇਨਸਾਫ਼ ਹਾਸਲ ਕਰਨ ਦਾ ਇਕੋ ਰਸਤਾ ਏ—ਉਸਦੇ ਲਈ ਆਵਾਜ਼ ਬੁਲੰਦ ਕਰਨਾ, ਉੱਚੀ ਤੇ ਦੇਰ ਤਕ।”

ਮੈਂ ਜਿਉਂਦੀ ਬਚ ਨਿਕਲਣ ਵਾਲੀ ਤੇ ਇਕ ਸਰਗਰਮ ਕਾਰਜ-ਕਰਤਾ ਆਂ। ਇਕ ਸ਼ਬੀਹ (ਮਿਸਾਲ)। ਇਕ ਨਿਸ਼ਾਨੀ, ਉਸ ਕਸ਼ਮਕਸ਼ ਦੀ ਜਿਹੜੀ ਮੇਰੇ ਮੁਲਕ ਦੀਆਂ ਔਰਤਾਂ ਕਰ ਰਹੀਆਂ ਨੇ।
ਲਾਹੌਰ ਦੀ ਆਰਟਸ ਅਕੈਡਮੀ ਨੇ, ਇੰਜ ਲੱਗਦਾ ਏ, ਮੇਰੀ ਬਦਨਸੀਬ ਕਹਾਣੀ ਤੋਂ ਪ੍ਰੇਰਤ ਇਕ ਨਾਟਕ ਖੇਡਿਆ ਏ। ਮੇਰਾ ਕੀ ਕਸੂਰ? ਨਾਟਕ ਦੀ ਕਹਾਣੀ ਜੋ ਮੇਰੇ ਨਾਲ ਹੋਇਆ, ਉਸ 'ਤੇ ਆਧਾਰਿਤ ਨਹੀਂ ਏ, ਕਿਉਂਕਿ ਕਹਾਣੀ ਸ਼ੁਰੂ ਹੁੰਦੀ ਏ ਜਦੋਂ ਇਕ ਜ਼ਿਮੀਂਦਾਰ ਦੀ ਧੀ ਇਕ ਪੜ੍ਹੇ-ਲਿਖੇ ਨੌਜਵਾਨ ਨਾਲ ਮੁਹੱਬਤ ਕਰਨ ਲੱਗਦੀ ਏ ਜਿਹੜਾ—ਬਦਕਿਸਮਤੀ ਨਾਲ—ਇਕ ਕਿਸਾਨ ਦਾ ਪੁੱਤਰ ਏ। ਉਹਨਾਂ ਨੂੰ ਇਕ ਦੂਜੇ ਦਾ ਹੱਥ ਫੜ੍ਹੀ ਦੇਖ ਲਿਆ ਜਾਂਦਾ ਏ, ਲਿਹਾਜ਼ਾ ਜ਼ਿਮੀਂਦਾਰ ਦੀ ਇੱਜ਼ਤ ਬਹਾਲ ਕਰਨ ਦੇ ਇਰਾਦੇ ਨਾਲ ਜਿਰਗੇ ਦਾ ਫ਼ੈਸਲਾ ਇਹ ਫ਼ੁਰਮਾਨ ਜਾਰੀ ਕਰਦਾ ਏ ਕਿ ਕਿਸਾਨ ਨੌਜਵਾਨ ਦੀ ਭੈਣ ਜ਼ਿਮੀਂਦਾਰ ਦੇ ਮੁੰਡੇ ਨੂੰ ਦੇ ਦਿੱਤੀ ਜਾਏਗੀ। ਕਿਸਾਨ ਦੀ ਧੀ ਖ਼ੁਦਕੁਸ਼ੀ ਕਰ ਲੈਂਦੀ ਏ ਤੇ ਉਸਦੀ ਮਾਂ ਵੀ। ਜ਼ਿਮੀਂਦਾਰ ਦਾ ਮੁੰਡਾ ਪਾਗਲ ਹੋ ਜਾਂਦਾ ਏ, ਤੇ ਉਹ ਵੀ ਖ਼ੁਦਕੁਸ਼ੀ ਕਰ ਲੈਂਦਾ ਏ।
ਸਟੇਜ 'ਤੇ ਮਰਨ ਤੋਂ ਪਹਿਲਾਂ ਉਹ ਜਵਾਨ ਅਦਾਕਾਰਾ ਜਿਹੜੀ 'ਮੇਰਾ' ਰੋਲ ਅਦਾਅ ਕਰਦੀ ਏ—ਉਸ ਔਰਤ ਦਾ ਜਿਸਦਾ 'ਨਿਪਟਾਰਾ ਕੀਤਾ ਗਿਆ'—ਹੈਰਾਨੀ ਨਾਲ ਸੋਚਦੀ ਏ ਕਿ ਕੀ ਸੱਚਮੁੱਚ ਉਸਦੇ ਮੁਲਕ ਵਿਚ ਗ਼ਰੀਬ ਤੇ ਕੁੜੀ ਹੋਣਾ ਇਕ ਗੁਨਾਹ ਏਂ!
