Sunday, October 7, 2012

ਤਿੰਨ : ਖ਼ਾਮੋਸ਼ੀ ਦਾ ਟੁੱਟਣਾ...:






ਪਾਕਿਸਤਾਨੀ ਕਾਨੂੰਨ ਦੇ ਮੁਤਾਬਕ ਜ਼ਿਨਾ-ਬਿਲ-ਜਬਰ ਦੇ ਜੁਰਮ ਨਾਲ ਜੁੜੇ ਹਰ ਮਰਦ ਨੂੰ ਕੈਦ ਕਰਨਾ ਲਾਜ਼ਿਮੀ ਏ, ਭਾਵੇਂ ਉਸਨੇ ਖ਼ੁਦ ਉਸ ਵਿਚ ਹਿੱਸੇਦਾਰੀ ਕੀਤੀ ਹੋਏ ਜਾਂ ਫੇਰ ਮਹਿਜ਼ ਇਕ ਗਵਾਹ ਸੀ। ਅਜਿਹੇ ਆਦਮੀ ਦਾ ਫ਼ੈਸਲਾ ਸ਼ਰੀਅਤ ਦੇ ਕਾਨੂੰਨ ਮੁਤਾਬਿਕ ਹੁੰਦਾ ਏ। ਸਰਕਾਰ ਨੇ, ਪੰਜ ਜ਼ਿਲਿਆਂ ਲਈ ਇਕ ਖਾਸ ਅਦਾਲਤ ਮੁਕੱਰਰ ਕੀਤੀ ਹੋਈ ਏ ਜਿੱਥੇ ਇਸ ਜੁਰਮ ਉੱਤੇ—ਬੇਹੱਦ ਗ਼ੈਰ-ਮਾਮੂਲੀ ਤੌਰ 'ਤੇ—ਇਕ ਆਤੰਕਵਾਦ-ਵਿਰੋਧੀ ਅਦਾਲਤ 'ਚ ਗ਼ੌਰ ਕੀਤਾ ਜਾਂਦਾ ਏ। ਇਹ ਗੱਲ ਮੇਰੇ ਹੱਕ 'ਚ ਜਾਂਦੀ ਏ—ਮੈਨੂੰ ਇਹ ਸਾਬਤ ਕਰਨ ਲਈ ਚਾਰ ਚਸ਼ਮਦੀਦ ਗਵਾਹ ਪੇਸ਼ ਕਰਨੇ ਪੈਣਗੇ ਕਿ ਮੇਰੇ ਨਾਲ ਜ਼ਬਰਦਸਤੀ ਕੀਤੀ ਗਈ ਏ, ਜੋ ਡਾਕਟਰੀ ਜਾਂਚ ਤੋਂ ਪਹਿਲਾਂ ਈ ਤੈਅ ਹੋ ਚੁੱਕਿਆ ਏ। ਇਸ ਤੋਂ ਇਲਾਵਾ, ਪਿੰਡ ਵਾਲਿਆਂ ਦੇ ਇਕ ਝੁੰਡ ਨੇ ਮੇਰਾ ਅਸਤਬਲ ਜਾਣਾ ਤੇ ਵਾਪਸ ਨੰਗੀ ਹਾਲਤ ਵਿਚ ਸੜਕ 'ਤੇ ਸਾਰਿਆਂ ਦੇ ਸਾਹਮਣੇ ਸੁੱਟ ਦਿੱਤੇ ਜਾਣਾ, ਦੇਖਿਆ ਏ।
ਮੇਰੀ ਹਿਫ਼ਾਜ਼ਤ ਦਾ ਇੰਤਜ਼ਾਮ ਹੋ ਗਿਆ ਏ। ਸੱਚ ਤਾਂ ਇਹ ਐ ਕਿ ਇਕ ਤਰ੍ਹਾਂ ਨਾਲ ਮੈਂ ਆਪਣੀ ਈ ਸੁਰੱਖਿਆ ਦੀ ਕੈਦੀ ਬਣ ਗਈ ਆਂ, ਕਿਉਂਕਿ ਜਿੱਥੇ ਵੀ ਜਾਂਦੀ ਆਂ, ਮਾਮੂਲੀ ਤੋਂ ਮਾਮੂਲੀ ਵਜ੍ਹਾ ਕਰਕੇ ਵੀ, ਪੁਲਸ ਮੇਰੇ ਨਾਲ ਜਾਂਦੀ ਏ।
ਅਦਾਲਤ ਨੇ ਪੂਰੀ ਫ਼ਾਇਲ ਦੀ ਜਾਂਚ ਕਰਨ ਲਈ ਕਿਹਾ ਏ। ਜਲਦੀ ਫ਼ੈਸਲਾ ਕਰਕੇ ਲੋਕਾਂ ਦੀਆਂ ਭਾਵਨਾਵਾਂ, ਮੁਲਕ ਦੇ ਮੀਡੀਏ ਤੇ ਵਿਦੇਸ਼ੀ ਅਖ਼ਬਾਰਾਂ ਨੂੰ ਸ਼ਾਂਤ ਕੀਤਾ ਜਾ ਸਕੇਗਾ, ਜਿਹੜੇ ਸਾਡੇ ਲੋਕਤੰਤਰ ਵਿਚ ਔਰਤਾਂ ਦੇ ਕਾਨੂੰਨੀ ਹੱਕਾਂ ਦੀ ਕਮੀ ਬਾਰੇ ਲਗਾਤਾਰ ਨੁਕਤਾ-ਚੀਨੀ ਕਰ ਰਹੇ ਨੇ, ਕਿਉਂਕਿ ਉਹ ਕਬੀਲਿਆਂ ਦੇ ਰਵਾਇਤੀ ਰਸਮਾਂ-ਰਿਵਾਜ਼ਾਂ 'ਤੇ ਟਿਕੇ ਹੋਏ ਨੇ। ਮਨੁੱਖੀ ਅਧਿਕਾਰ ਸੰਗਠਨ, ਔਰਤਾਂ 'ਤੇ ਹੋਣ ਵਾਲੇ ਜ਼ੁਲਮਾਂ ਦਾ ਵਿਰੋਧ ਕਰਨ ਵਾਲੀਆਂ ਧਿਰਾਂ ਤੇ ਗ਼ੈਰ-ਕਾਨੂੰਨੀ ਸੰਗਠਨ, ਸਾਰੇ ਮੇਰੇ ਮਸਲੇ ਨੂੰ ਮਿਸਾਲ ਬਣਾ ਕੇ, ਅਖ਼ਬਾਰਾਂ ਜ਼ਰੀਏ ਅਜਿਹੀਆਂ ਵਾਰਦਾਤਾਂ ਵੱਲ ਧਿਆਨ ਦਿਵਾਅ ਰਹੇ ਨੇ, ਜਿਹੜੀਆਂ ਆਮ ਹਾਲਤ ਵਿਚ ਲੋਕਾਂ ਸਾਹਵੇਂ ਆਉਣ ਤੋਂ ਰਹਿ ਜਾਂਦੀਆਂ ਨੇ। ਮੇਰਾ ਪੂਰਾ ਮੁਲਕ ਮੇਰੇ ਨਾਲ ਖੜ੍ਹਾ ਏ। ਪਰ ਮੈਨੂੰ ਸਿਰਫ਼ ਇਨਸਾਫ਼ ਚਾਹੀਦਾ ਏ। ਸਿੱਧਾ-ਸਾਦਾ ਇਨਸਾਫ਼। ਤੇ ਹੋਰ ਕੁਝ ਨਹੀਂ। ਉਹੀ ਮੇਰਾ ਬਦਲਾ ਹੋਏਗਾ—ਉਹੀ ਮੇਰਾ ਪ੍ਰਤੀਸ਼ੋਧ।

ਲਾਹੌਰ ਵਿਚ ਇਕ ਔਰਤ ਨੂੰ, ਜਿਹੜੀ ਬੀਵੀ ਤੇ ਮਾਂ ਸੀ ਤੇ ਜਿਸਨੇ ਇਸ ਬਿਨਾਅ 'ਤੇ ਤਲਾਕ ਦੀ ਦਰਖ਼ਵਾਸਤ ਦਿੱਤੀ ਸੀ ਕਿ ਉਸਦਾ ਸ਼ੌਹਰ ਗਾਲ੍ਹ-ਮੰਦਾ ਬਕਦਾ ਸੀ, ਉਸਦੇ ਵਕੀਲ ਦੇ ਦਫ਼ਤਰ ਵਿਚ ਕਤਲ ਕਰ ਦਿੱਤਾ ਗਿਆ ਤੇ ਖ਼ੁਦ ਵਕੀਲ ਨੂੰ ਵੀ ਧਮਕੀ ਦਿੱਤੀ ਗਈ। ਕਾਤਲ ਹੁਣ ਵੀ ਫ਼ਰਾਰ ਨੇ।
ਸੱਕਰ ਦੇ ਨਜ਼ਦੀਕ ਇਕ ਪਿੰਡ ਵਿਚ ਤਿੰਨ ਭਰਾਵਾਂ ਨੇ ਇਹ ਦਾਅਵਾ ਕਰਦਿਆਂ ਹੋਇਆਂ ਆਪਣੀ ਭਾਬੀ ਨੂੰ ਜਿਊਂਦੀ ਸਾੜ ਦਿੱਤਾ ਕਿ ਉਹ ਬਦਚਲਨ ਸੀ। ਔਰਤ ਨੂੰ ਉਸਦੇ ਬਾਪ ਨੇ ਬਚਾਇਆ, ਪਰ ਬਾਅਦ ਵਿਚ ਉਹ ਹਸਪਤਾਲ ਵਿਚ ਮਰ ਗਈ।

ਤੇ ਇਹ ਲਿਸਟ ਲੰਮੀ ਹੁੰਦੀ ਜਾ ਰਹੀ ਏ। ਬਹਾਨਾ ਜੋ ਵੀ ਹੋਵੇ—ਤਲਾਕ, ਫ਼ਰਜ਼ੀ ਬਦਚਲਨੀ, ਜਾਂ ਮਰਦਾਂ ਦਾ ਆਪਸੀ ਹਿਸਾਬ-ਕਿਤਾਬ—ਔਰਤਾਂ ਨੂੰ ਵੱਡੀ ਕੀਮਤ ਚੁਕਾਉਣੀ ਪੈਂਦੀ ਏ। ਉਹਨਾਂ ਨੂੰ ਕਿਸੇ ਜੁਰਮ ਦੇ ਮੁਆਵਜ਼ੇ ਵਜੋਂ ਕਿਸੇ ਦੇ ਹਵਾਲੇ ਕੀਤਾ ਜਾ ਸਕਦਾ ਏ ਜਾਂ ਉਹਨਾਂ ਦੇ ਸ਼ੌਹਰਾਂ ਦੇ ਦੁਸ਼ਮਣ ਬਦਲਾ ਲੈਣ ਖਾਤਰ ਇਕ ਸ਼ਰਤ ਦੇ ਤੌਰ 'ਤੇ ਉਹਨਾਂ ਦੀ ਇਸਮਤ ਲੁੱਟ ਸਕਦੇ ਨੇ। ਕਦੀ-ਕਦੀ ਏਨਾ ਈ ਕਾਫ਼ੀ ਹੁੰਦਾ ਏ ਕਿ ਦੋ ਮਰਦ ਕਿਸੇ ਗੱਲ 'ਤੇ ਝਗੜ ਪੈਣ, ਤੇ ਉਹਨਾਂ ਵਿਚੋਂ ਇਕ ਆਦਮੀ ਦੂਜੇ ਦੀ ਬੀਵੀ ਤੋਂ ਬਦਲਾ ਲਏ। ਸਾਡੇ ਪਿੰਡਾਂ ਵਿਚ ਮਰਦਾਂ ਦਾ 'ਅੱਖ ਦੇ ਬਦਲੇ, ਅੱਖ' ਦੇ ਅਸੂਲ ਦੀ ਦੁਹਾਈ ਦੇਂਦਿਆਂ ਹੋਇਆਂ ਇਨਸਾਫ਼ ਨੂੰ ਆਪਣੇ ਹੱਥ ਵਿਚ ਲੈਣ ਦਾ ਆਮ ਰਿਵਾਜ਼ ਏ। ਇਹ ਹਮੇਸ਼ਾ ਇੱਜ਼ਤ ਦਾ ਸਵਾਲ ਰਿਹਾ ਏ, ਤੇ ਉਹ ਜੋ ਚਾਹੁਣ ਕਰ ਸਕਦੇ ਨੇ—ਕਿਸੇ ਔਰਤ ਦੀ ਨੱਕ ਕੱਟ ਸਕਦੇ ਨੇ, ਕਿਸੇ ਗੁਆਂਢੀ ਦੀ ਬੀਵੀ ਨਾਲ ਬਲਾਤਕਾਰ ਕਰ ਸਕਦੇ ਨੇ।
ਤੇ ਜੇ ਹਮਲਾਵਰਾਂ ਨੂੰ, ਇਸ ਤੋਂ ਪਹਿਲਾਂ ਕਿ ਉਹ ਆਪਣੇ ਸ਼ਿਕਾਰ ਦਾ ਕਤਲ ਕਰ ਦੇਣ, ਗਿਰਫ਼ਤਾਰ ਵੀ ਕਰ ਲਿਆ ਜਾਂਦਾ ਏ ਤਾਂ ਵੀ ਬਦਲਾ ਲੈਣ ਦਾ ਜਜ਼ਬਾ ਇੱਥੇ ਈ ਖ਼ਤਮ ਨਹੀਂ ਹੁੰਦਾ, ਕਿਉਂਕਿ ਉਹਨਾਂ ਦੇ ਕੁਨਬੇ ਦੇ ਦੂਜੇ ਲੋਕ ਕਿਸੇ ਭਰਾ, ਜਾਂ ਮਾਮੇ-ਚਾਚੇ ਦੀ ਇੱਜ਼ਤ ਲਈ ਮਰ-ਮਿਟਣ ਲਈ ਹਮੇਸ਼ਾ ਤਿਆਰ ਰਹਿੰਦੇ ਨੇ। ਮਿਸਾਲ ਦੇ ਤੌਰ 'ਤੇ, ਮੈਂ ਜਾਣਦੀ ਆਂ ਕਿ ਅਬਦੁਲ ਖ਼ਾਲਿਕ, ਜਿਹੜਾ ਦੂਜਿਆਂ ਨਾਲੋਂ ਹੋਰ ਵੀ ਜ਼ਿਆਦਾ ਬੇਲਗਾਮ ਤੇ ਗੁਸੈਲ ਏ, ਮੈਨੂੰ ਛੱਡਣ ਦੇ ਖ਼ਿਆਲ ਨੂੰ ਕਦੀ ਕਬੂਲ ਨਾ ਕਰਦਾ। ਤੇ ਕੋਈ ਉਸਨੂੰ ਮੈਨੂੰ ਸਜ਼ਾ ਦੇਣ ਤੋਂ ਰੋਕ ਨਾ ਸਕਿਆ ਹੁੰਦਾ—ਬਲਕਿ ਉਸਦੇ ਉਲਟ—ਹਿੰਸਾ ਜਿੰਨੀ ਵੱਧ ਹੁੰਦੀ ਏ, ਓਨਾ ਈ ਉਹਨਾਂ ਨੂੰ ਉਸ ਵਿਚ ਹਿੱਸਾ ਲੈਣ ਦਾ ਉਕਸਾਵਾ ਮਿਲਦਾ ਏ।
ਮੈਂ 'ਇੱਜ਼ਤ ਦੇ ਨਾਂ 'ਤੇ ਕੀਤੇ ਗਏ ਜੁਰਮਾਂ' ਦੀ ਤਾਈਦ ਨਹੀਂ ਕਰਦੀ, ਕਤਈ ਨਹੀਂ, ਪਰ ਜਦੋਂ ਫ਼ਿਰੰਗੀ ਲੋਕ ਮੈਨੂੰ ਸਵਾਲ ਪੁੱਛ-ਪੁੱਛ ਕੇ ਤੰਗ ਕਰਦੇ ਨੇ ਤਾਂ ਮੈਂ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੀ ਆਂ ਕਿ ਇੱਥੇ ਪੰਜਾਬ ਵਿਚ, ਇਕ ਅਜਿਹੇ ਸੂਬੇ ਵਿਚ, ਜਿੱਥੇ ਬਦਕਿਸਮਤੀ ਨਾਲ ਅਜਿਹੇ ਜੁਰਮ ਬਹੁਤ ਆਮ ਹੁੰਦੇ ਨੇ, ਸਮਾਜ ਕੰਮ ਕਿੰਜ ਕਰਦਾ ਏ। ਮੈਂ ਇਸੇ ਮੁਲਕ 'ਚ ਪੈਦਾ ਹੋਈ ਸਾਂ, ਉਸਦੇ ਕਾਨੂੰਨ ਦੇ ਅਧੀਨ ਆਂ, ਤੇ ਮੈਂ ਜਾਣਦੀ ਆਂ ਕਿ ਮੈਂ ਬਾਕੀ ਸਾਰੀਆਂ ਦੂਜੀਆਂ ਔਰਤਾਂ ਵਾਂਗ ਆਂ ਜਿਹੜੀਆਂ ਆਪਣੇ ਘਰ ਦੇ ਮਰਦਾਂ ਦੀ ਮਲਕੀਅਤ ਹੁੰਦੀਆਂ ਨੇ—ਅਸੀਂ ਚੀਜ਼ਾਂ ਆਂ, ਤੇ ਉਹਨਾਂ ਨੂੰ ਇਸ ਗੱਲ ਦਾ ਹੱਕ ਹਾਸਲ ਏ ਕਿ ਜੋ ਵੀ ਉਹ ਸਾਡੇ ਨਾਲ ਕਰਨਾ ਚਾਹੁੰਦੇ ਹੋਣ, ਕਰਨ। ਤਾਬੇਦਾਰੀ ਲਾਜ਼ਮੀ ਏਂ।

ਦੋ ਹਮਲਾਵਰਾਂ ਦੀ ਸੁਣਵਾਈ ਆਤੰਕਵਾਦ-ਵਿਰੋਧੀ ਅਦਾਲਤ ਵਿਚ, ਡੇਰਾ ਗ਼ਾਜ਼ੀ ਖ਼ਾਂ ਦੀ ਇਕ ਖ਼ਾਸ ਕਚਹਿਰੀ ਵਿਚ ਹੋਏਗੀ, ਜਿਹੜਾ ਸ਼ਹਿਰ ਸਿੰਧ ਨਦੀ ਦੇ ਪੱਛਮ ਵਿਚ ਇਕ ਪ੍ਰਸ਼ਾਸਨਿਕ ਕੇਂਦਰ ਏ ਤੇ ਸਾਡੇ ਪਿੰਡ ਤੋਂ ਕਾਰ ਦੇ ਜ਼ਰੀਏ ਤਿੰਨ ਘੰਟੇ ਤੋਂ ਵੱਧ ਫ਼ਾਸਲੇ 'ਤੇ ਐ। ਪੁਲਸ ਨੇ ਮਸਤੋਈਆਂ ਦੀ ਹਵੇਲੀ ਵਿਚ ਅਸਲਾ ਬਰਾਮਦ ਕੀਤਾ ਸੀ, ਪਰ ਉਹਨਾਂ ਕੋਲ ਦੂਜੀ ਜਗ੍ਹਾ ਸ਼ਾਇਦ ਹੋਰ ਵੀ ਹਥਿਆਰ ਹੋਣਗੇ, ਕਿਉਂਕਿ ਫੜ੍ਹੇ ਜਾਣ ਤੋਂ ਪਹਿਲਾਂ ਉਹਨਾਂ ਕੋਲ ਕਾਫ਼ੀ ਸਮਾਂ ਸੀ ਕਿ ਉਹ ਜੋ ਕੁਝ ਜਿੱਥੇ ਚਾਹੁਣ, ਛਿਪਾ ਸਕਣ। ਮੈਂ ਨਹੀਂ ਜਾਣਦੀ ਕਿ ਇਹਨਾਂ ਗੱਲਾਂ ਦੀ ਮੌਜ਼ੂਦਗੀ ਇਸ ਗੱਲ ਲਈ ਆਪਣੇ ਆਪ ਵਿਚ ਕਾਫ਼ੀ ਏ ਕਿ ਦਹਿਸ਼ਤਗਰਦੀ ਦੇ ਖ਼ਿਲਾਫ਼ ਬਣਾਈ ਗਈ ਅਦਾਲਤ ਦਾ ਸਹਾਰਾ ਲੈਣ ਦੀ ਕਾਰਵਾਈ ਨੂੰ ਸਹੀ ਠਹਿਰਾਇਆ ਜਾ ਸਕੇ, ਕਿਉਂਕਿ ਬਹੁਤ ਸਾਰੇ ਪੰਜਾਬੀ ਮਰਦ ਆਪਣੇ ਕੋਲ ਹਥਿਆਰ ਰੱਖਦੇ ਨੇ। ਮੈਨੂੰ ਸਿਰਫ਼ ਇਕੋ ਚੀਜ਼ ਦਾ ਫ਼ਾਇਦਾ ਏ ਕਿ ਇਹ ਅਦਾਲਤ ਆਪਣਾ ਫ਼ੈਸਲਾ ਜਲਦੀ ਦਏਗੀ, ਜਦਕਿ ਇਕ ਆਮ ਅਦਾਲਤ ਵਿਚ ਮੁਕੱਦਮੇਂ ਮਹੀਨਿਆਂ ਜਾਂ ਸਾਲਾਂ ਤਕ ਘਿਸੜਦੇ ਰਹਿ ਸਕਦੇ ਨੇ।
ਅਦਾਲਤ ਵਿਚ ਮੇਰਾ ਹਰ ਰੋਜ਼ ਹਾਜ਼ਰ ਰਹਿਣਾ ਜ਼ਰੂਰੀ ਏ, ਤੇ ਕਿਉਂਕਿ ਮੇਰੇ ਲਈ ਡੇਰਾ ਗ਼ਾਜ਼ੀ ਖ਼ਾਂ ਤੇ ਮੀਰਵਾਲਾ ਦੇ ਵਿਚਕਾਰ ਆਉਣਾ-ਜਾਣਾ ਮੁਸ਼ਕਲ ਏ, ਮੈਂ ਕਚਹਿਰੀ ਦੇ ਨਜ਼ਦੀਕ ਈ ਠਹਿਰਾਏ ਜਾਣ ਦੀ ਮੰਗ ਕਰਦੀ ਆਂ। ਮੈਨੂੰ ਸ਼ਹਿਰ ਦੀ ਆਦਤ ਨਹੀਂ ਏਂ—ਏਸ ਸਾਰੀ ਧੂੜ-ਮਿੱਟੀ ਦੀ, ਗੱਡੀਆਂ, ਰਿਕਸ਼ੇ, ਟਰਕਾਂ ਤੇ ਚੀਕਦੀਆਂ ਹੋਈਆਂ ਮੋਟਰ-ਸਾਈਕਲਾਂ ਦੇ ਭਾਰੀ ਸ਼ੋਰ-ਸ਼ਰਾਬੇ ਵਾਲੀਆਂ ਸੜਕਾਂ ਦੀ—ਪਰ ਮੈਂ ਇੱਥੇ ਅਗਲੇ ਤਿੰਨ ਹਫ਼ਤੇ ਤੀਕ ਰਹਾਂਗੀ।

ਅਦਾਲਤ ਮੁਕੱਦਮੇਂ ਦੀ ਸੁਣਵਾਈ ਜੁਲਾਈ ਮਹੀਨੇ ਵਿਚ ਜੁਮੇ ਵਾਲੇ ਦਿਨ, ਘਟਨਾ ਦੇ ਇਕ ਮਹੀਨੇ ਬਾਅਦ ਸ਼ੁਰੂ ਕਰਦੀ ਏ—ਸਾਡੇ ਕਾਨੂੰਨੀ ਨਿਜ਼ਾਮ ਵਿਚ ਗ਼ੈਰ-ਮਾਮੂਲੀ ਤੌਰ 'ਤੇ ਘੱਟ ਦੇਰੀ ਨਾਲ। ਮੁਲਜ਼ਿਮ ਹੱਥਕੜੀਆਂ ਵਿਚ ਅਦਾਲਤ ਦੇ ਸਾਹਮਣੇ ਪੇਸ਼ ਕੀਤੇ ਜਾਂਦੇ ਨੇ—ਚੌਦਾਂ ਆਦਮੀ। ਰਮਜ਼ਾਨ ਪਾਚਰ ਉਹਨਾਂ ਵਿਚ ਸ਼ਾਮਲ ਏ। ਨੌਂ ਜਣਿਆਂ ਉੱਤੇ ਮੇਰੇ ਅੱਬਾ ਨੂੰ ਆਪਣੇ ਹਥਿਆਰਾਂ ਨਾਲ ਧਮਕਾਏ ਜਾਣ ਦਾ ਇਲਜ਼ਾਮ ਏ, ਫ਼ੈਜ਼ ਤੇ ਬਾਕੀ ਚਾਰ ਜ਼ਿਨਾ-ਬਿਲ-ਜਬਰ ਦੇ ਮੁਲਜ਼ਿਮ ਨੇ। ਹੁਣ ਤੀਕ, ਕਿਸੇ ਮਰਦ, ਕਿਸੇ ਅਪਰਾਧੀ ਨੂੰ ਵੀ, ਕਦੀ ਕਾਰੋਕਾਰੀ ਲਈ ਸਜ਼ਾ ਨਹੀਂ ਦਿੱਤੀ ਗਈ, ਇਸ ਲਈ ਮੁਲਜ਼ਿਮਾਂ ਨੂੰ ਭਰੋਸਾ ਏ ਕਿ ਉਹ ਆਜ਼ਾਦ ਲੋਕਾਂ ਦੀ ਹੈਸੀਅਤ ਨਾਲ ਅਦਾਲਤ ਦੇ ਬਾਹਰ ਆਉਣਗੇ। ਫ਼ੈਜ਼ ਤੇ ਬਾਕੀ ਦੂਜੇ ਖ਼ਾਮੋਸ਼ ਨੇ, ਆਪਣੇ ਵੱਲੋਂ ਬੋਲਣ ਦਾ ਕੰਮ ਉਹਨਾਂ ਨੇ ਆਪਣੇ ਵਕੀਲ 'ਤੇ ਛੱਡ ਦਿੱਤਾ ਏ। ਮੈਨੂੰ ਆਪਣੇ ਹਮਲਾਵਰਾਂ ਦੀ ਹੈਂਕੜੀ ਆਮ ਦਿਨਾਂ ਨਾਲੋਂ ਘੱਟ ਮਹਿਸੂਸ ਹੁੰਦੀ ਏ, ਤੇ ਮੈਨੂੰ ਉਹਨਾਂ ਦਾ ਸਾਹਮਣਾ ਕਰਨ ਵਿਚ ਕੋਈ ਡਰ ਨਹੀਂ ਲੱਗਦਾ। ਕਲ੍ਹ ਦੇ ਬਘਿਆੜ ਮੇਮਨਿਆਂ ਵਾਂਗ ਲੱਗਦੇ ਨੇ। ਪਰ ਬਾਹਰੋਂ ਨਜ਼ਰ ਆਉਣ ਵਾਲੀਆਂ ਸੂਰਤਾਂ ਧੋਖਾ ਦੇ ਸਕਦੀਆਂ ਨੇ। ਮੈਂ ਜਾਣਦੀ ਆਂ, ਉਹਨਾਂ ਨੇ ਮੇਰੇ ਨਾਲ ਕੀ ਕੁਝ ਕੀਤਾ ਸੀ। ਉਹਨਾਂ ਨੇ ਆਪਣੇ ਗੁਨਾਹਾਂ ਦੀਆਂ ਫੜਾਂ ਮਾਰਨੀਆਂ ਬੰਦ ਕਰ ਦਿੱਤੀਆਂ ਨੇ, ਤੇ ਹੁਣ ਉਹ ਆਪਣੀ 'ਖ਼ਾਨਦਾਨੀ ਇੱਜ਼ਤ' ਦੀ ਕੀਮਤ ਦੱਸਦੇ ਹੋਏ, ਓਨੀ ਸ਼ੇਖੀ ਨਹੀਂ ਮਾਰਦੇ।
ਇੱਥੇ ਆਉਣ ਤੋਂ ਪਹਿਲਾਂ ਮੈਂ ਨਮਾਜ਼ ਪੜ੍ਹੀ ਸੀ, ਜਿਵੇਂ ਕਿ ਮੈਂ ਹਮੇਸ਼ਾ ਕਰਦੀ ਆਂ, ਸੂਰਜ ਉਗਣ ਦੇ ਨਾਲ। ਮੈਨੂੰ ਖ਼ੁਦਾ ਦੇ ਇਨਸਾਫ਼ 'ਤੇ ਯਕੀਨ ਏ, ਆਦਮੀਆਂ ਦੇ ਇਨਸਾਫ਼ ਦੀ ਬਨਿਸਬਤ ਸ਼ਾਇਦ ਵੱਧ ਈ। ਤੇ ਮੈਂ ਤਕਦੀਰ 'ਤੇ ਭਰੋਸਾ ਕਰਦੀ ਆਂ।
ਇਕ ਨੀਚ ਜਾਤ ਦੀ ਇਕੱਲੀ ਔਰਤ ਦੇ ਖ਼ਿਲਾਫ਼ ਮਸਤੋਈ ਕਬੀਲੇ ਦੇ ਚੌਦਾਂ ਆਦਮੀ...ਕਿਸੇ ਨੇ ਇੰਜ ਕਦੀ ਪਹਿਲਾਂ ਨਹੀਂ ਦੇਖਿਆ। ਖ਼ੈਰ, ਦੂਜੇ ਪਾਸੇ ਦੇ ਲੋਕਾਂ ਕੋਲ ਵਕੀਲਾਂ ਦੀ ਇਕ ਪੂਰੀ ਫ਼ੌਜ ਏ, ਕੁਲ ਜਮ੍ਹਾਂ ਨੌਂ। ਮੇਰੇ ਕੋਲ ਤਿੰਨ ਨੇ, ਜਿਹਨਾਂ ਵਿਚੋਂ ਇਕ ਦੀ ਉਮਰ ਖਾਸੀ ਘੱਟ ਏ ਤੇ ਉਸਦੇ ਇਲਾਵਾ ਇਕ ਔਰਤ ਵੀ ਏ। ਦੋਸ਼ੀਆਂ ਵਾਲੇ ਪਾਸਿਓਂ ਮੇਰਾ ਸਭ ਤੋਂ ਵੱਡਾ ਵਿਰੋਧੀ ਤਕਰੀਰ ਕਰਨ ਵਿਚ ਮਾਹਰ ਏ; ਉਹ ਸੁਣਵਾਈ 'ਤੇ ਕਾਬਜ਼ ਰਹਿੰਦਾ ਏ ਤੇ ਮੈਨੂੰ ਵਾਰ-ਵਾਰ ਇਹ ਕਹਿੰਦਾ ਹੋਇਆ ਝੂਠੀ ਕਹਿੰਦਾ ਰਹਿੰਦਾ ਏ ਕਿ ਮੈਂ ਸਾਰੀ ਕਹਾਣੀ ਆਪਣੇ ਮਨੋ ਘੜ ਲਈ ਏ।
ਆਖ਼ਰਕਾਰ, ਮੈਂ ਇਕ ਤਲਾਕਸ਼ੁਦਾ ਔਰਤ ਆਂ, ਜੋ ਮੇਰੇ ਵਿਰੋਧੀਆਂ ਮੁਤਾਬਕ ਮੈਨੂੰ ਇੱਜ਼ਤਦਾਰ ਔਰਤਾਂ ਦੇ ਸਭ ਤੋਂ ਹੇਠਲੇ ਦਰਜੇ ਵਿਚ ਖੜ੍ਹੀ ਕਰ ਦੇਂਦਾ ਏ। ਮੈਂ ਇਹ ਵੀ ਸੋਚਦੀ ਆਂ ਕਿ ਕਿਤੇ ਇਸੇ ਲਈ ਤਾਂ ਮਸਤੋਈਆਂ ਨੇ ਮੁਖ਼ਤਾਰਨ ਬੀਬੀ ਨੂੰ ਨਹੀਂ ਸੀ ਚੁਣਿਆਂ? ਮੈਨੂੰ ਕਦੀ ਪਤਾ ਨਹੀਂ ਲੱਗਦਾ।
ਮਸਤੋਈ ਦਾਅਵਾ ਕਰਦੇ ਨੇ ਕਿ ਉਹਨਾਂ ਨੇ ਔਰਤਾਂ ਦੀ ਅਦਲਾ-ਬਦਲੀ ਕਰਨ ਦੀ ਪੇਸ਼ਕਸ਼ ਕੀਤੀ ਸੀ—ਸ਼ਕੂਰ ਦੇ ਲਈ ਸਲਮਾ ਤੇ ਆਪਣੇ ਕਬੀਲੇ ਦੇ ਇਕ ਮਰਦ ਲਈ ਮੁਖ਼ਤਾਰ। ਉਹ ਜ਼ੋਰ ਦੇਂਦੇ ਨੇ ਕਿ ਮੇਰੇ ਅੱਬਾ, ਮੇਰੇ ਚਾਚੇ ਤੇ ਵਿਚ-ਬਚਾਅ ਕਰਨ ਵਾਲੇ ਰਮਜ਼ਾਨ ਨੇ ਇਸਨੂੰ ਮੰਜ਼ੂਰ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਇਸ ਦੇ ਉਲਟ, ਲੱਗਦਾ ਏ ਕਿ ਰਮਜ਼ਾਨ ਈ ਉਹ ਆਦਮੀ ਸੀ ਜਿਸਨੇ ਰਾਏ ਦਿੱਤੀ ਸੀ ਕਿ ਮੈਂ ਮਸਤੋਈਆਂ ਨੂੰ ਉਸ ਜ਼ਿਨਾ ਲਈ ਸੌਂਪ ਦਿੱਤੀ ਜਾਵਾਂ ਜਿਹੜਾ ਦੋਵਾਂ ਘਰਾਂ ਵਿਚਕਾਰ ਹਾਲਾਤ ਨੂੰ ਬਰਾਬਰ ਕਰ ਦਏਗਾ; ਇਸ ਪੇਸ਼ਕਸ਼ ਨੂੰ ਮੇਰੇ ਅੱਬਾ ਨੇ ਨਾਮੰਜ਼ੂਰ ਕਰ ਦਿੱਤਾ ਸੀ। ਇਸ ਮਾਮਲੇ ਵਿਚ ਰਮਜ਼ਾਨ ਨੇ ਜਿਸ ਗੰਧਲੇਪਨ ਤੋਂ ਕੰਮ ਲਿਆ ਏ, ਉਸ ਕਰਕੇ ਉਹ ਮੈਨੂੰ ਹੋਰ ਵੀ ਵੱਧ ਸ਼ੱਕੀ ਮਹਿਸੂਸ ਹੋਣ ਲੱਗ ਪਿਆ ਏ। ਚਲੋ ਖ਼ੈਰ, ਦੂਜੇ ਪੱਖ ਦਾ ਦਾਅਵਾ ਏ ਕਿ ਮੈਂ ਸ਼ੁਰੂ ਤੋਂ ਅਖ਼ੀਰ ਤੀਕ ਝੂਠ ਬੋਲਿਆ ਏ। ਕੁਝ ਨਹੀਂ ਸੀ ਹੋਇਆ! ਕਿਸੇ ਨੇ ਮੇਰੇ ਅੱਬਾ ਗ਼ੁਲਾਮ ਫ਼ਰੀਦ ਗੁੱਜਰ ਦੀ ਵੱਡੀ ਧੀ ਨਾਲ ਜ਼ਿਨਾ-ਬਿਲ-ਜਬਰ ਨਹੀਂ ਕੀਤਾ।
ਬਚਾਅ ਪੱਖ ਦੀ ਕੋਸ਼ਿਸ਼ ਏ ਕਿ ਇਹ ਮੈਂ ਸਾਬਤ ਕਰਾਂ ਕਿ ਇਕ ਜੁਰਮ ਕੀਤਾ ਗਿਆ ਸੀ, ਜਿਹੜਾ ਮੇਰੇ ਲਈ ਕਰਨਾ ਲਾਜ਼ਮੀ ਏਂ। ਕਾਨੂੰਨ ਦੇ ਮੁਤਾਬਕ ਇਸਨੂੰ ਸਾਬਤ ਕਰਨ ਦੇ ਦੋ ਤਰੀਕੇ ਨੇ—ਜਾਂ ਤਾਂ ਕਾਨੂੰਨੀ ਅਧਿਕਾਰ ਵਾਲੀ ਅਦਾਲਤ ਦੇ ਸਾਹਮਣੇ ਗੁਨਾਹਗਾਰ ਆਦਮੀ ਜਾਂ ਆਦਮੀਆਂ ਦੇ ਪੂਰੇ ਇਕਬਾਲੇ ਜੁਰਮ ਦੇ ਜ਼ਰੀਏ (ਜਿਹੜਾ ਕਦੀ ਨਹੀਂ ਹੁੰਦਾ), ਜਾਂ ਫੇਰ ਅਜਿਹੇ ਚਾਰ ਬਾਲਗ ਮੁਲਸਮਾਨ ਆਦਮੀਆਂ ਦੀ ਗਵਾਹੀ ਦੀ ਬਿਨਾ 'ਤੇ ਜਿਹੜੇ ਆਪਣੇ ਧਰਮ-ਕਰਮ ਲਈ ਜਾਣੇ ਜਾਂਦੇ ਹੋਣ ਤੇ ਜਿਹਨਾਂ ਨੂੰ ਅਦਾਲਤ ਇੱਜ਼ਤਦਾਰ ਮੰਨਦੀ ਹੋਵੇ। ਪਰ ਇਹਨਾਂ ਬੁਨਿਆਦੀ ਸ਼ਰਤਾਂ ਦੇ ਨਾ ਹੁੰਦੇ ਵੀ, ਪਾਕਿਸਤਾਨ ਵਿਚ ਕਿਸੇ ਅਦਾਲਤ ਦੇ ਸਾਹਮਣੇ ਅਜਿਹੀ ਕੋਈ ਰੁਕਾਵਟ ਨਹੀਂ ਏ ਕਿ ਉਹ ਤਸਦੀਕ ਕਰਨ ਵਾਲੇ ਦੂਜੇ ਸਬੂਤਾਂ 'ਤੇ ਨਿਰਭਰ ਨਾ ਕਰ ਸਕੇ, ਖਾਸ ਤੌਰ 'ਤੇ ਡਾਕਟਰੀ ਸਬੂਤਾਂ 'ਤੇ।
ਫੇਰ ਵੀ ਇਸ ਗ਼ੈਰ-ਮਾਮੂਲੀ ਅਦਾਲਤ ਵਿਚ ਮੇਰੀ ਮੌਜ਼ੂਦਗੀ ਦਾ ਮਤਲਬ ਇਹੀ ਹੋ ਸਕਦਾ ਏ ਕਿ ਕਿਸਮਤ ਨੇ ਮੈਨੂੰ ਇਨਸਾਫ਼ ਦਾ ਰਸਤਾ ਦਿਖਾਉਣ ਦਾ ਫ਼ੈਸਲਾ ਕੀਤਾ ਏ। ਤੇ ਜੇ ਫ਼ੈਸਲਾ ਮੁਨਾਸਿਬ ਹੋਇਆ ਤਾਂ ਉਹੀ ਮੇਰਾ ਬਦਲਾ ਹੋਏਗਾ। ਬੇੜੀਆਂ 'ਚ ਜਕੜੇ ਇਹਨਾਂ ਲੋਕਾਂ ਦੇ ਸਾਹਮਣੇ ਖੜ੍ਹੇ ਹੋ ਕੇ ਠੰਢੇਪਨ ਤੇ ਫ਼ਾਲਤੂ ਬਿਓਰੇ ਵਿਚ ਜਾਏ ਬਿਨਾਂ, ਬਿਆਨ ਦੇਣ ਵਿਚ ਹੁਣ ਮੈਨੂੰ ਕੋਈ ਡਰ ਨਹੀਂ ਏ। ਜਾਂਚ ਕਰਨ ਵਾਲੇ ਮਜਿਸਟਰੇਟ ਨੂੰ ਜਿਹੜਾ ਬਿਆਨ ਮੈਂ ਦਿੱਤਾ ਸੀ, ਉਹ ਪਹਿਲਾਂ ਈ ਸਬੂਤ ਦੇ ਤੌਰ 'ਤੇ ਦਰਜ ਕਰ ਲਿਆ ਗਿਆ ਏ।
ਮੈਨੂੰ ਆਪਣਾ ਬਿਆਨ ਦਰਜ ਕਰਵਾਇਆਂ ਹੁਣ ਕੁਝ ਅਰਸਾ ਬੀਤ ਚੁੱਕਿਆ ਏ, ਪਰ ਮੈਨੂੰ ਯਾਦ ਏ ਕਿ ਮੈਂ ਮੁਕੱਦਮੇ ਦੀ ਸੁਣਵਾਈ ਕਰਨ ਵਾਲੇ ਜੱਜ ਨੂੰ ਤਫ਼ਸੀਲ ਵਿਚ ਦੱਸਿਆ ਸੀ ਕਿ ਮੈਂ ਕਿਸੇ ਜਿਰਗੇ ਦੇ ਸਾਹਮਣੇ ਪੇਸ਼ ਹੋਈ ਸਾਂ। ਮੈਂ ਇਕ ਆਦਮੀ ਨੂੰ ਇਹ ਕਹਿੰਦਿਆਂ ਸੁਣਿਆਂ ਸੀ, “ਇਸ ਨੂੰ ਮੁਆਫ਼ ਕਰ ਦੇਣਾ ਚਾਹੀਦਾ ਏ,” ਪਰ ਇਕ ਹੋਰ ਆਦਮੀ ਫ਼ੌਰਨ ਅੱਗੇ ਆਇਆ ਤੇ ਉਸਨੇ ਜ਼ਿਨਾ 'ਤੇ ਜ਼ੋਰ ਦਿੱਤਾ ਸੀ। ਕਿਸੇ ਨੇ ਇਹ ਜ਼ਾਹਰ ਈ ਨਹੀਂ ਸੀ ਕੀਤਾ ਕਿ ਉਹ ਮੈਨੂੰ ਬਚਾਉਣਾ ਚਾਹੁੰਦਾ ਏ, ਸਿਵਾਏ ਮੇਰੇ ਅੱਬਾ, ਚਾਚੇ, ਹਾਜੀ ਅਲਤਾਫ਼ ਤੇ ਗ਼ੁਲਾਮ ਨਬੀ ਦੇ, ਪਰ ਉਹਨਾਂ ਨੂੰ ਵੀ ਤਾਕਤ ਤੇ ਤਾਦਾਦ ਵਿਚ ਜ਼ਿਆਦਾ, ਤੇ ਹਥਿਆਰਾਂ ਨਾਲ ਲੈਸ ਮਸਤੋਈਆਂ ਨੇ ਕੈਦੀ ਬਣਾਈ ਰੱਖਿਆ ਸੀ। ਉੱਥੇ ਚਾਰ ਹਮਲਾਵਰ ਸਨ, ਜਿਹਨਾਂ ਨੇ ਇਕ ਪਿੱਛੋਂ ਇਕ, ਮੇਰੇ ਨਾਲ ਜ਼ਬਰਦਸਤੀ ਕੀਤੀ ਤੇ ਮੈਨੂੰ ਸ਼ਰਮਿੰਦਗੀ ਦੀ ਹਾਲਤ ਵਿਚ, ਮੇਰੇ ਬਾਪ ਦੀਆਂ ਅੱਖਾਂ ਸਾਹਵੇਂ, ਅਸਤਬਲ 'ਚੋਂ ਬਾਹਰ ਸੁੱਟ ਦਿੱਤਾ ਸੀ।
ਜਦੋਂ ਬੋਲਣਾ ਖ਼ਤਮ ਕਰਦੀ ਆਂ, ਮੈਂ ਬਾਹਰੋਂ ਸ਼ਾਂਤ ਨਜ਼ਰ ਆਉਂਦੀ ਆਂ, ਪਰ ਸ਼ਰਮ ਨਾਲ ਮੇਰਾ ਦਿਲ ਤੇ ਮੇਰਾ ਪੇਟ ਦਰਦ ਕਰ ਰਿਹਾ ਏ।
ਸੁਣਵਾਈ ਬੰਦ ਦਰਵਾਜ਼ੇ ਪਿੱਛੇ ਕੀਤੀ ਜਾ ਰਹੀ ਏ। ਅਖ਼ਬਾਰ ਵਾਲੇ ਬਾਹਰ ਇੰਤਜ਼ਾਰ ਕਰ ਰਹੇ ਨੇ। ਸਿਰਫ਼ ਸ਼ਿਕਾਇਤ ਕਰਨ ਵਾਲੀ ਦੇ ਤੌਰ 'ਤੇ ਮੈਂ, ਮੁਜਰਿਮ, ਗਵਾਹ ਤੇ ਵਕੀਲ, ਜੱਜ ਦੇ ਸਾਹਮਣੇ ਹਾਜ਼ਰ ਆਂ, ਜਿਹੜਾ ਸਮੇਂ-ਸਮੇਂ 'ਤੇ ਦਖ਼ਲ ਦੇਂਦਾ ਏ, ਜਦੋਂ ਕਾਰਵਾਈ ਵਕੀਲਾਂ ਦੀ ਆਪਸੀ ਬਹਿਸ ਦੇ ਕਾਰਨ ਦਲਦਲ ਵਿਚ ਜਾ ਫਸਦੀ ਏ।

ਆਖ਼ਰੀ ਸੁਣਵਾਈ ਦੇ ਸਮੇਂ ਜੱਜ ਅਗਲੇ ਦਿਨ ਆਪਣਾ ਫ਼ੈਸਲਾ ਸੁਣਾਉਣ ਦੀ ਤਿਆਰੀ ਕਰ ਰਿਹਾ ਏ। ਜਿਵੇਂ ਕਿ ਹੁੰਦਾ ਏ, ਮੈਂ ਉੱਥੇ ਮੌਜ਼ੂਦ ਨਹੀਂ ਆਂ—ਜਦ ਉਹ ਜ਼ਿਲੇਦਾਰ ਦੇ ਨਾਲ-ਨਾਲ ਨਾਇਬ ਜ਼ਿਲੇਦਾਰ (ਉਹੀ ਜਿਸਨੇ ਸਾਦੇ ਕਾਗਜ਼ ਉੱਤੇ ਮੇਰੇ ਬਿਆਨ 'ਤੇ ਮੈਥੋਂ ਅੰਗੂਠਾ ਲਗਵਾਇਆ ਸੀ) ਤੇ ਉਸਦੇ ਆਦਮੀਆਂ ਨੂੰ ਸਵਾਲ-ਜਵਾਬ ਕਰਦਾ ਏ। ਮੈਨੂੰ ਬਾਅਦ ਵਿਚ ਪਤਾ ਲੱਗਦਾ ਏ ਕਿ ਨਾਇਬ ਜ਼ਿਲੇਦਾਰ ਤੇ ਉਸਦੇ ਆਦਮੀਆਂ ਦੇ ਮੁਤਾਬਿਕ ਮੇਰਾ ਉਸ ਸਮੇਂ ਦਾ ਬਿਆਨ ਮੇਰੇ ਅੱਜ ਦੇ ਬਿਆਨ ਨਾਲੋਂ ਅਲੱਗ ਏ।
“ਮੈਂ ਤੁਹਾਨੂੰ ਸਾਰਿਆਂ ਨੂੰ ਤਲਬ ਕੀਤਾ,” ਜੱਜ ਦੱਸਦਾ ਏ, “ਕਿਉਂਕਿ ਤੁਸੀਂ ਸਾਰੇ ਉੱਥੇ ਸੀ ਜਦ ਮੁਖ਼ਤਾਰ ਨੇ ਆਪਣੀ ਕਹਾਣੀ ਬਿਆਨ ਕੀਤੀ, ਤੇ ਜੋ ਕੁਝ ਇਹਨਾਂ ਕਾਗਜ਼ਾਂ 'ਤੇ ਲਿਖਿਆ ਏ, ਉਸਦੇ ਲਈ ਤੁਸੀਂ ਸਾਰੇ ਜ਼ਿੰਮੇਦਾਰ ਓਂ।”
“ਹਜ਼ੂਰ,” ਜ਼ਿਲੇਦਾਰ ਜਵਾਬ ਦੇਂਦਾ ਏ, “ਮੈਨੂੰ ਇਹ ਸਾਫ਼ ਕਰਨ ਦੀ ਇਜਾਜ਼ਤ ਦਿਓ ਕਿ ਉਹ ਦੂਜੇ ਸਨ ਜਿਹਨਾਂ ਇਹ ਖਿਚੜੀ ਪਕਾਈ ਸੀ। ਮੁਖ਼ਤਾਰ ਨੇ ਮੈਨੂੰ ਇਸ ਬਾਰੇ ਦੱਸਿਆ ਸੀ ਜਦੋਂ ਉਸਨੇ ਇਸ ਮਾਮਲੇ ਵਿਚ ਪਹਿਲਾਂ ਮੇਰੇ ਨਾਲ ਮੇਰੇ ਦਫ਼ਤਰ ਵਿਚ ਗੱਲ ਕੀਤੀ ਸੀ, ਤੇ ਜਦੋਂ ਮੈਂ ਉਸ ਪੁਲਸ ਵਾਲੇ ਨੂੰ ਬੁਲਾਇਆ, ਉਸਨੇ ਕਿਹਾ, 'ਕੋਈ ਦਿੱਕਤ ਨਹੀਂ ਏ, ਉਹ ਕਾਗਜ਼ ਫਾਇਲ 'ਚ ਹੋਏਗਾ, ਮੈਂ ਉਸਨੂੰ ਦੇਖ ਲਵਾਂਗਾ,' ਪਰ ਉਸਨੇ ਉਹ ਫਾਇਲ ਮੈਨੂੰ ਕਦੀ ਲਿਆ ਕੇ ਨਹੀਂ ਦਿੱਤੀ!”
ਇਹ ਸਭ ਸੁਣ ਕੇ ਜੱਜ ਗੁੱਸੇ ਵਿਚ ਕਹਿੰਦਾ ਏ, “ਮੇਰਾ ਜੀਅ ਚਾਹੁੰਦਾ ਏ, ਤੈਨੂੰ ਜੇਲ੍ਹ ਭੇਜ ਦਿਆਂ।”
ਖ਼ੈਰ, ਜੱਜ ਆਖ਼ਰ ਉਸਨੂੰ ਜਾਣ ਦੇਂਦਾ ਏ, ਤੇ ਐਲਾਨ ਕਰਦਾ ਏ ਕਿ ਮਾਮਲੇ ਦਾ ਨਿਬੇੜਾ ਕਰਨ ਵਿਚ ਦੇਰ ਲੱਗੇਗੀ।

31 ਅਗਸਤ, 2002 ਨੂੰ ਅਦਾਲਤ ਦਾ ਸਮਾਂ ਖ਼ਤਮ ਹੋ ਜਾਣ ਪਿੱਛੋਂ, ਇਕ ਖਾਸ ਪੇਸ਼ੀ ਦੇ ਦੌਰਾਨ ਅਦਾਲਤ ਆਪਣਾ ਫ਼ੈਸਲਾ ਸੁਣਾਉਂਦੀ ਏ। ਛੇ ਆਦਮੀਆਂ ਨੂੰ ਮੌਤ ਦੀ ਸਜ਼ਾ ਤੇ ਜੁਰਮਾਨੇ ਦੇ ਤੌਰ 'ਤੇ 50,000 ਰੁਪਏ ਅਦਾ ਕਰਨ ਦਾ ਹੁਕਮ ਦਿੱਤਾ ਗਿਆ ਏ। ਚਾਰਾਂ ਨੂੰ ਮੁਖ਼ਤਾਰਨ ਬੀਬੀ ਦੇ ਨਾਲ ਬਲਾਤਕਾਰ ਦੇ ਇਲਜ਼ਾਮ ਵਿਚ, ਤੇ ਦੋ—ਯਾਨੀ ਕਬੀਲੇ ਦਾ ਸਰਦਾਰ ਫ਼ੈਜ਼ ਤੇ ਰਮਜ਼ਾਨ—ਨੂੰ ਜਿਰਗੇ ਦੇ ਮੈਂਬਰ ਹੋਣ ਦੀ ਹੈਸੀਅਤ ਨਾਲ ਬਲਾਤਕਾਰ ਨੂੰ ਸ਼ਹਿ ਦੇਣ ਦੇ ਲਈ। ਇਹ ਰਮਜ਼ਾਨ ਮੇਰੇ ਘਰ ਵਾਲਿਆਂ ਵੱਲੋਂ ਵਿਚ-ਬਚਾਅ ਕਰਨ ਦਾ ਬਹਾਨਾ ਕਰ ਰਿਹਾ ਸੀ, ਜਦਕਿ ਅਸਲੀਅਤ ਵਿਚ ਉਹ ਇਕ ਮੱਕਾਰ ਗੱਦਾਰ ਸੀ, ਜਿਹੜਾ ਮੇਰੇ ਅੱਬਾ ਦੇ ਭਰੋਸੇ ਦਾ ਫ਼ਾਇਦਾ ਉਠਾ ਰਿਹਾ ਸੀ, ਤੇ ਪੂਰੀ ਕੋਸ਼ਿਸ਼ ਕਰ ਰਿਹਾ ਸੀ ਕਿ ਮਸਤੋਈ ਜੋ ਚਾਹੁੰਦੇ ਸਨ, ਉਹ ਉਹਨਾਂ ਨੂੰ ਮਿਲ ਜਾਏ।
ਬਾਕੀ ਅੱਠ ਆਦਮੀ ਰਿਹਾਅ ਕਰ ਦਿੱਤੇ ਜਾਂਦੇ ਨੇ।
ਮੈਂ ਅਦਾਲਤ ਦੇ ਬਾਹਰ ਉਡੀਕ ਰਹੇ ਪੱਤਰਕਾਰਾਂ ਨੂੰ ਦੱਸਦੀ ਆਂ, ਕਿ ਮੈਨੂੰ ਫ਼ੈਸਲੇ ਨਾਲ ਸਕੂਨ ਤੇ ਤਸੱਲੀ ਏ, ਪਰ ਮੇਰੇ ਵਕੀਲ ਅੱਠ ਮਸਤੋਈ ਮਰਦਾਂ ਨੂੰ ਰਿਹਾਅ ਕਰਨ ਦੇ ਫ਼ੈਸਲੇ ਦੇ ਖ਼ਿਲਾਫ਼ ਅਪੀਲ ਕਰਨਗੇ। ਮੈਨੂੰ ਇਹ ਵੀ ਉਮੀਦ ਏ ਕਿ ਸਰਕਾਰੀ ਵਕੀਲ ਵੀ ਇਕ ਅਪੀਲ ਦਾਇਰ ਕਰਨਗੇ। ਆਪਣੇ ਵੱਲੋਂ, ਉਹ ਛੇ ਮੁਜ਼ਰਿਮ ਵੀ ਆਪਣੀ ਮੌਤ ਦੀ ਸਜ਼ਾ ਦੇ ਸਿਲਸਿਲੇ ਵਿਚ ਅਪੀਲ ਦਾਇਰ ਕਰਨਗੇ। ਸੋ, ਭਲ਼ੇ ਈ ਮੈਂ ਜਿੱਤ ਗਈ ਆਂ, ਮਾਮਲਾ ਅਜੇ ਖ਼ਤਮ ਨਹੀਂ ਹੋਇਆ ਏ। ਖ਼ੈਰ ਜੀ, ਮਹਿਲਾ ਅਧਿਕਾਰਾਂ ਦੇ ਕਾਰਜ-ਕਰਤਾ ਬੜੇ ਖ਼ੁਸ਼ ਨੇ—ਮੁਖ਼ਤਾਰਨ ਬੀਬੀ ਦਾ ਇਹ ਕਾਮਯਾਬ ਸੰਘਰਸ਼ ਉਹਨਾਂ ਲਈ ਇਕ ਮਹੱਤਵਪੂਰਨ ਮਿਸਾਲ ਬਣ ਗਿਆ ਏ!
