Sunday, October 7, 2012

ਦੋ : ਇਕ ਬੇਹੱਦ ਅਨੋਖਾ ਜੱਜ...:







ਸਾਡੇ ਘਰ ਪਹੁੰਚਣ ਤੀਕ ਸਵੇਰ ਦੇ ਪੰਜ ਵੱਜ ਚੁੱਕੇ ਨੇ ਤੇ ਮੈਂ ਥਕਾਵਟ ਨਾਲ ਚੂਰ-ਚੂਰ ਆਂ। ਅਜਿਹੇ ਮੌਕੇ, ਮੇਰੇ ਵਰਗੀ ਮਾਮੂਲੀ ਹੈਸੀਅਤ ਦੀ ਔਰਤ ਇਸ ਸੋਚ 'ਚ ਪੈ ਜਾਂਦੀ ਏ ਕਿ ਕੀ ਉਸਦਾ ਕਬੀਲੇ ਦੀ ਪਰੰਪਰਾ ਦੇ ਜਚੇ-ਜੰਮੇ ਸਿਲਸਿਲੇ ਨੂੰ ਉੱਲਦਣ ਦੀ ਕੋਸ਼ਿਸ਼ ਕਰਨਾ ਠੀਕ ਏ? ਮੈਨੂੰ ਹੁਣ ਪਤਾ ਏ ਕਿ ਮੇਰੇ ਨਾਲ ਜ਼ਿਨਾ ਕਰਨ ਦਾ ਫ਼ੈਸਲਾ ਸਾਰੀ ਬਸਤੀ ਦੇ ਸਾਹਮਣੇ ਕੀਤਾ ਗਿਆ ਸੀ। ਦੂਜੇ ਪਿੰਡ ਵਾਲਿਆਂ ਨਾਲ ਮੇਰੇ ਅੱਬਾ ਤੇ ਚਾਚੇ ਨੇ ਵੀ ਇਹ ਫ਼ੈਸਲਾ ਸੁਣਿਆਂ ਸੀ, ਪਰ ਮੇਰੇ ਘਰ ਵਾਲਿਆਂ ਨੂੰ ਉਮੀਦ ਸੀ ਕਿ ਅੰਤ ਵਿਚ ਸਾਨੂੰ ਮੁਆਫ਼ ਕਰ ਦਿੱਤਾ ਜਾਏਗਾ। ਸੱਚੀ ਗੱਲ ਤਾਂ ਇਹ ਐ ਕਿ ਅਸੀਂ ਸਾਰੇ ਉਸੇ ਜਾਲ ਵਿਚ ਫਸ ਗਏ ਸਾਂ, ਤੇ ਮੇਰੀ ਤਬਾਹੀ ਪਹਿਲਾਂ ਈ ਮਿਥੀ ਹੋਈ ਸੀ।
ਜੋ ਵੀ ਡਰ ਜਾਂ ਸ਼ੱਕ ਮੈਂ ਮਹਿਸੂਸ ਕਰਾਂ, ਹੁਣ ਪਿੱਛੇ ਹਟਣ ਲਈ ਬੜੀ ਦੇਰ ਹੋ ਚੁੱਕੀ ਏ। ਮਸਤੋਈ ਹੋਣ, ਜਾਂ ਗੁੱਜਰ ਜਾਂ ਬਲੂਚ, ਪੰਜਾਬ ਦੇ ਮਰਦਾਂ ਨੂੰ ਕੋਈ ਅੰਦਾਜ਼ਾ ਨਹੀਂ ਏ ਕਿ ਕਿਸੇ ਔਰਤ ਲਈ ਅਜਿਹੀ ਜ਼ਬਰਦਸਤੀ ਬਾਰੇ ਗੱਲ ਕਰਨਾ ਏਨਾ ਤਕਲੀਫ਼ਦੇਹ ਏ ਕਿ ਦੱਸਿਆ ਨਹੀਂ ਜਾ ਸਕਦਾ। ਸਿੱਧਾ-ਸਾਦਾ ਲਫ਼ਜ਼ 'ਜ਼ਿਨਾ-ਬਿਲ-ਜਬਰ' ਈ ਕਾਫ਼ੀ ਏ। ਉੱਥੇ ਉਹ ਚਾਰ ਆਦਮੀ ਸਨ। ਮੈਂ ਉਹਨਾਂ ਦੇ ਚਿਹਰੇ ਦੇਖੇ ਸਨ। ਉਹਨਾਂ ਨੇ ਮੈਨੂੰ ਅਸਤਬਲ 'ਚੋਂ ਬਾਹਰ ਸੁੱਟ ਦਿੱਤਾ ਸੀ—ਲੋਕ ਦੇਖ ਰਹੇ ਸੀ ਤੇ ਮੈਂ ਆਪਣੇ ਅੱਧਨੰਗੇ ਸਰੀਰ ਨੂੰ ਢੱਕਣ ਦੀ ਕੋਸ਼ਿਸ਼ ਕਰ ਰਹੀ ਸਾਂ, ਫੇਰ ਮੈਂ ਉੱਥੋਂ ਟੁਰ ਪਈ ਸਾਂ। ਬਾਕੀ ਸਭ ਖ਼ੌਫ਼ਨਾਕ ਸੁਪਨਾ ਏ, ਜਿਸਨੂੰ ਮੈਂ ਭੁੱਲਣ ਦੀ ਕੋਸ਼ਿਸ਼ ਕਰਦੀ ਰਹਿੰਦੀ ਆਂ।
ਆਪਣੀ ਕਹਾਣੀ ਨੂੰ ਵਾਰ-ਵਾਰ ਦੁਹਰਾਵਾਂ—ਮੈਂ ਹਰਗਿਜ਼ ਇੰਜ ਨਹੀਂ ਕਰ ਸਕਦੀ। ਕਿਉਂਕਿ ਉਸਨੂੰ ਦੱਸਣਾ, ਉਸਨੂੰ ਫੇਰ ਜਿਊਣਾ ਏ। ਜੇ ਮੈਂ ਬੱਸ ਏਨਾ ਮਹਿਸੂਸ ਕਰਦੀ ਕਿ ਕਿਸੇ 'ਤੇ ਭਰੋਸਾ ਕਰ ਸਕਾਂ...ਜ਼ਨਾਨਾ ਪੁਲਸ ਨਾਲ ਇਹ ਘੱਟ ਤਕਲੀਫ਼ਦੇਹ ਹੁੰਦਾ, ਪਰ ਦਿੱਕਤ ਦੀ ਗੱਲ ਇਹ ਐ ਕਿ ਇੱਥੇ ਪੁਲਸ 'ਚ ਤੇ ਅਦਾਲਤਾਂ 'ਚ ਸਿਰਫ਼ ਮਰਦ ਨੇ। ਹਮੇਸ਼ਾ ਮਰਦ।
ਤੇ ਸਾਡੀਆਂ ਪ੍ਰੇਸ਼ਾਨੀਆਂ ਅਜੇ ਘੱਟ ਨਹੀਂ ਹੋਈਆਂ—ਅਸੀਂ ਮੁਸ਼ਕਲ ਨਾਲ ਘਰ ਪਹੁੰਚੇ ਆਂ ਕਿ ਪੁਲਸ ਵਾਲੇ ਫੇਰ ਆ ਧਮਕੇ ਨੇ। ਇਸ ਵਾਰੀ, ਉਹ ਮੈਨੂੰ ਜ਼ਿਲੇ ਵਿਚ ਪੁਲਸ ਦੇ ਵੱਡੇ ਦਫ਼ਤਰ ਵਿਚ 'ਰਸਮ-ਅਦਾਇਗੀ' ਦੇ ਲਈ ਲੈ ਜਾਂਦੇ ਨੇ।
ਕਿਉਂਕਿ ਮਾਮਲੇ ਦੀ ਖ਼ਬਰ ਪਹਿਲਾਂ ਈ ਅਖ਼ਬਾਰਾਂ 'ਚ ਛਪ ਚੁੱਕੀ ਏ, ਮੈਨੂੰ ਖ਼ਿਆਲ ਆਉਂਦਾ ਏ ਕਿ ਅਫ਼ਸਰਾਂ ਨੂੰ ਦੂਜੇ ਅਖ਼ਬਾਰਾਂ ਵਾਲਿਆਂ ਦੇ ਆਉਣ ਦਾ ਡਰ ਏ, ਜਿਹੜੇ ਇਸ ਖ਼ਬਰ ਨੂੰ ਹੋਰ ਵੀ ਦੂਰ ਤੀਕ ਫੈਲਾ ਦੇਣਗੇ। ਹਾਲਾਂਕਿ, ਮੈਨੂੰ ਸੱਚਮੁੱਚ ਕਿਸੇ ਚੀਜ਼ ਬਾਰੇ ਪੱਕਾ ਯਕੀਨ ਨਹੀਂ ਏ। ਜਿਸਮ ਦੀ ਇਕ-ਇਕ ਹਰਕਤ ਮੇਰੇ ਲਈ ਇਕ ਕੋਸ਼ਿਸ਼ ਏ, ਤੇ ਆਪਣੇ ਉੱਤੇ ਦੂਜਿਆਂ ਦੀਆਂ ਨਜ਼ਰਾਂ ਮਹਿਸੂਸ ਕਰਨਾ ਨਿਰੀ ਬੇਇੱਜ਼ਤੀ। ਅਜਿਹੇ ਸਖ਼ਤ ਤਜ਼ੁਰਬੇ ਪਿੱਛੋਂ ਕੋਈ ਖਾ, ਪੀ ਤੇ ਸੌਂ ਕਿੰਜ ਸਕਦਾ ਏ? ਪਰ ਇਸਦੇ ਬਾਵਜੂਦ, ਮੈਂ ਉੱਠ ਕੇ ਬਾਹਰ ਆਉਂਦੀ ਆਂ ਤੇ ਪੁਲਸ ਵਾਲਿਆਂ ਦੀ ਗੱਡੀ 'ਤੇ ਸਵਾਰ ਹੋ ਜਾਂਦੀ ਆਂ, ਜਿੱਥੇ ਮੈਂ ਆਪਣੀ ਚਾਦਰ ਵਿਚ ਆਪਣਾ ਮੂੰਹ ਲੁਕਾਅ ਲੈਂਦੀ ਆਂ, ਤੇ ਪਿੱਛੇ ਵੱਲ ਦੌੜਦੀ ਜਾ ਰਹੀ ਸੜਕ ਨੂੰ ਵੀ ਨਹੀਂ ਦੇਖਦੀ। ਮੈਂ ਇਕ ਅਲੱਗ ਔਰਤ ਈ ਬਣ ਗਈ ਆਂ।

ਮੈਂ ਖ਼ੁਦ ਨੂੰ ਫ਼ਰਸ਼ 'ਤੇ ਬੈਠਾ ਦੇਖਦੀ ਆਂ, ਅਜਨਬੀਆਂ ਨਾਲ, ਇਕ ਅਜਿਹੇ ਕਮਰੇ 'ਚ ਜਿਹੜਾ ਸਾਮਾਨ ਤੋਂ ਬਿਲਕੁਲ ਖ਼ਾਲੀ ਏ। ਮੈਨੂੰ ਕੁਝ ਪਤਾ ਨਹੀਂ ਕਿ ਮੈਂ ਇੱਥੇ ਕੀ ਕਰ ਰਹੀ-ਆਂ, ਜਾਂ ਅੱਗੇ ਕੀ ਹੋਣ ਵਾਲਾ ਏ। ਕੋਈ ਮੈਨੂੰ ਪੁੱਛਗਿੱਛ ਕਰਨ ਖ਼ਾਤਰ ਕਿਤੇ ਲੈ ਜਾਣ ਨਹੀਂ ਆਉਂਦਾ।
ਕਿਉਂਕਿ ਮੇਰੇ ਨਾਲ ਕੋਈ ਗੱਲ ਨਹੀਂ ਕਰਦਾ, ਨਾ ਮੈਨੂੰ ਕੁਝ ਸਮਝਾਉਂਦਾ ਏ, ਮੇਰੇ ਕੋਲ ਇਸ ਬਾਰੇ ਸੋਚਣ ਦਾ ਬੜਾ ਵਕਤ ਏ ਕਿ ਔਰਤਾਂ ਨਾਲ ਕੇਹਾ ਸਲੂਕ ਕੀਤਾ ਜਾਂਦਾ ਏ। ਇਹ ਮਰਦ ਈ ਨੇ ਜਿਹੜੇ 'ਜਾਣਦੇ' ਨੇ, ਔਰਤ ਨੂੰ ਬੱਸ ਚੁੱਪ ਰਹਿਣਾ ਤੇ ਇੰਤਜ਼ਾਰ ਕਰਨਾ ਚਾਹੀਦਾ ਏ। ਸਾਨੂੰ ਕੁਝ ਵੀ ਜਾਣਨ ਦੀ ਕੀ ਜ਼ਰੂਰਤ ਏ? ਮਰਦ ਤੈਅ ਕਰਦੇ ਨੇ, ਹਕੂਮਤ ਕਰਦੇ ਨੇ, ਕਦਮ ਚੁੱਕਦੇ ਨੇ, ਸਹੀ-ਗ਼ਲਤ ਦੇ ਫ਼ੈਸਲੇ ਕਰਦੇ ਨੇ। ਮੈਂ ਉਹਨਾਂ ਬੱਕਰੀਆਂ ਬਾਰੇ ਸੋਚਦੀ ਆਂ, ਜਿਹਨਾਂ ਨੂੰ ਖੇਤ ਵਿਚ ਘੁੰਮਣ-ਫਿਰਨ ਤੋਂ ਰੋਕਣ ਲਈ ਵਿਹੜੇ ਵਿਚ ਬੰਨ੍ਹ ਦਿੱਤਾ ਜਾਂਦਾ ਏ। ਇੱਥੇ ਮੇਰੀ ਹੈਸੀਅਤ ਵੀ ਇਕ ਬੱਕਰੀ ਤੋਂ ਵੱਧ ਨਹੀਂ, ਭਾਵੇਂ ਮੇਰੀ ਗਰਦਨ ਵਿਚ ਰੱਸੀ ਨਹੀਂ ਬੰਨ੍ਹੀ ਹੋਈ।
ਸਮਾਂ ਬੀਤਦਾ ਏ। ਜਦੋਂ ਸ਼ਕੂਰ ਤੇ ਮੇਰੇ ਅੱਬਾ ਇਹ ਦੇਖਣ ਲਈ ਆਉਂਦੇ ਨੇ ਕਿ ਕੀ ਹੋ ਰਿਹਾ ਏ ਤਾਂ ਪੁਲਸ ਉਹਨਾਂ ਨੂੰ ਵੀ ਮੇਰੇ ਨਾਲ ਉਸੇ ਕਮਰੇ 'ਚ ਬੰਦ ਕਰ ਦੇਂਦੀ ਏ, ਜਿੱਥੇ ਅਸੀਂ ਸਾਰਾ ਦਿਨ ਬੋਲਣ ਦੀ ਹਿੰਮਤ ਕੀਤੇ ਬਗ਼ੈਰ ਬੈਠੇ ਰਹਿੰਦੇ ਆਂ। ਸੂਰਜ ਡੁੱਬਣ ਵੇਲੇ ਪੁਲਸ ਸਾਨੂੰ ਗੱਡੀ ਵਿਚ ਬਿਠਾ ਕੇ ਵਾਪਸ ਪਿੰਡ ਲੈ ਆਉਂਦੀ ਏ। ਕੋਈ ਪੁੱਛਗਿੱਛ ਨਹੀਂ, ਕੋਈ 'ਰਸਮ ਅਦਾਇਗੀ' ਨਹੀਂ। ਹਮੇਸ਼ਾ ਵਾਂਗ ਮੈਨੂੰ ਅਹਿਸਾਸ ਹੁੰਦਾ ਕਿ ਮੈਨੂੰ ਧੱਕ ਕੇ ਕਿਸੇ ਚੀਜ਼ ਤੋਂ ਪਾਸੇ ਕਰ ਦਿੱਤਾ ਗਿਆ ਏ, ਪਰ ਮੈਨੂੰ ਨਹੀਂ ਪਤਾ ਕਿਸ ਚੀਜ਼ ਤੋਂ। ਜਦੋਂ ਮੈਂ ਬਾਲੜੀ ਸੀ, ਤੇ ਫੇਰ ਇਕ ਜਵਾਨ ਔਰਤ ਬਣੀ, ਤਾਂ ਮੈਂ ਬੱਸ ਏਨਾ ਕਰ ਸਕਦੀ ਸੀ ਕਿ ਗ਼ੌਰ ਨਾਲ ਵੱਡਿਆਂ ਦੀਆਂ ਗੱਲਾਂ ਸੁਣਾ ਤਾਕਿ ਸਮਝ ਸਕਾਂ ਉਹ ਕਿਸ ਚੀਜ਼ ਬਾਰੇ ਗੱਲਾਂ ਕਰ ਰਹੇ ਨੇ। ਮੈਂ ਨਾ ਤਾਂ ਸਵਾਲ ਪੁੱਛ ਸਕਦੀ ਸਾਂ, ਨਾ ਆਪਣੇ ਵੱਲੋਂ ਬੋਲ ਸਕਦੀ ਸਾਂ—ਮੈਂ ਸਿਰਫ਼ ਦੂਜੇ ਲੋਕਾਂ ਦੇ ਸ਼ਬਦਾਂ ਨੂੰ ਟੁਕੜਾ-ਟੁਕੜਾ ਜੋੜ ਕੇ ਇਹ ਸਮਝਣ ਦੀ ਉਡੀਕ ਕਰ ਸਕਦੀ ਸਾਂ ਕਿ ਮੇਰੇ ਇਰਦ-ਗਿਰਦ ਕੀ ਹੋ ਰਿਹਾ ਏ।
ਅਗਲੇ ਦਿਨ ਸਵੇਰੇ ਪੰਜ ਵਜੇ ਪੁਲਸ ਫੇਰ ਆਉਂਦੀ ਏ ਤੇ ਮੈਨੂੰ ਉਸੇ ਜਗ੍ਹਾ ਤੇ ਉਸੇ ਕਮਰੇ 'ਚ ਲੈ ਜਾਂਦੀ ਏ—ਜਿੱਥੇ ਮੈਂ ਸਾਰਾ ਦਿਨ ਗੁਜ਼ਾਰਦੀ ਆਂ—ਸੂਰਜ ਦੇ ਛਿਪਾਅ ਨਾਲ ਫੇਰ ਗੱਡੀ ਵਿਚ ਬਿਠਾਲ ਕੇ...ਮੁੜ ਘਰ ਲੈ ਜਾਏ ਜਾਣ ਲਈ। ਤੀਜੇ ਦਿਨ ਫੇਰ ਇਵੇਂ ਹੁੰਦਾ ਏ। ਉਹੀ ਕਮਰਾ, ਉਹੀ ਲੰਮਾ ਦਿਨ ਕੁਝ ਵੀ ਨਾ ਕਰਦਿਆਂ ਹੋਇਆਂ। ਮੈਨੂੰ ਪੱਕਾ ਯਕੀਨ ਤਾਂ ਨਹੀਂ ਏ ਕਿ ਇਹ ਕੈਦ ਇਲਾਕੇ 'ਚ ਅਖ਼ਬਾਰ ਵਾਲਿਆਂ ਦੀ ਮੌਜੂਦਗੀ ਕਾਰਨ ਏਂ, ਪਰ ਇਹ ਸ਼ੱਕ ਅੱਗੇ ਚੱਲ ਕੇ ਆਖ਼ਰਕਾਰ ਸੱਚਾ ਸਾਬਤ ਹੋਣ ਵਾਲਾ ਏ। ਮੈਨੂੰ ਜੇ ਪਤਾ ਹੁੰਦਾ ਤਾਂ ਮੈਂ ਘਰੋਂ ਬਾਹਰ ਆਉਣ ਤੋਂ ਇਨਕਾਰ ਕਰ ਦਿੱਤਾ ਹੁੰਦਾ। ਤੀਜੇ ਤੇ ਆਖ਼ਰੀ ਦਿਨ ਮੇਰੇ ਅੱਬਾ, ਸ਼ਕੂਰ ਤੇ ਮੁੱਲਾ ਨੂੰ ਵੀ ਉਸੇ ਥਾਨੇ ਵਿਚ ਲਿਆਂਦਾ ਜਾਂਦਾ ਏ। ਮੈਂ ਉਹਨਾਂ ਨੂੰ ਦੇਖ ਨਹੀਂ ਸਕਦੀ, ਕਿਉਂਕਿ ਅਸੀਂ ਅਲੱਗ-ਅਲੱਗ ਕਮਰਿਆਂ ਵਿਚ ਬੰਦ ਆਂ। ਪਿੱਛੋਂ ਮੈਨੂੰ ਪਤਾ ਲੱਗਦਾ ਏ ਕਿ ਇਕ ਸਜ਼ਾ-ਯਾਫ਼ਤਾ ਲੋਕਾਂ ਲਈ ਏ ਤੇ ਦੂਜਾ ਮੁਜਰਿਮਾਂ ਲਈ—ਮੈਂ ਸਜ਼ਾ-ਯਾਫ਼ਤਾ ਲੋਕਾਂ ਵਾਲੇ ਕਮਰੇ 'ਚ ਰੱਖੀ ਗਈ ਸਾਂ, ਮੁੱਲਾ ਤੇ ਮੇਰੇ ਘਰ ਵਾਲੇ ਦੂਜੇ ਕਮਰੇ ਵਿਚ। ਪਿੱਛੋਂ ਉਹ ਮੈਨੂੰ ਦੱਸਦੇ ਨੇ ਕਿ ਮੈਥੋਂ ਪਹਿਲਾਂ ਉਹਨਾਂ ਤਿੰਨਾਂ ਤੋਂ ਇਸ ਬਾਰੇ ਵਿਚ ਪੁੱਛਿਆ ਗਿਆ ਸੀ ਕਿ ਕੀ ਹੋਇਆ ਸੀ! ਆਖ਼ਰਕਾਰ ਜਦੋਂ ਮੈਨੂੰ ਪੁੱਛਗਿੱਛ ਲਈ ਲੈ ਜਾਇਆ ਜਾਂਦਾ ਏ ਤਾਂ ਮੁੱਲਾ ਨਾਲ ਮੇਰੀ ਮੁਲਾਕਾਤ ਹੁੰਦੀ ਏ, ਜਿਸਨੂੰ ਬੱਸ ਏਨਾ ਸਮਾਂ ਮਿਲਦਾ ਏ ਕਿ ਮੈਨੂੰ ਖ਼ਬਰਦਾਰ ਕਰ ਸਕੇ।
“ਹੋਸ਼ਿਆਰ ਰਹੀਂ! ਜੋ ਵੀ ਤੂੰ ਉਹਨਾਂ ਨੂੰ ਦੱਸਦੀ ਏਂ ਉਹ ਆਪਣੇ ਲਫ਼ਜ਼ਾਂ 'ਚ ਲਿਖਦੇ ਨੇ।”
ਹੁਣ ਮੇਰੀ ਵਾਰੀ ਏ, ਤੇ ਜਿਵੇਂ ਈ ਮੈਂ ਤਹਿਸੀਲ ਦੇ ਵੱਡੇ ਪੁਲਸ ਅਫ਼ਸਰ ਦੇ ਦਫ਼ਤਰ 'ਚ ਵੜਦੀ ਆਂ, ਮੇਰੀ ਸਮਝ 'ਚ ਆ ਜਾਂਦਾ ਏ।
“ਦੇਖ ਮੁਖ਼ਤਾਰ, ਅਸੀਂ ਮਸਤੋਈਆਂ ਨੂੰ ਬੜੀ ਚੰਗੀ ਤਰ੍ਹਾਂ ਜਾਣਦੇ ਆਂ। ਉਹ ਬੁਰੇ ਆਦਮੀ ਨਹੀਂ, ਪਰ ਤੂੰ ਉਹਨਾਂ ਦੇ ਖ਼ਿਲਾਫ਼ ਇਲਜ਼ਾਮ ਲਾ ਰਹੀ ਏਂ। ਇੰਜ ਕਿਉਂ ਕਰ ਰਹੀ ਏਂ ਤੂੰ? ਇਸਦਾ ਕੋਈ ਮਤਲਬ ਨਹੀਂ ਏਂ।”
“ਪਰ ਉਹਨਾਂ ਮੇਰੇ ਬਾਜੂ ਫੜ੍ਹ ਲਏ ਸਨ, ਤੇ ਮੈਂ ਮਦਦ ਲਈ ਚੀਕ ਰਹੀ ਸਾਂ, ਮੈਂ ਰਹਿਮ ਦੀ ਭੀਖ ਮੰਗੀ ਸੀ...”