“ਕੀ ਗੁਨਾਹਗਾਰਾਂ ਨੂੰ ਗਿਰਫ਼ਤਾਰ ਕਰਕੇ ਮੇਰੀ ਇੱਜ਼ਤ ਮੈਨੂੰ ਵਾਪਸ ਮਿਲ ਜਾਏਗੀ?” ਉਹ ਕੂਕਦੀ ਏ, “ਮੇਰੇ ਵਰਗੀਆਂ ਹੋਰ ਉੱਥੇ ਕਿੰਨੀਆਂ ਕੁੜੀਆਂ ਨੇ? ਖ਼ੁਦਕੁਸ਼ੀ ਨਾਲੋਂ ਵੱਧ—ਇਨਸਾਫ਼ ਦੀ ਖ਼ਵਾਹਿਸ਼ ਨੇ ਮੈਨੂੰ ਮੇਰੀ ਇੱਜ਼ਤ ਵਾਪਸ ਦਿਵਾਈ ਏ। ਕਿਉਂਕਿ ਇਕ ਸ਼ਖ਼ਸ ਨੂੰ ਕਿਸੇ ਦੂਜੇ ਦੇ ਜੁਰਮ ਦੇ ਲਈ ਕਦੀ ਗੁਨਾਹਗਾਰ ਨਹੀਂ ਮਹਿਸੂਸ ਕਰਨਾ ਚਾਹੀਦਾ।”
ਬਦਕਿਸਮਤੀ ਨਾਲ, ਬੜੀਆਂ ਘੱਟ ਔਰਤਾਂ ਦੀ ਅਜਿਹੀ ਤਕਦੀਰ ਹੁੰਦੀ ਏ ਕਿ ਉਹ ਮੀਡੀਏ ਤੇ ਮਾਨਵ ਅਧਿਕਾਰ ਸੰਗਠਨਾਂ ਨੂੰ ਜੋਸ਼ ਦਿਵਾਉਣ ਵਿਚ ਕਾਮਯਾਬ ਹੋਣ।

ਅਕਤੂਬਰ 2004 ਵਿਚ ਸ਼ਹਿਰੀ ਸਮਾਜ ਦੇ ਸੈਂਕੜੇ ਨੁਮਾਇੰਦੇ ਤੇ ਕਾਰਜ-ਕਰਤਾਵਾਂ ਨੇ ਇਕੱਠੇ ਹੋ ਕੇ ਇੱਜ਼ਤ ਦੇ ਨਾਂ 'ਤੇ ਹੋਣ ਵਾਲੇ ਜੁਰਮਾਂ ਦੇ ਸਿਲਸਿਲੇ ਵਿਚ ਬਿਹਤਰ ਕਾਨੂੰਨ ਬਣਾਉਣ ਦੀ ਮੰਗ ਕਰਦਿਆਂ ਇਕ ਪ੍ਰਦਰਸ਼ਨ ਕੀਤਾ। ਸਰਕਾਰ ਇਕ ਅਰਸੇ ਤੋਂ ਵਾਅਦਾ ਕਰਦੀ ਰਹੀ ਸੀ ਕਿ ਉਹ ਇੱਜ਼ਤ ਦੇ ਨਾਂ 'ਤੇ ਹੋਣ ਵਾਲੇ ਜੁਰਮਾਂ ਨੂੰ ਗ਼ੈਰ-ਕਾਨੂੰਨੀ ਕਰਾਰ ਦਏਗੀ, ਪਰ ਕੁਝ ਵੀ ਨਹੀਂ ਹੋਇਆ। ਉਹਨਾਂ ਬੱਸ ਏਨਾ ਕਰਨਾ ਸੀ ਕਿ ਉਹਨਾਂ ਕਾਨੂੰਨਾਂ ਵਿਚ ਸੋਧ ਕਰ ਦੇਣ ਜਿਹੜੇ ਮੁਜਰਮਾਂ ਨੂੰ ਇਜਾਜ਼ਤ ਦੇਂਦੇ ਸਨ ਕਿ ਉਹ ਆਪਣੇ ਸ਼ਿਕਾਰਾਂ ਦੇ ਘਰ ਵਾਲਿਆਂ ਨਾਲ ਮੁੱਲ-ਭਾਅ ਕਰ ਸਕਣ, ਤੇ ਇੰਜ ਕਾਨੂੰਨੀ ਪਾਬੰਦੀਆਂ ਤੋਂ ਬਚ ਸਕਣ; ਤੇ ਕਬਾਇਲੀ ਪੰਚਾਇਤ ਦੇ ਸਾਹਮਣੇ ਹੋਣ ਵਾਲੀ ਸਾਰੀ ਸੁਣਵਾਈ ਨੂੰ ਗ਼ੈਰ-ਕਾਨੂੰਨੀ ਕਰਾਰ ਦੇਣ। ਅਜਿਹਾ ਖ਼ਿਆਲ ਏ ਕਿ ਕੁਝ ਸੁਬਾਈ ਸਰਕਾਰਾਂ ਨਿੱਜੀ ਇਨਸਾਫ਼ ਦੇ ਇਸ ਨਿਜ਼ਾਮ ਨੂੰ ਪਾਬੰਦੀਆਂ ਤੇ ਕਾਇਦੇ-ਕਾਨੂੰਨ ਦੇ ਦਾਇਰੇ ਵਿਚ ਲਿਆਉਣ ਲਈ ਕਾਨੂੰਨ ਬਣਾ ਰਹੀਆਂ ਨੇ। ਖ਼ੈਰ ਜੀ, ਤਾਕਤ ਹਾਲੇ ਵੀ ਜਿਰਗੇ ਦੇ ਹੱਥ 'ਚ ਏ, ਤੇ ਹਜ਼ਾਰਾਂ ਔਰਤਾਂ ਇਸ ਕਬਾਇਲੀ ਨਿਜ਼ਾਮ ਵਿਚ ਹੁਣ ਵੀ ਬਲਾਤਕਾਰ ਜਾਂ ਕਤਲ ਦਾ ਸ਼ਿਕਾਰ ਹੁੰਦੀਆਂ ਨੇ।

ਮੇਰੇ ਮਾਮਲੇ ਵਿਚ ਅਪੀਲ ਦੀ ਕਾਰਵਾਈ ਇਕ ਲੰਮਾਂ ਅਰਸਾ ਲੈ ਰਹੀ ਏ। ਮੌਤ ਦੀ ਸ਼ੁਰੂਆਤੀ ਸਜ਼ਾ ਤੋਂ ਦੋ ਸਾਲ ਬੀਤ ਚੁੱਕੇ ਨੇ। ਜੇ ਕਾਨੂੰਨ ਬਦਲੇ ਨਹੀਂ, ਤੇ ਜੇ ਹਾਈ ਕੋਰਟ ਬੁਨਿਆਦੀ ਫ਼ੈਸਲੇ ਦੀ ਤਾਈਦ ਨਹੀਂ ਕਰਦੀ, ਤੇ ਜੇ ਉਹਨਾਂ ਅੱਠ ਮੁਜਰਿਮਾਂ ਨੂੰ ਜਿਹਨਾਂ ਨੂੰ ਪਹਿਲਾਂ ਈ ਛੱਡ ਦਿੱਤਾ ਗਿਆ ਸੀ, ਇਸ ਵਾਰੀ ਸਜ਼ਾ ਨਹੀਂ ਦਿੱਤੀ ਜਾਂਦੀ, ਜਿਵੇਂ ਕਿ ਮੈਂ ਆਪਣੀ ਅਪੀਲ ਵਿਚ ਮੰਗ ਕੀਤੀ ਸੀ—ਤਾਂ ਫੇਰ ਕਿਉਂ ਨਾ ਸਾਰਿਆਂ ਨੂੰ ਰਿਹਾਅ ਕਰ ਦਿੱਤਾ ਜਾਏ ਤੇ ਮੈਨੂੰ ਮਸੋਤਈਆਂ ਦੇ ਰਹਿਮ 'ਤੇ ਆਪਣੇ ਪਿੰਡ ਵਾਪਸ ਭੇਜ ਦਿੱਤਾ ਜਾਏ? ਮੇਰੇ ਵਿਚ ਇਸ ਬਾਰੇ ਸੋਚਣ ਦੀ ਹਿੰਮਤ ਨਹੀਂ ਏ। ਨਸੀਮ ਸੰਤੁਸ਼ਟ ਏ। ਉਹ ਪੂਰੀ ਤਰ੍ਹਾਂ ਇਸ ਲੜਾਈ ਵਿਚ ਮੇਰੇ ਨਾਲ ਏ। ਤੇ ਮੈਂ ਜਾਣਦੀ ਆਂ, ਉਹ ਓਨੇ ਈ ਖ਼ਤਰੇ ਉਠਾ ਰਹੀ ਏ, ਜਿੰਨੇ ਮੈਂ। ਉਹ ਆਸ਼ਾਵਾਦੀ ਏ—ਉਸਨੂੰ ਮੇਰੀ ਮੁਕਾਬਲਾ ਕਰਨ ਦੀ ਕਾਬਲੀਅਤ ਵਿਚ ਯਕੀਨ ਏ। ਉਹ ਜਾਣਦੀ ਏ ਕਿ ਮੈਂ ਆਖ਼ਰ ਤੀਕ ਡਟੀ ਰਹਾਂਗੀ, ਕਿ ਮੈਂ 'ਜੋ ਹੋਣਾ ਏ ਉਹ ਹੋਏਗਾ' ਵਿਚ ਯਕੀਨ ਰੱਖਦਿਆਂ ਹੋਇਆਂ—ਜੋ ਇਕ ਤਰ੍ਹਾਂ ਨਾਲ ਮੇਰੀ ਢਾਲ ਵੀ ਏ—ਸਾਰੀਆਂ ਧਮਕੀਆਂ ਸਹਾਂਗੀ। ਇਕ ਅੜੀਅਲਪਨੇ ਦੇ ਨਾਲ ਜੋ ਦੂਜਿਆਂ ਨੂੰ ਠੰਢਾ ਲੱਗ ਸਕਦਾ ਏ, ਪਰ ਸ਼ੁਰੂ ਤੋਂ ਈ ਮੇਰੇ ਅੰਦਰ ਰਿੱਝਦਾ ਰਿਹਾ ਏ।
ਮੈਂ ਅਕਸਰ ਕਹਿੰਦੀ ਆਂ ਕਿ ਜੇ ਮਰਦਾਂ ਦਾ ਇਨਸਾਫ਼ ਉਹਨਾਂ ਲੋਕਾਂ ਨੂੰ ਸਜ਼ਾ ਨਹੀਂ ਦੇਂਦਾ ਜਿਹਨਾਂ ਨੇ ਮੇਰੇ ਨਾਲ 'ਓਹ' ਕੀਤਾ ਤਾਂ ਦੇਰ-ਸਵੇਰ ਖ਼ੁਦਾ ਇਸਨੂੰ ਆਪਣੇ ਹੱਥ 'ਚ ਲਏਗਾ। ਪਰ ਮੈਂ ਪਸੰਦ ਕਰਾਂਗੀ ਕਿ ਉਹ ਇਨਸਾਫ਼ ਮੈਨੂੰ ਸਰਕਾਰੀ ਤੌਰ 'ਤੇ ਮਿਲੇ। ਸਾਰੀ ਦੁਨੀਆਂ ਦੇ ਸਾਹਮਣੇ, ਜੇ ਇਹੀ ਹੋਣਾ ਏ ਤਾਂ।
--- --- ---

No comments:

Post a Comment