ਮੈਂ ਆਪਣਾ ਸਿਰ ਉੱਚਾ ਕਰੀ, ਤੇ ਉਸ ਉੱਤੇ ਨਿਮਰ-ਰਿਵਾਜ਼ ਦੇ ਮੁਤਾਬਿਕ ਚਾਦਰ ਲਈ, ਆਪਣੇ ਪਿੰਡ ਜਾ ਸਕਦੀ ਆਂ।

ਅਜੇ ਮੈਂ ਇਕ ਸਕੂਲ ਵੀ ਬਨਾਣਾ ਏ, ਤੇ ਉਹ ਆਸਾਨ ਕੰਮ ਨਹੀਂ ਏ। ਪਤਾ ਨਹੀਂ ਕਿਉਂ, ਪਰ ਕਦੀ-ਕਦੀ ਮੇਰੀ ਤਾਕਤ ਮੇਰਾ ਸਾਥ ਛੱਡ ਦੇਂਦੀ ਏ—ਮੇਰਾ ਵਜਨ ਘੱਟ ਰਿਹਾ ਏ ਤੇ ਮੇਰਾ ਚਿਹਰਾ ਥਕਾਣ ਨਾਲ ਮੁਰਝਾ ਗਿਆ ਏ। ਉਹ ਤਕਲੀਫ਼ਦੇਹ ਘਟਨਾ ਜਿਸਨੇ ਮੇਰੀ ਸਕੂਨ ਭਰੀ ਜ਼ਿੰਦਗੀ ਨੂੰ ਤਬਾਹ ਕਰ ਦਿੱਤਾ ਏ ਤੇ ਇਹ ਸ਼ਾਨਦਾਰ ਜਿੱਤ ਜਿਸਦੀ ਵਾਹਵਾਹੀ ਅਖ਼ਬਾਰਾਂ ਤੇ ਟੈਲੀਵਿਜ਼ਨ ਨੇ ਕੀਤੀ ਏ, ਦੋਨਾਂ ਨੇ ਈ ਮੈਨੂੰ ਬੇਹੱਦ ਉਦਾਸ ਕਰ ਦਿੱਤਾ ਏ—ਮੈਂ ਬੋਲਦੇ-ਬੋਲਦੇ, ਮਰਦਾਂ ਤੇ ਉਹਨਾਂ ਦੇ ਕਾਨੂੰਨਾਂ ਨਾਲ ਵਾਸਤਾ ਰੱਖਦੇ-ਰੱਖਦੇ, ਥੱਕ ਗਈ ਆਂ। ਲੋਕ ਕਹਿੰਦੇ ਨੇ ਮੈਂ ਬਹਾਦੁਰ ਆਂ, ਜਦਕਿ ਮੈਂ ਬੇਹੱਦ ਪਸਤ ਹੋ ਚੁੱਕੀ ਆਂ। ਮੈਂ ਹੱਸਦੀ, ਬੋਲਦੀ ਤੇ ਮਸਤ ਰਹਿੰਦੀ ਸਾਂ, ਪਰ ਉਹ ਮੌਜ ਤੇ ਜ਼ਿੰਦਾ-ਦਿਲੀ ਮੈਂ ਗੰਵਾ ਚੁੱਕੀ ਆਂ। ਕਦੀ ਮੈਨੂੰ ਆਪਣੀਆਂ ਭੈਣਾਂ ਨਾਲ ਹਾਸ-ਠੱਠਾ ਕਰਨਾ ਚੰਗਾ ਲੱਗਦਾ ਸੀ, ਤੇ ਮੈਨੂੰ ਆਪਣੇ ਕੰਮ 'ਚ ਮਜ਼ਾ ਆਉਂਦਾ ਸੀ—ਆਪਣੀ ਕਢਾਈ ਵਿਚ, ਬੱਚਿਆਂ ਨੂੰ ਕੁਰਾਨ ਸਿਖਾਉਣ ਵਿਚ—ਹੁਣ ਮੈਂ ਉਦਾਸ ਤੇ ਬੁਝੀ-ਬੁਝੀ ਆਂ। ਆਪਣੇ ਦਰਵਾਜ਼ੇ ਦੇ ਸਾਹਮਣੇ ਪੁਲਸ ਵਾਲਿਆਂ ਦੇ ਇਸ ਘੇਰੇ ਵਿਚ, ਇਕ ਤਰ੍ਹਾਂ ਨਾਲ, ਮੈਂ ਖ਼ੁਦ ਆਪਣੀ ਕਹਾਣੀ ਦੀ ਕੈਦੀ ਬਣ ਗਈ ਆਂ, ਭਲ਼ੇ ਈ ਮੈਂ ਆਪਣੇ ਜ਼ਾਲਿਮਾਂ 'ਤੇ ਫਤਹਿ ਹਾਸਲ ਕੀਤੀ ਏ।
ਵਕੀਲ ਤੇ ਸੰਗਠਨਾਂ ਦੇ ਕਾਰਜ-ਕਰਤਾ ਮੈਨੂੰ ਤਸੱਲੀ ਦੇਂਦੇ ਨੇ—ਅਪੀਲ ਵਿਚ ਬਹੁਤਾ ਵਕਤ ਲੱਗੇਗਾ, ਇਕ ਸਾਲ ਜਾਂ ਦੋ ਵੀ, ਤੇ ਇਸ ਦੌਰਾਨ ਮੈਂ ਸੁਰੱਖਿਅਤ ਆਂ। ਜਿਹੜੇ ਆਦਮੀ ਛੱਡੇ ਗਏ ਸਨ, ਉਹ ਵੀ ਮੇਰੇ ਵੱਲ ਟੇਢੀ ਨਜ਼ਰ ਨਾਲ ਦੇਖਣ ਦੀ ਹਿੰਮਤ ਨਹੀਂ ਕਰ ਸਕਦੇ। ਤੇ ਇਹ ਸੱਚ ਏ। ਲੋਕ ਕਹਿੰਦੇ ਨੇ, ਆਪਣੀ ਹਿੰਮਤ ਦੀ ਬਦੌਲਤ ਮੈਂ ਆਪਣੇ ਮੁਲਕ ਵਿਚ ਔਰਤਾਂ ਦੀ ਹਾਲਤ ਨੂੰ ਉਜਾਗਰ ਕਰ ਦਿੱਤਾ ਏ, ਤੇ ਦੂਜੀਆਂ ਔਰਤਾਂ ਮੇਰੀ ਦਿਖਾਏ ਹੋਏ ਰਾਹ 'ਤੇ ਚੱਲਣਗੀਆਂ। ਕਿੰਨੀਆਂ ਔਰਤਾਂ—ਮੈਂ ਹੈਰਾਨੀ ਨਾਲ ਸੋਚਦੀ ਆਂ।
ਕਿੰਨੀਆਂ ਔਰਤਾਂ ਨੂੰ ਉਹਨਾਂ ਦੇ ਘਰਵਾਲੇ ਸਹਾਰਾ ਦੇਣਗੇ, ਜਿਵੇਂ ਮੇਰੇ ਘਰ ਵਾਲਿਆਂ ਨੇ ਮੈਨੂੰ ਦਿੱਤਾ ਸੀ? ਕਿੰਨੀਆਂ ਔਰਤਾਂ ਏਨੀਆਂ ਖ਼ੁਸ਼ਕਿਸਮਤ ਹੋਣਗੀਆਂ ਕਿ ਇਕ ਅਖ਼ਬਾਰ ਵਾਲਾ ਸੱਚਾਈ ਦੀ ਖ਼ਬਰ ਛਾਪੇ, ਕਿ ਇਨਸਾਨੀ ਹੱਕਾਂ ਦੇ ਲਈ ਲੜਨ ਵਾਲੇ ਸੰਗਠਨ ਉਹਨਾਂ ਦੇ ਮਾਮਲੇ ਨੂੰ ਏਨੇ ਜ਼ੋਰ-ਸ਼ੋਰ ਨਾਲ ਉਠਾਉਣ ਕਿ ਖ਼ੁਦ ਸਰਕਾਰ ਨੂੰ ਦਖ਼ਲ ਦੇਣਾ ਪਏ ਤਾਕਿ ਕਾਨੂੰਨ ਤੇ ਇਨਸਾਫ਼ ਦਾ ਅਮਲ ਪੱਕੇ ਤੌਰ 'ਤੇ ਹੋ ਸਕੇ? ਸਿੰਧ ਨਦੀ ਦੀ ਘਾਟੀ ਦੇ ਪਿੰਡਾਂ ਵਿਚ ਏਨੀਆਂ ਢੇਰ ਸਾਰੀਆਂ ਬੇ-ਪੜ੍ਹੀਆਂ-ਲਿਖੀਆਂ ਔਰਤਾਂ ਨੇ—ਏਨੀਆਂ ਸਾਰੀਆਂ ਔਰਤਾਂ ਜਿਹਨਾਂ ਦੇ ਪਤੀ ਤੇ ਘਰ ਵਾਲੇ ਉਹਨਾਂ ਨੂੰ ਇੱਜ਼ਤ ਤੇ ਸਹਾਰੇ ਦੇ ਹਰ ਸਾਧਨ ਤੋਂ ਵਾਂਝਿਆਂ ਛੱਡਦੇ ਹੋਏ ਠੁਕਰਾ ਦੇਣਗੇ, ਉਹਨਾਂ ਨੂੰ ਹਿਫ਼ਾਜ਼ਤ ਦੇ ਬਿਨਾਂ ਛੱਡ ਦੇਣਗੇ। ਮਾਮਲਾ ਬੱਸ ਏਨਾ ਈ ਸਿੱਧਾ-ਸਾਦਾ ਏ।
ਪਿੰਡ ਵਿਚ ਕੁੜੀਆਂ ਦਾ ਇਕ ਸਕੂਲ ਖੋਲ੍ਹਣ ਦੀ ਮੇਰੀ ਹਸਰਤ ਮੇਰੇ ਦਿਲ ਦੀ ਸਭ ਤੋਂ ਪਿਆਰੀ ਤਮੰਨਾ ਏਂ; ਇਸਦਾ ਖ਼ਿਆਲ ਮੈਨੂੰ ਲਗਭਗ ਖ਼ੁਦਾ ਤੋਂ ਮਿਲੇ ਪੈਗ਼ਾਮ ਵਾਂਗ ਸੁੱਝਿਆ। ਮੈਂ ਕੁੜੀਆਂ ਨੂੰ ਤਾਲੀਮ ਦੇਣ, ਉਹਨਾਂ ਨੂੰ ਸਿਖਣ ਦੀ ਹਿੰਮਤ ਦੇਣ ਲਈ ਇਕ ਰਸਤਾ ਲੱਭਣ ਦੀ ਕੋਸ਼ਿਸ਼ ਕਰ ਰਹੀ ਸਾਂ। ਕਿਉਂਕਿ ਕੁੜੀਆਂ ਨੇ ਘਰ ਦੇ ਕੰਮ-ਕਾਜ ਵਿਚ ਹੱਥ ਵੰਡਾਉਣਾ ਹੁੰਦਾ ਏ, ਬਾਪ ਉਹਨਾਂ ਨੂੰ ਪੜ੍ਹਨ ਲਈ ਭੇਜਣ ਦੀ ਸੋਚਦਾ ਈ ਨਹੀਂ। ਹਾਲਾਤ ਇਵੇਂ ਈ ਨੇ। ਤੇ ਮੇਰੇ ਦੂਰ-ਦੁਰੇਡੇ ਦੇ ਪਿੰਡ ਵਿਚ ਇਕ ਕੁੜੀ ਆਪਣੀ ਮਾਂ ਤੋਂ ਕੀ ਸਿਖਦੀ ਏ? ਰੋਟੀਆਂ ਬਣਾਉਣਾ, ਦਾਲ-ਚੌਲ ਧਰਨਾ, ਕੱਪੜੇ ਧੋਣਾ ਤੇ ਉਹਨਾਂ ਨੂੰ ਖਜੂਰ ਦੇ ਤਣਿਆਂ 'ਤੇ ਸੁੱਕਣ ਲਈ ਪਾ ਆਉਣਾ, ਜਾਨਵਰਾਂ ਲਈ ਚਾਰਾ-ਪੁੱਠੇ ਲੈ ਆਉਣਾ, ਕਣਕ ਜਾਂ ਗੰਨੇ ਦੀ ਫ਼ਸਲ ਵਢਾਉਣਾ, ਚਾਹ ਬਣਾਉਣਾ, ਛੋਟੇ ਬੱਚਿਆਂ ਨੂੰ ਸੰਵਾਉਣਾ, ਹੈਂਡਪੰਪ ਤੋਂ ਪਾਣੀ ਲੈ ਆਉਣਾ। ਸਾਡੀਆਂ ਮਾਂਵਾਂ ਨੇ ਇਹੋ ਸਭ ਕੁਝ ਸਾਥੋਂ ਪਹਿਲਾਂ ਕੀਤਾ ਏ, ਤੇ ਉਹਨਾਂ ਤੋਂ ਪਹਿਲਾਂ ਉਹਨਾ ਦੀਆਂ ਮਾਂਵਾਂ ਨੇ ਵੀ ਇਹੋ ਕੁਝ ਕੀਤਾ ਸੀ। ਤੇ ਫੇਰ ਸ਼ਾਦੀ ਕਰਨ ਤੇ ਬੱਚੇ ਪੈਦਾ ਕਰਨ ਦਾ ਸਮਾਂ ਆ ਜਾਂਦਾ ਏ...ਇਸੇ ਤਰ੍ਹਾਂ ਜ਼ਿੰਦਗੀ ਲੰਘ-ਟੱਪ ਜਾਂਦੀ ਏ—ਇਕ ਔਰਤ ਤੋਂ ਦੂਜੀ ਔਰਤ ਤੀਕ।
ਪਰ ਸ਼ਹਿਰਾਂ ਵਿਚ, ਤੇ ਦੂਜੇ ਸੂਬਿਆਂ ਵਿਚ ਵੀ, ਔਰਤਾਂ ਪੜ੍ਹ-ਲਿਖ ਸਕਦੀਆਂ ਨੇ ਤੇ ਵਕੀਲ, ਮਾਸਟਰਨੀਆਂ, ਡਾਕਟਰ, ਪੱਤਰਕਾਰ ਬਣ ਸਕਦੀਆਂ ਨੇ। ਮੈਂ ਉਹਨਾਂ ਵਿਚੋਂ ਕੁਝ ਨੂੰ ਮਿਲੀ ਆਂ ਤੇ ਉਹ ਮੈਨੂੰ ਬੇਹਯਾ ਜਾਂ ਬਦਨਾਮ ਨਹੀਂ ਲੱਗਦੀਆਂ। ਉਹ ਆਪਣੇ ਮਾਂ-ਬਾਪ ਤੇ ਪਤੀਆਂ ਦੀ ਇੱਜ਼ਤ ਕਰਦੀਆਂ ਨੇ, ਪਰ ਉਹਨਾਂ ਨੂੰ ਆਪਣੀ ਤਰਫ਼ੋਂ ਬੋਲਣ ਦਾ ਹੱਕ ਏ, ਕਿਉਂਕਿ ਉਹਨਾਂ ਕੋਲ ਇਲਮ ਏ। ਮੇਰੇ ਕੋਲ ਇਸ ਦਾ ਆਸਾਨ ਜਿਹਾ ਜਵਾਬ ਐ—ਕੁੜੀਆਂ ਨੂੰ ਤਾਲੀਮ ਦਿੱਤੀ ਜਾਣੀ ਚਾਹੀਦੀ ਏ, ਤੇ ਜਲਦੀ ਤੋਂ ਜਲਦੀ, ਇਸ ਤੋਂ ਪਹਿਲਾਂ ਕਿ ਉਹਨਾਂ ਦੀਆਂ ਮਾਂਵਾਂ ਉਹਨਾਂ ਨੂੰ ਉਸੇ ਤਰ੍ਹਾਂ ਪਾਲ-ਪੋਸ ਕੇ ਵੱਡਾ ਕਰ ਦੇਣ ਜਿਵੇਂ ਉਹ ਖ਼ੁਦ ਪਾਲੀਆਂ-ਵੱਡੀਆਂ ਕੀਤੀਆਂ ਗਈਆਂ ਸਨ।
ਮੈਂ ਉਸ ਪੁਲਸ ਵਾਲੇ ਦੇ ਸ਼ਬਦ ਕਦੀ ਨਹੀਂ ਭੁੱਲਾਂਗੀ ਜਿਸਨੇ ਮੈਨੂੰ ਟੋਕਿਆ ਸੀ ਜਦੋਂ ਮੈਂ ਜ਼ਿਲੇਦਾਰ ਨੂੰ ਆਪਣਾ ਬਿਆਨ ਦੇਣ ਲਈ ਤਿਆਰ ਸਾਂ।
“ਮੈਨੂੰ ਸਮਝਾਉਣ ਦਿਓ! ਇਸ ਨੂੰ ਪਤਾ ਨਹੀਂ ਕਿ ਬਿਆਨ ਕਿੰਜ ਦਿੱਤਾ ਜਾਂਦਾ ਏ...”