“ਬੇਵਕੂਫ਼ ਲੜਕੀ, ਤੈਨੂੰ ਕਦੀ ਇਹ ਦਾਵਾ ਨਹੀਂ ਕਰਨਾ ਚਾਹੀਦਾ। ਜੋ ਕੁਝ ਤੂੰ ਹੁਣ ਤਕ ਕਿਹਾ ਏ, ਉਹ ਮੈਂ ਲਿਖ ਲਵਾਂਗਾ, ਤੇ ਤੈਨੂੰ ਪਹਿਲੀ ਰਿਪੋਰਟ ਪੜ੍ਹ ਕੇ ਸੁਣਾ ਦਿਆਂਗਾ। ਪਰ ਕਲ੍ਹ ਮੈਂ ਤੈਨੂੰ ਅਦਾਲਤ ਲੈ ਜਾਣਾ ਏ, ਤੇ ਜੱਜ ਸਾਹਮਣੇ ਤੈਨੂੰ ਖ਼ਬਰਦਾਰ ਰਹਿਣਾ ਪਏਗਾ, ਕਾਫ਼ੀ ਸਾਵਧਾਨ—ਤੂੰ ਠੀਕ-ਠੀਕ ਓਵੇਂ ਕਹੇਂਗੀ ਜੋ ਮੈਂ ਤੈਨੂੰ ਹੁਣ ਦੱਸ ਰਿਹਾਂ। ਮੈਂ ਹਰ ਚੀਜ਼ ਤਿਆਰ ਕਰ ਲਈ ਏ, ਤੇ ਮੈਨੂੰ ਪਤਾ ਏ ਇਹ ਤੇਰੀ ਬਿਹਤਰੀ ਲਈ ਏ, ਤੇ ਤੇਰੇ ਘਰ ਵਾਲਿਆਂ ਦੀ ਬਿਹਤਰੀ ਲਈ ਵੀ, ਤੇ ਉਹਨਾਂ ਨਾਲ ਤਾੱਲੁਕ ਰੱਖਣ ਵਾਲੇ ਬਾਕੀ ਸਾਰਿਆਂ ਲਈ ਵੀ।”
“ਉਹਨਾਂ ਮੇਰੀ ਇੱਜ਼ਤ ਲੁੱਟ ਲਈ।”
“ਤੈਨੂੰ ਇਹ ਨਹੀਂ ਕਹਿਣਾ ਚਾਹੀਦਾ ਕਿ ਤੇਰੀ ਇੱਜ਼ਤ ਲੁੱਟੀ ਗਈ ਏ।”
ਉਸਦੀ ਮੇਜ਼ 'ਤੇ ਇਕ ਕਾਗਜ਼ ਰੱਖਿਆ ਏ, ਜਿਸ ਉੱਤੇ ਉਸਨੇ ਪਹਿਲਾਂ ਈ ਕੁਝ ਲਿਖਿਆ ਹੋਇਆ ਏ। ਮੈਨੂੰ ਕਿੰਜ ਪਤਾ ਲੱਗੇ, ਉਸ ਉੱਤੇ ਕੀ ਲਿਖਿਆ ਏ? ਕਾਸ਼, ਮੈਂ ਪੜ੍ਹਨਾ ਜਾਣਦੀ ਹੁੰਦੀ! ਉਸਨੇ ਮੈਨੂੰ ਕਾਗਜ਼ 'ਤੇ ਨਜ਼ਰ ਮਾਰਦਿਆਂ ਦੇਖ ਲਿਆ ਏ, ਪਰ ਉਸਨੂੰ ਕੋਈ ਪ੍ਰਵਾਹ ਨਹੀਂ।
“ਤੂੰ ਅਬਦੁਲ ਖ਼ਾਲਿਦ ਦਾ ਨਾਂ ਨਹੀਂ ਲੈਣਾ...ਤੂੰ ਇਹ ਨਹੀਂ ਕਹਿਣਾ ਕਿ ਤੇਰੀ ਇੱਜ਼ਤ ਲੁੱਟੀ ਗਈ ਏ। ਤੂੰ ਇਹ ਨਹੀਂ ਕਹਿਣਾ ਕਿ ਉਹੀ ਸੀ ਜਿਸਨੇ ਕੁਛ ਕੀਤਾ ਸੀ।”
“ਪਰ ਉਹ ਉੱਥੇ ਸੀ।”
“ਠੀਕ ਏ—ਤੂੰ ਚਾਹੇਂ ਤਾਂ ਇਹ ਕਹਿ ਸਕਦੀ ਏਂ ਅਬਦੁਲ ਖ਼ਾਲਿਦ ਉੱਥੇ ਈ ਸੀ। ਹਰ ਕੋਈ ਇਹ ਜਾਣਦਾ ਏ। ਮਿਸਾਲ ਦੇ ਤੌਰ 'ਤੇ ਤੂੰ ਕਹੇਂਗੀ ਅਬਦੁਲ ਖ਼ਾਲਿਦ ਨੇ ਆਵਾਜ਼ ਦਿੱਤੀ ਸੀ, 'ਲਓ, ਉਹ ਖੜ੍ਹੀ ਉਹ! ਉਸਨੂੰ ਮੁਆਫ਼ ਕਰ ਦਿਓ'।”
ਬੱਸ, ਏਨਾ ਕਾਫ਼ੀ ਏ। ਮੈਂ ਸੜ-ਭੁੱਜ ਕੇ ਕਮਰੇ 'ਚੋਂ ਬਾਹਰ ਨਿਕਲ ਆਉਂਦੀ ਆਂ।
“ਮੈਨੂੰ ਪਹਿਲਾਂ ਈ ਹਰ ਗੱਲ ਦਾ ਪਤਾ ਏ ਜੋ ਮੈਂ ਕਹਿਣੀ ਏਂ, ਕਿਉਂਕਿ ਮੈਂ ਪਹਿਲਾਂ ਈ ਉਹ ਕਹਿ ਚੁੱਕੀ ਆਂ। ਮੈਂ ਤੁਹਾਡੀ ਬਕਵਾਸ ਨਹੀਂ ਸੁਣਨੀਂ ਜਨਾਬ!”
ਤੇ ਅਚਾਨਕ ਮੈਂ ਵਰਾਂਡੇ 'ਚ ਆਂ, ਉੱਥੋਂ ਬਾਹਰ ਨਿਕਲਣ ਲਈ ਤਿਆਰ! ਬੁਰੀ ਤਰ੍ਹਾਂ ਜਲੀਲ ਤੇ ਨਫ਼ਰਤ ਨਾਲ ਭਰੀ ਹੋਈ। ਮੇਰੇ ਸਾਹਮਣੇ ਸਾਫ਼ ਏ—ਪੁਲਸ ਵਾਲਾ ਚਾਹੁੰਦਾ ਏ, ਮੈਂ ਮਸਤੋਈਆਂ ਨੂੰ ਜ਼ਿਨਾ ਕਰਨ ਦੇ ਬਾਵਜੂਦ ਛੁੱਟ ਜਾਣ ਦਿਆਂ। ਉਸਨੇ ਸੋਚਿਆ ਏ ਕਿ ਉਹ ਮੈਨੂੰ ਡਰਾ ਕੇ ਸਾਰੇ ਇਲਜ਼ਾਮ ਵਾਪਸ ਲੈਣ ਲਈ ਮਨਾ ਲਏਗਾ। ਅੱਛਾ, ਤਾਂ ਉਹ ਉਹਨਾਂ ਨੂੰ ਬੜੀ ਚੰਗੀ ਤਰ੍ਹਾਂ ਜਾਣਦਾ ਏ, ਸੱਚਮੁੱਚ? ਤੇ ਉਹ ਬੁਰੇ ਆਦਮੀ ਨਹੀਂ? ਅੱਧਾ ਪਿੰਡ ਜਾਣਦਾ ਏ ਉਹ ਕਿੰਨੇ ਬੁਰੇ ਹੋ ਸਕਦੇ ਨੇ। ਮੇਰੇ ਚਾਚੇ ਨੂੰ ਪਤਾ ਏ ਤੇ ਮੇਰੇ ਅੱਬਾ ਨੂੰ ਵੀ। ਸ਼ਕੂਰ ਤੇ ਮੈਂ ਉਹਨਾਂ ਦਾ ਸ਼ਿਕਾਰ ਹੋਏ ਆਂ। ਤੇ ਜਦੋਂ ਉਹ ਬੁਰੇ ਆਦਮੀ ਨਹੀਂ ਬਣ ਰਹੇ ਹੁੰਦੇ ਤਾਂ ਬੱਸ ਉਹ ਇਹੀ ਕਰਦੇ ਨੇ ਕਿ ਮੇਰੀ ਜਾਤ-ਬਿਰਾਦਰੀ ਦੇ ਲੋਕਾਂ ਨੂੰ ਜ਼ਮੀਨ ਦੇ ਕੁਝ ਟੁਕੜੇ ਖ਼ਰੀਦਨ ਤੋਂ ਰੋਕ ਦੇਣ ਤਾਕਿ ਉਹ ਉਹਨਾਂ ਨੂੰ ਖ਼ੁਦ ਖ਼ਰੀਦ ਸਕਣ। ਜਾਗੀਰਦਾਰਾਂ ਦੀ ਤਾਕਤ ਇਹੀ ਹੁੰਦੀ ਏ। ਉਹ ਜ਼ਮੀਨ ਤੋਂ ਸ਼ੁਰੂ ਹੁੰਦੀ ਏ ਤੇ ਜ਼ਿਨਾ 'ਤੇ ਖ਼ਤਮ ਹੁੰਦੀ ਏ।
ਮੈਂ ਗ਼ਰੀਬ ਤੇ ਬੇ-ਪੜ੍ਹੀ-ਲਿਖੀ ਸਹੀ, ਤੇ ਮੈਂ ਆਪਣੀ ਟੰਗ ਕਦੀ ਮਰਦਾਂ ਦੇ ਮਾਮਲੇ 'ਚ ਨਹੀਂ ਅੜਾਈ, ਪਰ ਮੇਰੇ ਕੋਲ ਸੁਣਨ ਲਈ ਕੰਨ ਨੇ ਤੇ ਦੇਖਣ ਲਈ ਅੱਖਾਂ। ਨਾਲ ਈ ਬੋਲਣ ਲਈ ਆਵਾਜ਼—ਆਪਣੀ ਖ਼ਾਤਰ ਬੁਲੰਦ ਕਰਨ ਲਈ।
ਇਕ ਪੁਲਸ ਅਫ਼ਸਰ ਮੇਰੇ ਪਿੱਛੇ-ਪਿੱਛੇ ਆਇਆ ਏ। ਉਹ ਮੈਨੂੰ ਅੱਬਾ ਤੇ ਮੁੱਲਾ ਨਾਲੋਂ ਵੱਖ ਲੈ ਜਾਂਦਾ ਏ, ਜਿਹੜੇ ਦੂਜੇ ਦਫ਼ਤਰ ਦੇ ਦਰਵਾਜ਼ੇ ਸਾਹਮਣੇ ਹੁਣ ਵੀ ਇੰਤਜ਼ਾਰ ਕਰ ਰਹੇ ਨੇ।
“ਏਧਰ ਆ, ਮੇਰੀ ਗੱਲ ਸੁਣ...ਠੰਢ ਰੱਖ, ਮੁਖ਼ਤਾਰਨ ਬੀਬੀ! ਸੁਣ! ਤੂੰ ਉਹੀ ਕਹਿਣਾ ਏ ਜੋ ਅਸੀਂ ਤੈਨੂੰ ਕਹਿਣ ਲਈ ਦੱਸਦੇ ਪਏ ਆਂ, ਕਿਉਂਕਿ ਇਹੋ ਤੇਰੇ ਲਈ ਬਿਹਤਰ ਏ ਤੇ ਸਾਡੇ ਲਈ ਵੀ।”
ਮੈਨੂੰ ਜਵਾਬ ਦੇਣ ਦਾ ਕੋਈ ਮੌਕਾ ਨਹੀਂ ਮਿਲਦਾ। ਇਕ ਹੋਰ ਅਫ਼ਸਰ ਮੇਰੇ ਅੱਬਾ, ਸ਼ਕੂਰ ਤੇ ਮੁੱਲਾ ਨੂੰ ਦਫ਼ਤਰ ਵਿਚ ਹੱਕ ਕੇ ਲੈ ਜਾਂਦਾ ਏ।
“ਠੀਕ ਏ—ਸਾਨੂੰ ਫ਼ੌਰਨ ਇਸਨੂੰ ਨਿਪਟਾ ਲੈਣਾ ਚਾਹੀਦਾ ਏ! ਤੁਸੀਂ ਲੋਕ ਇਹਨਾਂ 'ਤੇ ਦਸਤਖ਼ਤ ਕਰ ਦਿਓ...ਅਸੀਂ ਰਿਪੋਰਟ ਭੇਜ ਦਿਆਂਗੇ।”
ਉਹ ਤਿੰਨ ਸਾਦੇ ਕਾਗਜ਼ ਚੁੱਕਦਾ ਏ, ਤੇ ਉਹਨਾਂ ਤਿੰਨਾਂ ਆਦਮੀਆਂ ਦੇ ਪਿੱਛੇ ਦਰਵਾਜ਼ਾ ਬੰਦ ਕਰ ਲੈਂਦਾ ਏ। ਤਕਰੀਬਨ ਫ਼ੌਰਨ ਈ, ਉਹ ਫੇਰ ਕਮਰੇ 'ਚੋਂ ਬਾਹਰ ਨਿਕਲਦਾ ਏ ਤੇ ਮੇਰੇ ਵੱਲ ਆਉਂਦਾ ਏ।
“ਤੇਰਾ ਬਾਪ, ਭਰਾ ਤੇ ਮੁੱਲਾ ਰਾਜ਼ੀ ਹੋ ਗਏ ਨੇ, ਉਹਨਾਂ ਨੇ ਦਸਤਖ਼ਤ ਕਰ ਦਿੱਤੇ ਨੇ, ਤੇ ਬਾਕੀ ਕੰਮ ਅਸੀਂ ਨਿਪਟਾ ਦਿਆਂਗੇ। ਚੌਥਾ ਸਫ਼ਾ ਤੇਰੇ ਲਈ ਏ, ਸੋ ਤੂੰ ਵੀ ਉਹੀ ਕਰ ਜੋ ਉਹਨਾਂ ਨੇ ਕੀਤਾ ਏ—ਅੰਗੂਠੇ ਦੀ ਨਿਸ਼ਾਨੀ ਲਾ ਦੇਅ। ਤੇ ਅਸੀਂ ਕਾਗਜ਼ 'ਤੇ ਠੀਕ ਉਹੀ ਲਿਖ ਦਿਆਂਗੇ ਜੋ ਤੂੰ ਦੱਸਿਆ ਏ, ਕੋਈ ਦਿੱਕਤ ਨਹੀਂ। ਆਪਣਾ ਅੰਗੂਠਾ ਇੱਥੇ ਲਾ ਦੇ।”
ਮੁੱਲਾ ਨੇ ਦਸਤਖ਼ਤ ਕਰ ਦਿੱਤੇ ਨੇ, ਤੇ ਮੈਨੂੰ ਉਸ ਉੱਤੇ ਭਰੋਸਾ ਏ। ਸੋ ਮੈਂ ਆਪਣੇ ਅੰਗੂਠੇ ਦਾ ਨਿਸ਼ਾਨ ਉਸ ਸਾਦੇ ਕਾਗਜ਼ ਦੇ ਹੇਠ, ਉੱਥੇ ਲਾ ਦੇਂਦੀ ਆਂ ਜਿੱਥੇ ਪੁਲਸ ਵਾਲਾ ਕਹਿੰਦਾ ਏ।
“ਬਿਲਕੁਲ ਠੀਕ! ਦੇਖ ਇਹ ਸਿਰਫ਼ ਰਸਮ-ਅਦਾਇਗੀ ਏ। ਛੇਤੀ ਈ ਤੈਨੂੰ ਅਦਾਲਤ 'ਚ ਲੈ ਜਾਵਾਂਗੇ, ਜੱਜ ਦੇ ਸਾਹਮਣੇ। ਇੱਥੇ ਈ ਰੁਕ।”
ਸੱਤ ਵਜੇ ਦੇ ਲਗਭਗ, ਸੂਰਜ ਢਲਣ ਪਿੱਛੋਂ, ਪੁਲਸ ਦੀਆਂ ਦੋ ਗੱਡੀਆਂ ਸਾਨੂੰ ਲੈ ਜਾਂਦੀਆਂ ਨੇ। ਮੁੱਲਾ ਪਹਿਲੀ ਗੱਡੀ 'ਚ ਜਾਂਦਾ ਏ, ਤੇ ਅਸੀਂ ਤਿੰਨੇ ਦੂਜੀ 'ਚ। ਰਸਤੇ 'ਚ ਪੁਲਸ ਨੂੰ ਜੱਜ ਦਾ ਇਕ ਖ਼ਬਰ-ਰਸੈਣ ਮਿਲਦਾ ਏ। ਉਹ ਉਹਨਾਂ ਨੂੰ ਖ਼ਬਰ ਦੇਂਦਾ ਏ ਕਿ ਸਾਹਬ ਅੱਜ ਅਦਾਲਤ 'ਚ ਨਹੀਂ ਆ ਸਕਦੇ ਕਿਉਂਕਿ ਉਹਨਾਂ ਦੇ ਘਰ ਮਹਿਮਾਨ ਆਏ ਹੋਏ ਨੇ। ਉਹ ਕਹਿੰਦਾ ਏ ਕਿ ਸਾਨੂੰ ਉਹਨਾਂ ਦੇ ਘਰ ਲਿਆਂਦਾ ਜਾਏ। ਜਦੋਂ ਅਸੀਂ ਉੱਥੇ ਪਹੁੰਚਦੇ ਆਂ, ਉਹ ਆਪਣਾ ਇਰਾਦਾ ਬਦਲ ਦੇਂਦਾ ਏ।
“ਨਹੀਂ, ਇੱਥੇ ਕੰਮ ਨਹੀਂ ਚੱਲੇਗਾ, ਇਹ ਬਹੁਤ ਸਾਰੇ ਲੋਕ ਨੇ। ਇਸ ਕੰਮ ਨੂੰ ਅਦਾਲਤ 'ਚ ਈ ਕਰਨਾ ਬਿਹਤਰ ਹੋਏਗਾ। ਇਹਨਾਂ ਨੂੰ ਉੱਥੇ ਲੈ ਜਾਓ, ਮੈਂ ਤੁਹਾਡੇ ਪਿੱਛੇ-ਪਿੱਛੇ ਆਉਂਦਾ ਆਂ।”
ਅਸੀਂ ਅਦਾਲਤ ਦੇ ਸਾਹਮਣੇ, ਬਾਹਰ ਖੁੱਲ੍ਹੇ ਵਿਚ ਖੜ੍ਹੇ ਆਂ, ਤੇ ਜਦੋਂ ਜੱਜ ਆਉਂਦਾ ਏ, ਮੈਂ ਦੇਖਦੀ ਆਂ ਕਿ ਪੁਲਸ ਦੀ ਇਕ ਗੱਡੀ ਫ਼ੈਜ਼ ਤੇ ਚਾਰ ਹੋਰ ਲੋਕਾਂ ਨੂੰ ਨਾਲ ਲਿਆਈ ਏ, ਜਿਹਨਾਂ ਨੂੰ ਮੈਂ ਹਨੇਰੇ 'ਚ ਸਾਫ਼-ਸਾਫ਼ ਨਹੀਂ ਦੇਖ ਸਕਦੀ। ਸਿਰਫ਼ ਫ਼ੈਜ਼ ਏ ਜਿਸਨੂੰ ਮੈਂ ਪਛਾਣ ਸਕਦੀ ਆਂ।
ਮੈਨੂੰ ਪਤਾ ਨਹੀਂ ਸੀ ਕਿ ਉਹਨਾਂ ਨੂੰ ਵੀ ਬੁਲਾਇਆ ਗਿਆ ਸੀ। ਪੁਲਸ ਕਰਕੇ ਮੈਂ ਤੇ ਮੇਰੇ ਘਰਵਾਲੇ ਆਪਸ 'ਚ ਗੱਲ ਨਹੀਂ ਕਰਦੇ। ਸ਼ਕੂਰ ਉਦਾਸ ਲੱਗ ਰਿਹਾ ਏ, ਬੁਰੀ ਤਰ੍ਹਾਂ ਪਸਤ। ਉਸਦੇ ਚਿਹਰੇ ਦੇ ਨਿਸ਼ਾਨ ਹੁਣ ਵੀ ਦੱਸਦੇ ਪਏ ਨੇ, ਉਸ ਉੱਤੇ ਕੀ ਬੀਤੀ ਏ—ਭਾਵੇਂ ਉਸਦੇ ਜ਼ਖ਼ਮਾਂ 'ਚੋਂ ਖ਼ੂਨ ਵਗਣਾ ਬੰਦ ਹੋ ਚੁੱਕਿਆ ਏ। ਹੁਣ ਤੀਕ ਮੇਰੇ ਭਰਾ ਨੇ ਮੇਰੇ ਬਾਪ ਦੇ ਸਿਵਾਏ ਹੋਰ ਕਿਸੇ ਨੂੰ ਨਹੀਂ ਦੱਸਿਆ ਕਿ ਉਸ ਨਾਲ ਕੀ ਹੋਇਆ ਸੀ। ਮੈਨੂੰ ਉਮੀਦ ਏ ਕਿ ਉਹ ਵੀ ਆਪਣੀ ਹਿਫ਼ਾਜ਼ਤ ਕਰ ਸਕੇਗਾ, ਪਰ ਉਹ ਛੋਟਾ ਏ, ਪੁਲਸ ਤੇ ਅਦਾਲਤ, ਦੋਵਾਂ ਦਾ ਸਾਹਮਣਾ ਕਰਨ ਲਈ ਬੜਾ ਛੋਟਾ, ਤੇ ਸਭ ਇਕੋ ਦਿਨ 'ਚ। ਮੈਂ ਸੋਚਦੀ ਆਂ ਕਿ ਕੀ ਉਸਨੂੰ ਵੀ, ਮੇਰੇ ਵਾਂਗ, ਸਲਾਹ ਦਿੱਤੀ ਗਈ ਏ ਕਿ ਕਿਸੇ 'ਤੇ ਇਲਜ਼ਾਮ ਨਾ ਲਾਏ।
ਖ਼ੁਸ਼ਕਿਸਮਤੀ ਨਾਲ ਮੇਰੇ ਅੱਬਾ ਇੱਥੇ ਈ ਨੇ। ਉਹ ਉਸੇ ਤਰ੍ਹਾਂ ਸਾਡੀ ਹਿਫ਼ਾਜ਼ਤ ਕਰ ਰਹੇ ਨੇ ਜਿਵੇਂ ਹਮੇਸ਼ਾ ਕਰਦੇ ਰਹੇ ਨੇ, ਕੁਝ ਦੂਜੇ ਪਿਓਆਂ ਵਾਂਗ ਨਹੀਂ, ਜਿਹੜੇ ਖ਼ੁਦ ਨੂੰ ਮੁਸੀਬਤ 'ਚੋਂ ਬਚਾਉਣ ਲਈ ਆਪਣੇ ਪੁੱਤਰ ਜਾਂ ਧੀ ਦੀ ਕੁਰਬਾਨੀ ਦੇਣ ਤੋਂ ਨਹੀਂ ਹਿਚਕਚਾਉਂਦੇ। ਜਦੋਂ ਉਹਨਾਂ ਨੂੰ ਅਹਿਸਾਸ ਹੋ ਗਿਆ ਸੀ ਕਿ ਮੇਰੇ ਸ਼ੌਹਰ ਦੇ ਤੌਰ 'ਤੇ ਜਿਹੜਾ ਆਦਮੀ ਚੁਣਿਆ ਗਿਆ ਸੀ ਉਹ ਇਕ ਬਦਨਾਮ ਉਜੱਡ ਸੀ ਜਿਹੜਾ ਆਪਣੀਆਂ ਜ਼ਿੰਮੇਦਾਰੀਆਂ ਨਹੀਂ ਸੀ ਪੂਰੀਆਂ ਕਰਦਾ, ਤਾਂ ਮੇਰੇ ਅੱਬਾ ਨੇ ਮੇਰੇ ਤਲਾਕ ਦੇ ਸਿਲਸਿਲੇ 'ਚ ਮੇਰੀ ਹਿਮਾਇਤ ਕੀਤੀ ਸੀ। ਉਹ ਕਦੀ ਡਾਵਾਂਡੋਲ ਨਹੀਂ ਹੋਏ, ਨਾ ਮੈਂ ਹੋਈ, ਜਦੋਂ ਤੀਕ ਕਿ ਮੈਂ ਤਲਾਕ ਹਾਸਲ ਨਹੀਂ ਕਰ ਲਿਆ—ਜਿਹੜਾ ਸਿਰਫ਼ ਸ਼ੌਹਰ ਈ ਦੇ ਸਕਦਾ ਏ। ਇਹ ਆਪਣੀ ਬੀਵੀ ਨੂੰ ਛੁਟਕਾਰਾ ਦੇਣ ਦਾ ਉਸਦਾ ਕਰਾਰ ਹੁੰਦਾ ਏ ਤੇ ਉਸਦੇ ਬਿਨਾਂ ਔਰਤ ਦਾ ਤਲਾਕ ਨਹੀਂ ਹੋ ਸਕਦਾ—ਵਰਨਾਂ ਮਾਮਲਾ ਅਦਾਲਤ 'ਚ ਜੱਜ ਦੇ ਸਾਹਮਣੇ ਪੇਸ਼ ਹੋਣਾ ਚਾਹੀਦਾ ਏ, ਜਿਹੜਾ ਇਕ ਮਹਿੰਗਾ ਸੌਦਾ ਏ, ਵੈਸੇ ਵੀ ਹਮੇਸ਼ਾ ਇਸਦੀ ਇਜਾਜ਼ਤ ਨਹੀਂ ਮਿਲਦੀ। ਮੈਂ ਮੁੜ ਆਪਣੀ ਆਜ਼ਾਦੀ ਆਪਣੇ ਬਾਪ ਤੇ ਆਪਣੀ ਜ਼ਿਦ ਦੀ ਬਦੌਲਤ ਹਾਸਲ ਕੀਤੀ, ਜੋ ਅਸਾਂ ਔਰਤਾਂ ਕੋਲ ਮਰਦਾਂ ਦੇ ਖ਼ਿਲਾਫ਼ ਇਕੋ-ਇਕ ਹਥਿਆਰ ਏ।
ਮੇਰੇ ਬਾਪ ਨੂੰ ਵਾਕੱਈ ਯਕੀਨ ਸੀ ਕਿ ਕਬੀਲੇ ਦੇ ਇਕ ਕਾਨੂੰਨ ਦੇ ਮੁਤਾਬਿਕ, ਜੀਹਦਾ ਉਸਨੂੰ ਪੱਕਾ ਅਹਿਸਾਸ ਸੀ ਕਿ ਕਿਤੇ ਲਿਖਿਆ ਹੋਇਆ ਸੀ, ਫ਼ੈਜ਼ ਨੂੰ ਪਿੰਡ ਦੀ ਪੰਚਾਇਤ ਸਾਹਵੇਂ ਦਿਖਾਉਣਾ ਚਾਹਿਆ ਸੀ। ਮੁਆਫ਼ੀ ਤਾਂ ਤਦ ਵੀ ਮੁਮਕਿਨ ਏ ਜਦ ਕਿਸੇ ਪੁਸ਼ਤੈਨੀ ਝਗੜੇ 'ਚ ਕਿਸੇ ਦਾ ਕਤਲ ਹੋ ਜਾਏ। ਪਰ ਹਕੀਕਤ ਵਿਚ ਉਹ ਕਾਨੂੰਨ ਤਾਕਤਵਰ ਲੋਕਾਂ ਦੀ ਤਰਫ਼ਦਾਰੀ ਕਰਦਾ ਏ—ਉਹ ਚਾਹੁਣ ਤਾਂ ਕਿਸੇ ਵੀ ਕਸੂਰ ਨੂੰ ਮੁਆਫ਼ ਕਰ ਸਕਦੇ ਨੇ, ਪਰ ਉਹਨਾਂ ਲਈ ਇੰਜ ਕਰਨਾ ਜ਼ਰੂਰੀ ਨਹੀਂ ਤੇ ਕਿਉਂਕਿ ਮਸਤੋਈਆਂ ਦੀ ਤਾਦਾਦ ਬਾਕੀ ਲੋਕਾਂ ਨਾਲੋਂ ਵੱਧ ਏ, ਜਿਰਗੇ ਦੀ ਬਾਗ-ਡੋਰ ਉਹਨਾਂ ਦੇ ਹੱਥ ਵਿਚ ਏ।
ਮਸਤੋਈਆਂ ਨੇ ਭੁਲਾਇਆ ਜਾਂ ਮੁਆਫ਼ ਨਹੀਂ ਸੀ ਕੀਤਾ, ਤੇ ਨਾ ਮੈਂ ਕਰਾਂਗੀ। ਜਿਹੜਾ ਕਸੂਰ ਉਹਨਾਂ ਦੇ ਦਾਅਵੇ ਦੇ ਮੁਤਾਬਿਕ ਉਹਨਾਂ ਦੇ ਖ਼ਿਲਾਫ਼ ਕੀਤਾ ਗਿਆ ਏ, ਉਹ ਉਸ ਤਕਲੀਫ਼ ਦੇ ਮੁਕਾਬਲੇ ਕੁਝ ਵੀ ਨਹੀਂ ਜਿਹੜੀ ਮੇਰੇ ਭਰਾ ਨੇ ਤੇ ਮੈਂ ਭੋਗੀ ਏ। ਇੱਜ਼ਤ 'ਤੇ ਮਸਤੋਈਆਂ ਦੀ ਕੋਈ ਇਜਾਰੇਦਾਰੀ ਨਹੀਂ।

ਮੈਂ ਜੱਜ ਦੇ ਸਾਹਮਣੇ ਖੜ੍ਹੀ ਆਂ—ਇਸ ਵਾਰੀ ਪਹਿਲਾਂ ਮੈਥੋਂ ਪੁੱਛ-ਗਿੱਛ ਹੋ ਰਹੀ ਏ। ਉਹ ਰੋਅਬਦਾਰ ਆਦਮੀ ਏਂ, ਬੜਾ ਤਹਿਜ਼ੀਬ ਵਾਲਾ, ਤੇ ਪਹਿਲਾ ਅਫ਼ਸਰ ਜਿਹੜਾ ਇਕ ਹੋਰ ਕੁਰਸੀ ਲਿਆਉਣ ਲਈ ਕਹਿੰਦਾ ਏ ਤਾਕਿ ਮੈਂ ਬੈਠ ਸਕਾਂ। ਆਪਣੀ ਜੱਜ ਦੀ ਕੁਰਸੀ ਦਾ ਮੈਨੂੰ ਰੋਅਬ ਦਿਖਾਉਣ ਦੀ ਬਜਾਏ, ਉਹ ਮੇਰੇ ਸਾਹਮਣੇ ਬੈਠ ਜਾਂਦਾ ਏ, ਮੇਜ਼ ਦੇ ਦੂਜੇ ਪਾਸੇ। ਉਹ ਪਾਣੀ ਦੀ ਇਕ ਸੁਰਾਹੀ ਤੇ ਗਲਾਸ ਵੀ ਮੰਗਵਾਉਂਦਾ ਏ। ਅਸੀਂ ਦੋਵੇਂ ਖ਼ੁਦ ਨੂੰ ਤਰੋਤਾਜ਼ਾ ਕਰਦੇ ਆਂ, ਤੇ ਮੈਂ ਉਸਦੀ ਸ਼ੁਕਰਗੁਜ਼ਾਰ ਆਂ, ਕਿਉਂਕਿ ਇਹ ਦਿਨ ਬੜਾ ਸਖ਼ਤ ਰਿਹਾ ਏ।
“ਯਾਦ ਰੱਖ ਮੁਖ਼ਤਾਰ ਬੀਬੀ, ਤੂੰ ਇਕ ਜੱਜ ਦੇ ਸਾਹਮਣੇ ਐਂ। ਸਭ ਕੁਛ, ਜੋ ਹੋਇਆ, ਉਹ ਮੈਨੂੰ ਬਿਲਕੁਲ ਸੱਚ-ਸੱਚ ਦੱਸ ਦੇ। ਘਬਰਾ ਨਾ। ਮੈਂ ਜਾਣਦਾ ਵਾਂ ਕਿ ਤੇਰੇ ਨਾਲ ਕੀ ਕੀਤਾ ਗਿਐ। ਇੱਥੇ ਤੂੰ ਮੇਰੇ ਤੇ ਮੇਰੇ ਪੇਸ਼ਕਾਰ ਨਾਲ ਇਕੱਲੀ ਏਂ, ਜਿਹੜਾ ਉਹ ਸਭ ਕੁਛ ਲਿਖੇਗਾ ਜੋ ਤੂੰ ਮੈਨੂੰ ਦੱਸੇਂਗੀ। ਇਹ ਇਕ ਕਾਨੂੰਨੀ ਅਦਾਲਤ ਏ, ਤੇ ਮੈਂ ਇਹੀ ਜਾਣਨ ਆਇਆਂ ਕਿ ਕੀ ਹੋਇਆ—ਤੂੰ ਖੁੱਲ੍ਹ ਕੇ ਗੱਲ ਕਰ ਸਕਦੀ ਏਂ।”
ਮੈਂ ਆਪਣੀ ਕਹਾਣੀ ਸ਼ੁਰੂ ਕਰਦੀ ਆਂ, ਜਿੰਨੀ ਸ਼ਾਂਤੀ ਨਾਲ ਮੈਂ ਕਰ ਸਕਦੀ ਆਂ, ਮੇਰਾ ਦਿਲ ਮੇਰੇ ਹਲਕ 'ਚ ਆ ਗਿਆ ਏ। ਆਪਣੀ ਉਸ ਬੇਇੱਜ਼ਤੀ ਬਾਰੇ ਗੱਲ ਕਰਨੀ ਬੇਹੱਦ ਤਕਲੀਫ਼ਦੇਹ ਏ, ਪਰ ਜੱਜ ਮੇਰਾ ਹੌਸਲਾ ਵਧਾਉਂਦਾ ਏ।
“ਧਿਆਨ ਰੱਖ,” ਉਹ ਮੈਨੂੰ ਯਾਦ ਕਰਵਾਉਂਦਾ ਰਹਿੰਦਾ ਏ। “ਮੈਨੂੰ ਸੱਚ ਦੱਸ। ਕਾਹਲੀ ਨਾ ਕਰ, ਘਬਰਾਅ ਨਾ। ਮੈਨੂੰ ਸਭ ਕੁਛ ਦੱਸ।”
ਮੈਨੂੰ ਉਸ ਉੱਤੇ ਸੱਚਮੁੱਚ ਯਕੀਨ ਹੋ ਜਾਂਦਾ ਏ। ਇਸ ਆਦਮੀ ਦੇ ਗੱਲ ਕਰਨ ਦੇ ਢੰਗ ਤੋਂ ਮੈਨੂੰ ਲੱਗਦਾ ਏ ਕਿ ਇਹ ਬੇਲਾਗ ਤੇ ਖਰਾ ਏ। ਉਸਨੇ ਮੈਨੂੰ ਪੁਲਸ ਵਾਲਿਆਂ ਵਾਂਗ ਧਮਕਾਉਣ ਜਾਂ ਮੇਰੇ ਮੂੰਹ 'ਚ ਆਪਣੇ ਸ਼ਬਦ ਪਾਉਣ ਤੋਂ ਸ਼ੁਰੂਆਤ ਨਹੀਂ ਕੀਤੀ। ਉਸਨੂੰ ਸਿਰਫ਼ ਸੱਚ ਚਾਹੀਦਾ ਏ, ਤੇ ਉਹ ਗ਼ੌਰ ਨਾਲ ਸੁਣਦਾ ਏ, ਹਿਕਾਰਤ ਦੇ ਬਿਨਾਂ। ਜਦੋਂ ਵੀ ਇਹ ਦੇਖਦਾ ਏ ਕਿ ਮੈਂ ਬੇਚੈਨ ਹੋ ਰਹੀ ਆਂ, ਜਜ਼ਬਾਤ ਸਦਕਾ ਕੰਬ ਜਾਂ ਪਸੀਨੋ-ਪਸੀਨੀ ਹੋ ਗਈ ਆਂ, ਉਹ ਮੈਨੂੰ ਰੋਕ ਦੇਂਦਾ ਏ।
“ਆਪਣਾ ਵਕਤ ਲੈ, ਆਰਾਮ ਨਾਲ ਗੱਲ ਕਰ। ਪਾਣੀ ਦਾ ਘੁੱਟ ਪੀ ਲੈ।”

ਪੁੱਛਗਿੱਛ ਡੇਢ ਘੰਟਾ ਚੱਲਦੀ ਏ। ਉਸ ਨਾਮੁਰਾਦ ਤਬੇਲੇ 'ਚ ਜੋ ਹੋਇਆ ਸੀ, ਜੱਜ ਉਸਦੀ ਇਕ-ਇਕ ਤਫ਼ਸੀਲ ਜਾਣਨਾ ਚਾਹੁੰਦਾ ਏ। ਮੈਂ ਉਸਨੂੰ ਹਰ ਗੱਲ ਦੱਸਦੀ ਆਂ, ਉਹ ਗੱਲਾਂ ਵੀ ਜਿਹੜੀਆਂ ਮੈਂ ਹਾਲੇ ਤੀਕ ਕਿਸੇ ਨੂੰ ਨਹੀਂ ਦੱਸੀਆਂ, ਖ਼ੁਦ ਆਪਣੀ ਮਾਂ ਨੂੰ ਵੀ ਨਹੀਂ। ਫੇਰ ਉਹ ਜਾ ਕੇ ਜੱਜਾਂ ਵਾਲੀ ਕੁਰਸੀ 'ਤੇ ਬੈਠ ਜਾਂਦਾ ਏ।
“ਤੂੰ ਮੈਨੂੰ ਸੱਚ ਦੱਸ ਕੇ ਚੰਗਾ ਕੀਤਾ। ਹੁਣ ਖ਼ੁਦਾ ਫ਼ੈਸਲਾ ਕਰੇਗਾ।”
ਉਹ ਲਿਖਣਾ ਸ਼ੁਰੂ ਕਰਦਾ ਏ, ਚੁੱਪਚਾਪ...ਤੇ ਮੈਂ ਏਨੀ ਪਸਤ ਹੋ ਗਈ-ਆਂ ਕਿ ਮੈਂ ਆਪਣਾ ਸਿਰ ਮੇਜ਼ 'ਤੇ ਟਿਕਾ ਦੇਂਦੀ ਆਂ। ਮੈਂ ਹੁਣ ਹੋਰ ਸਵਾਲ ਨਹੀਂ ਚਾਹੁੰਦੀ। ਮੈਂ ਸੌਣਾ ਚਾਹੁੰਦੀ ਆਂ। ਘਰ ਜਾਣਾ ਚਾਹੁੰਦੀ ਆਂ।
ਫੇਰ ਜੱਜ ਮੁੱਲਾ ਅਬਦੁਲ ਰੱਜ਼ਾਕ ਨੂੰ ਬੁਲਾਵਾ ਭੇਜਦਾ ਏ, ਜਿਸ ਨਾਲ ਉਹ ਉਸੇ ਇੱਜ਼ਤ ਨਾਲ ਪੇਸ਼ ਆਉਂਦਾ ਏ, ਜਿਹੜੀ ਉਸਨੇ ਮੇਰੇ ਸਿਲਸਿਲੇ 'ਚ ਦਿਖਾਈ ਸੀ।
“ਤੁਹਾਨੂੰ ਮੈਨੂੰ ਸੱਚ-ਸੱਚ ਦੱਸਣਾ ਪਏਗਾ। ਤੁਸੀਂ ਇਕ ਜ਼ਿੰਮੇਵਾਰ ਆਦਮੀ ਓਂ। ਮੈਥੋਂ ਕੁਛ ਨਾ ਲੁਕਾਇਓ।”
ਮੁੱਲਾ ਬੋਲਣਾ ਸ਼ੁਰੂ ਕਰਦਾ ਏ, ਪਰ ਉਸਦੀ ਆਵਾਜ਼ ਮੈਨੂੰ ਜਲਦੀ ਈ ਮੱਧਮ ਹੁੰਦੀ ਜਾਪਦੀ ਏ—ਥਕਾਣ ਦੇ ਮਾਰੇ, ਆਖ਼ਰਕਾਰ ਅਚਾਨਕ ਮੈਂ ਲੁੜਕ ਜਾਂਦੀ ਆਂ। ਫੇਰ ਮੈਨੂੰ ਕੁਝ ਯਾਦ ਨਹੀਂ ਕਿ ਅੱਗੇ ਕੌਣ ਆਇਆ, ਕੀ ਕਿਹਾ ਗਿਆ—ਸਭ ਕੁਝ ਧੁੰਦਲਾ-ਧੁੰਦਲਾ ਏ। ਮੈਨੂੰ ਤਦ ਤੀਕ ਹੋਸ਼ ਨਹੀਂ ਆਇਆ ਜਦ ਤੀਕ ਮੇਰੇ ਅੱਬਾ ਨੇ ਆ ਕੇ ਮੈਨੂੰ ਨਹੀਂ ਜਗਾਇਆ।
“ਮੁਖ਼ਤਾਰ, ਅਸੀਂ ਜਾ ਰਹੇ ਆਂ, ਚੱਲ ਉੱਠ! ਅਸੀਂ ਜਾਣਾ ਏਂ।”
ਜਿਵੇਂ ਈ ਮੈਂ ਅਦਾਲਤ 'ਚੋਂ ਬਾਹਰ ਜਾਣ ਲਈ ਉੱਠੀ, ਜੱਜ ਉੱਠਿਆ, ਮੇਰੇ ਕੋਲ ਆਇਆ, ਤੇ ਉਸਨੇ ਮੇਰੇ ਸਿਰ 'ਤੇ ਤਸੱਲੀ ਭਰਿਆ ਹੱਥ ਰੱਖ ਦਿੱਤਾ।
“ਹਾਰ ਨਾ ਮੰਨਣਾ। ਹਿੰਮਤ ਨਾਲ ਡਟੇ ਰਹਿਣਾ ਤੁਸੀਂ ਸਾਰੇ!”