ਪਰ ਮੈਂ ਬੋਲ ਪਈ ਸਾਂ। ਇਸ ਲਈ ਕਿ ਮੇਰੇ ਅੰਦਰ ਬਹੁਤ ਦਮ ਏ? ਇਸ ਲਈ ਕਿ ਮੇਰੀ ਬੇਇੱਜ਼ਤੀ ਹੋਈ ਸੀ? ਇਸ ਲਈ ਕਿ ਅਚਾਨਕ ਮੇਰੀ ਜ਼ਬਾਨ ਬੋਲਣ ਲਈ ਆਜ਼ਾਦ ਹੋ ਗਈ ਸੀ! ਹਾਂ, ਇਹਨਾਂ ਸਾਰੇ ਕਾਰਨਾਂ ਕਰਕੇ। ਪਰ ਮੈਂ ਇਸਦਾ ਪੱਕਾ ਇੰਤਜ਼ਾਮ ਕਰਾਂਗੀ ਕਿ ਕੁੜੀਆਂ ਪੜ੍ਹਣਾ-ਲਿਖਣਾ ਸਿੱਖਣ, ਤੇ ਮੈਂ ਖ਼ੁਦ ਵੀ ਸਿੱਖਾਂਗੀ। ਹੁਣ ਕਦੀ ਮੈਂ ਇਕ ਸਾਦੇ ਕਾਗ਼ਜ਼ 'ਤੇ ਆਪਣਾ ਅੰਗੂਠਾ ਨਹੀਂ ਲਾਵਾਂਗੀ।
ਮੈਂ ਆਪਣੀ ਇਕ ਭੈਣ ਦੀ ਯਾਦ ਵਿਚ ਇਕ ਛੋਟਾ-ਜਿਹਾ ਹਸਪਤਾਲ ਬਣਵਾਉਣ ਦੀ ਸੋਚ ਰਹੀ ਸਾਂ, ਜਿਹੜੀ ਕੈਂਸਰ ਨਾਲ ਮਰ ਗਈ ਸੀ, ਕਿਉਂਕਿ ਉਸਦਾ ਠੀਕ ਢੰਗ ਨਾਲ ਇਲਾਜ਼ ਨਹੀਂ ਸੀ ਹੋਇਆ। ਹਾਲਾਂਕਿ ਅਜਿਹੇ ਕੰਮ ਦਾ ਜ਼ਿੰਮਾ ਲੈਣ 'ਤੇ ਸਕੂਲ ਨਾਲੋਂ ਵੱਧ ਖ਼ਰਚ ਹੋਵੇਗਾ—ਡਾਕਟਰ ਤੇ ਨਰਸ ਰੱਖਣਾ, ਮੁਫ਼ਤ ਇਲਾਜ਼ ਕਰਨ ਲਈ ਦਵਾਈਆਂ ਹਾਸਲ ਕਰਨਾ—ਇਕ ਅਸੰਭਵ ਜਿਹੀ ਸਿਰਦਰਦੀ ਏ। ਜਦ ਮੈਂ ਖ਼ੁਦ ਨੂੰ ਉਸ ਮਹਿਲਾ ਮੰਤਰੀ ਕੋਲ ਦੇਖਿਆਂ ਤਾਂ ਮੈਂ ਆਪ-ਮੁਹਾਰੇ 'ਸਕੂਲ' ਕਿਹਾ, ਹਾਲਾਂਕਿ ਅੰਗੂਠੇ ਦੇ ਨਿਸ਼ਾਨ ਵਾਲੀ ਘਟਨਾ ਤੋਂ ਪਹਿਲਾਂ ਕਦੀ ਇਹ ਸਵਾਲ ਮੇਰੇ ਦਿਮਾਗ਼ ਵਿਚ ਨਹੀਂ ਸੀ ਆਇਆ। ਕਿਉਂਕਿ ਉਹਨਾਂ ਹਾਲਾਤਾਂ ਵਿਚ ਮੈਨੂੰ ਇੰਜ ਲੱਗਿਆ ਸੀ ਕਿ ਮੇਰੇ ਹੱਥ ਬੱਧੇ ਹੋਏ ਨੇ, ਜੋ ਹੋ ਰਿਹਾ ਸੀ ਉਸਦੇ ਸਾਹਵੇਂ ਮੈਂ ਬੇਵੱਸ ਸਾਂ। ਜੇ ਮੈਨੂੰ ਪਤਾ ਹੁੰਦਾ ਕਿ ਪੁਲਸ ਵਾਲਾ ਕੀ ਲਿਖ ਰਿਹਾ ਏ ਤਾਂ ਗੱਲ ਦੂਜੀ ਤਰ੍ਹਾਂ ਹੋਈ ਹੁੰਦੀ। ਉਹ ਮੇਰੇ ਨਾਲ ਕਿਸੇ ਹੋਰ ਤਰੀਕੇ ਨਾਲ ਚਾਲਬਾਜ਼ੀ ਕਰਨ ਦੀ ਕੋਸ਼ਿਸ਼ ਕਰਦਾ, ਪਰ ਏਨੇ ਖੁੱਲ੍ਹਮ-ਖੁੱਲ੍ਹਾ ਢੰਗ ਨਾਲ ਨਹੀਂ।
ਕਿਸੇ ਕਿਸੇ ਇਲਾਕੇ ਵਿਚ ਪਿੰਡਾਂ ਦੇ ਪੁਲਸ ਵਾਲੇ ਤੇ ਵੱਡੇ ਅਫ਼ਸਰ ਕਬੀਲੇ ਦੇ ਨਿਜ਼ਾਮ ਵਿਚ ਸਿਰਫ਼ ਮੋਹਰੇ ਹੁੰਦੇ ਨੇ, ਅਮੀਰ ਜ਼ਿਮੀਂਦਾਰਾਂ ਦੇ ਇਸ਼ਾਰੇ 'ਤੇ ਨੱਚਣ ਵਾਲੇ, ਕਿਉਂਕਿ ਆਖ਼ਰਕਾਰ ਅਮੀਰ ਈ ਤਾਂ ਨੇ ਜਿਹੜੇ ਹਕੂਮਤ ਕਰਦੇ ਨੇ। ਜੇ ਮੈਂ ਉਸ ਨਿਜ਼ਾਮ ਵਿਚੋਂ ਬਚ ਨਿਕਲੀ ਆਂ ਤਾਂ ਆਪਣੇ ਘਰ ਵਾਲਿਆਂ, ਅਖ਼ਬਾਰ ਵਾਲਿਆਂ, ਇਕ ਸਾਫ਼-ਸਾਫ਼ ਸੋਚਣ ਵਾਲੇ ਜੱਜ, ਤੇ ਸਰਕਾਰ ਦੀ ਦਖ਼ਲ-ਅੰਦਾਜ਼ੀ ਦੀ ਬਦੌਲਤ। ਮੇਰਾ ਇਕ ਈ ਬਹਾਦਰੀ ਦਾ ਕਾਰਨਾਮਾ ਸੀ—ਬੋਲ ਪੈਣਾ। ਇਸ ਦੇ ਬਾਵਜੂਦ ਕਿ ਮੈਨੂੰ ਖ਼ਾਮੋਸ਼ ਰਹਿਣਾ ਸਿਖਾਇਆ ਗਿਆ ਸੀ।
ਇੱਥੇ ਇਕ ਔਰਤ ਕੋਲ ਖੜ੍ਹੇ ਹੋਣ ਲਈ ਕੋਈ ਆਪਣੀ, ਪੱਕੀ ਜ਼ਮੀਨ ਨਹੀਂ ਐ। ਜਦ ਉਹ ਆਪਣੇ ਮਾਂ-ਬਾਪ ਦੇ ਨਾਲ ਰਹਿੰਦੀ ਏ, ਤਦ ਉਹ ਉਹੀ ਕਰਦੀ ਏ ਜੋ ਉਹ ਚਾਹੁੰਦੇ ਨੇ। ਇਕ ਵਾਰੀ ਉਸਨੇ ਆਪਣੇ ਪਤੀ ਦੇ ਘਰ ਕਦਮ ਰੱਖਿਆ ਤਾਂ ਉਹ ਉਸਦੇ ਹੁਕਮ ਵਿਚ ਚਲੀ ਜਾਂਦੀ ਏ। ਜਦੋਂ ਉਸਦੇ ਬੱਚੇ ਹੋ ਜਾਂਦੇ ਨੇ ਤਦ ਉਸਦੇ ਮੁੰਡੇ ਉਸਦੀ ਲਗਾਮ ਫੜ੍ਹ ਲੈਂਦੇ ਨੇ, ਤੇ ਉਹ ਉਸੇ ਤਰ੍ਹਾਂ ਉਹਨਾਂ ਦੀ ਮਲਕੀਅਤ ਬਣ ਜਾਂਦੀ ਏ! ਮੇਰੀ ਖ਼ੂਬੀ ਇਸ ਗੁਲਾਮੀ ਨੂੰ ਤੋੜ ਕੇ ਉਸ ਤੋਂ ਛੁਟਕਾਰਾ ਪਾਉਣਾ ਏ। ਆਪਣੇ ਪਤੀ ਤੋਂ ਆਜ਼ਾਦ, ਬਾਲ-ਬੱਚਿਆਂ ਤੋਂ ਬਿਨਾਂ, ਮੈਂ ਹੁਣ ਦੂਜੇ ਲੋਕਾਂ ਦੇ ਬੱਚਿਆਂ ਦੀ ਦੇਖ ਭਾਲ ਕਰਨ ਦਾ ਸਾਮਾਨ ਹਾਸਲ ਕਰਨ ਦੀ ਕੋਸ਼ਿਸ਼ ਕਰ ਸਕਦੀ ਆਂ।

ਸਰਕਾਰੀ ਇਮਦਾਦ ਨਾਲ, ਮੇਰੇ ਪਹਿਲੇ ਸਕੂਲ ਦਾ ਦਰਵਾਜ਼ਾ 2002 ਵਿਚ ਖੁੱਲ੍ਹ ਜਾਂਦਾ ਏ। ਹਕੂਮਤ ਨੇ ਖੁੱਲ੍ਹੇ ਦਿਲ ਨਾਲ ਕੰਮ ਕੀਤਾ ਏ, ਸੜਕ ਚੌੜੀ ਕਰ ਦਿੱਤੀ ਏ, ਨਾਲੀਆਂ ਸੁਧਾਰ ਦਿੱਤੀਆਂ ਨੇ, ਬਿਜਲੀ ਲਾਈ ਗਈ ਏ ਤੇ ਮੈਂ ਇਕ ਟੈਲੀਫ਼ੋਨ ਵੀ ਲਗਵਾ ਲਿਆ ਏ। 5,00,000 ਰੁਪਈਆਂ ਵਿਚੋਂ ਜਿਹੜੇ ਪੈਸੇ ਬਚੇ ਨੇ, ਉਹਨਾਂ ਨਾਲ ਮੈਂ ਆਪਣੇ ਘਰ ਦੇ ਨਜ਼ਦੀਕ, ਸਕੂਲ ਦੇ ਲਈ, ਤਕਰੀਬਨ ਚਾਰ-ਚਾਰ ਏਕੜ ਜ਼ਮੀਨ ਦੇ ਦੋ ਟੁਕੜੇ ਖ਼ਰੀਦ ਲੈਂਦੀ ਆਂ। ਮੈਂ ਆਪਣੇ ਗਹਿਣੇ ਵੇਚ ਕੇ ਉਹਨਾਂ ਦਾ ਪੈਸਾ ਵੀ ਕੁੜੀਆਂ ਦੇ ਸਕੂਲ 'ਤੇ ਲਾ ਦੇਂਦੀ ਆਂ, ਜਿੱਥੇ ਸ਼ੁਰੂ-ਸ਼ੁਰੂ ਵਿਚ ਪੜ੍ਹਨ ਵਾਲੇ ਬੱਚੇ ਰੁੱਖਾਂ ਦੀ ਛਾਂ ਹੇਠ ਭੁੰਜੇ ਬੈਠ ਕੇ ਪੜ੍ਹਦੇ ਨੇ।
ਤੇ ਜਦ ਤੀਕ ਅਸੀਂ ਇਕ ਮੁਨਾਸਿਬ ਇਮਾਰਤ ਨਹੀਂ ਬਣਾ ਲੈਂਦੇ, ਇਹੀ ਏ ਮੇਰਾ 'ਰੁੱਖਾਂ ਹੇਠ ਲੱਗਣ ਵਾਲਾ ਸਕੂਲ'। ਨਿੱਕੀਆਂ ਬੱਚੀਆਂ ਮੈਨੂੰ ਮੁਖ਼ਤਾਰ ਮਾਈ ਕਹਿ ਕੇ ਬੁਲਾਉਣ ਲੱਗੀਆਂ ਨੇ। ਹਰ ਸਵੇਰ ਮੈਂ ਉਹਨਾਂ ਨੂੰ ਕਾਪੀਆਂ ਤੇ ਪੈਨਸਲਾਂ ਲਈ ਆਉਂਦੀਆਂ ਦੇਖਦੀ ਆਂ ਤੇ ਟੀਚਰ ਹਾਜ਼ਰੀ ਲਾਉਂਦੀ ਏ। ਇਹ ਕਾਮਯਾਬੀ, ਹਾਲਾਂਕਿ ਹੁਣ ਵੀ ਅਧੂਰੀ ਏ, ਪਰ ਮੈਨੂੰ ਡਾਢੀ ਖ਼ੁਸ਼ੀ ਨਾਲ ਭਰ ਦੇਂਦੀ ਏ। ਕੀ ਕਿਸੇ ਨੇ ਕਦੀ ਇਹ ਸੋਚਿਆ ਸੀ ਕਿ ਮੁਖ਼ਤਾਰਨ ਬੀਬੀ, ਖੇਤੀ ਕਰਨ ਵਾਲਿਆਂ ਦੀ ਬੇ-ਪੜ੍ਹੀ-ਲਿਖੀ ਧੀ, ਇਕ ਦਿਨ ਕਿਸੇ ਸਕੂਲ ਦੀ ਪ੍ਰਿੰਸੀਪਲ ਬਣੇਗੀ?
ਸਰਕਾਰ ਮੁੰਡਿਆਂ ਦੇ ਸੈਕਸ਼ਨ ਦੇ ਇਕ ਟੀਚਰ ਦੀ ਤਨਖ਼ਾਹ ਦੇਂਦੀ ਏ, ਤੇ ਬਾਅਦ ਵਿਚ ਦੂਜੀਆਂ ਜਗਾਹਾਂ ਤੋਂ ਵੀ ਚੰਦਾ ਆਉਂਦਾ ਏ, ਮਿਸਾਲ ਦੇ ਤੌਰ 'ਤੇ ਫ਼ਿਨਲੈਂਡ ਤੋਂ 15,000 ਰੁਪਏ ਤਾਕਿ ਤਿੰਨ ਸਾਲ ਤਕ ਟੀਚਰ ਦੀ ਤਨਖ਼ਾਹ ਦਾ ਬੰਦੋਬਸਤ ਕੀਤਾ ਜਾ ਸਕੇ।
ਸੰਨ 2002 ਖ਼ਤਮ ਹੁੰਦੇ-ਨਾ-ਹੁੰਦੇ ਮੈਂ ਦੇਖਦੀ ਆਂ ਕਿ ਇਕ ਪਾਸੇ ਤਾਂ ਮੇਰੀ ਇੱਜ਼ਤ ਮਿੱਧ-ਮਸਲ ਦਿੱਤੀ ਗਈ ਏ, ਪਰ ਦੂਜੇ ਪਾਸੇ ਸਕੂਲ ਵਿਚ ਮੇਰੀ ਮੇਜ਼ 'ਤੇ ਫ਼ਰੇਮ ਵਿਚ ਮੜ੍ਹਾ ਕੇ ਇਕ ਇਨਾਮੀ ਸਨਦ ਰੱਖੀ ਹੋਈ ਏ...:
ਅੰਤਰ-ਰਾਸ਼ਟਰੀ ਮਾਨਵ-ਅਧਿਕਾਰ ਦਿਵਸ
ਸ਼੍ਰੀਮਤੀ ਮੁਖ਼ਤਾਰਨ ਮਾਈ ਦੇ ਸਨਮਾਨ ਵਿਚ
ਮਹਿਲਾ ਅਧਿਕਾਰਾਂ ਦਾ ਪਹਿਲਾ ਰਾਸ਼ਟਰੀ ਪਰਵ
10 ਦਸੰਬਰ, 2002
ਅੰਤਰ-ਰਾਸ਼ਟਰੀ ਮਾਨਵ-ਅਧਿਕਾਰ ਸੰਮਤੀ
ਦੁਨੀਆਂ ਵਿਚ ਸੱਚਮੁੱਚ ਮੇਰਾ ਵਜੂਦ ਏ, ਤੇ ਸਭਨਾਂ ਪਾਕਿਸਤਾਨੀ ਔਰਤਾਂ ਦੇ ਨਾਂ 'ਤੇ।
ਦੋ ਸਾਲ ਬਾਅਦ, 2005 ਵਿਚ, ਸਕੂਲ ਧੜੱਲੇ ਨਾਲ ਚੱਲ ਰਿਹਾ ਏ। ਸਾਲ ਭਰ ਦੇ ਲਈ ਟੀਚਰਾਂ ਦੀਆਂ ਤਨਖ਼ਾਹਾਂ ਦਿੱਤੀਆਂ ਜਾ ਚੁੱਕੀਆਂ ਨੇ, ਤੇ ਮੈਂ ਇਕ ਵਾੜਾ ਬਣਾਉਣ ਬਾਰੇ ਸੋਚ ਰਹੀ ਆਂ, ਤਾਕਿ ਸਕੂਲ ਦੀ ਆਪਣੀ ਕੁਝ ਪੱਕੀ ਆਮਦਨ ਕਰਨ ਲਈ ਮੈਂ ਗਾਂਵਾਂ-ਬਲ੍ਹਦ ਤੇ ਬੱਕਰੀਆਂ ਖ਼ਰੀਦ ਸਕਾਂ।
ਹਾਲਾਂਕਿ ਕਿਸੇ-ਕਿਸੇ ਵੇਲੇ ਮੇਰੀਆਂ ਜ਼ਿੰਮੇਦਾਰੀਆਂ ਮੈਨੂੰ ਬੜੀਆਂ ਭਾਰੀ ਲੱਗਦੀਆਂ ਨੇ, ਪਰ ਜਦੋਂ ਔਰਤਾਂ ਦਾ ਇਕ ਸੰਗਠਨ, ਵੁਮੈਂਸ ਕਲਬ 25, ਮੈਨੂੰ ਔਰਤਾਂ ਦੇ ਇਕ ਅੰਤਰ-ਰਾਸ਼ਟਰੀ ਜਲਸੇ ਵਿਚ ਹਿੱਸਾ ਲੈਣ ਲਈ ਸਪੇਨ ਆਉਣ ਦਾ ਨਿਓਤਾ ਦੇਂਦਾ ਏ, ਜਿਸਦੀ ਪ੍ਰਧਾਨਗੀ ਜੁਰਦਾਨ ਦੀ ਮਲਿਕਾ ਰਾਨਿਯਾ ਕਰ ਰਹੀ ਏ, ਤਦ ਮੈਨੂੰ ਥੋੜ੍ਹੀ ਜਿਹੀ ਖ਼ੁਸ਼ੀ ਵਧਾਉਣ ਵਾਲਾ, ਖ਼ੁਸ਼ੀਆਂ-ਖੇੜਿਆਂ ਨਾਲ ਭਰਿਆ, ਸਹਾਰਾ ਮਿਲਦਾ ਏ। ਮੈਂ ਆਪਣੇ ਵੱਡੇ ਭਰਾ ਦੇ ਨਾਲ ਪਹਿਲੀ ਵਾਰੀ ਹਵਾਈ ਜਹਾਜ਼ ਵਿਚ ਬੈਠਦੀ ਆਂ। ਅਸੀਂ ਦੋਵੇਂ ਘਬਰਾਏ ਹੋਏ ਆਂ, ਕਿਉਂਕਿ ਸਾਡੇ ਇਰਦ-ਗਿਰਦ ਦੇ ਲੋਕ ਏਨੀਆਂ ਸਾਰੀਆਂ ਵਿਦੇਸ਼ੀ ਭਾਸ਼ਾਵਾਂ ਬੋਲ ਰਹੇ ਨੇ। ਖ਼ੁਸ਼ਕਿਸਮਤੀ ਨਾਲ, ਦੁਬਈ ਵਿਚ ਜਦੋਂ ਸਾਡਾ ਜਹਾਜ਼ ਰੁਕਦਾ ਏ ਤਾਂ ਸਾਡਾ ਸਵਾਗਤ ਬੜੀ ਗਰਮਜੋਸ਼ੀ ਨਾਲ ਹੁੰਦਾ ਏ, ਤੇ ਬਾਕੀ ਸਫ਼ਰ ਦੇ ਦੌਰਾਨ ਸਾਨੂੰ ਹਿਫ਼ਾਜ਼ਤ ਨਾਲ ਲੈ ਜਾਇਆ ਜਾਂਦਾ ਏ।
ਔਰਤਾਂ ਉੱਤੇ ਹੋਣ ਵਾਲੇ ਜ਼ੁਲਮ ਦੇ ਖ਼ਿਲਾਫ਼ ਕੀਤੇ ਜਾ ਰਹੇ ਉਸ ਜਲਸੇ ਵਿਚ ਬਹੁਤ ਸਾਰੀਆਂ ਔਰਤਾਂ ਮੌਜੂਦ ਨੇ, ਤੇ ਉਹ ਏਨੇ ਸਾਰੇ ਮੁਲਕਾਂ ਤੋਂ ਆਈਆਂ ਨੇ, ਉਹਨਾਂ ਕੋਲ ਕਹਿਣ ਲਈ ਏਨਾ ਕੁਝ ਏ ਕਿ ਮੈਂ ਇਹ ਮਹਿਸੂਸ ਕਰਕੇ ਬੌਂਦਲ ਜਿਹੀ ਜਾਂਦੀ ਆਂ ਕਿ ਇਹ ਮਸਲਾ ਏਨਾ ਵੱਡਾ ਏ। ਹਰ ਉਸ ਔਰਤ ਦੇ ਮੁਕਾਬਲੇ, ਜਿਹੜੀ ਜ਼ੁਲਮ ਦੇ ਖ਼ਿਲਾਫ਼ ਲੜਦੀ ਤੇ ਬਚ ਨਿਕਲਦੀ ਏ। ਕਿੰਨੀਆਂ ਈ ਔਰਤਾਂ ਰੇਤ ਵਿਚ ਦਫ਼ਨ ਹੋ ਜਾਂਦੀਆਂ ਨੇ, ਬਿਨਾਂ ਕਿਸੇ ਕਦਰ ਜਾਂ ਕੀਮਤ ਦੇ, ਇੱਥੋਂ ਤੀਕ ਕਿ ਕਬਰ ਦੇ ਬਿਨਾਂ ਈ?...ਤਕਲੀਫ਼ਾਂ ਦੇ ਇਸ ਸਮੁੰਦਰ ਵਿਚ ਮੇਰਾ ਸਕੂਲ ਕਿੰਨਾ ਛੋਟਾ ਲੱਗਦਾ ਏ, ਇਕ ਛੋਟੇ-ਜਿਹੇ ਪੱਥਰ ਵਾਂਗ ਜਿਹੜਾ ਦੁਨੀਆਂ ਵਿਚ ਕਿਤੇ ਰੱਖਿਆ ਹੋਇਆ ਏ—ਇਸ ਕੋਸ਼ਿਸ਼ ਵਿਚ ਕਿ ਮੁੱਠੀ ਭਰ ਬਾਲੜੀਆਂ ਨੂੰ ਪੜ੍ਹਣਾ-ਲਿਖਣਾ, ਤੇ ਕੁਝ ਛੋਟੇ-ਮੁੰਡਿਆਂ ਨੂੰ ਆਪਣੇ ਸਾਥੀਆਂ, ਭੈਣਾਂ, ਗੁਆਂਢੀਆਂ ਦੀ ਇੱਜ਼ਤ ਕਰਨਾ ਸਿਖਾ ਕੇ, ਪੀੜ੍ਹੀ-ਦਰ-ਪੀੜ੍ਹੀ ਇਸ ਸਿੱਖਿਆ ਨੂੰ ਆਪਣਾ ਕੰਮ ਕਰਨ ਦੀ ਮੁਹਲਤ ਦੇਂਦੇ ਹੋਏ, ਮਨੁੱਖ ਦੇ ਸੁਭਾਅ ਨੂੰ ਬਦਲਿਆ ਜਾ ਸਕੇ। ਕਿੰਨੀ ਛੋਟੀ ਕੋਸ਼ਿਸ਼...