ਪੁਲਸ ਆਖ਼ਰਕਾਰ ਸਾਨੂੰ ਘਰ ਲੈ ਜਾਂਦੀ ਏ। ਜਦੋਂ ਅਸੀਂ ਜਾਂਦੇ ਆਂ ਤਾਂ ਫ਼ੈਜ਼ ਤੇ ਉਸਦੇ ਨਾਲ ਵਾਲੇ ਦੂਜੇ ਲੋਕ ਮੈਨੂੰ ਨਜ਼ਰ ਨਹੀਂ ਆਉਂਦੇ, ਤੇ ਮੈਨੂੰ ਪਤਾ ਨਹੀਂ ਲੱਗਦਾ ਕਿ ਸਾਡੇ ਬਾਅਦ ਉਹਨਾਂ ਤੋਂ ਪੁੱਛਗਿੱਛ ਕੀਤੀ ਗਈ ਜਾਂ ਨਹੀਂ। ਖੈਰ ਜੀ, ਅਗਲੇ ਦਿਨ ਘਰ ਦੇ ਸਾਹਮਣੇ ਅਖ਼ਬਾਰ ਵਾਲੇ ਮੌਜੂਦ ਹੁੰਦੇ ਨੇ, ਅਜਨਬੀ ਲੋਕਾਂ ਦੇ ਨਾਲ, ਇਨਸਾਨੀ ਹੱਕਾਂ ਦੇ ਲਈ ਲੜਣ ਵਾਲੇ ਅਲੱਗ-ਅਲੱਗ ਸੰਗਠਨਾਂ ਤੋਂ ਆਈਆਂ ਔਰਤਾਂ ਤੇ ਮਰਦ। ਮੈਨੂੰ ਨਹੀਂ ਪਤਾ ਕਿ ਉਹ ਇੱਥੇ ਕਿੰਜ ਪਹੁੰਚੇ ਜਾਂ ਕਿਸ ਨੇ ਉਹਨਾਂ ਨੂੰ ਖ਼ਬਰ ਦਿੱਤੀ। ਮੇਰੀ ਮੁਲਾਕਾਤ ਬੀ.ਬੀ.ਸੀ. ਦੇ ਇਕ ਬੰਦੇ ਨਾਲ ਵੀ ਹੁੰਦੀ ਏ, ਇਕ ਪਾਕਿਸਤਾਨੀ ਜਿਹੜਾ ਇਸਲਾਮਾਬਾਦ ਤੋਂ ਸਾਰਾ ਰਸਤਾ ਤੈਅ ਕਰਕੇ ਆਇਆ ਏ। ਏਨੇ ਸਾਰੇ ਅਜਨਬੀ ਲੋਕ ਨੇ ਕਿ ਮੈਂ ਹਿਸਾਬ ਨਹੀਂ ਲਾ ਸਕੀ, ਤੇ ਸਾਡੇ ਛੋਟੇ-ਜਿਹੇ ਘਰ ਨੇ ਕਦੀ ਏਨੀ ਚਹਿਲ-ਪਹਿਲ ਨਹੀਂ ਦੇਖੀ—ਕੁੱਕੜੀਆਂ ਵਿਹੜੇ ਵਿਚ ਦੌੜਦੀਆਂ ਰਹੀਆਂ, ਕੁੱਤਾ ਭੌਂਕਦਾ ਰਿਹਾ, ਤੇ ਇਹ ਸਾਰੀ ਗਹਿਮਾ-ਗਹਿਮੀ ਮੇਰੇ ਇਰਦ-ਗਿਰਦ ਹੁੰਦੀ ਰਹੀ।
ਮੈਂ ਬਿਨਾਂ ਝਿਜਕੇ ਖੁੱਲ੍ਹ ਕੇ ਬੋਲਦੀ ਆਂ, ਤਦ ਜਦ ਕੋਈ ਬਹੁਤ ਜ਼ਿਆਦਾ ਬਿਓਰੇ ਮੰਗਦਾ ਏ। ਮੈਨੂੰ ਅਹਿਸਾਸ ਹੋ ਗਿਆ ਏ ਕਿ ਪਿੰਡ ਵਿਚ ਇਹ ਸ਼ੋਰ-ਸ਼ਰਾਬਾ ਈ ਮੈਨੂੰ ਗੁਆਂਢੀਆਂ ਦੀਆਂ ਧਮਕੀਆਂ ਤੋਂ ਬਚਾ ਸਕਦਾ ਏ, ਜਿਹਨਾਂ ਦੇ ਖੇਤ ਸਾਡੇ ਖੇਤਾਂ ਵਿਚੋਂ ਦਿਖਾਈ ਦੇਂਦੇ ਨੇ। ਜੇ ਏਨੇ ਸਾਰੇ ਲੋਕ ਮੇਰੇ ਬਾਰੇ ਵਿਚ ਪਤਾ ਲਾਉਣ ਆਏ ਨੇ ਤਾਂ ਸਿਰਫ਼ ਇਸ ਲਈ ਕਿ ਮੈਂ ਮੁਲਕ ਦੇ ਆਪਣੇ ਇਲਾਕੇ ਦੀਆਂ ਉਹਨਾਂ ਸਾਰੀਆਂ ਹੋਰ ਔਰਤਾਂ ਦੇ ਲਈ ਖੜ੍ਹੀ ਆਂ, ਜਿਹਨਾਂ ਨਾਲ ਜ਼ਬਰਦਸਤੀ ਕੀਤੀ ਗਈ ਏ। ਪਹਿਲੀ ਵਾਰੀ ਇਕ ਔਰਤ ਇਕ ਨਿਸ਼ਾਨਦੇਹੀ ਬਣ ਗਈ ਏ।
ਤੇ ਇਹਨਾਂ ਅਜਨਬੀਆਂ ਤੋਂ ਮੈਨੂੰ ਦੂਜੇ ਜ਼ਿਨਾ ਦੇ ਮਾਮਲਿਆਂ, ਜ਼ੋਰ-ਜ਼ਬਰਦਸਤੀਆਂ ਦੇ ਦੂਜੇ ਕਾਰਨਾਮਿਆਂ ਬਾਰੇ ਪਤਾ ਲੱਗਦਾ ਏ, ਜਿਹਨਾਂ ਨੂੰ ਅਖ਼ਬਾਰਾਂ 'ਚ ਲਿਖਿਆ ਗਿਆ ਏ। ਕੋਈ ਮੈਨੂੰ ਇਕ ਰਿਪੋਰਟ ਪੜ੍ਹ ਕੇ ਸੁਣਾਉਂਦਾ ਏ, ਜਿਸਨੂੰ ਅਲੱਗ-ਅਲੱਗ ਸੰਗਠਨਾਂ ਨੇ ਪਾਕਿਸਤਾਨੀ ਅਧਿਕਾਰੀਆਂ ਦੇ ਸਾਹਵੇਂ ਪੇਸ਼ ਕੀਤਾ ਏ। ਤੇ ਜਿਸ ਵਿਚ ਦਾਅਵਾ ਕੀਤਾ ਗਿਆ ਏ ਕਿ ਜੂਨ ਦੇ ਮਹੀਨੇ ਵੀਹ ਤੋਂ ਵੱਧ ਔਰਤਾਂ ਨਾਲ ਤਰਵੰਜਾ ਮਰਦਾਂ ਨੇ ਜ਼ਬਰਦਸਤੀ ਜ਼ਿਨਾ ਕੀਤੀ ਏ। ਦੋ ਔਰਤਾਂ ਮਰ ਚੁੱਕੀਆਂ ਨੇ। ਇਕ ਨੂੰ ਉਸਦੇ ਹਮਲਾਵਰਾਂ ਨੇ ਕਤਲ ਕਰ ਦਿੱਤਾ ਸੀ ਤਾਕਿ ਉਹ ਉਹਨਾਂ ਦੇ ਖ਼ਿਲਾਫ਼ ਆਵਾਜ਼ ਨਾ ਉਠਾਅ ਸਕੇ ਜਦਕਿ ਦੂਜੀ ਔਰਤ ਨੇ, ਇਸ ਗੱਲ ਤੋਂ ਮਾਯੂਸ ਹੋ ਕੇ ਕਿ ਪੁਲਸ ਉਸ ਨਾਲ ਜ਼ਿਨਾ ਕਰਨ ਵਾਲਿਆਂ ਨੂੰ ਗਿਰਫ਼ਤਾਰ ਨਹੀਂ ਕਰ ਸਕੀ ਸੀ, 2 ਜੁਲਾਈ ਨੂੰ ਖ਼ੁਦਕਸ਼ੀ ਕਰ ਲਈ ਸੀ—ਤਕਰੀਬਨ ਉਸੇ ਦਿਨ ਜਿਸ ਦਿਨ ਮੈਥੋਂ ਜੱਜ ਸਾਹਬ ਨੇ ਪੁੱਛਗਿੱਛ ਕੀਤੀ ਸੀ। ਇਸ ਸਭ ਨਾਲ ਮੇਰਾ ਡਟੇ ਰਹਿਣ ਤੇ ਸੱਚ ਤੇ ਇਨਸਾਫ਼ ਦੀ ਭਾਲ ਕਰਨ ਦਾ ਹੌਸਲਾ ਹੋਰ ਮਜ਼ਬੂਤ ਹੁੰਦਾ ਏ, ਪੁਲਸ ਦੇ ਦਬਾਅ ਤੇ ਅਜਿਹੀ 'ਰਵਾਇਤ' ਦੇ ਬਾਵਜੂਦ ਜੋ ਇਹ ਚਾਹੁੰਦੀ ਏ ਕਿ ਔਰਤਾਂ ਖ਼ਾਮੋਸ਼ੀ ਨਾਲ ਤਕਲੀਫ਼ ਸਹਿਣ...ਜਦਕਿ ਮਰਦ ਆਪਣੀ ਮਨ-ਆਈ ਕਰਨ।
ਖ਼ੁਦਕਸ਼ੀ ਮੇਰੇ ਦਿਮਾਗ਼ ਵਿਚ ਹੁਣ ਸਭ ਤੋਂ ਆਖ਼ਰੀ ਚੀਜ਼ ਏ।
“ਸਾਡੇ ਮੁਲਕ ਦੀਆਂ ਅੱਧੀਆਂ ਔਰਤਾਂ ਜ਼ਬਰਦਸਤੀ ਦਾ ਸ਼ਿਕਾਰ ਨੇ,” ਇਕ ਜੋਸ਼ੀਲੀ ਪਾਕਿਸਤਾਨੀ ਔਰਤ ਮੈਨੂੰ ਸਮਝਾਉਂਦੀ ਏ, “ਉਹਨਾਂ ਨੂੰ ਜਾਂ ਤਾਂ ਜਬਰਦਸਤੀ ਸ਼ਾਦੀ ਵਿਚ ਬੰਨ੍ਹ ਦਿੱਤਾ ਜਾਂਦਾ ਏ ਜਾਂ ਉਹਨਾਂ ਦੀ ਇਸਮਤ ਲੁੱਟ ਲਈ ਜਾਂਦੀ ਏ ਜਾਂ ਫੇਰ ਮਰਦਾਂ ਵਿਚਕਾਰ ਖ਼ਰੀਦਣ-ਵੇਚਣ ਵਾਲੀ ਚੀਜ਼ ਵਾਂਗ ਇਸਤੇਮਾਲ ਕੀਤਾ ਜਾਂਦਾ ਏ। ਔਰਤਾਂ ਕੀ ਸੋਚਦੀਆਂ ਨੇ, ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ, ਕਿਉਂਕਿ ਉਹਨਾਂ ਨੂੰ ਸੋਚਣ ਦੀ ਆਜ਼ਾਦੀ ਈ ਨਹੀਂ ਹੁੰਦੀ। ਉਹਨਾਂ ਨੂੰ ਇਸ ਗੱਲ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ ਕਿ ਉਹ ਪੜ੍ਹਨਾ ਜਾਂ ਲਿਖਣਾ ਸਿੱਖਣ, ਇਹ ਪਤਾ ਲਾਉਣ ਕਿ ਉਹਨਾਂ ਦੇ ਆਲੇ-ਦੁਆਲੇ ਦੀ ਦੁਨੀਆਂ 'ਚ ਕੀ ਹੋ ਰਿਹਾ ਏ। ਇਸ ਲਈ ਬੇ-ਪੜ੍ਹੀ-ਲਿਖੀ ਔਰਤ ਆਪਣੀ ਹਿਫ਼ਾਜ਼ਤ ਨਹੀਂ ਕਰ ਸਕਦੀ—ਉਸਨੂੰ ਆਪਣੇ ਹੱਕਾਂ ਬਾਰੇ ਕੁਛ ਵੀ ਪਤਾ ਨਹੀਂ ਹੁੰਦਾ ਤੇ ਉਹਨਾਂ ਦੀ ਬਗ਼ਾਵਤ ਨੂੰ ਨਾਕਾਮ ਕਰਨ ਲਈ ਉਹਨਾਂ ਦੇ ਮੂੰਹ ਵਿਚ ਸ਼ਬਦ ਠੋਸ ਦਿੱਤੇ ਜਾਂਦੇ ਨੇ। ਪਰ ਅਸੀਂ ਤੁਹਾਡੀ ਹਿਮਾਇਤ ਕਰਦੇ ਆਂ, ਹਿੰਮਤ ਰੱਖੋ...”
ਅਫ਼ਸਰਾਂ ਨੇ ਮੇਰੇ ਨਾਲ ਵੀ ਠੀਕ ਇਵੇਂ ਈ ਕਰਨ ਦੀ ਕੋਸ਼ਿਸ਼ ਕੀਤੀ ਸੀ—“ਤੂੰ ਉਹੀ ਕਹਿਣਾ ਏਂ ਜਿਹੜਾ ਅਸੀਂ ਤੈਨੂੰ ਕਹਿਣ ਲਈ ਦੱਸ ਰਹੇ ਆਂ, ਕਿਉਂਕਿ ਇਹੀ ਤੇਰੇ ਲਈ ਬਿਹਤਰ ਏ...”
ਇਕ ਪੱਤਰਕਾਰ ਮੈਨੂੰ ਦੱਸਦਾ ਏ ਕਿ ਫ਼ੈਜ਼ ਦੇ ਖ਼ਿਲਾਫ਼ ਇਕ ਪਿਛਲੀ ਸ਼ਿਕਾਇਤ ਵੀ ਲੱਭ ਲਈ ਗਈ ਏ, ਜਿਸਨੂੰ ਇਕ ਮਾਂ ਨੇ ਦਰਜ ਕਰਵਾਇਆ ਸੀ, ਜਿਸਦੀ ਜਵਾਨ ਧੀ ਨੂੰ ਉਸਨੇ ਉਸੇ ਸਾਲ, ਕੁਝ ਪਹਿਲਾਂ, ਅਗਵਾ ਕਰਵਾਇਆ ਸੀ। ਵਾਰੀ-ਵਾਰੀ ਉਸਦੀ ਇੱਜ਼ਤ ਲੁੱਟੀ ਸੀ ਤੇ ਉਦੋਂ ਛੱਡਿਆ ਸੀ ਜਦੋਂ ਸਥਾਨਕ ਅਖ਼ਬਾਰਾਂ ਨੇ ਖ਼ੁਦ ਮੇਰੇ ਇਲਜ਼ਾਮਾਂ ਦੀ ਖ਼ਬਰ ਛਾਪੀ ਸੀ।
ਏਨੀ ਸਾਰੀ ਜਾਣਕਾਰੀ ਨਾਲ ਮੇਰਾ ਸਿਰ ਘੁੰਮ ਰਿਹਾ ਏ, ਤੇ ਇੱਥੇ ਮੇਰੇ ਗਿਰਦ ਏਨੇ ਸਾਰੇ ਨਵੇਂ ਚਿਹਰੇ ਇਕੱਠੇ ਨੇ...

ਅਖ਼ਬਾਰ ਮੇਰੇ ਵੱਲ ਏਨਾ ਧਿਆਨ ਸਿਰਫ਼ ਇਸ ਲਈ ਦੇ ਰਹੇ ਨੇ, ਕਿਉਂਕਿ ਮੈਂ ਆਪਣਾ ਮਾਮਲਾ ਅਦਾਲਤ 'ਚ ਲੈ ਜਾ ਰਹੀ ਆਂ। ਤੇ ਇਕ ਤਰ੍ਹਾਂ ਨਾਲ, ਮੈਂ ਉਸ ਕਹਾਣੀ ਦਾ ਆਮ ਚਿਹਰਾ ਆਂ, ਜਿਹੜੀ ਪਾਕਿਸਤਾਨੀ ਔਰਤਾਂ ਨਾਲ ਸੰਬੰਧ ਰੱਖਦੀ ਏ।
ਮੈਂ ਬੇਹੱਦ ਖ਼ੁਸ਼ ਆਂ—ਮੈਨੂੰ ਮਹਿਸੂਸ ਹੁੰਦਾ ਏ ਕਿ ਮੈਂ ਆਪਣੇ ਇਰਦ-ਗਿਰਦ ਦੀਆਂ ਚੀਜ਼ਾਂ ਨੂੰ ਆਖ਼ਰਕਾਰ ਠੀਕ ਉਸੇ ਸ਼ਕਲ 'ਚ ਦੇਖ ਸਕਦੀ ਆਂ ਜਿਹੋ-ਜਿਹੀਆਂ ਉਹ ਸੱਚਮੁੱਚ ਨੇ। ਮੇਰੇ ਪਿੰਡ ਤੋਂ ਅੱਗੇ, ਸੂਬੇ ਤੋਂ ਅੱਗੇ, ਦੂਰ ਇਸਲਾਮਾਬਾਦ ਤੀਕ ਇਕ ਪੂਰੀ ਦੁਨੀਆਂ ਏ ਜਿਸ ਬਾਰੇ ਮੈਂ ਕਦੀ ਨਹੀਂ ਜਾਣਦੀ ਸੀ। ਜਦੋਂ ਮੈਂ ਬਾਲੜੀ ਸੀ, ਮੇਰੇ ਸਭ ਤੋਂ ਲੰਮੇ ਸਫ਼ਰ ਨੇੜੇ-ਤੇੜੇ ਦੇ ਪਿੰਡਾਂ ਤੀਕ ਹੁੰਦੇ ਸਨ ਜਿੱਥੇ ਅਸੀਂ ਰਿਸ਼ਤੇਦਾਰਾਂ ਜਾਂ ਘਰ ਵਾਲਿਆਂ ਦੇ ਦੋਸਤਾਂ ਨੂੰ ਮਿਲਣ ਜਾਂਦੇ ਹੁੰਦੇ ਸਾਂ। ਮੈਨੂੰ ਇਕ ਮਾਮਾ ਯਾਦ ਏ ਜਿਹੜਾ ਕਦੀ-ਕਦੀ ਸਾਡੇ ਘਰ ਰਹਿਣ ਲਈ ਆਉਂਦਾ ਹੁੰਦਾ ਸੀ। ਉਹ ਜਦੋਂ ਇਕ ਛੋਟਾ-ਜਿਹਾ ਮੁੰਡਾ ਹੁੰਦਾ ਸੀ, ਓਦੋਂ ਦਾ ਈ ਕਰਾਚੀ 'ਚ ਰਹਿੰਦਾ ਸੀ। ਜਦੋਂ ਉਹ ਸਮੁੰਦਰ, ਹਵਾਈ ਜਹਾਜ਼, ਪਹਾੜਾਂ ਤੇ ਦੂਰ-ਪਾਰ ਤੋਂ ਆਉਣ ਵਾਲੇ ਅਗਿਣਤ ਲੋਕਾਂ ਦੀਆਂ ਗੱਲਾਂ ਕਰਦਾ ਸੀ ਤਾਂ ਅਸੀਂ ਉਸਦੀਆਂ ਗੱਲਾਂ ਬੜੇ ਧਿਆਨ ਨਾਲ ਸੁਣਦੇ ਸਾਂ, ਮੈਂ ਤੇ ਮੇਰੀਆਂ ਭੈਣਾਂ। ਮੈਂ ਸੱਤ ਜਾਂ ਅੱਠ ਸਾਲ ਦੀ ਹੋਵਾਂਗੀ, ਤੇ ਮੈਨੂੰ ਉਹਨਾਂ ਸਾਰੀਆਂ ਚੀਜ਼ਾਂ ਦੀ ਕਲਪਨਾ ਕਰਨੀ ਮੁਸ਼ਕਲ ਹੁੰਦੀ ਸੀ। ਮੈਨੂੰ ਪਤਾ ਸੀ ਕਿ ਇੱਥੇ, ਆਪਣੇ ਪਿੰਡ 'ਚ, ਅਸੀਂ ਪਾਕਿਸਤਾਨ 'ਚ ਸਾਂ, ਤੇ ਸਾਡੇ ਮਾਮੇ ਦਾ ਕਹਿਣਾ ਸੀ ਕਿ ਪੱਛਮ 'ਚ ਹੋਰ ਵੀ ਕਈ ਮੁਲਕ ਸਨ, ਜਿਵੇਂ ਯੂਰਪ। ਰਹੀ ਮੈਂ, ਤਾਂ ਮੈਂ ਤਾਂ ਸਿਰਫ਼ ਅੰਗਰੇਜ਼ਾਂ ਬਾਰੇ ਸੁਣਿਆ ਸੀ, ਜਿਹਨਾਂ ਨੇ ਸਾਡੇ ਮੁਲਕ 'ਤੇ ਕਬਜ਼ਾ ਕੀਤਾ ਸੀ—ਪਰ ਮੈਂ ਉਹਨਾਂ ਵਿਚੋਂ ਕਦੀ ਕਿਸੇ ਨੂੰ ਦੇਖਿਆ ਨਹੀਂ ਸੀ। ਤੇ ਮੇਰੇ ਖ਼ਿਆਲ 'ਚ ਵੀ ਨਹੀਂ ਸੀ ਕਿ ਪਾਕਿਸਤਾਨ ਵਿਚ 'ਫ਼ਿਰੰਗੀ' ਵੀ ਰਹਿੰਦੇ ਸਨ। ਦੱਖਣੀ ਪੰਜਾਬ ਵਿਚ ਸਾਡਾ ਪਿੰਡ ਏਨਾ ਦੂਰ ਏ, ਕਿਸੇ ਵੀ ਸ਼ਹਿਰ ਤੋਂ ਏਨੇ ਫ਼ਾਸਲੇ 'ਤੇ...ਤੇ ਮੈਂ ਉਸ ਦਿਨ ਤੀਕ ਕਦੀ ਟੈਲੀਵਿਜ਼ਨ ਵੀ ਨਹੀਂ ਸੀ ਦੇਖਿਆ, ਜਦ ਤੀਕ ਸਾਡਾ ਕਰਾਚੀ ਵਾਲਾ ਮਾਮਾ ਇਕ ਟੈਲੀਵਿਜ਼ਨ ਨਹੀਂ ਲੈ ਆਇਆ...ਤਸਵੀਰਾਂ ਨੇ ਮੈਨੂੰ ਮੋਹ ਲਿਆ ਸੀ। ਮੇਰੀ ਸਮਝ 'ਚ ਨਹੀਂ ਸੀ ਆਉਂਦਾ ਕਿ ਉਸ ਅਜੀਬੋ-ਗ਼ਰੀਬ ਡੱਬੇ ਪਿੱਛੇ ਕੌਣ ਸੀ ਜਿਹੜਾ ਉਸ ਵਕਤ ਬੋਲ ਰਿਹਾ ਸੀ ਜਦ ਮੈਂ ਵੀ ਨਹੀਂ ਸੀ ਬੋਲ ਰਹੀ, ਹਾਲਾਂਕਿ ਕਮਰੇ 'ਚ ਮੇਰੇ ਸਿਵਾਏ ਹੋਰ ਕੋਈ ਨਹੀਂ ਸੀ।
ਇਹ ਕੈਮਰੇ ਜਿਹੜੇ ਮੇਰੀ ਫ਼ਿਲਮ ਬਣਾ ਰਹੇ ਨੇ—ਇਹ ਟੈਲੀਵਿਜ਼ਨ ਨੇ...ਇਹ ਫ਼ੋਟੋਗ੍ਰਾਫ਼ਰ—ਇਹ ਅਖ਼ਬਾਰ ਵਾਲੇ ਨੇ...