ਪਰ ਇੱਥੇ ਮੈਂ ਯੂਰਮ ਵਿਚ ਆਂ, ਉਹ ਸਰਜ਼ਮੀਨ ਜਿਹੜੀ ਮੇਰੇ ਪਿੰਡ ਦੇ ਪੱਛਮ ਵਿਚ ਕਿਧਰੇ ਐ, ਉਹ ਜਗ੍ਹਾ ਜਿਸ ਬਾਰੇ ਮੇਰੇ ਮਾਮੂ ਨੇ ਦੱਸਿਆ ਸੀ ਜਦੋਂ ਮੈਂ ਬਾਲੜੀ ਹੁੰਦੀ ਸਾਂ—ਤੇ ਇਹ ਫ਼ਿਰੰਗੀ ਮੇਰੀ ਕਹਾਣੀ ਜਾਣਦੇ ਨੇ! ਮੈਂ ਇਕ ਅਚੰਭੇ 'ਚੋਂ ਦੂਜੇ ਅਚੰਭੇ ਵੱਲ ਜਾਂਦੀ ਆਂ, ਕੁਝ ਸਹਿਮੀ-ਜਿਹੀ ਹੋਈ ਇਹ ਜ਼ਾਹਰ ਕਰਨ ਦੀ ਹਿੰਮਤ ਨਹੀਂ ਕਰਦੀ ਕਿ ਮਹਿਜ਼ ਉੱਥੇ ਹੋਣ 'ਤੇ ਮੈਨੂੰ ਏਨਾ ਮਾਣ ਏਂ—ਇਸ ਲੰਮੀ ਚੌੜੀ ਦੁਨੀਆਂ ਵਿਚ ਦੂਜੀਆਂ ਔਰਤਾਂ ਵਿਚਕਾਰ ਇਕ ਔਰਤ।
ਫੇਰ ਘਰ ਵਾਪਸ ਆ ਕੇ, ਮੈਨੂੰ ਆਪਣੇ ਸਕੂਲ ਨੂੰ ਵੱਡਾ ਕਰਨ ਦੀ ਆਪਣੀ ਯੋਜਨਾ ਉੱਤੇ ਕੰਮ ਕਰਨ ਲਈ ਆਪਣੇ ਅੰਦਰ ਹੋਰ ਵੱਧ ਹਿੰਮਤ ਮਹਿਸੂਸ ਹੁੰਦੀ ਏ। ਜਦੋਂ ਵੀ ਮੈਂ ਕਿਸੇ ਬੱਚੇ ਨੂੰ ਮੀਰਵਾਲ ਦੇ ਖਜੂਰ ਦੇ ਰੁੱਖ ਹੇਠ ਬੈਠ ਕੇ ਕੁਰਾਨ ਦੀਆਂ ਆਯਤਾਂ ਪੜ੍ਹਦੇ ਜਾਂ ਪਹਾੜੇ ਤੇ ਅੰਗਰੇਜ਼ੀ ਦੀ ਏ-ਬੀ-ਸੀ-ਡੀ ਦੋਹਰਾਉਂਦੇ ਸੁਣਦੀ ਆਂ, ਤਾਂ ਮੈਨੂੰ ਲੱਗਦਾ ਏ ਕਿ ਮੇਰੀ ਜ਼ਿੰਦਗੀ ਦਾ ਸੱਚਮੁੱਚ ਕੋਈ ਮਤਲਬ ਏ। ਜਲਦੀ ਈ ਇਤਿਹਾਸ ਤੇ ਭੂਗੋਲ ਦੇ ਸਬਕ ਵੀ ਸ਼ੁਰੂ ਹੋ ਜਾਣਗੇ। ਮੇਰੀਆਂ ਨਿੱਕੀਆਂ ਬੱਚੀਆਂ, ਮੇਰੀਆਂ ਧੀਆਂ, ਉਹੀ ਚੀਜ਼ਾਂ ਸਿੱਖਣ ਲੱਗਣਗੀਆਂ ਜੋ ਮੁੰਡੇ ਸਿੱਖਦੇ ਨੇ।

ਇਹ ਜ਼ਿੰਦਗੀ ਤਾਂ, ਖ਼ੈਰ ਜੀ, ਮੇਰੀ ਬਾਹਰੀ ਏ। ਮੇਰੇ ਕੋਲ ਅਜਿਹਾ ਕੋਈ ਨਹੀਂ ਜਿਸ 'ਤੇ ਮੈਂ ਭਰੋਸਾ ਕਰ ਸਕਾਂ, ਜਿਸ ਦੇ ਸਾਹਮਣੇ ਦਿਲ ਖੋਲ੍ਹ ਸਕਾਂ। ਮੈਂ ਸ਼ੱਕੀ-ਮਿਜ਼ਾਜ ਹੋ ਗਈ ਆਂ, ਆਪਣੀ ਪੁਰਾਣੀ ਜ਼ਿੰਦਗੀ—ਉਹ ਸਕੂਨ, ਉਹ ਹਾਸਾ, ਉਹ ਰਾਤ ਤੇ ਦਿਨ, ਚੈਨ ਨਾਲ ਬਿਤਾਏ ਦਿਨਾਂ ਦਾ ਸਫ਼ਰ—ਮੁੜ ਹਾਸਲ ਕਰਨ ਦੇ ਕਾਬਿਲ ਨਹੀਂ ਰਹੀ।
ਬੇਸ਼ੱਕ, ਬਿਜਲੀ ਹੁਣ ਸਾਡੇ ਘਰ ਦੀ ਦਹਿਲੀਜ਼ ਨੂੰ ਰੋਸ਼ਨ ਰੱਖਦੀ ਏ, ਤੇ ਟੈਲੀਫ਼ੋਨ ਦੀ ਘੰਟੀ ਵੀ ਵੱਜਦੀ ਏ—ਸੱਚ ਪੁੱਛੋਂ ਤਾਂ ਅਕਸਰ ਈ, ਕਿਉਂਕਿ ਮੈਨੂੰ ਐਨ.ਜੀ.ਓ. ਤੇ ਅਖ਼ਬਾਰ ਵਾਲਿਆਂ ਦੇ ਟੈਲੀਫ਼ੋਨ ਵਾਰ-ਵਾਰ ਆਉਂਦੇ ਰਹਿੰਦੇ ਨੇ। ਮੈਂ ਇਹਨਾਂ ਟੈਲੀਫ਼ੋਨਾਂ ਦਾ ਜਵਾਬ ਇਮਾਨਦਾਰੀ ਨਾਲ ਦੇਂਦੀ ਆਂ, ਕਿਉਂਕਿ ਮੈਨੂੰ ਆਪਣੇ ਸਕੂਲ ਦੇ ਸਿਲਸਿਲੇ ਵਿਚ ਹਮੇਸ਼ਾ ਮਦਦ ਦੀ ਲੋੜ ਰਹਿੰਦੀ ਏ, ਜਿੱਥੇ ਸਾਰੇ ਸਿਰਾਂ ਦੇ ਉੱਤੇ ਹੁਣ ਵੀ ਛੱਤ ਨਹੀਂ। ਉਸ ਲਈ ਅਜੇ ਸਾਡੇ ਕੋਲ ਕਾਫ਼ੀ ਪੈਸਾ ਨਹੀਂ, ਤੇ ਇਹ 2003 ਏਂ—ਜੂਨ ਦੀ ਉਸ ਖ਼ੌਫ਼ਨਾਕ ਰਾਤ ਦੇ ਇਕ ਸਾਲ ਬਾਅਦ।
ਇਕ ਦਿਨ ਮੈਨੂੰ ਫ਼ੋਨ 'ਤੇ ਇਕ ਔਰਤ ਦੀ ਆਵਾਜ਼ ਸੁਣਾਈ ਦੇਂਦੀ ਏ।
“ਹੈਲੋ? ਅੱਸਲਾਮ ਵਾਲੇਕੁਮ ਮੁਖ਼ਤਾਰ, ਮੈਂ ਨਸੀਮ ਆਂ, ਗੁਆਂਢੀ ਪਿੰਡ ਪੀਰਵਾਲਾ ਤੋਂ। ਮੇਰੇ ਅੱਬਾ ਪੁਲਸ ਦੇ ਸਿਪਾਹੀ ਨੇ ਤੇ ਤੇਰੇ ਘਰ ਦੇ ਬਾਹਰ ਤੈਨਾਤ ਨੇ। ਮੈਂ ਉਹਨਾਂ ਦਾ ਹਾਲ-ਚਾਲ ਜਾਨਣਾ ਚਾਹੁੰਦੀ ਆਂ...”
ਪੀਰਵਾਲਾ ਸਾਡੇ ਇੱਥੋਂ ਬਾਰਾਂ ਮੀਲ ਦੂਰ ਏ। ਨਸੀਮ ਦੇ ਪਿਤਾ ਮੇਰੀ ਹਿਫ਼ਾਜ਼ਤ ਕਰਨ ਵਾਲੇ ਦਸਤੇ ਵਿਚ ਸ਼ਾਮਲ ਨੇ, ਤੇ ਉਸਦੇ ਚਾਚਾ ਕੋਈ ਤਿੰਨ ਮੀਲ ਦੂਰ ਇਕ ਨਹਿਰ 'ਤੇ ਕੰਮ ਕਰਦੇ ਨੇ। ਉਹ ਮੈਨੂੰ ਦੱਸਦੀ ਏ ਕਿ ਸਾਡਾ ਦੂਰ ਦਾ ਰਿਸ਼ਤਾ ਵੀ ਏ, ਕਿਉਂਕਿ ਸਾਡੀਆਂ ਦੋਵਾਂ ਦੀਆਂ ਮਾਸੀਆਂ ਇਕੋ ਖ਼ਾਨਦਾਨ ਦੀਆਂ ਨੇ ਤੇ ਦੋਵੇਂ ਪੀਰਵਾਲਾ 'ਚ ਰਹਿੰਦੀਆਂ ਨੇ। ਨਸੀਮ ਅਲੀਪੁਰ ਵਿਚ ਆਪਣੀ ਪੜ੍ਹਾਈ ਪੂਰੀ ਕਰਕੇ ਘਰ ਆ ਗਈ ਏ। ਅਲੀਪੁਰ ਉਹੀ ਸ਼ਹਿਰ ਏ ਜਿੱਥੇ ਮੈਂ ਉਸ ਜੱਜ ਨੂੰ ਮਿਲੀ ਸਾਂ, ਜਿਹੜਾ ਏਨਾ ਰਹਿਮ ਦਿਲ ਤੇ ਸਮਝਦਾਰ ਲੱਗਾ ਸੀ। ਹੁਣ ਨਸੀਮ ਮੁਲਤਾਨ ਵਿਚ ਕਾਨੂੰਨ ਦੇ ਸਕੂਲ ਵਿਚ ਦਾਖ਼ਲ ਹੋ ਗਈ ਏ।
ਮੈਂ ਨਸੀਮ ਨੂੰ ਕਦੀ ਨਹੀਂ ਮਿਲੀ, ਤੇ ਉਹ ਮੇਰੇ ਬਾਰੇ ਸਿਰਫ਼ ਓਨਾ ਈ ਜਾਣਦੀ ਏ, ਜੋ ਉਸਨੇ ਅਖ਼ਬਾਰਾਂ ਵਿਚ ਪੜ੍ਹਿਆ ਏ। ਮੈਂ ਉਸਦੇ ਅੱਬਾ ਨੂੰ ਸੁਨੇਹਾ ਭੇਜਦੀ ਆਂ, ਤਾਕਿ ਉਹ ਉਸ ਨਾਲ ਗੱਲ ਕਰ ਸਕੇ, ਤੇ ਇਸ ਦੌਰਾਨ ਅਸੀਂ ਦੋਵੇਂ ਥੋੜ੍ਹੀ-ਜਿਹੀ ਗੱਪਸ਼ੱਪ ਕਰਦੇ ਆਂ। ਬਾਅਦ ਵਿਚ, ਉਹ ਫੇਰ ਫ਼ੋਨ ਕਰਦੀ ਏ, ਹਜ ਕਰਨ ਦੇ ਲਈ ਮੇਰੇ ਮੱਕੇ ਚੱਲੀ ਜਾਣ ਦੇ ਬਾਅਦ, ਜੋ ਹਰੇਕ ਨੇਕ ਮੁਸਲਮਾਨ ਦਾ ਦਿਲੀ ਸੁਪਨਾ ਹੁੰਦਾ ਏ। ਜਦੋਂ ਉਹ ਤੀਜੀ ਵਾਰੀ ਫ਼ੋਨ ਕਰਕੇ ਮੈਨੂੰ ਨਿਓਤਾ ਦੇਂਦੀ ਏ ਕਿ ਮੈਂ ਜਾ ਕੇ ਉਸਨੂੰ ਮਿਲ ਆਵਾਂ ਤਾਂ ਮੈਂ ਇਸ ਦੀ ਬਜਾਏ ਉਸਨੂੰ ਆਪਣੇ ਕੋਲ ਆਉਣ ਲਈ ਕਹਿੰਦੀ ਆਂ, ਕਿਉਂਕਿ ਇਹਨੀਂ ਦਿਨੀਂ ਪਹਿਲਾਂ ਈ ਏਨੇ ਸਾਰੇ ਲੋਕ ਮੈਨੂੰ ਮਿਲਣ ਲਈ ਆਉਂਦੇ ਰਹਿੰਦੇ ਨੇ। ਮੈਨੂੰ ਜ਼ਰਾ ਵੀ ਅੰਦਾਜ਼ਾ ਨਹੀਂ ਸੀ ਕਿ ਮੈਨੂੰ ਨਸੀਮ ਤੋਂ ਦੋਸਤੀ ਈ ਨਹੀਂ ਮਿਲੇਗੀ, ਬਲਕਿ ਬੇਸ਼ਕੀਮਤੀ ਮਦਦ ਤੇ ਸਹਾਰਾ ਵੀ ਮਿਲੇਗਾ। ਉਸਨੇ ਮੇਰੇ ਬਾਰੇ ਵਿਚ ਸਭ ਕੁਝ ਪੜ੍ਹਿਆ ਹੋਇਆ ਏ ਤੇ ਮੇਰੀ ਕਹਾਣੀ ਵਿਚ ਉਸਨੂੰ ਕਾਨੂੰਨੀ ਨਜ਼ਰੀਏ ਤੋਂ ਵੀ ਦਿਲਚਸਪੀ ਏ। ਪਰ ਜੇ ਉਸਦਾ ਅੱਬਾ ਮੇਰੀ ਹਿਫ਼ਾਜ਼ਤ ਲਈ ਤੈਨਾਤ ਕੀਤੇ ਪੁਲਸ ਵਾਲਿਆਂ ਵਿਚ ਨਾ ਹੁੰਦਾ, ਤਾਂ ਅਸੀਂ ਕਦੀ ਮਿਲੇ ਈ ਨਾ ਹੁੰਦੇ। ਨਸੀਮ ਅਜਿਹੀ ਨਹੀਂ ਕਿ ਖ਼ੁਦ ਨੂੰ ਮੇਰੇ ਉੱਤੇ ਥੋਪੇ, ਜਿਵੇਂ ਕੁਝ ਦੂਜੇ ਲੋਕ ਜਿਹੜੇ ਮੇਰੀ 'ਬਦਨਾਮੀ' ਕਰਕੇ ਖਿੱਚੇ ਆਉਂਦੇ ਰਹੇ ਨੇ।
ਜਦੋਂ ਮੈਂ ਨਸੀਮ ਨੂੰ ਪਹਿਲੀ ਵਾਰ ਮਿਲਦੀ ਆਂ ਤਾਂ ਮੈਨੂੰ ਉਹ ਇਕ ਹੈਰਾਨ ਕਰ ਦੇਣ ਵਾਲੀ ਔਰਤ ਲੱਗਦੀ ਏ। ਉਹ ਮੈਥੋਂ ਬਿਲਕੁਲ ਉਲਟ ਏ—ਫੁਰਤੀਲੀ, ਚੁਲਬੁਲੀ, ਸਾਫ਼-ਦਿਮਾਗ਼ ਵਾਲੀ, ਬੋਲਣ ਵਿਚ ਹੁਸ਼ਿਆਰ, ਲੋਕਾਂ ਤੋਂ—ਜਾਂ ਜੋ ਉਹ ਸੋਚਦੀ ਏ, ਉਸਨੂੰ ਬੋਲਣ ਤੋਂ ਨਾ ਡਰਨ ਵਾਲੀ। ਉਸਦੀਆਂ ਆਖੀਆਂ ਹੋਈਆਂ ਪਹਿਲੀਆਂ-ਪਹਿਲੀਆਂ ਗੱਲਾਂ ਵਿਚੋਂ ਇਕ ਦਾ ਮੇਰੇ 'ਤੇ ਬੜਾ ਡੂੰਘਾ ਅਸਰ ਪੈਂਦਾ ਏ।
ਉਸਨੂੰ ਬੜੀ ਜਲਦੀ ਪਤਾ ਲੱਗ ਗਿਆ ਏ ਕਿ ਇਕ ਕਰਾਮਾਤ ਨੇ ਈ ਮੈਨੂੰ ਫੜ੍ਹਿਆ ਹੋਇਆ ਏ। ਸੱਚਾਈ ਇਹ ਐ ਕਿ ਮੈਂ ਬੁਰੀ ਤਰ੍ਹਾਂ ਥੱਕ ਗਈ ਆਂ। ਮੈਨੂੰ ਕੁਝ ਚੀਜ਼ਾਂ ਸਮਝਣ ਵਿਚ ਬੜਾ ਸਮਾਂ ਲੱਗ ਰਿਹਾ ਏ, ਜਿਵੇਂ, ਲੋਕ ਮੇਰੇ ਬਾਰੇ ਕੀ ਕਹਿ ਰਹੇ ਨੇ, ਤੇ ਕੀ ਹੋਏਗਾ?...ਇਸ ਦੌਰਾਨ ਜਦੋਂ ਅਦਾਲਤ ਮਸਤੋਈਆਂ ਦੀ ਅਪੀਲ 'ਤੇ ਗ਼ੌਰ ਕਰ ਰਹੀ ਏ? ਮੈਨੂੰ ਹੁਣ ਵੀ ਉਹਨਾਂ ਦੇ ਕਬੀਲੇ ਦੀ ਤਾਕਤ ਦਾ ਭੈਅ ਏ। ਹਾਲਾਂਕਿ ਮੈਨੂੰ ਪੁਲਸ ਦੀ ਹਿਫ਼ਾਜ਼ਤ ਮਿਲੀ ਹੋਈ ਏ...ਅਜੇ ਕੁਝ ਵੀ ਨਿਸ਼ਚਿਤ ਨਹੀਂ, ਕਿਉਂਕਿ ਉਹ ਅੱਠ ਮਸਤੋਈ ਮਰਦ ਆਜ਼ਾਦ ਨੇ, ਤੇ ਹੁਣ ਵੀ ਮੈਨੂੰ ਨੁਕਸਾਨ ਪਹੁੰਚਾ ਸਕਦੇ ਨੇ। ਕਦੀ ਕਦੀ ਰਾਤ ਵੇਲੇ ਮੈਂ ਹਨੇਰੇ 'ਚ ਝਾਕਦੀ ਆਂ। ਕੋਈ ਕੁੱਤਾ ਭੌਂਕਦਾ ਏ, ਤਾਂ ਮੈਂ ਤ੍ਰਬਕ ਜਾਂਦੀ ਆਂ। ਅਚਾਨਕ ਮੈਨੂੰ ਇਕ ਆਦਮੀ ਦਾ ਪ੍ਰਛਾਵਾਂ ਨਜ਼ਰ ਆਉਂਦਾ ਏ—ਸ਼ਾਇਦ ਕੋਈ ਦੁਸ਼ਮਣ ਏਂ, ਮਿਸਾਲ ਦੇ ਤੌਰ 'ਤੇ ਕੋਈ ਅਜਿਹਾ ਜਿਸ ਨੇ ਪੁਲਸ ਵਾਲਿਆਂ ਵਿਚੋਂ ਕਿਸੇ ਇਕ ਨਾਲ ਜਗ੍ਹਾ ਬਦਲ ਲਈ ਏ! ਹਰ ਵਾਰੀ ਜਦੋਂ ਮੈਂ ਘਰੋਂ ਬਾਹਰ ਨਿਕਲਦੀ ਆਂ, ਮੇਰੇ ਇਰਦ-ਗਿਰਦ ਹਥਿਆਰ ਬੰਦ ਲੋਕ ਹੁੰਦੇ ਨੇ। ਮੈਂ ਕਾਹਲ ਨਾਲ ਟੈਕਸੀ 'ਚ ਬੈਠਦੀ ਆਂ, ਜਿਸ 'ਚੋਂ ਮੈਂ ਤਦੇ ਬਾਹਰ ਨਿਕਲਦੀ ਆਂ ਜਦ ਮੀਰਵਾਲਾ ਤੋਂ ਖਾਸੀ ਦੂਰ ਆ ਜਾਂਦੀ ਆਂ। ਖ਼ੁਸ਼ਕਿਸਮਤੀ ਨਾਲ ਮੈਨੂੰ ਪਿੰਡ 'ਚੋਂ ਹੋ ਕੇ ਨਹੀਂ ਜਾਣਾ ਪੈਂਦਾ, ਕਿਉਂਕਿ ਸਾਡਾ ਘਰ ਤੇ ਖੇਤ ਬਸਤੀ ਵਿਚ ਦਾਖ਼ਲ ਹੁੰਦਿਆਂ ਈ, ਬੱਸ ਸ਼ੁਰੂ ਵਿਚ ਈ ਨੇ—ਮਸਜਿਦ ਨੂੰ ਜਾਣ ਵਾਲੇ ਰਸਤੇ ਦਾ ਪਹਿਲਾ ਘਰ। ਪਰ ਇਸ ਪਿੰਡ 'ਚ ਵਧੇਰੇ ਘਰ ਮਸਤੋਈਆਂ ਦੇ ਨੇ। ਤੇ ਸਥਾਨਕ ਅਖ਼ਬਾਰ ਲਗਾਤਾਰ ਮੇਰੀ ਬੁਰਾਈ ਕਰਦੇ ਰਹਿੰਦੇ ਨੇ। ਮੈਂ ਇਕ 'ਪੈਸੇ ਮਾਂਠਣ ਵਾਲੀ ਔਰਤ ਆਂ।' 'ਮੇਰਾ ਬੈਂਕ ਵਿਚ ਖਾਤਾ ਏ।' 'ਮੈਂ ਇਕ ਤਲਾਕਸ਼ੁਦਾ ਔਰਤ ਆਂ, ਜਿਸ ਦੇ ਲਈ ਆਪਣੇ ਸ਼ੌਹਰ ਕੋਲ ਚਲੇ ਜਾਣ ਈ ਬਿਹਤਰ ਹੁੰਦਾ।' ਖ਼ੁਦ ਮੇਰਾ ਪਹਿਲਾ ਪਤੀ ਮੇਰੇ ਬਾਰੇ ਝੂਠ ਫੈਲਾ ਰਿਹਾ ਏ, ਇਹ ਦਾਵਾ ਕਰਦਾ ਹੋਇਆ ਕਿ ਮੈਂ ਚਰਸ ਪੀਂਦੀ ਆਂ।
ਨਸੀਮ ਕਹਿੰਦੀ ਏ ਕਿ ਮੈਂ ਸ਼ੱਕ ਕਾਰਨ ਝੱਲੀ ਹੁੰਦੀ ਜਾ ਰਹੀ ਆਂ। ਸੁੱਕੀ-ਸੜੀ ਤੇ ਫ਼ਿਕਰਾਂ ਦੀ ਮਾਰੀ। ਮੈਂ ਕਿਸੇ ਅਜਿਹੇ ਇਨਸਾਨ ਨਾਲ ਗੱਲ ਕਰਨ ਦੀ ਲੋੜ ਮਹਿਸੂਸ ਕਰ ਰਹੀ ਆਂ, ਜਿਸ 'ਤੇ ਮੈਂ ਭਰੋਸਾ ਕਰ ਸਕਾਂ। ਅਜਿਹੀ ਨਸੀਮ ਈ ਹੋ ਸਕਦੀ ਏ। ਆਖ਼ਰਕਾਰ ਮੈਂ ਉਸ ਜ਼ਬਰਦਸਤੀ, ਉਹ ਵਹਿਸ਼ੀਪਨ ਬਾਰੇ ਸੱਚਮੁੱਚ ਗੱਲ ਕਰ ਲੈਂਦੀ ਆਂ, ਉਸ ਬੇਹੂਦਾ ਬਦਲੇ ਬਾਰੇ ਜਿਹੜਾ ਇਕ ਔਰਤ ਦੇ ਜਿਸਮ ਨੂੰ ਤਬਾਹ ਕਰ ਦੇਂਦਾ ਏ। ਨਸੀਮ ਨੂੰ ਪਤਾ ਏ ਕਿ ਜਦੋਂ ਮੈਨੂੰ ਕੋਈ ਗੱਲ ਕਰਨ ਦੀ ਲੋੜ ਮਹਿਸੂਸ ਹੋਵੇ ਤਾਂ ਉਹ ਕਿੰਜ ਮੇਰੀਆਂ ਗੱਲਾਂ ਸੁਣੇ, ਭਾਵੇਂ ਕਿੰਨਾ ਈ ਸਮਾਂ ਲੱਗੇ। ਵਿਕਸਿਤ ਦੇਸਾਂ ਵਿਚ ਅਜਿਹੇ ਡਾਕਟਰ ਹੁੰਦੇ ਨੇ ਜਿਹਨਾਂ ਨੂੰ ਖਾਸ ਤੌਰ 'ਤੇ ਸਿਖਾਇਆ ਗਿਆ ਹੁੰਦਾ ਏ ਕਿ ਇਕ ਚੂਰ-ਚੂਰ ਕਰ ਦਿੱਤੀ ਗਈ, ਮਿੱਟੀ ਵਾਂਗ ਗੁੰਨ੍ਹ ਦਿੱਤੀ ਗਈ, ਔਰਤ ਦੀ ਮਦਦ ਕਿੰਜ ਕਰਨ—ਤਾਕਿ ਉਹ ਮੁੜ ਖ਼ੁਦ ਨੂੰ ਸੰਭਾਲ ਸਕੇ।
“ਤੂੰ ਇਕ ਬੱਚੇ ਵਾਂਗ ਏਂ,” ਉਹ ਮੈਨੂੰ ਕਹਿੰਦੀ ਏ। “ਇਕ ਬੱਚਾ ਜਿਹੜਾ ਟੁਰਣਾ ਸਿੱਖ ਰਿਹਾ ਹੋਵੇ। ਇਹ ਇਕ ਨਵੀਂ ਜ਼ਿੰਦਗੀ ਏ—ਤੈਨੂੰ ਸਿਫ਼ਰ ਤੋਂ ਸ਼ੁਰੂ ਕਰਨਾ ਪਏਗਾ। ਮੈਂ ਕੋਈ ਡਾਕਟਰ ਨਹੀਂ ਆਂ, ਪਰ ਮੈਨੂੰ ਆਪਣੀ ਪਹਿਲੀ ਜ਼ਿੰਦਗੀ ਬਾਰੇ ਦੱਸ, ਆਪਣੇ ਬਚਪਨ, ਆਪਣੀ ਸ਼ਾਦੀ ਤੇ ਇਸ ਬਾਰੇ ਵੀ ਜੋ ਉਹਨਾਂ ਨੇ ਤੇਰੇ ਨਾਲ ਕੀਤਾ। ਤੈਨੂੰ ਗੱਲ ਕਰਨੀ ਪਏਗੀ ਮੁਖ਼ਤਾਰ, ਤੇ ਇਹ ਕਰਨ ਨਾਲ ਹੁੰਦਾ ਇਹ ਆ ਕਿ ਅਸੀਂ ਚੰਗੇ ਤੇ ਮਾੜੇ ਨੂੰ ਖੁੱਲ੍ਹੇ 'ਚ ਲੈ ਆਉਂਦੇ ਆਂ। ਅਸੀਂ ਖ਼ੁਦ ਨੂੰ ਆਜ਼ਾਦ ਕਰ ਲੈਂਦੇ ਆਂ। ਇਹ ਮੈਲੇ ਕੱਪੜੇ ਧੋਣ ਵਾਂਗ ਏ—ਇਕ ਵਾਰੀ ਉਹ ਫੇਰ ਸਾਫ਼ ਹੋ ਗਏ ਤਾਂ ਤੂੰ ਉਹਨਾਂ ਨੂੰ ਦੁਬਾਰਾ ਆਪਣੇ ਜਿਸਮ 'ਤੇ ਭਰੋਸੇ ਨਾਲ ਪਾ ਸਕਦੀ ਏਂ।”
ਨਸੀਮ ਆਪਣੇ ਘਰ 'ਚ ਸਭ ਤੋਂ ਵੱਡੀ ਏ, ਤੇ ਉਸਨੇ ਹੁਣ ਫ਼ੈਸਲਾ ਕੀਤਾ ਏ ਕਿ ਕਾਨੂੰਨ ਦੀ ਪੜ੍ਹਾਈ ਛੱਡ ਕੇ ਉਹ ਇਕ ਨਿੱਜੀ ਵਿਦਿਆਰਥੀ ਵਾਂਗ ਪੱਤਰਕਾਰਤਾ ਵਿਚ ਐਮ.ਏ. ਦੀ ਡਿਗਰੀ ਲਈ ਤਿਆਰੀ ਕਰੇਗੀ। ਉਸਦੇ ਚਾਰ ਭਰਾ-ਭੈਣ ਵੀ ਸਕੂਲ 'ਚ ਨੇ। ਮੇਰੇ ਵੀ ਚਾਰ ਭਰਾ-ਭੈਣ ਨੇ। ਤੇ ਇਸਦੇ ਬਾਵਜੂਦ, ਸਾਡੀਆਂ ਦੋਵਾਂ ਦੀਆਂ ਜ਼ਿੰਦਗੀਆਂ ਅਲਹਿਦਾ-ਅਲਹਿਦਾ ਨੇ, ਹਾਲਾਂਕਿ ਸਾਡੇ ਪਿੰਡ ਇਕ ਦੂਜੇ ਤੋਂ ਬਾਰਾਂ ਮੀਲ ਤੋਂ ਥੋੜ੍ਹੇ ਵੱਧ ਫ਼ਾਸਲੇ 'ਤੇ ਨੇ। ਉਹ ਆਪਣੀ ਅਗਲੀ ਜ਼ਿੰਦਗੀ ਬਾਰੇ ਖ਼ੁਦ ਤੈਅ ਕਰ ਸਕਦੀ ਏ। ਨਸੀਮ ਇਕ ਸਰਗਰਮ ਕਾਰਜ-ਕਰਤਾ ਏ, ਤੇ ਜਦੋਂ ਉਸਨੇ ਕੁਝ ਕਹਿਣਾ ਹੁੰਦਾ ਏ ਤਾਂ ਉਹ ਯਕਾ-ਤਕਾ ਨਹੀਂ ਕਰਦੀ। ਉਸਨੂੰ ਕਿਸੇ ਦਾ ਡਰ ਨਹੀਂ। ਇੱਥੋਂ ਤੀਕ ਕਿ ਘਰ ਦੇ ਸਾਹਮਣੇ ਤੈਨਾਤ ਪੁਲਸ ਵਾਲੀਆਂ ਵੀ ਉਸਨੂੰ ਹੈਰਾਨੀ ਨਾਲ ਦੇਖਦੀਆਂ ਨੇ।
“ਕੀ ਤੂੰ ਹਮੇਸ਼ਾ ਉਹੀ ਕਹਿੰਦੀ ਏਂ ਜੋ ਸੋਚਦੀ ਏਂ?”
“ਹਮੇਸ਼ਾ!”