ਪਿੰਡ ਦੇ ਲੋਕ ਕਹਿੰਦੇ ਨੇ ਕਿ ਮੈਨੂੰ ਅਖ਼ਬਾਰ ਵਾਲੇ 'ਚੁੱਕ ਦੇ ਰਹੇ ਨੇ,' ਜਿਹੜੇ ਮੈਨੂੰ ਅਜਿਹੇ ਮਜ਼ਮੂਨ ਲਿਖਣ ਲਈ ਇਸਤੇਮਾਲ ਕਰ ਰਹੇ ਨੇ, ਜਿਹਨਾਂ ਨਾਲ ਪੰਜਾਬੀ ਅਫ਼ਸਰਾਂ ਤੇ ਅਧਿਕਾਰੀਆਂ ਦੀ ਸ਼ਰਮਿੰਦਗੀ ਵਧਦੀ ਜਾ ਰਹੀ ਏ—ਤੇ ਮੈਨੂੰ ਖ਼ੁਦਕਸ਼ੀ ਕਰਨ ਜਾਂ ਖ਼ੁਦ ਨੂੰ ਜਿਊਂਦੀ ਦਫ਼ਨ ਕਰ ਲੈਣ ਦੀ ਬਜਾਏ, ਇੰਜ ਕਰਨ 'ਤੇ ਸ਼ਰਮ ਆਉਣੀ ਚਾਹੀਦੀ ਏ—ਪਰ ਇਸ ਸਾਰੇ ਲੋਕ ਜਿਹੜੇ ਦੂਰੋਂ-ਬਾਹਰੋਂ ਇੱਥੇ ਆਏ ਨੇ, ਅਜੀਬ-ਗ਼ਰੀਬ ਚੀਜ਼ਾਂ ਸਿਖਾ ਰਹੇ ਨੇ। ਮਿਸਾਲ ਦੇ ਲਈ, ਮੇਰੇ ਭਰਾ ਤੇ ਫੇਰ ਮੇਰੇ ਨਾਲ ਕੀਤੀ ਗਈ ਜ਼ਬਰਦਸਤੀ ਦਰਅਸਲ ਸਾਨੂੰ ਇਸ ਇਲਾਕੇ 'ਚੋਂ ਭਜਾਉਣ ਲਈ ਚੱਲੀ ਗਈ ਮਸਤੋਈਆਂ ਦੀ ਇਕ ਚਾਲ ਸੀ। ਗੁਜਰਾਂ ਨਾਲ ਮਸਤੋਈਆਂ ਨੂੰ ਚਿੜ ਹੁੰਦੀ ਏ, ਜਿਹਨਾਂ ਨੂੰ ਚੰਗਾ ਨਹੀਂ ਲੱਗਦਾ ਜਦੋਂ ਸਾਡੀ ਜਾਤ ਦੇ ਕਿਸਾਨ ਉਹ ਖੇਤ ਖ਼ਰੀਦਦੇ ਨੇ ਜਿਹੜੇ ਉਹਨਾਂ ਦੀ ਮਲਕੀਅਤ ਨੇ। ਮੈਨੂੰ ਪਤਾ ਨਹੀਂ ਇਹ ਸੱਚ ਐ ਜਾਂ ਨਹੀਂ, ਪਰ ਮੇਰੇ ਘਰ ਦੇ ਕੁਝ ਲੋਕਾਂ ਨੂੰ ਇਹੋ ਵਿਸ਼ਵਾਸ ਏ, ਕਿਉਂਕਿ ਅਸੀਂ ਤਾਦਾਦ 'ਚ ਘੱਟ ਆਂ, ਇਸ ਲਈ ਕਿਸੇ ਗੁੱਜਰ ਲਈ ਕੋਈ ਜ਼ਮੀਨ ਖ਼ਰੀਦਣਾ ਮੁਸ਼ਕਲ ਏ।
ਤੇ ਅਖ਼ਬਾਰ ਵਾਲਿਆਂ ਨਾਲ ਇਹਨਾਂ ਗਹਿਮਾ-ਗਹਿਮੀ ਦੇ ਚਾਰ ਦਿਨਾਂ ਨੇ ਮੇਰੇ ਸਾਹਵੇਂ ਇਹ ਗੱਲ ਬੜੀ ਬੇ-ਰਹਿਮੀ ਨਾਲ ਸਾਫ਼ ਕਰ ਦਿੱਤੀ ਏ, ਆਖ਼ਰਕਾਰ, ਕਿ ਮੈਂ ਆਪ ਬੇ-ਪੜ੍ਹੀ-ਲਿਖੀ ਹੋਣ ਕਰਕੇ ਕਿੰਨੀ ਅਪਾਹਜ ਆਂ ਤੇ ਇਸ ਕਰਕੇ ਵੀ ਮੈਂ ਜ਼ਰੂਰੀ ਚੀਜ਼ਾਂ ਬਾਰੇ ਆਪਣਾ ਮਨ ਨਹੀਂ ਬਣਾ ਸਕਦੀ। ਇਸ ਨਾਲ ਮੈਨੂੰ ਹੁਣ ਸੱਚਮੁੱਚ ਤਕਲੀਫ਼ ਹੁੰਦੀ ਏ, ਆਪਣੇ ਘਰ ਵਾਲਿਆਂ ਦੀ ਨਿਸਬਤਨ ਗ਼ਰੀਬੀ ਨਾਲੋਂ ਵੱਧ। ਮੈਂ 'ਨਿਸਬਤਨ' ਕਹਿੰਦੀ ਆਂ, ਕਿਉਂਕਿ ਸਾਡੇ ਕੋਲ ਘੱਟੋਘੱਟ ਖਾਣ ਨੂੰ ਤਾਂ ਕਾਫ਼ੀ ਐ। ਤੇ ਸਹਾਰੇ ਲਈ ਸਾਡੇ ਕੋਲ ਦੋ ਬਲ੍ਹਦ, ਇਕ ਗਾਂ, ਅੱਠ ਬੱਕਰੀਆਂ ਤੇ ਇਕ ਗੰਨਿਆਂ ਦਾ ਖੇਤ ਐ। ਪਰ ਮੈਨੂੰ ਗੁੱਸਾ ਦਰਅਸਲ ਇਸ ਗੱਲ 'ਤੇ ਆਉਂਦਾ ਏ ਕਿ ਮੈਂ ਲਿਖੇ ਹੋਏ ਸ਼ਬਦਾਂ ਬਾਰੇ ਕੁਝ ਨਹੀਂ ਜਾਣਦੀ। ਕੁਰਾਨ ਈ ਮੇਰਾ ਇਕੱਲਾ ਖ਼ਜ਼ਾਨਾ ਏ—ਉਹ ਤਾਂ ਮੇਰੇ ਅੰਦਰ ਲਿਖੀ ਹੋਈ ਏ, ਮੇਰੀ ਯਾਦਾਸ਼ਤ ਵਿਚ, ਤੇ ਇਹੀ ਇਕ ਕਿਤਾਬ ਏ ਜਿਹੜੀ ਮੇਰੇ ਕੋਲ ਏ।
ਏਨਾ ਈ ਨਹੀਂ, ਉਹ ਬੱਚੇ ਜਿਹਨਾਂ ਨੂੰ ਮੈਂ ਕੁਰਾਨ ਪੜ੍ਹਨਾ ਸਿਖਾਉਂਦੀ ਸੀ, ਐਨ ਓਵੇਂ, ਜਿਵੇਂ ਮੈਨੂੰ ਸਿਖਾਇਆ ਗਿਆ ਸੀ, ਹੁਣ ਮੇਰੇ ਕੋਲ ਨਹੀਂ ਆਉਂਦੇ। ਇਕ ਸਮਾਂ ਸੀ ਜਦੋਂ ਟੀਚਰ ਦੀ ਹੈਸੀਅਤ ਨਾਲ ਮੇਰੀ ਇੱਜ਼ਤ ਸੀ, ਪਰ ਹੁਣ ਪਿੰਡ ਮੈਨੂੰ ਦੁਰ-ਦੁਰ ਕਰਦਾ ਏ—ਬਹੁਤ ਸਾਰੀਆਂ ਅਫ਼ਵਾਹਾਂ, ਬਹੁਤ ਸਾਰੇ ਵੱਡੇ ਸ਼ਹਿਰ ਦੇ ਅਖ਼ਬਾਰ ਵਾਲੇ, ਬਹੁਤ ਸਾਰੇ ਫ਼ੋਟੋਗ੍ਰਾਫ਼ਰ ਤੇ ਖ਼ਬਰਾਂ ਵਾਲੇ ਕੈਮਰੇ। ਬਹੁਤ ਸਾਰੀ ਬਦਨਾਮੀ। ਕੁਝ ਲੋਕਾਂ ਲਈ ਮੈਂ ਕਰੀਬ-ਕਰੀਬ ਹੀਰੋਇਨ ਆਂ, ਜਦਕਿ ਦੂਜਿਆਂ ਲਈ ਮੈਂ ਕੋੜ੍ਹੀ ਆਂ, ਇਕ ਝੂਠੀ ਜੋ ਮਸਤੋਈਆਂ ਲਈ ਮੁਸੀਬਤ ਖੜ੍ਹੀ ਕਰਨ ਦੀ ਜੁੱਰਤ ਕਰ ਰਹੀ ਆਂ। ਸੋ ਲੱਗਦਾ ਏ ਕਿ ਲੜਣ ਲਈ ਮੈਨੂੰ ਸਭ ਕੁਝ ਗੰਵਾਉਣਾ ਪਏਗਾ—ਮੇਰੀ ਨੇਕਨਾਮੀ, ਮੇਰੀ ਇੱਜ਼ਤ, ਉਹ ਸਭ ਕੁਝ ਜੋ ਕਦੀ ਮੇਰੀ ਜ਼ਿੰਦਗੀ ਸੀ—ਪਰ ਮਹੱਤਵਪੂਰਨ ਨਹੀਂ।
ਮੈਨੂੰ ਇਨਸਾਫ਼ ਚਾਹੀਦਾ ਏ।

ਪੰਜਵੇਂ ਦਿਨ, ਜ਼ਿਲੇ ਦਾ ਵੱਡਾ ਅਫ਼ਸਰ ਮੈਨੂੰ ਬੁਲਾਵਾ ਭੇਜਦਾ ਏ। ਦੋ ਪੁਲਸ ਵਾਲੇ ਮੈਨੂੰ, ਮੇਰੇ ਬਾਪ, ਸ਼ਕੂਰ ਤੇ ਮੁੱਲਾ ਨੂੰ ਆਪਣੇ ਨਾਲ ਮੁਜ਼ੱਫ਼ਰਗੜ੍ਹ ਲੈ ਜਾਣ ਲਈ ਆਉਂਦੇ ਨੇ। ਮੈਨੂੰ ਉਮੀਦ ਸੀ ਕਿ ਫ਼ਿਲਹਾਲ ਸਾਰੀ 'ਰਸਮ-ਅਦਾਇਗੀ' ਪੂਰੀ ਹੋ ਚੁੱਕੀ ਏ ਤੇ ਹੁਣ ਇਨਸਾਫ਼ ਆਪਣਾ ਕੰਮ ਕਰੇਗਾ, ਪਰ ਜਦੋਂ ਮੈਂ ਅਫ਼ਸਰ ਦੇ ਦਫ਼ਤਰ ਪਹੁੰਚਦੀ ਆਂ, ਮੈਨੂੰ ਉੱਥੇ ਥਾਨੇ ਦੇ ਦੋ ਅਫ਼ਸਰ ਮਿਲਦੇ ਨੇ—ਉਹੀ ਜਿਹੜੇ ਚਾਹੁੰਦੇ ਸਨ ਕਿ ਮੈਂ ਉਹ ਕਹਾਂ ਜੋ 'ਖ਼ੁਦ ਮੇਰੀ ਬਿਹਤਰੀ ਲਈ' ਸੀ। ਕੀ ਜ਼ੋਰ-ਦਬਾਅ ਦਾ ਚੱਕਰ ਫੇਰ ਸ਼ੁਰੂ ਹੋ ਜਾਏਗਾ? ਛੋਟੀ-ਜਿਹੀ ਗੱਲ ਵੀ ਹੁਣ ਮੈਨੂੰ ਬੇਚੈਨ ਕਰ ਦੇਂਦੀ ਏ, ਤੇ ਮੇਰੇ ਚਿਹਰੇ ਨੇ ਮੇਰੇ ਸ਼ੰਕਿਆਂ ਨੂੰ ਸਾਫ਼-ਸਾਫ਼ ਜਾਹਰ ਕਰ ਦਿੱਤਾ ਹੋਏਗਾ। ਮੈਂ ਆਪਣੇ ਬਾਪ ਤੇ ਮੁੱਲੇ 'ਤੇ ਭਰੋਸਾ ਕੀਤਾ ਸੀ ਜਦੋਂ ਮੈਂ ਪੁਲਸ ਵਾਲਿਆਂ ਦੇ ਕਾਗਜ਼ 'ਤੇ ਹੇਠਾਂ ਅੰਗੂਠਾ ਲਾਇਆ ਸੀ। ਉਹ ਕਾਗਜ਼ ਹੁਣ ਮੈਨੂੰ ਯਕੀਨ ਏ ਕਿ ਇਕ ਜਾਲ ਸੀ।
ਜ਼ਿਲੇਦਾਰ ਦੋਵਾਂ ਅਫ਼ਸਰਾਂ ਨੂੰ ਬਾਹਰ ਜਾਣ ਲਈ ਕਹਿੰਦਾ ਏ ਤਾਕਿ ਉਹ ਮੇਰੇ ਨਾਲ ਇਕਾਂਤ 'ਚ ਗੱਲ ਕਰ ਸਕੇ।
“ਪੁੱਤਰ, ਕੀ ਤੈਨੂੰ ਇਹਨਾਂ ਆਦਮੀਆਂ ਦੇ ਖ਼ਿਲਾਫ਼ ਕੋਈ ਸ਼ਿਕਾਇਤ ਏ? ਉਹਨਾਂ ਤੇਰੇ ਨਾਲ ਕੋਈ ਬੇਇਨਸਾਫ਼ੀ ਕੀਤੀ ਏ?”
“ਮੈਨੂੰ ਕੋਈ ਸ਼ਿਕਾਇਤ ਨਹੀਂ, ਸਿਵਾਏ ਇਸ ਦੇ ਕਿ ਇਹਨਾਂ 'ਚੋਂ ਇਕ ਨੇ ਜ਼ੋਰ ਦਿੱਤਾ ਸੀ ਕਿ ਮੈਂ ਇਕ ਸਾਦੇ ਕਾਗਜ਼ 'ਤੇ ਆਪਣਾ ਅੰਗੂਠਾ ਲਾਵਾਂ। ਉਸਨੇ ਇਕ ਹੋਰ ਕਾਗਜ਼ ਮੇਰੇ ਭਰਾ, ਮੇਰੇ ਪਿਓ ਤੇ ਮੁੱਲਾ ਲਈ ਤਿਆਰ ਕੀਤਾ ਸੀ। ਤੇ ਸਾਨੂੰ ਇਹ ਵੀ ਨਹੀਂ ਪਤਾ ਕਿ ਉਹਨਾਂ ਕਾਗਜ਼ਾਂ 'ਤੇ ਕੀ ਲਿਖਿਆ ਸੀ।”
“ਵਾਕੱਈ?”
ਜ਼ਿਲੇਦਾਰ ਹੈਰਾਨ ਲੱਗਦਾ ਏ, ਤੇ ਮੈਨੂੰ ਗ਼ੌਰ ਨਾਲ ਦੇਖਦਾ ਏ।
“ਕੀ ਤੈਨੂੰ ਉਸ ਆਦਮੀ ਦਾ ਨਾਂ ਪਤਾ ਏ?”