ਜਦੋਂ ਦੀ ਮੈਂ ਉਸਨੂੰ ਮਿਲੀ ਆਂ, ਉਹ ਮੈਨੂੰ ਹਸਾਉਂਦੀ ਰਹੀ ਏ। ਤੇ ਮੈਨੂੰ ਇਸ ਬਾਰੇ ਵਿਚ ਸੋਚਣ ਨੂੰ ਮਜ਼ਬੂਰ ਕਰਦੀ ਰਹੀ ਏ ਕਿ ਮੈਂ ਕਦੀ ਬਿਨਾਂ ਸਬਦਾਂ ਦੇ ਸੋਚੇ ਕੀ ਕੁਝ ਆਪਣੇ ਅੰਦਰ ਜਿਊਂਦੀ ਰਹੀ ਆਂ। ਮੇਰੀ ਤਾਲੀਮ ਦੀ ਕਮੀ ਮੈਨੂੰ ਉਸ ਹਿਸਾਬ ਤੋਂ ਅਪਾਹਿਜ਼ ਬਣਾਉਂਦੀ ਏ, ਤੇ ਮੇਰਾ ਜ਼ਿੰਦਗੀ ਭਰ ਦਾ ਦਬੂਪਨ ਹਰ ਚੀਜ਼ ਨੂੰ ਮੇਰੇ ਅੰਦਰ ਜਿੰਦਰਾ ਮਾਰ ਕੇ ਰੱਖਦਾ ਏ। ਪਰ ਨਸੀਮ ਨੂੰ ਪਤਾ ਏ ਕਿ ਕੀ ਕਹਿਣਾ ਏਂ।
“ਮਰਦ ਤੇ ਔਰਤ ਬਰਾਬਰ ਨੇ। ਸਾਡੇ ਇਕੋ-ਜਿਹੇ ਕੰਮ ਤੇ ਫ਼ਰਜ਼ ਹੁੰਦੇ ਨੇ। ਮੈਨੂੰ ਚੰਗੀ ਤਰ੍ਹਾਂ ਪਤਾ ਏ ਕਿ ਇਸਲਾਮ ਮਰਦਾਂ ਨੂੰ ਕੁਝ ਜ਼ਿਆਦਾ ਕਾਬਿਲ ਤੇ ਉੱਚਾ ਮੰਨਦਾ ਏ, ਪਰ ਇੱਥੇ ਮਰਦ ਸਾਡੇ ਉੱਤੇ ਪੂਰੀ ਤਰ੍ਹਾਂ ਹਾਵੀ ਹੋਣ ਲਈ ਇਸਦਾ ਫ਼ਾਇਦਾ ਉਠਾਉਂਦੇ ਨੇ ਕਿ 'ਇਕ ਔਰਤ ਨੂੰ ਆਪਣੇ ਬਾਪ, ਆਪਣੇ ਭਰਾ, ਆਪਣੇ ਚਾਚੇ-ਮਾਮੇ, ਆਪਣੇ ਪਤੀ ਤੇ ਆਖ਼ਰ ਵਿਚ ਆਪਣੇ ਪਿੰਡ, ਸੂਬੇ ਤੇ ਮੁਲਕ ਦੇ ਹਰ ਆਦਮੀ ਦਾ ਹੁਕਮ ਮੰਨਣਾ ਚਾਹੀਦਾ ਏ।'
“ਮੈਂ ਅਖ਼ਬਾਰਾਂ ਵਿਚ ਤੇਰੀ ਕਹਾਣੀ ਪੜ੍ਹੀ ਸੀ, ਤੇ ਬਹੁਤ ਸਾਰੇ ਲੋਕ ਤੇਰੇ ਬਾਰੇ ਗੱਲਾਂ ਕਰਦੇ ਨੇ। ਪਰ ਤੂੰ—ਕੀ ਤੂੰ ਆਪਣੇ ਬਾਰੇ ਵਿਚ ਗੱਲ ਕਰਦੀ ਏਂ? ਤੂੰ ਇੱਜ਼ਤ ਦੇ ਨਾਲ ਆਪਣੀ ਬਦਕਿਸਮਤੀ ਦਾ ਜ਼ਿਕਰ ਕਰਦੀ ਏਂ, ਤੇ ਇਕ ਸੰਦੂਕ ਵਾਂਗ ਬੰਦ ਹੋ ਜਾਂਦੀ ਏਂ। ਇਹ ਹਾਦਸਾ ਸਾਡੇ ਮੁਲਕ 'ਚ ਅੱਧੀਆਂ ਔਰਤਾਂ ਨਾਲ ਹੁੰਦਾ ਏ। ਉਹ ਤਕਲੀਫ਼ ਤੇ ਤਾਬੇਦਾਰੀ ਦੇ ਸਿਵਾਏ ਹੋਰ ਕੁਝ ਨਹੀਂ ਹੈਨ, ਤੇ ਕਦੀ ਹਿੰਮਤ ਨਹੀਂ ਕਰਦੀਆਂ ਕਿ ਜੋ ਉਹ ਮਹਿਸੂਸ ਕਰਦੀਆਂ ਨੇ, ਉਸਨੂੰ ਕਹਿਣ ਜਾਂ ਆਪਣੀ ਆਵਾਜ਼ ਬੁਲੰਦ ਕਰਨ। ਜੇ ਉਹਨਾਂ ਵਿਚੋਂ ਇਕ ਵੀ 'ਨਾਂਹ' ਕਹਿਣ ਦੀ ਜੁੱਰਤ ਕਰਦੀ ਏ ਤਾਂ ਉਸਨੂੰ ਆਪਣੀ ਜਾਨ ਦਾ ਖ਼ਤਰਾ ਰਹਿੰਦਾ ਏ, ਜਾਂ ਘੱਟੋਘੱਟ ਪਿਟਾਈ ਦਾ। ਮੈਂ ਤੈਨੂੰ ਇਕ ਮਿਸਾਲ ਦਿਆਂਗੀ—ਇਕ ਔਰਤ ਫ਼ਿਲਮ ਦੇਖਣ ਜਾਣਾ ਚਾਹੁੰਦੀ ਏ, ਤੇ ਉਸਦਾ ਸ਼ੌਹਰ ਉਸਨੂੰ ਇਜਾਜ਼ਤ ਨਹੀਂ ਦੇਂਦਾ। ਕਿਉਂ? ਕਿਉਂਕਿ ਉਹ ਉਸਨੂੰ ਜਾਹਿਲ ਬਣਾਈ ਰੱਖਣਾ ਚਾਹੁੰਦਾ ਏ। ਤਦ ਉਸਦੇ ਲਈ ਆਸਾਨ ਏਂ ਕਿ ਉਹ ਔਰਤ ਨੂੰ ਕੁਝ ਵੀ ਪੁੱਠੀ-ਸਿੱਧੀ ਪੜ੍ਹਾ ਸਕੇ, ਤੇ ਉਸ ਦੇ ਲਈ ਆਪਣੀ ਮਨ ਮਰਜ਼ੀ ਨਾਲ ਕਿਸੇ ਵੀ ਚੀਜ਼ ਦੀ ਮਨਾਹੀ ਕਰ ਸਕੇ। ਇਕ ਆਦਮੀ ਆਪਣੀ ਬੀਵੀ ਨੂੰ ਕਹਿੰਦਾ ਏ, 'ਤੈਨੂੰ ਮੇਰਾ ਹੁਕਮ ਮੰਨਣਾ ਪਏਗਾ, ਬੱਸ, ਇਸ ਤੋਂ ਅੱਗੇ ਕੁਝ ਨਹੀਂ!' ਤੇ ਉਹ ਕਦੀ ਉਲਟ ਕੇ ਜਵਾਬ ਨਹੀਂ ਦੇਂਦੀ, ਪਰ ਮੈਂ, ਮੈਂ ਉਸਦੀ ਥਾਂ ਜਵਾਬ ਦੇਂਦੀ ਆਂ।
“ਕਿੱਥੇ ਲਿਖਿਆ ਏ ਇਹ? ਤੇ ਜੇ ਪਤੀ ਜਾਹਿਲ ਹੋਵੇ, ਤਦ? ਜੇ ਉਹ ਉਸਨੂੰ ਮਾਰਦਾ ਏ, ਤਦ? ਕੀ ਉਹ ਸਾਰੀ ਜ਼ਿੰਦਗੀ ਇਕ ਜਾਹਿਲ ਆਦਮੀ ਤੋਂ ਮਾਰ ਖਾਂਦੀ ਹੋਈ ਗੁਜ਼ਾਰ ਦਵੇ? ਜਦਕਿ ਆਦਮੀ ਇਹ ਸੋਚਦਾ ਰਹੇ ਕਿ ਉਹ ਅਕਲਮੰਦ ਏ?
“ਜੇ ਬੀਵੀ ਨੂੰ ਪੜ੍ਹਨਾ-ਲਿਖਣਾ ਨਹੀਂ ਆਉਂਦਾ। ਉਸਦੇ ਲਈ ਦੁਨੀਆਂ ਦਾ ਵਜੂਦ ਸਿਰਫ਼ ਉਸਦੇ ਸ਼ੌਹਰ ਦੇ ਜ਼ਰੀਏ ਐ। ਉਹ ਕਿੰਜ ਬਗ਼ਾਵਤ ਕਰੇਗੀ? ਮੈਂ ਇਹ ਨਹੀਂ ਕਹਿ ਰਹੀ ਕਿ ਪਾਕਿਸਤਾਨ ਵਿਚ ਸਾਰੇ ਮਰਦ ਅਜਿਹੇ ਈ ਨੇ, ਪਰ ਉਹਨਾਂ 'ਤੇ ਭਰੋਸਾ ਕਰਨਾ ਬੜਾ ਮੁਸ਼ਕਲ ਏ। ਬਹੁਤ ਸਾਰੀਆਂ ਬੇ-ਪੜ੍ਹੀਆਂ-ਲਿਖੀਆਂ ਔਰਤਾਂ ਨੂੰ ਆਪਣੇ ਹੱਕਾਂ ਦੀ ਜਾਣਕਾਰੀ ਨਹੀਂ ਏ। ਤੈਨੂੰ ਆਪਣੇ ਹੱਕਾਂ ਬਾਰੇ ਪਤਾ ਲੱਗ ਗਿਆ, ਬਦਕਿਸਤੀ ਨਾਲ, ਕਿਉਂਕਿ ਤੂੰ ਬਿਲਕੁਲ ਇਕੱਲੀ ਪੈ ਗਈ, ਕਿਸੇ 'ਜੁਰਮ' ਦੀ ਕੀਮਤ ਚੁਕਾਉਂਦੇ ਹੋਏ ਜਿਹੜਾ ਫ਼ਰਜ਼ੀ ਤੌਰ 'ਤੇ ਤੇਰੇ ਭਰਾ ਨੇ ਕੀਤਾ—ਸੋ ਤੂੰ ਤਾਂ ਖ਼ੁਦ ਕੁਝ ਕੀਤਾ ਵੀ ਨਹੀਂ ਸੀ। ਪਰ ਤੇਰੇ ਵਿਚ ਮੁਕਾਬਲਾ ਕਰਨ ਦੀ ਹਿੰਮਤ ਸੀ। ਖ਼ੈਰ, ਤੈਨੂੰ ਮੁਕਾਬਲਾ ਕਰਨਾ ਜਾਰੀ ਰੱਖਣਾ ਪਏਗਾ! ਪਰ ਇਸ ਵਾਰੀ ਤੂੰ ਆਪਣੇ ਖ਼ਿਲਾਫ਼ ਜਦੋ-ਜਹਿਦ ਕਰਨੀ ਏਂ, ਤੂੰ ਬੜੀ ਖ਼ਾਮੋਸ਼ ਏਂ, ਬੜੀ ਗੁਮਸੁਮ ਏਂ, ਬੜੀ ਸ਼ੱਕੀ ਏਂ...ਤੂੰ ਤਕਲੀਫ਼ ਸਹਿ ਰਹੀ ਏਂ। ਤੈਨੂੰ ਇਸ ਕੈਦਖ਼ਾਨੇ ਨੂੰ ਤੋੜ ਕੇ ਬਾਹਰ ਨਿਕਲਣਾ ਪਏਗਾ, ਜਿੱਥੇ ਤੂੰ ਖ਼ੁਦ ਨੂੰ ਡੱਕੀ ਰੱਖਦੀ ਏਂ। ਮੁਖ਼ਤਾਰ, ਤੂੰ ਮੈਨੂੰ ਸਭ ਕੁਝ ਦੱਸ ਸਕਦੀ ਏਂ।”

ਆਖ਼ਰਕਾਰ, ਮੈਂ ਨਦੀਮ ਸਾਹਵੇਂ ਦਿਲ ਖੋਲ੍ਹ ਦੇਂਦੀ ਆਂ, ਤੇ ਉਸਨੂੰ ਸਭ ਕੁਝ ਦੱਸ ਵੀ ਦੇਂਦੀ ਆਂ। ਬੇਸ਼ੱਕ, ਉਹ ਮੇਰੀ ਕਹਾਣੀ ਤਾਂ ਜਾਣਦੀ ਈ ਏ, ਪਰ ਉਸੇ ਤਰ੍ਹਾਂ ਜਿਵੇਂ ਪੁਲਸ, ਅਖ਼ਬਾਰ ਵਾਲੇ ਤੇ ਜੱਜ ਉਸਨੂੰ ਜਾਣਦੇ ਨੇ—ਮੁਲਕ ਦੇ ਅਖ਼ਬਾਰਾਂ 'ਚੋਂ ਛਾਂਟੀ ਗਈ ਇਕ ਖ਼ਬਰ ਦੇ ਤੌਰ 'ਤੇ, ਜਿਹੜੀ ਬਾਕੀ ਖ਼ਬਰਾਂ ਨਾਲੋਂ ਥੋੜ੍ਹੀ ਜ਼ਿਆਦਾ ਅਹਿਮ ਏ।
ਉਹ ਉਸ ਸਭ ਨੂੰ ਸੁਣਦੀ ਏ ਜੋ ਮੈਂ ਕਦੀ ਕਿਸੇ ਨੂੰ ਨਹੀਂ ਦੱਸਿਆ—ਦੋਸਤੀ ਤੇ ਦਰਦਮੰਦੀ ਨਾਲ ਕੰਨ ਦੇਂਦੀ ਹੋਈ।
ਉਹ ਨੈਤਿਕ ਤੇ ਸਰੀਰਕ ਕਸ਼ਟ, ਉਹ ਸ਼ਰਮਿੰਦਗੀ, ਉਹ ਮਰਨ ਦੀ ਖ਼ਵਾਹਿਸ਼, ਮੇਰੇ ਸਿਰ ਅੰਦਰ ਹੋ ਰਹੀ ਉਹ ਗੱਡਮੱਡ ਜਦੋਂ ਮੈਂ ਆਪਣੇ ਘਰ ਨੂੰ ਜਾਣ ਵਾਲੇ ਰਸਤੇ 'ਤੇ ਇਕੱਲੀ ਵਾਪਸ ਆਈ ਸਾਂ ਤੇ ਕਿਸੇ ਮਰਦੇ ਹੋਏ ਜਾਨਵਰ ਵਾਂਗ ਬਿਸਤਰੇ 'ਤੇ ਢਹਿ ਪਈ ਸਾਂ...ਮੈਂ ਨਸੀਮ ਨੂੰ ਉਹ ਸਭ ਦੱਸ ਦੇਂਦੀ ਆਂ, ਜਿਹੜਾ ਮੇਰੇ ਲਈ ਆਪਣੀ ਮਾਂ ਤੇ ਭੈਣਾਂ ਨੂੰ ਵੀ ਦੱਸ ਸਕਣਾ ਸੰਭਵ ਨਹੀਂ ਏ, ਕਿਉਂਕਿ ਜਦੋਂ ਮੈਂ ਇਕ ਛੋਟੀ-ਜਿਹੀ ਬੱਚੀ ਸੀ ਉਦੋਂ ਤੋਂ ਜੋ ਮੈਂ ਕੁੱਲ-ਜਮ੍ਹਾਂ ਸਿਖਿਆ ਏ, ਉਹੀ ਏ—ਖ਼ਾਮੋਸ਼ ਰਹਿਣਾ।
ਬਾਅਦ ਵਿਚ, ਜਦੋਂ ਮੈਂ 2003 ਦੇ ਉਸ ਸਮੇਂ ਦੇ ਫ਼ੋਟੋ ਦੇਖਾਂਗੀ ਜਦੋਂ ਲਾਹੌਰ ਹਾਈ ਕੋਰਟ ਵਿਚ ਮੇਰੇ ਮੁਕੱਦਮੇ ਦੀ ਅਪੀਲ ਕੀਤੀ ਜਾ ਰਹੀ ਸੀ ਤਾਂ ਕਦੀ-ਕਦੀ ਮੈਂ ਖ਼ੁਦ ਨੂੰ ਨਹੀਂ ਪਛਾਣ ਸਕਾਂਗੀ। ਮੈਂ ਮਰੀਅਲ ਤੇ ਕਿਸੇ ਭੂਤ ਦੀ ਮਾਰੀ ਦਿੱਸਦੀ ਆਂ, ਜਿਵੇਂ ਉਸ ਤਸਵੀਰ ਵਿਚ ਜਿਹੜੀ ਓਦੋਂ ਖਿੱਚੀ ਗਈ ਸੀ ਜਦੋਂ ਮੈਂ ਪਹਿਲੀ ਵਾਰ ਇਸਲਾਮਾਬਾਦ ਵਿਚ ਸਥਿਤ ਇਕ ਪਾਕਿਸਤਾਨੀ ਐਮ.ਜੀ.ਓ.—ਸਟਰੇਂਥਨਿੰਗ ਪਾਰਟੀਸਿਪੇਟਰੀ ਆਰਗਾਨਾਈਜ਼ੇਸ਼ਨ—ਦੇ ਨੁਮਾਇੰਦੇ ਨੂੰ ਮਿਲੀ ਸਾਂ। ਉਹ ਇਸਲਾਮਾਬਾਦੋਂ ਏਨੀ ਦੂਰ ਚੱਲ ਕੇ, ਮੈਨੂੰ ਮਿਲਣ, ਮੇਰੇ ਪਿੰਡ ਆਇਆ ਸੀ ਤੇ ਇਹ ਉਸਦੀ ਬਦੌਲਤ ਹੋਇਆ ਕਿ ਮੇਰੇ ਸਕੂਲ ਦੀ ਯੋਜਨਾ ਵਿਚ ਕੈਨੇਡਾ ਦੀ ਦਿਲਚਸਪੀ ਹੋਈ। ਉਸ ਤਸਵੀਰ ਵਿਚ ਮੈਂ ਸੁੰਗੜੀ ਹੋਈ ਆਂ, ਏਨੀ ਸਿਮਟੀ ਹੋਈ ਤੇ ਉਦਾਸ ਕਿ ਮੈਂ ਮੁਸ਼ਕਲ ਨਾਲ ਆਪਣੇ ਆਪ ਨੂੰ ਦੇਖ ਸਕਦੀ ਆਂ।
ਜਦੋਂ ਦੀ ਨਸੀਮ ਇਸ ਸੰਘਰਸ਼ ਵਿਚ ਮੇਰੀ ਭੈਣ ਬਣੀ ਏ, ਮੈਂ ਆਪਣਾ ਭਰੋਸਾ ਮੁੜ ਹਾਸਲ ਕਰ ਲਿਆ ਏ। ਹੁਣ ਜਦ ਕਿ ਮੈਂ ਫੇਰ ਖਾਣ-ਪੀਣ ਲੱਗੀ ਆਂ, ਮੇਰੀਆਂ ਗੱਲ੍ਹਾਂ ਪਹਿਲਾਂ ਨਾਲੋਂ ਵੱਧ ਗੋਲ-ਮਟੋਲ ਹੋ ਗਈਆਂ ਨੇ ਤੇ ਮੇਰੀਆਂ ਅੱਖਾਂ ਵਿਚ ਇਕ ਸ਼ਾਂਤੀ-ਭਰਪੂਰ ਚਮਕ ਏ, ਕਿਉਂਕਿ ਹੁਣ ਸੌਂ ਲੈਂਦੀ ਆਂ।
ਮੈਨੂੰ ਇਸਦਾ ਅੰਦਾਜ਼ਾ ਈ ਨਹੀਂ ਸੀ ਕਿ ਆਪਣੇ ਦਰਦ ਬਾਰੇ, ਇਕ ਰਾਜ਼ ਬਾਰੇ, ਜਿਹੜਾ ਸ਼ਰਮਨਾਕ ਲੱਗਦਾ ਏ, ਗੱਲਾਂ ਕਰਨ ਨਾਲ ਮਨ ਤੇ ਜਿਸਮ, ਦੋਵੇਂ ਆਜ਼ਾਦ ਹੋ ਸਕਦੇ ਨੇ।
--- --- ---

No comments:

Post a Comment