“ਨਹੀਂ, ਪਰ ਮੈਂ ਉਸਨੂੰ ਪਛਾਣ ਸਕਦੀ ਆਂ।”
“ਠੀਕ ਏ, ਮੈਂ ਉਹਨਾਂ ਦੋਵਾਂ ਨੂੰ ਵਾਪਸ ਬੁਲਾਵਾਂਗਾ, ਤੇ ਤੂੰ ਉਸ ਨੂੰ ਇਸ਼ਾਰੇ ਨਾਲ ਮੈਨੂੰ ਦੱਸ ਦਵੀਂ।”
ਉਹ ਦੋਵਾਂ ਆਦਮੀਆਂ ਨੂੰ ਆਪਣੇ ਦਫ਼ਤਰ 'ਚ ਵਾਪਸ ਬੁਲਾ ਭੇਜਦਾ ਏ। ਮੈਨੂੰ ਖ਼ਿਆਲ ਵੀ ਨਹੀਂ ਸੀ ਕਿ ਉਹ ਨਾਇਬ ਜ਼ਿਲੇਦਾਰ ਸੀ। ਖ਼ੈਰ, ਮੈਂ ਉਸ ਆਦਮੀ ਵੱਲ ਇਸ਼ਾਰਾ ਕਰਕੇ ਦੱਸ ਦੇਂਦੀ ਆਂ, ਜਿਸ ਪਿੱਛੋਂ ਜ਼ਿਲੇਦਾਰ ਬਿਨਾਂ ਕੁਝ ਕਹੇ ਉਹਨਾਂ ਨੂੰ ਬਾਹਰ ਭੇਜ ਦੇਂਦਾ ਏ।
“ਮੈਂ ਉਸਨੂੰ ਦੇਖ ਲਵਾਂਗਾ,” ਉਹ ਮੈਨੂੰ ਕਹਿੰਦਾ ਏ। “ਲੱਗਦਾ ਏ ਜਿਹੜੀ ਫ਼ਾਈਲ ਉਹਨਾਂ ਨੇ ਮੇਰੇ ਲਈ ਤਿਆਰ ਕੀਤੀ ਸੀ, ਉਸਨੂੰ ਉਹ ਲਿਆਉਣਾ ਭੁੱਲ ਗਏ ਨੇ—ਵੈਸੇ ਵੀ, ਇਹਨਾਂ ਨੂੰ ਚੰਗੀ ਤਰ੍ਹਾਂ ਨਹੀਂ ਪਤਾ ਉਸ ਵਿਚ ਕੀ ਕੁਝ ਲਿਖਿਆ ਏ। ਮੈਂ ਉਹਨਾਂ ਨੂੰ ਕਿਹਾ ਏ, ਉਸਨੂੰ ਲੱਭ ਕੇ ਮੇਰੇ ਕੋਲ ਲਿਆਉਣ। ਤੈਨੂੰ ਬਾਅਦ 'ਚ ਕਿਸੇ ਦਿਨ ਫੇਰ ਇੱਥੇ ਆਉਣ ਲਈ ਕਿਹਾ ਜਾਏਗਾ।”

ਤਿੰਨ ਚਾਰ ਦਿਨ ਬਾਅਦ, ਸਾਡੇ ਇਲਾਕੇ ਦੀ ਪੁਲਸ ਸਾਨੂੰ ਦੱਸਣ ਆਉਂਦੀ ਏ ਕਿ ਅਗਲੀ ਸਵੇਰ ਸਾਨੂੰ ਇਕ ਹੋਰ ਪੁੱਛਗਿੱਛ ਲਈ ਲੈ ਜਾਇਆ ਜਾਏਗਾ।
ਇਸ ਵਾਰੀ ਮੁਜ਼ੱਫ਼ਰਗੜ੍ਹ 'ਚ ਸਾਡੀ ਮੁਲਾਕਾਤ ਜ਼ਿਲੇਦਾਰ ਨਾਲ ਨਹੀਂ, ਬਲਕਿ ਉੱਥੋਂ ਦੇ ਹਸਪਤਾਲ ਦੇ ਇਕ ਡਾਕਟਰ ਨਾਲ ਹੁੰਦੀ ਏ। ਮਸਤੋਈਆਂ ਨੇ, ਲੱਗਦਾ ਏ, ਹੁਣ ਆਪਣੇ ਇਲਜ਼ਾਮ ਦਰਜ ਕਰਵਾਉਣ ਦਾ ਫ਼ੈਸਲਾ ਕੀਤਾ ਏ, ਤੇ ਸਲਮਾ ਨੂੰ ਆਪਣੇ ਨਾਲ ਲੈ ਆਏ ਨੇ ਤਾਕਿ ਉਹ ਪੁਲਸ ਨੂੰ ਦੱਸ ਸਕੇ ਕਿ ਮੇਰੇ ਭਰਾ ਨੇ ਉਸ ਨਾਲ ਜ਼ਬਰਦਸਤੀ ਕੀਤੀ ਸੀ, ਤੇ ਅਸਲ ਵਿਚ ਉਹ ਤਕਰੀਬਨ ਉਸੇ ਵੇਲੇ ਪਹੁੰਚੀ ਏ ਜਦ ਅਸੀਂ, ਪੁਲਸ ਦੀ ਇਕ ਅਲੱਗ ਗੱਡੀ ਵਿਚ ਪਹੁੰਚੇ ਆਂ। ਡਾਕਟਰ, ਸਲਮਾ ਤੇ ਸ਼ਕੂਰ ਦੋਵਾਂ ਦੀ ਜਾਂਚ ਕਰੇਗਾ। ਰਹੀ ਮੈਂ, ਤਾਂ ਮੈਨੂੰ ਅਜੇ ਤੀਕ ਕੋਈ ਅੰਦਾਜ਼ਾ ਨਹੀਂ ਏ ਕਿ ਮੈਂ ਇੱਥੇ ਕਿਉਂ ਆਂ। ਔਰਤ ਹੋਣ ਦੇ ਨਾਤੇ, ਮੈਨੂੰ ਚੰਗੀ ਤਰ੍ਹਾਂ ਪਤਾ ਏ ਕਿ ਸਲਮਾ ਦੀ ਜਾਂਚ ਕਰਨ ਵਿਚ ਕੁਝ ਜ਼ਿਆਦਾ ਈ ਦੇਰ ਹੋ ਚੁੱਕੀ ਏ। ਮੇਰੀ ਜਾਂਚ 30 ਜੂਨ ਨੂੰ ਇਕ ਡਾਕਟਰ ਨੇ ਕੀਤੀ ਸੀ, ਘਟਨਾ ਤੋਂ ਅੱਠ ਦਿਨ ਬਾਅਦ, ਤੇ ਮੈਨੂੰ ਯਕੀਨਨ ਪੁਲਸ ਕੋਲ ਉਸ ਤੋਂ ਪਹਿਲਾਂ ਈ ਜਾਣਾ ਚਾਹੀਦਾ ਸੀ, ਪਰ ਉਸ ਸਮੇਂ ਤਾਂ ਮੈਂ ਇੰਜ ਕਰਨ ਦੇ ਕਾਬਿਲ ਈ ਨਹੀਂ ਸਾਂ।
ਜਿਹੜੇ ਕੱਪੜੇ ਮੈਂ ਪਾਏ ਹੋਏ ਸਨ, ਉਹਨਾਂ ਨੂੰ ਪੁਲਸ ਦੇ ਲੈ ਜਾਣ ਤੋਂ ਪਹਿਲਾਂ ਈ, ਗੁਨਾਹ ਦੀ ਸ਼ਰਮਿੰਦਗੀ ਨੂੰ ਦਬਾਉਣ ਲਈ ਮੇਰੀ ਮਾਂ ਦੇ ਹੁਕਮ ਨਾਲ ਧੋ ਦਿੱਤਾ ਗਿਆ ਸੀ—ਪਰ ਮੈਨੂੰ ਬਾਅਦ ਵਿਚ ਜਾ ਕੇ ਪਤਾ ਲੱਗਿਆ ਕਿ ਜਾਂਚ ਕਰਨ ਵਾਲੀ ਡਾਕਟਰ ਨੇ ਉਸ ਗੱਲ ਦੀ ਤਾਈਦ ਕੀਤੀ ਸੀ, ਜਿਹੜੀ ਮੈਂ ਪਹਿਲਾਂ ਈ ਜਾਣਦੀ ਸਾਂ, ਕਿ ਮੈਨੂੰ ਅੰਦਰੂਨੀ ਚੋਟਾਂ ਆਈਆਂ ਸਨ, ਤੇ ਇਹ ਕਿ ਉਸਨੂੰ ਪੱਕਾ ਯਕੀਨ ਸੀ ਕਿ ਮੇਰੇ ਨਾਲ ਜ਼ਬਰਦਸਤੀ ਕੀਤੀ ਗਈ ਸੀ, ਹਾਲਾਂਕਿ ਉਸਨੇ ਉਸ ਸਮੇਂ ਇਸ ਬਾਰੇ ਮੈਨੂੰ ਕੁਝ ਵੀ ਨਹੀਂ ਸੀ ਕਿਹਾ। ਮੈਨੂੰ ਇਹ ਜਾਣ ਕੇ ਖ਼ੁਸ਼ੀ ਹੋਈ ਸੀ ਕਿ ਡਾਕਟਰਨੀ ਦੀ ਜਾਂਚ ਨੇ ਉਸਨੂੰ ਇਹ ਕਹਿਣ ਦੀ ਛੂਟ ਦੇ ਦਿੱਤੀ ਸੀ ਕਿ ਨਾ ਤਾਂ ਮੈਂ ਬਦਹਵਾਸ ਸੀ, ਨਾ ਪਾਗਲ! ਹਾਲਾਂਕਿ, ਬੇਇੱਜ਼ਤੀ ਦੇ ਨਿੱਜੀ ਜ਼ਖ਼ਮਾਂ ਦਾ ਅੰਦਾਜ਼ਾ ਕੋਈ ਨਹੀਂ ਲਾ ਸਕਦਾ, ਤੇ ਭਾਵੇਂ ਖ਼ੁਦਦਾਰੀ ਸਦਕਾ ਹੋਵੇ ਭਾਵੇਂ ਸ਼ਰਮਿੰਦਗੀ ਕਾਰਨ, ਮੈਂ ਕਿਸੇ ਹਾਲਤ ਵਿਚ, ਖ਼ੁਦ ਨੂੰ, ਉਹਨਾਂ ਬਾਰੇ ਗੱਲ ਕਰਨ ਲਈ ਰਾਜ਼ੀ ਨਹੀਂ ਕਰ ਸਕਦੀ।
ਰਹੀ ਸਲਮਾ, ਜਿਸਦਾ ਦਾਅਵਾ ਏ ਕਿ ਉਸਦੇ ਨਾਲ 22 ਜੂਨ ਨੂੰ ਜ਼ਿਨਾ ਕੀਤਾ ਗਿਆ, ਤਾਂ ਜਾਂਚ ਦੇ ਲਈ ਕੁਝ ਵਧੇਰੇ ਈ ਦੇਰ ਹੋ ਚੁੱਕੀ ਏ। ਜੇ ਉਹ ਕੁਆਰੀ ਨਹੀਂ ਏ, ਜਿਸ ਬਾਰੇ ਮੈਨੂੰ ਸ਼ੱਕ ਏ। ਸੋ ਇਸ ਲਈ, ਡਾਕਟਰ ਸ਼ਕੂਰ ਨੂੰ ਇਕ ਆਸਾਨ ਜਿਹੀ ਜਾਂਚ ਲਈ ਬੁਲਾਉਂਦਾ ਏ। ਉਸਦਾ ਅੰਦਾਜ਼ਾ ਏ ਕਿ ਮੇਰਾ ਭਰਾ ਵੱਧ ਤੋਂ ਵੱਧ ਬਾਰਾਂ-ਤੇਰਾਂ ਸਾਲ ਦਾ ਏ, ਜੋ ਮੇਰੇ ਬਾਪ ਨੂੰ ਖ਼ੁਦ ਪਤਾ ਏ।
ਮੈਂ ਕੁਦਰਤੀ ਤੌਰ 'ਤੇ, ਸਲਮਾ ਦੀ ਜਾਂਚ ਦੇ ਦੌਰਾਨ ਮੌਜੂਦ ਨਹੀਂ ਆਂ, ਪਰ ਬਾਅਦ ਵਿਚ ਜਾ ਕੇ, ਪਿੰਡ ਵਾਲਿਆਂ ਦੀਆਂ ਗੱਲਾਂ ਤੋਂ ਪਤਾ ਲੱਗਦਾ ਏ ਕਿ ਜਦੋਂ ਡਾਕਟਰ ਉਸਨੂੰ ਦੱਸਦੀ ਏ ਕਿ ਉਹ ਸ਼ਕੂਰ ਦੀ ਜਾਂਚ ਦੇ ਨਤੀਜਿਆਂ ਨੂੰ ਉਸਦੀ ਜਾਂਚ ਦੇ ਨਤੀਜਿਆਂ ਨਾਲ ਮਿਲਾ ਕੇ ਦੇਖੇਗੀ, ਤਾਂ ਉਹ ਸੁਰ ਬਦਲ ਲੈਂਦੀ ਏ।
“ਸ਼ਕੂਰ?” ਉਹ ਕੂਕਦੀ ਏ। “ਨਹੀਂ, ਉਹ ਨਹੀਂ ਸੀ ਜਿਸਨੇ ਮੇਰੇ ਨਾਲ ਜ਼ਬਰਦਸਤੀ ਕੀਤੀ! ਉਸਨੇ ਤਾਂ ਮੇਰੀਆਂ ਬਾਂਹਾਂ ਫੜੀਆਂ ਹੋਈਆਂ ਸੀ, ਜਦ ਉਸਦੇ ਵੱਡੇ ਭਰਾ ਤੇ ਤਿੰਨ ਚਚੇਰੇ ਭਰਾਵਾਂ ਨੇ ਮੇਰੀ ਇੱਜ਼ਤ ਲੁੱਟੀ।”
ਡਾਕਟਰ ਉਸ ਵੱਲ ਹੈਰਾਨੀ ਨਾਲ ਦੇਖਦੀ ਏ।
“ਕੀ ਬਕ ਰਹੀ ਏਂ ਤੂੰ? ਬਾਰਾਂ ਸਾਲ ਦੇ ਮੁੰਡੇ 'ਚ ਏਨੀ ਤਾਕਤ ਸੀ ਕਿ ਉਸਨੇ ਤੇਰੀਆਂ ਬਾਹਾਂ ਫੜੀ ਰੱਖੀਆਂ, ਇਕੱਲੇ ਨੇ, ਜਦ ਬਾਕੀ ਤਿੰਨ ਤੇਰੇ ਨਾਲ ਜ਼ਬਰਦਸਤੀ ਕਰ ਰਹੇ ਸੀ? ਇਹ ਕੋਈ ਮਜ਼ਾਕ ਏ ਕਿ?”
ਫੇਰ ਵੀ ਡਾਕਟਰ ਉਸਦੀ ਜਾਂਚ ਕਰਦੀ ਏ। ਉਹ ਉਸਦੀ ਉਮਰ ਦਾ ਅੰਦਾਜ਼ਾ ਤਕਰੀਬਨ ਸਤਾਈ ਸਾਲ ਲਾਉਂਦੀ ਏੇ, ਤੇ ਇਹ ਦਰਜ ਕਰਦੀ ਏ ਕਿ ਉਹ ਕਰੀਬ-ਕਰੀਬ ਤਿੰਨ ਸਾਲ ਤੋਂ ਮਰਦਾਂ ਨਾਲ ਸੌਂਦੀ ਰਹੀ ਏ, ਜਿਸ ਦੌਰਾਨ ਇਕ ਵਾਰੀ ਉਸਦਾ ਹਮਲ ਗਿਰ ਚੁੱਕਿਆ ਏ। ਨਤੀਜੇ ਦੇ ਤੌਰ 'ਤੇ, ਡਾਕਟਰ ਮਹਿਸੂਸ ਕਰਦੀ ਏ ਕਿ ਉਸਦੇ ਆਖ਼ਰੀ ਸਰੀਰਕ ਸੰਬੰਧ 22 ਜੂਨ ਦੇ ਫ਼ਰਜ਼ੀ ਜ਼ਿਨਾ-ਬਿਲ-ਜਬਰ ਤੋਂ ਪਹਿਲਾਂ ਹੋਏ ਸਨ।
ਮੈਨੂੰ ਠੀਕ-ਠੀਕ ਪਤਾ ਨਹੀਂ ਕਿ ਡਾਕਟਰ ਆਪਣੇ ਨਤੀਜਿਆਂ 'ਤੇ ਕਿੰਜ ਪਹੁੰਚੀ, ਪਰ ਮੈਨੂੰ ਹਰ ਰੋਜ਼ ਅਜਿਹੀਆਂ ਗੱਲਾਂ ਬਾਰੇ ਹੋਰ ਵੀ ਕਈ ਕੁਝ ਪਤਾ ਲੱਗਦਾ ਰਿਹਾ। ਮੇਰੇ ਭਰਾ ਦੇ ਸਿਲਸਿਲੇ ਵਿਚ ਉਹਨਾਂ ਜੋ ਤਰੀਕਾ ਇਸਤੇਮਾਲ ਕੀਤਾ, ਉਸਨੂੰ ਡੀ.ਐਨ.ਏ. ਟੈਸਟ ਕਹਿੰਦੇ ਨੇ। ਤੇ ਸ਼ਕੂਰ ਨੇ ਸਲਮਾ ਨਾਲ ਜ਼ਿਨਾ ਨਹੀਂ ਕੀਤਾ। ਉਹ ਤਾਂ ਸੰਯੋਗ ਨਾਲ ਉਸ ਸਮੇਂ ਕਮਾਦ 'ਚ ਸੀ ਜਦੋਂ ਸਲਮਾ ਵੀ ਉੱਥੇ ਸੀ, ਤੇ ਮਸਤੋਈਆਂ ਨੇ ਇਸਦਾ ਫ਼ਾਇਦਾ ਉਠਾਇਆ। ਅਖ਼ਬਾਰ ਸਾਰੇ-ਦੇ-ਸਾਰੇ ਕਹਿੰਦੇ ਨੇ ਕਿ ਉਹ ਉਸ ਨਾਲ ਇਸ਼ਕ ਕਰਦਾ ਸੀ। ਖ਼ੈਰ, ਲੋਕਾਂ ਨੂੰ ਕਿਸੇ 'ਤੇ ਇਸ਼ਕਬਾਜ਼ੀ ਦਾ ਇਲਜ਼ਾਮ ਲਾਉਣ ਲਈ ਇਕ ਨਿਗਾਹ ਈ ਕਾਫ਼ੀ ਹੁੰਦੀ ਏ। ਕੁੜੀਆਂ ਤੋਂ ਉਮੀਦ ਕੀਤੀ ਜਾਂਦੀ ਏ ਕਿ ਉਹ ਸ਼ਰਮੀਲੇਪਨ ਨਾਲ ਆਪਣੀਆਂ ਅੱਖਾਂ ਨੀਵੀਂਆਂ ਰੱਖਣ, ਪਰ ਸਲਮਾ—ਉਹ ਜੋ ਚਾਹੁੰਦੀ ਏ, ਕਰਦੀ ਏ। ਉਸਨੂੰ ਕੋਈ ਡਰ ਨਹੀਂ ਕਿ ਲੋਕ ਉਸਨੂੰ ਦੇਖਦੇ ਨੇ, ਤੇ ਉਹ ਤਾਂ ਇਹ ਕੋਸ਼ਿਸ਼ ਵੀ ਕਰਦੀ ਏ ਕਿ ਲੋਕ ਉਸਨੂੰ ਦੇਖਣ।
ਜੋ ਜ਼ਿੰਦਗੀ ਮੈਂ ਹੁਣ ਤੀਕ ਗੁਜ਼ਾਰਦੀ ਆਈ ਆਂ, ਕੁਰਾਨ ਸਿਖਾਉਂਦੇ ਹੋਏ, ਉਹ ਉਹਨਾਂ ਇਹਨਾਂ ਸਾਰੇ ਗ਼ਲੀਜ਼ ਮਾਮਲਿਆਂ ਤੋਂ ਦੂਰ ਇਕ ਹੋਰ ਈ ਦੁਨੀਆਂ ਸੀ। ਮੇਰੇ ਘਰ ਵਾਲਿਆਂ ਨੇ ਮੈਨੂੰ ਤੇ ਮੇਰੀਆਂ ਭੈਣਾਂ ਨੂੰ ਇਸ ਤਰ੍ਹਾਂ ਪਾਲਿਆ-ਪਲੋਸਿਆ ਕਿ ਅਸੀਂ ਰਵਾਇਤਾਂ ਦੀ ਇੱਜ਼ਤ ਕਰੀਏ, ਤੇ ਸਭਨਾਂ ਛੋਟੀਆਂ ਕੁੜੀਆਂ ਵਾਂਗ ਮੈਂ ਜਦੋਂ ਦਸ ਸਾਲ ਦੀ ਸੀ ਉਦੋਂ ਮੈਨੂੰ ਪਤਾ ਲੱਗ ਗਿਆ ਸੀ ਕਿ ਮੁੰਡਿਆਂ ਨਾਲ ਗੱਲ ਕਰਨ ਦੀ ਮਨਾਹੀ ਸੀ। ਮੈਂ ਇਸ ਪਾਬੰਦੀ ਨੂੰ ਕਦੀ ਨਹੀਂ ਤੋੜਿਆ। ਮੈਂ ਸ਼ਾਦੀ ਵਾਲੇ ਦਿਨ ਤੋਂ ਪਹਿਲਾਂ ਕਦੀ ਆਪਣੇ ਸ਼ੌਹਰ ਦਾ ਚਿਹਰਾ ਨਹੀਂ ਸੀ ਦੇਖਿਆ। ਖ਼ੁਦ ਮੈਂ ਉਸਨੂੰ ਨਹੀਂ ਚੁਣਿਆ ਸੀ, ਪਰ ਮੈਂ ਆਪਣੇ ਘਰ ਵਾਲਿਆਂ ਦੀ ਇੱਜ਼ਤ ਕਰਦੀ ਆਂ, ਤੇ ਇਸ ਮਾਮਲੇ 'ਚ ਮੈਂ ਉਹਨਾਂ ਦੀ ਇੱਛਾ ਦਾ ਪਾਲਣ ਕੀਤਾ ਸੀ। ਦੂਜੇ ਪਾਸੇ, ਸਲਮਾ ਗ਼ੈਰ-ਸ਼ਾਦੀਸ਼ੁਦਾ ਏ ਤੇ ਉਸਨੂੰ ਪਾਕ-ਸਾਫ਼ ਤੇ ਬੇਦਾਗ਼ ਹੋਣਾ ਚਾਹੀਦਾ ਸੀ, ਤੇ ਉਸਦੇ ਘਰ ਵਾਲੇ ਕੁਝ ਖਿਚੜੀ ਪਕਾ ਰਹੇ ਨੇ—ਪਹਿਲਾਂ ਉਹਨਾਂ ਨੇ ਮੇਰੇ ਭਰਾ 'ਤੇ ਗੰਨੇ ਚੁਰਾਉਣ ਦਾ ਇਲਜ਼ਾਮ ਲਾਇਆ, ਫੇਰ ਸਲਮਾ ਨਾਲ ਸੌਣ ਦਾ, ਤੇ ਹੁਣ ਦਾਅਵਾ ਕਰ ਰਹੇ ਨੇ ਕਿ ਉਸਨੇ ਖ਼ੁਦ ਉਸ ਨਾਲ ਜ਼ਬਰਦਸਤੀ ਨਹੀਂ ਕੀਤੀ, ਬਲਕਿ ਮੇਰੇ ਵੱਡੇ ਭਰਾ ਤੇ ਕੁਝ ਹੋਰ ਚਚੇਰੇ ਭਰਾਵਾਂ ਨੇ ਉਸ ਦੇ ਨਾਲ ਜ਼ਬਰਦਸਤੀ ਕੀਤੀ...ਮੈਂ ਹੌਸਲਾ ਰੱਖਣ ਦੀ ਪੂਰੀ ਕੋਸ਼ਿਸ਼ ਕਰ ਰਹੀ ਆਂ, ਪਰ ਕਦੀ-ਕਦੀ ਇਹਨਾਂ ਸਾਰੇ ਝੂਠਾਂ ਬਾਰੇ ਸੋਚ ਕੇ ਮਾਯੂਸ ਵੀ ਹੋ ਜਾਂਦੀ ਆਂ। ਮੈਨੂੰ ਇਨਸਾਫ਼ ਕਿੰਜ ਮਿਲ ਸਕਦਾ ਏ ਜਦ ਇਹ ਲੋਕ, ਮੇਰੇ ਗੁਆਂਢੀ, ਲਗਾਤਾਰ ਆਪਣੀ ਕਹਾਣੀ ਵਿਚ ਕਸੀਦਾਕਾਰੀ ਕਰਦੇ ਰਹਿੰਦੇ ਨੇ, ਉਸ ਚਾਦਰ ਵਾਂਗ ਜਿਸ 'ਤੇ ਹਰ ਰੋਜ਼ ਇਕ ਨਵਾਂ ਰੰਗ ਚੜ੍ਹ ਜਾਂਦਾ ਏ।
ਮੈਂ ਜਾਣਦੀ ਆਂ ਕਿ ਮੇਰੇ ਛੋਟੇ ਜਿਹੇ ਭਰਾ ਤੇ ਮੇਰੇ ਉੱਤੇ ਕੀ ਬੀਤ ਰਹੀ ਏ।
ਸ਼ਕੂਰ ਨੇ ਜੱਜ ਨੂੰ ਦੱਸਿਆ ਸੀ ਕਿ ਉਸ ਕੁਣਬੇ ਦੇ ਤਿੰਨ ਲੋਕਾਂ ਨੇ ਉਸਨੂੰ ਫੜ੍ਹ ਕੇ ਉਸ ਨਾਲ ਬੁਰਾ ਕੰਮ ਕੀਤਾ ਸੀ, ਤੇ ਇਹ ਕਿ ਉਹ ਚੀਕਿਆ ਸੀ, “ਮੈਂ ਆਪਣੇ ਅੱਬਾ ਨੂੰ ਦੱਸਾਂਗਾ, ਮੈਂ ਪੁਲਸ ਨੂੰ ਦੱਸ ਦਿਆਂਗਾ।” ਉਦੋ ਈ ਇਹਨਾਂ ਆਦਮੀਆਂ ਨੇ ਉਸਨੂੰ ਧਮਕੀ ਦਿੱਤੀ ਸੀ ਕਿ ਜੇ ਉਸਨੇ ਮੂੰਹ ਖੋਲ੍ਹਿਆ ਤਾਂ ਉਹ ਉਸਨੂੰ ਮਾਰ ਦੇਣਗੇ। ਫੇਰ ਉਹ ਉਸਨੂੰ ਆਪਣੀ ਹਵੇਲੀ ਵਿਚ ਘਸੀਟ ਲੈ-ਗਏ, ਉਸਨੂੰ ਇਕ ਕਮਰੇ 'ਚ ਬੰਦ ਕਰ ਦਿੱਤਾ, ਉਸਨੂੰ ਕੁੱਟਿਆ-ਮਾਰਿਆ, ਉਸਦੇ ਨਾਲ ਫੇਰ ਗ਼ਲਤ ਕੰਮ ਕੀਤਾ, ਤੇ ਉਸਨੂੰ ਪੁਲਸ ਨੂੰ ਤਦ ਸੌਂਪਿਆ ਜਦ ਮੇਰੇ ਬਾਪ ਨੇ ਦਖ਼ਲ ਦਿੱਤਾ ਜਿਹੜਾ ਕਈ ਘੰਟਿਆਂ ਦਾ ਉਸਨੂੰ ਲੱਭ ਰਿਹਾ ਸੀ।
ਇੱਥੇ ਪਾਕਿਸਤਾਨ ਵਿਚ ਕਿਸੇ ਔਰਤ ਲਈ ਇਹ ਸਾਬਤ ਕਰਨਾ ਮੁਸ਼ਕਲ ਏ ਕਿ ਉਸਦੇ ਨਾਲ ਬਲਾਤਕਾਰ ਕੀਤਾ ਗਿਆ ਏ, ਕਿਉਂਕਿ ਕਾਨੂੰਨ ਦੇ ਮੁਤਾਬਿਕ ਉਸਨੂੰ ਜੁਰਮ ਦੇ ਚਾਰ ਚਸ਼ਮਦੀਦ ਮਰਦ ਗਵਾਹ ਪੇਸ਼ ਕਰਨੇ ਪੈਂਦੇ ਨੇ। ਬਦਕਿਸਮਤੀ ਨਾਲ, ਮੇਰੇ ਤੇ ਮੇਰੇ ਭਰਾ, ਦੋਵਾਂ ਦੇ ਨਾਲ ਕੀਤੇ ਗਏ ਬਲਾਤਕਾਰ ਦੇ ਚਸ਼ਮਦੀਦ ਗਵਾਹ ਤਾਂ ਸਿਰਫ਼ ਉਹੀ ਨੇ ਜਿਹੜੇ ਖ਼ੁਦ ਮੁਜਰਿਮ ਨੇ।

ਜਦੋਂ ਇਸ ਸਵੇਰ ਪੁਲਸ ਆਈ ਸੀ ਤਾਂ ਮੈਂ ਸੋਚਿਆ ਸੀ ਕਿ ਉਹ ਸਿਰਫ਼ ਮੈਨੂੰ ਜ਼ਿਲੇਦਾਰ ਨਾਲ ਮੁਲਾਕਾਤ ਲਈ ਲੈ ਜਾ ਰਹੇ ਨੇ, ਪਰ ਇਸ ਦੀ ਬਜਾਏ ਉਹ ਮੈਨੂੰ ਤੇ ਸ਼ਕੂਰ ਨੂੰ ਗੱਡੀ ਵਿਚ ਬਿਠਾ ਕੇ ਹਸਪਤਾਲ ਲੈ ਆਏ ਸਨ। ਹੁਣ ਮੈਨੂੰ ਨੇੜੇ ਦੇ ਇਕ ਦਫ਼ਤਰ ਵਿਚ ਲੈ ਜਾਇਆ ਜਾਂਦਾ ਏ ਜਿਹੜਾ ਜੇਨਰਲ ਕਾਊਂਸਲ ਦੇ ਸਦਰ (ਪ੍ਰਧਾਨ) ਦਾ ਏ ਤੇ ਜਿੱਥੇ ਮੈਨੂੰ ਇਕ ਔਰਤ ਮੇਰੀ ਉਡੀਕ ਕਰ ਰਹੀ ਮਿਲਦੀ ਏ।
ਉਹ ਸਰਕਾਰ 'ਚ ਵਜ਼ੀਰ ਏ ਤੇ ਉਸਨੂੰ ਹਦਾਇਤ ਦਿੱਤੀ ਗਈ ਏ ਉਹ ਮੈਨੂੰ 5,00,000 ਰੁਪਏ ਦਾ ਇਕ ਚੈਕ ਦਵੇ। ਮੈਂ ਮਿਜ਼ਾਜ਼ ਦੀ ਕੁਝ ਸ਼ੱਕੀ ਆਂ, ਤੇ ਇਹਨਾਂ ਘਟਨਾਵਾਂ ਨੇ ਮੈਨੂੰ ਹੋਰ ਵੀ ਹੁਸ਼ਿਆਰ ਰਹਿਣ ਲਈ ਮਜਬੂਰ ਕਰ ਦਿੱਤਾ ਏ। ਮੈਨੂੰ ਡਰ ਲੱਗਦਾ ਏ ਕਿ ਚੈਕ ਇਕ ਜਾਲ ਏ।
ਕੁਝ ਪਲਾਂ ਲਈ ਉਸ ਔਰਤ ਦੀਆਂ ਤਸੱਲੀ ਦੇਣ ਵਾਲੀਆਂ ਗੱਲਾਂ ਸੁਣਦੀ ਹੋਈ ਮੈਂ, ਉਸਦੇ ਹੱਥ 'ਚ ਫੜੀ ਪੇਸ਼ਕਸ਼ ਨੂੰ ਦੇਖਦੀ ਆਂ। ਮੈਂ ਚੈਕ ਲੈ ਲੈਂਦੀ ਆਂ, ਨੰਬਰਾਂ ਨੂੰ ਦੇਖੇ ਬਿਨਾਂ ਈ। ਉਸਨੇ ਜੋ ਕਿਹਾ, ਉਹ ਮੈਂ ਸੁਣਿਆਂ ਤੇ ਉਹ ਹੋਸ਼ ਗੁੰਮ ਕਰ ਦੇਣ ਵਾਲਾ ਏ। 5,00,000 ਰੁਪਏ। ਮੈਂ ਕਦੀ ਏਨੀ ਵੱਡੀ ਰਕਮ ਬਾਰੇ ਸੋਚਿਆ ਵੀ ਨਹੀਂ ਏ। ਕੋਈ ਇਸ ਨਾਲ ਏਨੀਆਂ ਸਾਰੀਆਂ ਚੀਜ਼ਾਂ ਖ਼ਰੀਦ ਸਕਦਾ ਏ...ਕਾਰ ਜਾਂ ਟਰੈਕਟਰ, ਕੌਣ ਜਾਣੇ ਕੀ-ਕੀ...ਮੇਰੇ ਪਰਿਵਾਰ ਵਿਚ ਕੌਣ ਏ ਜਿਸਦੇ ਕੋਲ ਕਦੀ 5,00,000 ਰੁਪਏ ਹੋਏ ਨੇ? ਜਾਂ ਜਿਸ ਨੂੰ ਕਦੀ ਇਕ ਚੈਕ ਮਿਲਿਆ ਏ।
ਕੁਦਰਤੀ ਤੌਰ 'ਤੇ, ਸੋਚੇ ਬਿਨਾਂ ਮੈਂ ਉਸ ਕਾਗਜ਼ ਨੂੰ ਮਸਲ ਕੇ ਫ਼ਰਸ਼ 'ਤੇ ਸੁੱਟ ਦੇਂਦੀ ਆਂ, ਉਸ ਮਨਿਸਟਰ ਬੀਬੀ ਦੇ ਪ੍ਰਤੀ ਕਿਸੇ ਗੁੱਸੇ ਦੇ ਭਾਵ ਨਾਲ ਨਹੀਂ, ਬਲਕਿ ਉਸ ਚੈਕ ਲਈ ਨਫ਼ਰਤ ਕਾਰਨ ਏ।
“ਮੈਨੂੰ ਇਸਦੀ ਜ਼ਰੂਰਤ ਨਹੀਂ।”
ਕੁਝ ਕਿਹਾ ਨਹੀਂ ਜਾ ਸਕਦਾ—ਜੇ ਇਹ ਔਰਤ ਮੈਨੂੰ ਏਨੇ ਸਾਰੇ ਪੈਸੇ ਦੇ ਰਹੀ ਏ ਤਾਂ ਸ਼ਾਇਦ ਉਸਨੂੰ ਕਿਸੇ ਨੇ ਮਾਮਲੇ ਨੂੰ ਰਫ਼ਾ-ਦਫ਼ਾ ਕਰਨ ਲਈ ਭੇਜਿਆ ਹੋ ਸਕਦਾ ਏ। ਪਰ ਉਹ ਇਸਰਾਰ ਕਰਦੀ ਏ—ਇਕ ਵਾਰੀ, ਦੋ ਵਾਰੀ, ਤਿੰਨ ਵਾਰੀ—ਕਿ ਮੈਂ ਚੈਕ ਲੈ ਲਵਾਂ। ਉਸਨੇ ਚੰਗੇ ਕੱਪੜੇ ਪਾਏ ਹੋਏ ਨੇ, ਉਹ ਇੱਜ਼ਤਦਾਰ ਔਰਤ ਨਜ਼ਰ ਆਉਂਦੀ ਏ ਤੇ ਉਸਦੀਆਂ ਅੱਖਾਂ ਝੂਠਾਂ ਨਾਲ ਧੁੰਦਲਾਈਆਂ ਨਹੀਂ ਲੱਗਦੀਆਂ।
“ਮੈਨੂੰ ਚੈਕ ਦੀ ਜ਼ਰੂਰਤ ਨਹੀਂ,” ਮੈਂ ਆਖ਼ਰ ਵਿਚ ਉਸਨੂੰ ਕਹਿੰਦੀ ਆਂ। “ਮੈਨੂੰ ਇਕ ਸਕੂਲ ਚਾਹੀਦੈ।”
ਉਹ ਮੁਸਕਰਾਈ।
“ਸਕੂਲ ?”
“ਹਾਂ, ਆਪਣੇ ਪਿੰਡ ਦੀਆਂ ਕੁੜੀਆਂ ਲਈ ਇਕ ਸਕੂਲ। ਸਾਡੇ ਉੱਥੇ ਕੋਈ ਸਕੂਲ ਨਹੀਂ। ਜੇ ਤੁਸੀਂ ਸੱਚਮੁੱਚ ਮੈਨੂੰ ਕੁਝ ਦੇਣਾ ਚਾਹੁੰਦੇ ਓਂ ਤਾਂ ਮੇਰਾ ਇਹ ਕਹਿਣਾ ਏਂ—ਮੈਨੂੰ ਚੈਕ ਨਹੀਂ ਚਾਹੀਦਾ, ਪਰ ਮੈਨੂੰ ਆਪਣੇ ਪਿੰਡ ਲਈ ਕੁੜੀਆਂ ਦਾ ਇਕ ਸਕੂਲ ਜ਼ਰੂਰ ਚਾਹੀਦਾ ਐ।”
“ਮੈਂ ਸਮਝਦੀ ਆਂ, ਤੇ ਅਸੀਂ ਤੇਰੀ ਇਕ ਸਕੂਲ ਬਣਾਉਣ ਵਿਚ ਵੀ ਮਦਦ ਕਰਾਂਗੇ, ਪਰ ਸ਼ੁਰੂਆਤ ਕਰਨ ਲਈ ਕਮ-ਸੇ-ਕਮ ਇਹ ਚੈਕ ਤਾਂ ਕਬੂਲ ਕਰ ਲੈ। ਇਸਨੂੰ ਆਪਣੇ ਅੱਬਾ ਨਾਲ ਵੰਡ ਲਵੀਂ। ਮੈਂ ਵਾਦਾ ਕਰਦੀ ਆਂ ਕਿ ਅਸੀਂ ਇਕ ਸਕੂਲ ਵੀ ਬਣਵਾਵਾਂਗੇ। ਇਸ ਦੌਰਾਨ, ਤੈਨੂੰ ਵਕੀਲ ਨੂੰ ਦੇਣ ਲਈ ਪੈਸਿਆਂ ਦੀ ਲੋੜ ਪਏਗੀ, ਜਿਸ ਵਿਚ ਕਾਫ਼ੀ ਖ਼ਰਚ ਆਏਗਾ।”
ਮੈਨੂੰ ਇਹ ਪਤਾ ਏ। ਔਰਤਾਂ ਦੇ ਹੱਕਾਂ ਲਈ ਲੜਣ ਵਾਲੇ ਇਕ ਸੰਗਠਨ ਨਾਲ ਜੁੜੇ ਇਕ ਪਾਕਿਸਤਾਨੀ ਨੇ ਮੈਨੂੰ ਦੱਸਿਆ ਸੀ ਕਿ ਇਕ ਚੰਗੇ ਵਕੀਲ ਦੀ ਫੀਸ 25,000 ਰੁਪਏ ਹੋ ਸਕਦੀ ਏ। ਤੇ ਇਹ ਕਿ ਮੁਕੱਦਮਾਂ ਲੰਮੇ ਸਮੇਂ ਤੀਕ ਚੱਲ ਸਕਦਾ ਏ, ਸੋ ਵਕੀਲ ਸ਼ਾਇਦ ਹੋਰ ਵੀ ਪੈਸੇ ਮੰਗ ਸਕਦਾ ਏ। ਇਸੇ ਲਈ ਉਹ ਪਿੰਡ ਵਾਲੇ ਜਿਹਨਾਂ ਦੇ ਵਸੀਲੇ ਜ਼ਿਆਦਾ ਨਹੀਂ ਹੁੰਦੇ, ਜਿਰਗੇ ਵਿਚ ਫ਼ੈਸਲਾ ਕਰਨ ਦੀ ਦਰਖ਼ਵਾਸਤ ਕਰਦੇ ਨੇ। ਕਬੀਲੇ ਦੀ ਪੰਚਾਇਤ ਫ਼ਕੀਰਾਂ ਦੀ ਸੁਣਦੀ ਏ, ਇਕ ਹੱਲ ਕੱਢਦੀ ਏ ਤੇ ਮਾਮਲਾ ਉਸੇ ਦਿਨ ਨਿੱਬੜ ਜਾਂਦਾ ਏ। ਆਮ ਤੌਰ 'ਤੇ ਜਿਰਗੇ ਵਿਚ ਕੋਈ ਝੂਠ ਨਹੀਂ ਬੋਲ ਸਕਦਾ, ਕਿਉਂਕਿ ਪਿੰਡ 'ਚ ਸਭ ਇਕ ਦੂਜੇ ਬਾਰੇ ਜਾਣਦੇ ਹੁੰਦੇ ਨੇ, ਤੇ ਜਿਰਗੇ ਦਾ ਸਰਦਾਰ ਅਜਿਹਾ ਫ਼ੈਸਲਾ ਸੁਣਾਉਂਦਾ ਏ ਕਿ ਬਸਤੀ ਦੇ ਲੋਕ ਜ਼ਿੰਦਗੀ ਭਰ ਲਈ ਇਕ ਦੂਜੇ ਦੇ ਦੁਸ਼ਮਣ ਨਾ ਬਣ ਜਾਣ। (ਇਹ ਮੇਰੀ ਬਦਕਿਸਮਤੀ ਸੀ ਕਿ ਜਿਸ ਆਦਮੀ ਨੇ ਮੁੱਲਾ ਦੀ ਸਲਾਹ ਦੇ ਖ਼ਿਲਾਫ਼ ਮੇਰੇ ਮਾਮਲੇ ਵਿਚ ਫ਼ੈਸਲਾ ਸੁਣਾਇਆ, ਉਹ ਫ਼ੈਜ਼ ਸੀ! ਤੇ ਉਸਨੇ ਸਾਡੇ ਸਾਰਿਆਂ ਵਿਚਕਾਰ ਸੁਲਾਹ-ਸਮਝੌਤਾ ਕਰਵਾਉਣ ਦੀ ਬਜਾਏ ਪਿੰਡ ਨੂੰ ਵੰਡ ਦਿੱਤਾ ਸੀ।)
ਫੇਰ ਇਹ ਔਰਤ ਮੈਨੂੰ ਕੁਝ ਸਵਾਲ ਕਰਦੀ ਏ, ਬੜੀ ਨਰਮੀ ਨਾਲ, ਤੇ ਕਿਉਂਕਿ ਉਹ ਔਰਤ ਏ ਤੇ ਉਸਦੇ ਚਿਹਰੇ 'ਤੇ ਈਮਾਨਦਾਰੀ ਏ, ਇਸ ਲਈ ਮੇਰੇ ਅੰਦਰ ਉਸਨੂੰ ਇਹ ਦੱਸਣ ਦੀ ਹਿੰਮਤ ਆ ਜਾਂਦੀ ਏ ਕਿ ਮੇਰੀ ਜ਼ਿੰਦਗੀ ਖ਼ਤਰੇ 'ਚ ਐ। ਲੋਕ ਮੈਨੂੰ ਇਹ ਨਹੀਂ ਦੱਸ ਰਹੇ ਕਿ ਮੇਰੇ ਹਮਲਾਵਰ ਕੀ ਕਰ ਰਹੇ ਨੇ, ਪਰ ਮੈਨੂੰ ਪਤਾ ਏ ਕਿ ਕੁਝ ਦਿਨ ਤੀਕ ਥਾਨੇ ਦੀ ਹਿਰਾਸਤ ਵਿਚ ਰੱਖੇ ਜਾਣ ਪਿੱਛੋਂ ਉਹ ਛੱਡ ਦਿੱਤੇ ਗਏ ਨੇ। ਮਸਤੋਈਆਂ ਦੇ ਸਾਰੇ ਆਦਮੀ ਵਾਪਸ ਘਰ ਪਹੁੰਚ ਗਏ ਨੇ, ਸਾਡੇ ਘਰ ਨੂੰ ਜਾਣ ਵਾਲੇ ਰਸਤੇ ਦੇ ਐਨ ਅੱਗੇ, ਸਿਰਫ਼ ਇਕ ਚੀਜ਼ ਦਾ ਇੰਤਜ਼ਾਰ ਕਰਦੇ ਹੋਏ—ਸਾਨੂੰ ਤਬਾਹ ਕਰ ਦੇਣ ਦਾ।
“ਉਹ ਸਾਡੇ ਗੁਆਂਢੀ ਨੇ, ਉਹਨਾਂ ਦਾ ਘਰ ਖੇਤ ਦੇ ਦੂਜੇ ਪਾਸੇ ਐ। ਮੈਂ ਹੁਣ ਸੜਕ 'ਤੇ ਚੱਲਣ ਦੀ ਹਿੰਮਤ ਨਹੀਂ ਕਰ ਸਕਦੀ। ਮੈਨੂੰ ਲੱਗਦੈ ਕਿ ਉਹਨਾਂ ਮੇਰੇ ਉੱਤੇ ਨਜ਼ਰ ਰੱਖੀ ਹੋਈ ਐ...”

ਉਹ ਮੇਰੇ ਨਾਲ ਕੋਈ ਵਾਇਦਾ ਨਹੀਂ ਕਰਦੀ, ਪਰ ਮੈਂ ਦੇਖ ਸਕਦੀ ਆਂ ਕਿ ਉਹ ਹਾਲਾਤ ਨੂੰ ਸਮਝਦੀ ਏ। ਇਹ ਸਭ ਕੁਝ ਏਨੀ ਜਲਦੀ ਹੋਇਆ ਏ। ਜਿੰਨਾ ਮੈਂ ਉਸ ਸਮੇਂ ਅੰਦਾਜ਼ਾ ਲਾ ਸਕਦੀ ਸਾਂ, ਉਸ ਨਾਲੋਂ ਵੀ ਵੱਧ ਤੇਜ਼ੀ ਨਾਲ। ਪਿਛਲੇ ਚਾਰ ਦਿਨਾਂ ਵਿਚ ਅਖ਼ਬਾਰਾਂ ਨੇ ਮੇਰੀ ਕਹਾਣੀ ਨੂੰ ਏਨੀ ਅਹਿਮੀਅਤ ਦਿੱਤੀ ਏ ਕਿ ਇਸਲਾਮਾਬਾਦ ਵਿਚ ਸਰਕਾਰ ਸਮੇਤ ਸਾਰਾ ਮੁਲਕ ਮੇਰੇ ਬਾਰੇ ਜਾਣਦਾ ਏ। ਉਹ ਬੀਬੀ ਜਿਸਨੇ ਮੈਨੂੰ ਹੁਣੇ-ਹੁਣੇ ਚੈਕ ਪੇਸ਼ ਕੀਤਾ ਏ ਤੇ ਪਿੰਡ ਵਿਚ ਸਕੂਲ ਖੋਲ੍ਹਣ ਦੇ ਸਿਲਸਿਲੇ ਵਿਚ ਮੇਰੀ ਮਦਦ ਕਰਨ ਦਾ ਵਾਅਦਾ ਕੀਤਾ ਏ, ਕੌਮੀ ਵਜ਼ੀਰ ਏ ਜਿਸਨੂੰ ਖ਼ੁਦ ਰਾਸ਼ਟਰਪਤੀ ਨੇ ਭੇਜਿਆ ਏ। ਮੇਰੀ ਤਸਵੀਰ ਹਰ ਜਗ੍ਹਾ ਏ, ਜਦਕਿ ਮੇਰੀ ਕਹਾਣੀ ਇੱਥੇ ਪਾਕਿਸਤਾਨ ਦੇ ਹਰ ਅਖ਼ਬਾਰ 'ਚ ਤੇ ਬਾਹਰੀ ਮੁਲਕਾਂ ਦੇ ਕਈ ਅਖ਼ਬਾਰਾਂ 'ਚ ਛਪ ਚੁੱਕੀ ਏ। ਐਮਨੇਸਟੀ ਇੰਟਰਨੈਸ਼ਨਲ ਨੂੰ ਵੀ ਮੇਰੇ ਬਾਰੇ ਪਤਾ ਏ।
4 ਜੁਲਾਈ 2002 ਨੂੰ ਮਨੁੱਖੀ ਅਧਿਕਾਰਾਂ ਵਾਲੇ ਸੰਗਠਨਾਂ ਦਾ ਇਕ ਪ੍ਰਦਰਸ਼ਨ ਇਨਸਾਫ਼ ਦੀ ਮੰਗ ਕਰਦਾ ਏ। ਅਦਾਲਤ ਦੇ ਜੱਜ ਮੇਰੀ ਸ਼ਿਕਾਇਤ ਨੂੰ ਦਰਜ ਕਰਨ ਵਿਚ ਦੇਰ ਕਰਨ ਤੇ ਮੈਥੋਂ ਸਾਦੇ ਕਾਗਜ਼ 'ਤੇ ਅੰਗੂਠਾ ਲਗਵਾਉਣ ਲਈ ਸਥਾਨਕ ਪੁਲਸ ਦੀ ਆਲੋਚਨਾ ਕਰਦੇ ਨੇ। ਪੁਲਸ ਨੇ ਮਾਮਲਾ 30 ਜੂਨ ਨੂੰ ਦਰਜ ਕੀਤਾ ਸੀ। ਜਿਸ ਜੱਜ ਨੇ ਮੇਰੇ ਨਾਲ ਗੱਲਬਾਤ ਕੀਤੀ ਸੀ, ਉਸਨੇ ਅਖ਼ਬਾਰਾਂ ਨੂੰ ਇਹੀ ਕਿਹਾ ਸੀ ਤੇ ਸਮਝਾਇਆ ਸੀ ਕਿ ਇਹ ਨਾਮੁਮਕਿਨ ਸੀ ਕਿ ਮੇਰੇ ਵੱਧ ਕੇ ਅੱਗੇ ਆਉਣ ਦਾ ਫ਼ੈਸਲਾ ਕਰਨ ਤੋਂ ਪਹਿਲਾਂ ਈ ਪੁਲਸ ਦੀ ਨਜ਼ਰ ਵਿਚ ਇਹ ਘਟਨਾ ਨਾ ਆਈ ਹੋਏ, ਤੇ ਇਹ ਕਿ ਜਿਰਗੇ ਦਾ ਫ਼ੈਸਲਾ ਸ਼ਰਮਨਾਕ ਸੀ। ਕਾਨੂੰਨ ਦੇ ਵਜ਼ੀਰ ਨੇ ਵੀ ਬਰਤਾਨੀਆ ਦੇ ਟੈਲੀਵਿਜ਼ਨ 'ਤੇ ਇਹ ਕਿਹਾ ਸੀ ਕਿ ਮਸਤੋਈ ਕਬੀਲੇ ਦੀ ਅਗੁਆਈ ਵਿਚ ਜਿਰਗੇ ਦਾ ਫ਼ੈਸਲਾ ਆਤੰਕਵਾਦੀ ਕਾਰਵਾਈ ਮੰਨਿਆਂ ਜਾਣਾ ਚਾਹੀਦਾ ਏ, ਕਿ ਕਬੀਲੇ ਦੀ ਪੰਚਾਇਤ ਆਪਣੇ-ਆਪ ਵਿਚ ਇਕ ਗ਼ੈਰ-ਕਾਨੂੰਨੀ ਮਜਲਿਸ ਏ, ਤੇ ਮੁਜਰਿਮਾਂ ਨੂੰ ਆਤੰਕਵਾਦ-ਵਿਰੋਧੀ ਅਦਾਲਤ ਦੇ ਸਾਹਮਣੇ ਪੇਸ਼ ਕੀਤਾ ਜਾਣਾ ਚਾਹੀਦਾ ਏ। 'ਇਹ ਮਾਮਲਾ,' ਉਹਨਾਂ ਨੇ ਕਿਹਾ ਸੀ, 'ਤਾਕਤ ਦੇ ਨਾਜਾਇਜ਼ ਇਸਤੇਮਾਲ ਦਾ ਏ।'
ਇਸ ਲਈ ਪਾਕਿਸਤਾਨ ਦੀ ਸਰਕਾਰ ਨੇ ਫ਼ੈਸਲਾ ਕੀਤਾ ਏ ਕਿ ਮੁਖ਼ਤਾਰ ਬੀਬੀ ਦਾ ਮਾਮਲਾ ਇਕ ਸਰਕਾਰੀ ਮਾਮਲਾ ਬਣ ਗਿਆ ਏ। ਹਾਲਾਂਕਿ ਇਹ ਸਰਕਾਰ ਦਾ ਫ਼ਰਜ਼ ਏ ਕਿ ਉਹ ਸਾਰੇ ਮੁਜਰਿਮਾਂ 'ਤੇ ਮੁਕੱਦਮਾਂ ਚਲਾਏ—ਉਹਨਾਂ ਦੇ ਅਸਰ ਤੇ ਹੈਸੀਅਤ ਦੀ ਪ੍ਰਵਾਹ ਕੀਤੇ ਬਗ਼ੈਰ—ਅਜਿਹਾ ਮੈਨੂੰ ਦੱਸਿਆ ਗਿਆ ਏ। ਮਸਤੋਈ ਕਬੀਲੇ ਦੇ ਅੱਠ ਜਣੇ 2 ਜੁਲਾਈ ਆਉਂਦੇ-ਆਉਂਦੇ ਗਿਰਫ਼ਤਾਰ ਵੀ ਕੀਤੇ ਜਾ ਚੁੱਕੇ ਨੇ, ਤੇ ਪੁਲਸ ਨੂੰ ਹਦਾਇਤ ਦਿੱਤੀ ਗਈ ਏ ਕਿ ਉਹ ਇਸ ਮਾਮਲੇ 'ਚ ਖ਼ੁਦ ਵੀ ਆਪਣੀ ਕਾਰਗੁਜ਼ਾਰੀ ਦੀ ਜਵਾਬਦੇਹੀ ਕਰੇ। ਚਾਰ ਗੁਨਾਹਗਾਰ ਫ਼ਰਾਰ ਨੇ, ਪਰ ਸਰਕਾਰੀ ਸ਼ਿਕੰਜਾ ਉਹਨਾਂ ਉੱਤੇ ਕਸਿਆ ਜਾ ਰਿਹਾ ਏ। ਪੁਲਸ ਦੇ ਸਿਪਾਹੀ ਮੇਰੀ ਤੇ ਮੇਰੇ ਘਰ ਵਾਲਿਆਂ ਦੀ ਹਿਫ਼ਾਜ਼ਤ ਲਈ ਮੇਰੇ ਘਰ 'ਚ ਤੈਨਾਤ ਕਰ ਦਿੱਤੇ ਗਏ ਨੇ। ਆਖ਼ਰ ਵਿਚ, ਪੁਲਸ ਮਸਤੋਈ ਕਬੀਲੇ ਦੇ ਚੌਦਾਂ ਜਣਿਆਂ ਨੂੰ ਗਿਰਫ਼ਤਾਰ ਕਰ ਲੈਂਦੀ ਏ। ਅਦਾਲਤ ਕੋਲ ਸ਼ੱਕ ਦੇ ਘੇਰ 'ਚ ਆਏ ਲੋਕਾਂ ਦੀ ਕਿਸਮਤ ਦਾ ਫ਼ੈਸਲਾ ਕਰਨ ਲਈ ਬਹੱਤਰ ਘੰਟਿਆਂ ਦਾ ਸਮਾਂ ਏ।

ਇਹ ਬੜਾ ਅਜੀਬ-ਜਿਹਾ ਏ—ਕਿ ਸਾਰੀ ਦੁਨੀਆਂ ਮੇਰਾ ਚਿਹਰਾ ਪਛਾਣਦੀ ਏ ਤੇ ਮੇਰੇ ਘਰ ਦੇ ਹਾਦਸੇ ਬਾਰੇ ਗੱਲਾਂ ਕਰ ਰਹੀ ਏ। ਹਰ ਚੀਜ਼ ਬੜੀ ਤੇਜ਼ੀ ਨਾਲ ਵਾਪਰ ਰਹੀ ਏ। ਮੈਥੋਂ ਇਸ ਸਭ ਆਪਣੇ ਅੰਦਰ ਸਮੋਇਆ ਨਹੀਂ ਜਾ ਰਿਹਾ। ਵਜ਼ੀਰ ਬੀਬੀ ਨੇ ਮੈਨੂੰ ਦੱਸਿਆ ਸੀ ਕਿ ਉਸਨੇ ਮੈਨੂੰ ਜਿਹੜਾ ਚੈਕ ਦਿੱਤਾ, ਉਸਨੂੰ ਮੇਰਾ ਅੱਬਾ ਜਤੋਈ ਸ਼ਹਿਰ ਦੇ ਬੈਂਕ ਵਿਚ ਲੈ ਜਾ ਸਕਦਾ ਸੀ, ਜਿੱਥੇ ਮੈਨੇਜਰ ਨੂੰ ਪਹਿਲਾਂ ਈ ਇਹ ਹਦਾਇਤ ਕਰ ਦਿੱਤੀ ਗਈ ਏ ਕਿ ਮੇਰੇ ਤੇ ਮੇਰੇ ਅੱਬਾ ਦੇ ਨਾਂ ਇਕ ਖਾਤਾ ਖੋਲ੍ਹ ਦਿੱਤਾ ਜਾਏ। ਮੈਂ ਸਕੂਲ ਖੋਲ੍ਹਣ ਤੇ ਕਾਨੂੰਨੀ ਖ਼ਰਚਿਆਂ ਲਈ ਚੈਕ ਲੈ ਲਿਆ ਏ, ਪਰ ਮੇਰਾ ਕਦੀ ਬੈਂਕ ਵਿਚ ਕੋਈ ਖਾਤਾ ਨਹੀਂ ਰਿਹਾ—ਤੇ ਨਾ ਮੇਰੇ ਅੱਬਾ ਦਾ। ਉਸ ਪੈਸੇ ਨੂੰ ਹਿਫ਼ਾਜ਼ਤ ਨਾਲ ਰੱਖਣ ਦੀ ਫ਼ਿਕਰ ਵਿਚ ਅਸੀਂ ਜਤੋਈ ਦੇ ਬੈਂਕ 'ਚ ਜਾਂਦੇ ਆਂ, ਜਿੱਥੇ ਉਹ ਸਾਥੋਂ ਸਿਰਫ਼ ਦੋ ਜਗ੍ਹਾ ਦਸਤਖ਼ਤ ਕਰਵਾਉਂਦੇ ਨੇ ਤੇ ਮੇਰੇ ਅੱਬਾ ਨੂੰ ਚੈਕ ਬੁੱਕ ਦੇ ਦੇਂਦੇ ਨੇ।
ਜਦੋਂ ਅਸੀਂ ਉਸ ਸ਼ਾਮ ਘਰ ਵਾਪਸ ਆਉਂਦੇ ਆਂ ਤਾਂ ਸਾਡੇ ਘਰ ਦੇ ਗਿਰਦ ਪੰਦਰਾਂ ਹਥਿਆਰਬੰਦ ਸਿਪਾਹੀ ਦਿੱਸਦੇ ਨੇ। ਤੇ ਸੂਬੇ ਦੇ ਗਵਰਨਰ ਕਮ-ਸੇ-ਕਮ ਪੰਜਾਹ ਜਣਿਆਂ ਨਾਲ ਮੈਨੂੰ ਹੌਸਲਾ ਦੇਣ ਤੇ ਇਹ ਦੱਸਣ ਲਈ ਆਏ ਨੇ ਕਿ ਇਨਸਾਫ਼ ਕੀਤਾ ਜਾਏਗਾ। ਉਹ ਇਹ ਵੀ ਕਹਿੰਦੇ ਨੇ ਕਿ ਜ਼ੁਲਮ ਦੀਆਂ ਸ਼ਿਕਾਰ ਸਾਰੀਆਂ ਔਰਤਾਂ ਉਹਨਾਂ ਦੀ ਨਜ਼ਰ 'ਚ ਉਹਨਾਂ ਦੀ ਬੇਟੀ ਵਰਗੀਆਂ ਨੇ ਤੇ ਇਹ ਕਿ ਜੇ ਮੈਂ ਇਸ ਗੱਲ ਨੂੰ ਅਖ਼ੀਰ ਤੀਕ ਲੈ ਜਾਂਦੀ ਆਂ ਤਾਂ ਮੇਰੀ ਹਿਫ਼ਾਜ਼ਤ ਕੀਤੀ ਜਾਏਗੀ।
ਅੱਧੇ ਘੰਟੇ ਬਾਅਦ ਉਹ ਆਪਣੇ ਲਾਮ-ਲਸ਼ਕਰ ਨਾਲ ਰਵਾਨਾ ਹੋ ਜਾਂਦੇ ਨੇ। ਮੈਨੂੰ ਤੇ ਮੇਰੇ ਅੱਬਾ ਨੂੰ ਇਹ ਸਿਰਫ਼ ਖੋਖਲੇ ਲਫ਼ਜ਼ ਜਾਪਦੇ ਨੇ। ਉਹ ਸਿਰਫ਼ ਫ਼ੋਟੋਆਂ ਖਿਵਾਉਣ ਤੇ ਅਖ਼ਬਾਰ ਵਾਲਿਆਂ ਕਰਕੇ ਆਏ ਸਨ। ਮੈਨੂੰ ਆਪਣੀ ਲੜਾਈ ਖ਼ੁਦ ਲੜਣੀ ਪਏਗੀ।
ਵਿਚਾਰੇ ਪੁਲਸ ਵਾਲਿਆਂ ਨੂੰ ਬਾਹਰ ਰੁੱਖਾਂ ਹੇਠ ਸੌਣ 'ਤੇ ਮਜਬੂਰ ਹੋਣਾ ਪਏਗਾ। ਕਿਉਂਕਿ ਏਨੇ ਸਾਰੇ ਲੋਕ ਨੇ, ਸਾਨੂੰ ਵੀ ਉਹਨਾਂ ਨੂੰ ਖਾਣ-ਪੀਣ ਲਈ ਕੁਝ ਦੇਣਾ ਈ ਪਏਗਾ। ਜਿਵੇਂ ਕਿ ਹੁੰਦਾ ਏ, ਉਹ 2,50,000 ਰੁਪਏ ਜਿਹੜੇ ਮੇਰੇ ਅੱਬਾ ਨੇ ਤੇ ਮੈਂ ਕਢਵਾਏ ਨੇ, ਬਹੁਤੀ ਦੇਰ ਨਹੀਂ ਚੱਲਣਗੇ, ਕਿਉਂਕਿ ਪੁਲਸ ਵਾਲਿਆਂ ਦਾ ਦਸਤਾ ਸਾਲ ਭਰ ਤੀਕ ਸਾਡੇ ਘਰ 'ਤੇ ਤਾਇਨਾਤ ਰਹੇਗਾ। ਤੇ ਸਰਕਾਰ ਤਾਂ ਸਿਰਫ਼ ਉਹਨਾਂ ਨੂੰ ਮਾਮੂਲੀ-ਜਿਹੀ ਤਨਖ਼ਾਹ ਈ ਦੇਂਦੀ ਏ।
ਤੇ ਕਿਉਂਕਿ ਇਕ ਹਾਦਸੇ ਵਿਚ ਹਮੇਸ਼ਾ ਕੋਈ ਨਾ ਕੋਈ ਮਜ਼ਾਕ ਦਾ ਪੱਖ ਹੁੰਦਾ ਈ ਏ, ਮੈਂ ਆਪਣੇ ਬਹੁਤ ਸਾਰੇ ਰਿਸ਼ਤੇਦਾਰਾਂ ਨਾਲ, ਕਿਤੋਂ ਆ ਪਹੁੰਚਦੇ ਆਪਣੇ ਇਕ ਮਾਮੇ ਨੂੰ ਦੇਖਦੀ ਆਂ—ਜਿਸਨੂੰ ਮੈਂ ਇਕ ਲੰਮੇ ਅਰਸੇ ਤੋਂ ਨਹੀਂ ਦੇਖਿਆ...ਕਿਸੇ ਵੀ ਹਾਲਤ 'ਚ ਘੱਟੋ-ਘੱਟ ਸੱਤ ਸਾਲ ਪਹਿਲਾਂ ਆਪਣੇ ਤਲਾਕ ਦੇ ਸਮੇਂ ਤੋਂ ਬਾਅਦ। ਉਸਦਾ ਇਕ ਮੁੰਡਾ ਏ, ਮੇਰੀ ਈ ਉਮਰ ਦਾ, ਪਹਿਲੋਂ ਈ ਸ਼ਾਦੀਸ਼ੁਦਾ ਤੇ ਬਾਲ-ਬੱਚਿਆਂ ਵਾਲਾ। ਉਹ ਪਹਿਲਾਂ ਕਦੀ ਸ਼ਾਦੀ ਦਾ ਪੈਗ਼ਾਮ ਲੈ ਕੇ ਨਹੀਂ ਆਇਆ ਸੀ। ਪਰ ਹੁਣ ਮੈਨੂੰ ਗਵਰਨਰ ਦੇ ਨਾਲ ਤੇ ਮੇਰੇ ਚੈਕ ਨੂੰ ਦੇਖ ਕੇ, ਉਹ ਮੁਹਾਵਰੇ ਦੀ ਸ਼ਕਲ 'ਚ ਝੱਟ ਇਕ ਪੈਗ਼ਾਮ ਪੇਸ਼ ਕਰ ਦੇਂਦਾ ਏ।
“ਟੁੱਟੀ ਹੋਈ ਟਾਹਣੀ ਨੂੰ ਬਾਹਰ ਨਹੀਂ ਸੁੱਟਣਾ ਚਾਹੀਦਾ—ਉਹ ਹਮੇਸ਼ਾ ਘਰ ਦੇ ਕੰਮ ਆ ਸਕਦੀ ਏ। ਜੇ ਇਹ ਰਾਜ਼ੀ ਹੋਏ ਤਾਂ ਮੈਂ ਇਸਨੂੰ ਆਪਣੇ ਮੁੰਡੇ ਦੀ ਦੂਜੀ ਬੀਵੀ ਦੇ ਤੌਰ 'ਤੇ ਕਬੂਲ ਕਰ ਲਵਾਂਗਾ।”
ਮੈਂ ਉਸਦਾ ਸ਼ੁਕਰੀਆ ਅਦਾ ਕਰਦੀ ਆਂ, ਬਿਨਾਂ ਅੱਗੇ ਕੁਝ ਕਹੇ, ਪਰ ਜਵਾਬ ਏ—ਨਾਂਹ।
ਜਾਤੀ ਤੌਰ 'ਤੇ ਮੈਂ ਇਕ ਸਕੂਲ ਚਾਹੁੰਦੀ ਆਂ।
--- --- ---

No comments:

Post a Comment